image caption:

'ਅਗਨੀਵੀਰਾਂ' ਨੂੰ ਰੱਖਿਆ ਮੰਤਰਾਲੇ ਦੀਆਂ ਨੌਕਰੀਆਂ 'ਚ ਮਿਲੇਗਾ 10 ਫੀਸਦ ਰਾਖਵਾਂਕਰਨ

 ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋੜੀਂਦੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ 'ਅਗਨੀਵੀਰਾਂ' ਲਈ ਰੱਖਿਆ ਮੰਤਰਾਲੇ ਵਿੱਚ ਨੌਕਰੀ ਦੀਆਂ 10% ਅਸਾਮੀਆਂ ਰਾਖਵੀਆਂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 10% ਰਾਖਵਾਂਕਰਨ ਇੰਡੀਅਨ ਕੋਸਟ ਗਾਰਡ ਅਤੇ ਡਿਫੈਂਸ ਸਿਵਲ ਪੋਸਟਾਂ  ਅਤੇ ਸਾਰੇ 16 ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ ਵਿੱਚ ਲਾਗੂ ਕੀਤਾ ਜਾਵੇਗਾ, ਜੋ ਕਿ ਸਾਬਕਾ ਸੈਨਿਕਾਂ ਲਈ ਮੌਜੂਦਾ ਰਾਖਵੇਂਕਰਨ ਤੋਂ ਇਲਾਵਾ ਹੋਵੇਗਾ। ਇਹਨਾਂ ਵਿਵਸਥਾਵਾਂ ਨੂੰ ਲਾਗੂ ਕਰਨ ਲਈ ਸਬੰਧਤ ਭਰਤੀ ਨਿਯਮਾਂ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ। ਪਬਲਿਕ ਸੈਕਟਰ ਡਿਫੈਂਸ ਅੰਡਰਟੇਕਿੰਗਜ਼  ਨੂੰ ਉਹਨਾਂ ਦੇ ਸਬੰਧਤ ਭਰਤੀ ਨਿਯਮਾਂ ਵਿੱਚ ਸਮਾਨ ਸੋਧਾਂ ਕਰਨ ਦੀ ਸਲਾਹ ਦਿੱਤੀ ਜਾਵੇਗੀ। ਲੋੜੀਂਦੀ ਉਮਰ ਵਿੱਚ ਛੋਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

'ਅਗਨੀਪਥ ਯੋਜਨਾ' ਦਾ ਐਲਾਨ 14 ਜੂਨ ਨੂੰ ਕੀਤਾ ਗਿਆ ਸੀ। ਅਗਲੇ ਦਿਨ ਤੋਂ ਹੀ ਦੇਸ਼ ਦੇ ਕਈ ਵੱਡੇ ਰਾਜਾਂ ਵਿਚ ਨੌਜਵਾਨ ਇਸ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਹਿੰਸਾ, ਅੱਗਜ਼ਨੀ ਅਤੇ ਭੰਨ-ਤੋੜ ਦਾ ਸਹਾਰਾ ਲਿਆ, ਜਿਸ ਨਾਲ ਜਨਤਕ ਜਾਇਦਾਦ ਨੂੰ ਵਿਆਪਕ ਨੁਕਸਾਨ ਪਹੁੰਚਾਇਆ ਗਿਆ। ਲਗਾਤਾਰ ਤਿੰਨ ਦਿਨਾਂ ਤੱਕ ਜਾਰੀ ਰਹੇ ਇਸ ਪ੍ਰਦਰਸ਼ਨ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਨੇਵੀ ਚੀਫ ਐਡਮਿਰਲ ਆਰ. ਹਰੀ ਕੁਮਾਰ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਅਤੇ ਫੌਜੀ ਮਾਮਲਿਆਂ ਦੇ ਵਿਭਾਗ ਦੇ ਅਧਿਕਾਰੀਆਂ ਨੇ 'ਅਗਨੀਪਥ ਯੋਜਨਾ' ਦੀ ਸਮੀਖਿਆ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਰੱਖਿਆ ਮੰਤਰਾਲੇ ਦੀਆਂ ਨੌਕਰੀਆਂ ਵਿੱਚ ਅਗਨੀਵੀਰਾਂ ਨੂੰ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਫੈਸਲਾ ਆਇਆ, ਜਿਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਦਿੱਤੀ ਗਈ।