image caption:

ਭ੍ਰਿਸ਼ਟਾਚਾਰੀਆਂ ਨੂੰ ਕਿਸੇ ਕੀਮਤ ''ਤੇ ਨਹੀਂ ਬਖ਼ਸ਼ੇਗੀ ਪੰਜਾਬ ਸਰਕਾਰ : ਭਗਵੰਤ ਮਾਨ

 ਸੰਗਰੂਰ ''ਚ ਲੋਕਸਭਾ ਸੀਟ ''ਤੇ ਉੱਪ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ''ਤੇ ਚੱਲ ਰਹੀਆਂ ਹਨ, ਜਿਸ ਨੂੰ ਲੈਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕੇ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਸੀਐਮ ਮਾਨ ਨੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੇਲ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ। ਦੱਸ ਦਈਏ ਕਿ ਰੋਡ ਸ਼ੋਅ ਦਾ ਆਗ਼ਾਜ਼ ਭਦੌੜ ਤੋਂ ਕੀਤਾ ਗਿਆ। ਇਸ ਦੌਰਾਨ ਮਾਨ ਨੇ ਸਖ਼ਤ ਲਹਿਜ਼ੇ ਵਿੱਚ ਭ੍ਰਿਸ਼ਟਾਚਾਰ ਨੂੰ ਪੰਜਾਬ ਵਿੱਚੋਂ ਖ਼ਤਮ ਕਰਨ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿਤਾ ਜਾਵੇਗਾ। ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਤੱਕ ਕਈ ਭ੍ਰਿਸ਼ਟਾਚਾਰੀਆਂ ''ਤੇ ਸ਼ਿਕੰਜਾ ਕੱਸਿਆ ਜਾ ਚੁੱਕਿਆ ਹੈ ਅਤੇ ਜਲਦ ਹੀ ਹੋਰਨਾਂ ਭ੍ਰਿਸ਼ਟਾਚਾਰੀਆਂ ''ਤੇ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਸੀਐਮ ਮਾਨ ਨੇ ਚੋਣ ਪ੍ਰਚਾਰ ਦੌਰਾਨ ਵਿਰੋਧੀ ਪਾਰਟੀਆਂ ''ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕਹਿਣੈ ਕਿ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਐਮ.ਪੀ. ਬਣਦਾ ਹੈ ਤਾਂ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਇਆ ਜਾਵੇਗਾ।ਉਨ੍ਹਾਂ ਅੱਗੇ ਪਾਰਟੀ ''ਤੇ ਤੰਜ ਕਸਦਿਆਂ ਕਿਹਾ ਕਿ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਕਿ ਐਮਪੀ ਬਣਨ ''ਤੇ ਬੰਦੀ ਸਿੱਖ ਰਿਹਾਅ ਕੀਤੇ ਜਾਣ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕਿਸੇ ਵੀ ਝੂਠੇ ਵਾਅਦੇ ''ਤੇ ਯਕੀਨ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਗੱਲ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਜਿਹੜੇ ਬੰਦੀ ਸਿੱਖਾਂ ਦੀ ਕੈਦ ਪੂਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਬਾਹਰ ਆਉਣਾ ਚਾਹੀਦਾ ਹੈ, ਪਰ ਸਾਰੇ ਬੰਦੀਆਂ ਨੂੰ ਬਾਹਰ ਲਿਆਉਣ ਦੀ ਗੱਲ ਕਰਨਾ ਮਹਿਜ਼ ਝੂਠਾ ਦਾਅਵਾ ਹੈ।

ਇਸ ਤੋਂ ਇਲਾਵਾ ਮਾਨ ਨੇ ਸਿਮਰਨਜੀਤ ਸਿੰਘ ਮਾਨ ''ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ, "ਸਿਮਰਨਜੀਤ ਮਾਨ ਤਲਵਾਰ ਚੁੱਕ ਕੇ ਪੰਜਾਬ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਅਸੀਂ ਪਿਆਰ ਤੇ ਤਰੱਕੀ ਦੀ ਗੱਲ ਕਰ ਰਹੇ ਹਾਂ ਤੇ ਮਾਨ ਤਲਵਾਰ ਚੁੱਕਣ ਦੀ ਗੱਲ ਕਰ ਰਹੇ ਹਨ।"

ਕਾਬਿਲੇਗ਼ੌਰ ਹੈ ਕਿ ਸੰਗਰੂਰ ਤੋਂ ਸੀਐਮ ਮਾਨ ਲੋਕ ਸਭਾ ਮੈਂਬਰ ਸਨ। ਉਨ੍ਹਾਂ ਦੇ ਸੀਐਮ ਬਣਨ ਤੋਂ ਬਾਅਦ ਸੰਗਰੂਰ ''ਚ ਉਨ੍ਹਾਂ ਦੀ ਸੀਟ ਨੂੰ ਭਰਨ ਲਈ ਉੱਪ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈਕੇ ਸਾਰੀਆਂ ਸਿਆਸੀ ਪਾਰਟੀਆ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਸੰਗਰੂਰ ਦੇ ਲੋਕ ਕਿਸ ਪਾਰਟੀ ਦੇ ਹੱਕ ਵਿੱਚ ਫ਼ੈਸਲਾ ਸੁਣਾੳੇੁਂਦੇ ਹਨ।