image caption: -ਰਜਿੰਦਰ ਸਿੰਘ ਪੁਰੇਵਾਲ

ਭਾਰਤ ਦੇ ਫਾਸ਼ੀਵਾਦੀ ਭਗਵੀਂ ਸਿਆਸਤ ਤੇ ਮੁਸਲਮਾਨ

ਹਜ਼ਰਤ ਮੁਹੰਮਦ ਸਾਹਿਬ ਬਾਰੇ ਅਪਮਾਨਜਨਕ ਟਿੱਪਣੀ ਭਾਜਪਾ ਦੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਨੇ ਇਕ ਟੈਲੀਵਿਜ਼ਨ ਚੈਨਲ ਤੇ ਕੀਤੀ ਸੀ| ਹਜ਼ਰਤ ਮੁਹੰਮਦ ਬਾਰੇ ਵਿਵਾਦਿਤ ਟਵੀਟ ਕਰਨ ਵਾਲੇ ਨੁਪੁਰ ਸ਼ਰਮਾ ਤੋਂ ਇਲਾਵਾ ਭਾਜਪਾ ਦਿੱਲੀ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਜਿੰਦਲ ਨੂੰ ਵੀ ਹੁਣ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ| ਵਿਰੋਧੀ ਪਾਰਟੀਆਂ ਦਾ ਮੰਨਣਾ ਹੈ ਕਿ ਇਹ ਭਾਜਪਾ ਦਾ ਡਰਾਮਾ ਹੈ|ਭਾਜਪਾ ਇਹਨਾਂ ਦੋਸ਼ੀਆਂ ਨੂੰ ਪਾਰਟੀ ਵਿਚੋਂ ਕਢਣ ਦੀ ਥਾਂ ਇਹਨਾਂ ਨੂੰ ਹੀਰੋ ਬਣਾ ਰਹੀ ਹੈ ਤੇ ਭਗਵੇਂ ਫਾਸ਼ੀਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ| ਕੋਲਕਾਤਾ ਪੁਲਿਸ ਨੇ ਭਾਜਪਾ ਤੋਂ ਮੁਅੱਤਲ ਕੀਤੀ ਗਈ ਬੁਲਾਰਨ ਨੂਪੁਰ ਸ਼ਰਮਾ ਨੂੰ ਉਸ ਦੇ ਪੈਗ਼ੰਬਰ ਮੁਹੰਮਦ ਬਾਰੇ ਵਿਵਾਦਿਤ ਬਿਆਨ ਦੇ ਸੰਬੰਧ ਵਿਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ| ਉਸ ਨੂੰ 20 ਜੂਨ ਨੂੰ ਨਾਰਕੇਲਡਾਂਗਾ ਪੁਲਿਸ ਥਾਣੇ ਵਿਚ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ| ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਆਗੂ ਅਬੁਲ ਸੋਹੇਲ ਨੇ ਵਿਵਾਦਤ ਬਿਆਨ ਦੇ ਸੰਬੰਧ ਵਿਚ ਨੂਪੁਰ ਖ਼ਿਲਾਫ਼ ਕੋਂਟਾਂਈ ਪੁਲਿਸ ਥਾਣੇ ਵਿਚ ਵੀ ਐਫ.ਆਈ.ਆਰ. ਦਰਜ ਕਰਵਾਈ ਹੈ| ਬੀਤੇ ਸ਼ੁੱਕਰਵਾਰ ਕਾਨਪੁਰ, ਸਹਾਰਨਪੁਰ, ਪ੍ਰਯਾਗਰਾਜ ਆਦਿ ਸ਼ਹਿਰਾਂ ਵਿਚ ਹੋਈ ਹਿੰਸਾ ਤੋਂ ਬਾਅਦ ਸਰਕਾਰੀ ਬੁਲਡੋਜ਼ਰ ਹਰਕਤ ਵਿਚ ਆਏ ਅਤੇ ਉਨ੍ਹਾਂ ਦੀ ਵਰਤੋਂ ਕਥਿਤ ਤੌਰ &rsquoਤੇ ਦੰਗਾ ਭੜਕਾਉਣ ਵਾਲੇ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ਦੇ ਘਰ ਢਾਹੁਣ ਲਈ ਕੀਤੀ ਗਈ| ਏਨਾ ਤੁਰਤ-ਫੁਰਤ ਨਿਆਂ ਕਰਨਾ ਉੱਤਰ ਪ੍ਰਦੇਸ਼ ਸਰਕਾਰ ਅਤੇ ਪੁਲੀਸ ਦੀ ਵਹਿਸ਼ੀ ਗੈਰ ਕਨੂੰਨੀ ਕਾਰਵਾਈ ਬਣ ਗਿਆ ਹੈ| ਇਸ ਵਰਤਾਰੇ ਨੇ ਘੱਟਗਿਣਤੀ ਭਾਈਚਾਰੇ ਵਿਚ ਸਹਿਮ, ਦਹਿਸ਼ਤ ਅਤੇ ਬੇਗ਼ਾਨਗੀ ਦਾ ਮਾਹੌਲ ਪੈਦਾ ਕੀਤਾ ਹੈ| 
ਇਸ ਮਾਮਲੇ ਵਿਚ ਸੀਨੀਅਰ  ਭਾਜਪਾ ਆਗੂਆਂ ਨੇ ਚੁੱਪ ਧਾਰ ਰੱਖੀ ਹੈ| ਕੱਟੜਪੰਥੀ ਇਸ ਤੋਂ ਉਤਸ਼ਾਹਿਤ ਹੋਏ ਹਨ ਅਤੇ ਉਨ੍ਹਾਂ ਨੇ ਭਾਜਪਾ ਦੁਆਰਾ ਨੂਪੁਰ ਸ਼ਰਮਾ ਨੂੰ ਪਾਰਟੀ ਵਿਚੋਂ ਮੁਅੱਤਲ ਕਰਨ ਅਤੇ ਨਵੀਨ ਜਿੰਦਲ (ਭਾਜਪਾ ਦਾ ਦਿੱਲੀ ਦਾ ਮੀਡੀਆ ਸੈੱਲ ਦਾ ਇੰਚਾਰਜ ਜਿਸ ਨੇ ਨੂਪੁਰ ਸ਼ਰਮਾ ਦੀ ਹਮਾਇਤ ਕੀਤੀ ਸੀ) ਨੂੰ ਪਾਰਟੀ ਵਿਚੋਂ ਕੱਢੇ ਜਾਣ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ ਉਹ ਪੁੱਛ ਰਹੇ ਹਨ ਕਿ ਜੇ ਪਾਰਟੀ ਕਾਰਕੁਨਾਂ ਵਿਰੁੱਧ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰੇਗੀ ਤਾਂ ਉਹ ਪਾਰਟੀ ਦੀ ਵਿਚਾਰਧਾਰਾ ਤੇ ਪਹਿਰਾ ਕਿਵੇਂ ਦੇ ਸਕਣਗੇ| ਇਹ ਵਰਤਾਰਾ ਵਿਸ਼ਵ  ਵਿਚ ਭਾਰਤ ਲਈ ਸ਼ਰਮਨਾਕ ਬਣ ਰਿਹਾ ਹੈ| ਜੇ ਅਜਿਹੇ ਚੱਕਰ ਨੂੰ ਰੋਕਿਆ ਨਾ ਗਿਆ ਤਾਂ ਕੱਟੜਤਾ ਅਤੇ ਹਿੰਸਾ ਦੀ ਇਹ ਅੱਗ ਕਦੇ ਹੌਲੀ ਹੌਲੀ ਸੁਲਗੇਗੀ ਅਤੇ ਕਦੇ ਭਾਂਬੜ ਬਣ ਕੇ ਮਚੇਗੀ| ਇਸ ਘਟਨਾ ਦੇ ਤਕਰੀਬਨ ਦਸ ਦਿਨ ਬੀਤ ਜਾਣ ਤੋਂ ਬਾਅਦ ਅਰਬ ਦੇਸ਼ਾਂ ਦੇ ਨਾਲ-ਨਾਲ ਇੰਡੋਨੇਸ਼ੀਆ, ਮਲੇਸ਼ੀਆ, ਮਾਲਦੀਵ ਸਮੇਤ ਘੱਟ ਤੋਂ ਘੱਟ 15 ਇਸਲਾਮਿਕ ਦੇਸ਼ਾਂ ਨੇ ਭਾਰਤ ਖਿਲਾਫ਼ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ| ਕਤਰ ਨੇ ਇਸ ਮਾਮਲੇ ਵਿਚ ਭਾਰਤ ਸਰਕਾਰ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ|ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਬਿਆਨ ਅਤੇ ਟਵੀਟ ਕਿਸੇ ਵੀ ਤਰ੍ਹਾਂ ਨਾਲ ਭਾਰਤ ਸਰਕਾਰ ਦੇ ਵਿਚਾਰਾਂ ਨੂੰ ਪੇਸ਼ ਨਹੀਂ ਕਰਦੇ ਹਨ|ਇਹ ਸ਼ਰਾਰਤੀ ਅਨਸਰਾਂ ਦੇ ਆਪਣੇ ਵਿਚਾਰ ਹਨ ਅਤੇ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ|ਚੀਨ ਨੇ ਕਿਹਾ, ਉਸ ਦਾ ਮੰਨਣਾ ਹੈ ਕਿ ਵੱਖ-ਵੱਖ ਸਭਿਆਚਾਰਾਂ, ਵੱਖ-ਵੱਖ ਧਰਮਾਂ ਨੂੰ ਇਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਬਰਾਬਰੀ ਦੇ ਪੱਧਰ ਤੇ ਸਹਿ-ਹੋਂਦ ਵਿੱਚ ਰਹਿਣਾ ਚਾਹੀਦਾ ਹੈ| ਭਾਜਪਾ ਦੇ ਸਾਬਕਾ ਆਗੂਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਸਰਕਾਰੀ ਚੀਨੀ ਮੀਡੀਆ ਵੱਲੋਂ  ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਕਿਹਾ, ਅਸੀਂ ਸਬੰਧਤ ਖ਼ਬਰਾਂ ਤੇ ਗੌਰ ਕੀਤੀ ਹੈ| ਸਾਨੂੰ ਆਸ ਹੈ ਕਿ ਇਸ ਸਥਿਤੀ ਤੋਂ ਸਹੀ ਢੰਗ ਨਾਲ ਨਿਪਟਿਆ ਜਾਵੇਗਾ| ਸੋ ਇਹ ਮੁਦਾ ਕੌਮਾਂਤਰੀ ਬਣ ਰਿਹਾ ਹੈ, ਮੋਦੀ ਸਰਕਾਰ ਨੂੰ ਭਗਵਾਂ ਫਾਸ਼ੀਵਾਦ ਕੰਟਰੋਲ ਕਰਨਾ ਚਾਹੀਦਾ ਹੈ|ਸੱਚ ਇਹ ਹੈ ਕਿ ਬੁਲਡੋਜ਼ਰ ਕਾਰਵਾਈ ਸੱਤਾ ਦੀ ਕਰੂਰ ਤਾਕਤ ਦੇ ਵਿਸਥਾਰ ਦਾ ਬਿੰਬ ਪੇਸ਼ ਕਰਦੇ ਹਨ ਜਿਸ ਵਿਚ ਘੱਟਗਿਣਤੀ ਭਾਈਚਾਰਿਆਂ ਲਈ ਥਾਂ/ਸਪੇਸ ਘਟ ਰਹੀ ਹੈ|
-ਰਜਿੰਦਰ ਸਿੰਘ ਪੁਰੇਵਾਲ