image caption:

ਸੰਗਰੂਰ ਜ਼ਿਮਨੀ ਚੋਣ: ਪ੍ਰਚਾਰ ਬੰਦ, ਵੋਟਾਂ ਭਲਕੇ

 ਸੰਗਰੂਰ- ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਅੱਜ ਸ਼ਾਮ ਛੇ ਵਜੇ ਬੰਦ ਹੋ ਗਿਆ ਹੈ ਅਤੇ ਪ੍ਰਸ਼ਾਸਨ ਨੇ ਹਲਕੇ ਤੋਂ ਬਾਹਰੋਂ ਆਏ ਸਿਆਸੀ ਵਰਕਰਾਂ ਨੂੰ ਹਲਕੇ &rsquoਚੋਂ ਵਾਪਸ ਚਲੇ ਜਾਣ ਦੀ ਹਦਾਇਤ ਕੀਤੀ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਤਹਿਤ ਕੀਤੀ ਗਈ ਕਾਨੂੰਨ ਵਿਵਸਥਾ ਨੂੰ ਧਿਆਨ &rsquoਚ ਰੱਖਦੇ ਹੋਏ ਹਲਕੇ &rsquoਚ ਧਾਰਾ 144 ਤਹਿਤ ਹੁਕਮ ਜਾਰੀ ਕੀਤੇ ਗਏ ਹਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਪ੍ਰਚਾਰ ਅੱਜ ਤੋਂ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਲਾਕੇ &rsquoਚ ਕਿਸੇ ਵੀ ਤਰ੍ਹਾਂ ਦੀ ਕੋਈ ਚੋਣ ਰੈਲੀ ਜਾਂ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਲਈ ਪ੍ਰਚਾਰ ਵਾਸਤੇ ਬਾਹਰੀ ਹਲਕਿਆਂ ਤੇ ਇਲਾਕਿਆਂ ਤੋਂ ਆਏ ਵੱਖ ਵੱਖ ਪਾਰਟੀਆਂ ਦੇ ਵਰਕਰਾਂ ਨੂੰ ਸੰਗਰੂਰ ਲੋਕ ਸਭਾ ਹਲਕੇ &rsquoਚੋਂ ਅੱਜ ਸ਼ਾਮ 6 ਵਜੇ ਤੱਕ ਵਾਪਸ ਚਲੇ ਜਾਣ ਦੀ ਹਦਾਇਤ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਜੇਕਰ ਬਾਹਰੋਂ ਆਏ ਵਿਅਕਤੀ ਹਲਕੇ ਵਿੱਚ ਮੌਜੂਦ ਰਹਿੰਦੇ ਤਾਂ ਇਸ ਨਾਲ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਅਮਲ ਪ੍ਰਭਾਵਿਤ ਹੋ ਸਕਦਾ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ &rsquoਚ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 27 ਜੂਨ ਤੱਕ ਲਾਗੂ ਰਹਿਣਗੇ। ਇਸ ਤੋਂ ਪਹਿਲਾਂ ਰਿਟਰਨਿੰਗ ਅਫ਼ਸਰ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਹਲਕੇ &rsquoਚ 15,69,240 ਵੋਟਰ ਹਨ ਜਿਨ੍ਹਾਂ &rsquoਚੋਂ 8,30,056 ਪੁਰਸ਼, 7,39,140 ਮਹਿਲਾਵਾਂ ਤੇ 44 ਕਿੰਨਰ ਹਨ।