image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਕਿਰਨ ਬੇਦੀ ਤੇ ਹਜ਼ਾਰ ਵਰੇ੍ਹ ਤੋਂ ਪ੍ਰਾਚੀਨ ਹਿੰਦੂ, ਸਿੱਖਾਂ ਦੇ ਗੌਰਵਮਈ ਰਾਜਸੀ ਇਤਿਹਾਸ ਨੂੰ ਕਦੇ ਪ੍ਰਵਾਨ ਨਹੀਂ ਕਰਨਗੇ

ਕਿਰਨ ਬੇਦੀ ਨੇ ਆਪਣੀ ਕਿਤਾਬ ਦੇ ਰਿਲੀਜ਼ ਸਮਾਗਮ ਵਿੱਚ ਇਹ ਗੱਲ ਆਖੀ ਕਿ ਹਾਲੇ 12 ਵੱਜਣ ਵਿੱਚ 20 ਮਿੰਟ ਬਾਕੀ ਹਨ, ਜਦੋਂ ਬਾਰਾਂ ਵੱਜ ਗਏ ਉਦੋਂ ਕਿਤਾਬ ਰਿਲੀਜ਼ ਕਰ ਦਿੱਤੀ ਜਾਵੇਗੀ, ਤੇ ਨਾਲ ਹੀ ਕਿਹਾ ਕਿ ਮੈਂ ਸਿੱਖਾਂ ਦੇ ਬਾਰਾਂ ਵੱਜਣ ਦੀ ਗੱਲ ਨਹੀਂ ਕਰਦੀ, ਇਥੇ ਕੋਈ ਸਰਦਾਰ ਜੀ ਨਹੀਂ ਹੈ, ਹਾਂ ਇਕ ਸਰਦਾਰ ਜੀ ਪਿੱਛੇ ਬੈਠੇ ਹਨ । ਮੈਂ ਸਿੱਖਾਂ ਦੇ ਬਾਰਾਂ ਵੱਜਣ ਦੀ ਗੱਲ ਨਹੀਂ ਕਰਦੀ ਵਾਲਾ ਸ਼ਬਦ ਸੁਣ ਕੇ ਕਿਤਾਬ ਰਿਲੀਜ਼ ਸਮਾਗਮ ਵਿੱਚ ਬੈਠੇ ਹਿੰਦੂਆਂ ਨੇ ਤਾੜੀਆਂ ਮਾਰ ਕੇ ਸਿੱਖਾਂ ਦਾ ਮਜ਼ਾਕ ਉਡਾਇਆ । ਕਿਰਨ ਬੇਦੀ ਕੋਈ ਸਾਧਾਰਨ ਔਰਤ ਨਹੀਂ ਹੈ, ਉਹ ਆਈ।ਪੀ।ਐੱਸ। ਦੇ ਅਹੁਦੇ ਤੋਂ ਇਲਾਵਾ ਹੋਰ ਵੀ ਉੱਚੇ ਸਰਕਾਰੀ ਅਹੁਦਿਆਂ ਤੇ ਰਹਿ ਚੁੱਕੀ ਹੈ । ਉਸ ਨੇ ਜਾਣ ਬੁੱਝ ਕੇ ਸਿੱਖਾਂ ਦੀ ਹੇਠੀ ਕਰਨ ਲਈ ਸਿੱਖਾਂ ਦੇ ਬਾਰਾਂ ਵੱਜਣ ਦੀ ਗੱਲ ਆਖੀ । ਕਿਰਨ ਬੇਦੀ ਨੇ ਮਿੱਥੇ ਹੋਏ ਏਜੰਡੇ ਤਹਿਤ ਬਾਅਦ ਵਿੱਚ ਭਾਵੇਂ ਮੁਆਫੀ ਵੀ ਮੰਗ ਲਈ ਹੈ । ਸੋਸ਼ਲ ਮੀਡੀਏ ਤੇ ਸਿੱਖਾਂ ਨੇ ਕਿਰਨ ਬੇਦੀ ਨੂੰ ਲਾਹਨਤਾਂ ਪਾਉਣ ਲਈ ਲਗਪਗ ਇਕੋ ਹੀ ਜੁਆਬ ਦਿੱਤਾ ਹੈ ਕਿ ਰਾਤ ਦੇ ਬਾਰੇ ਵਜੇ ਸਿੱਖ, ਨਾਦਰ ਸ਼ਾਹ ਅਤੇ ਅਬਦਾਲੀ ਕੋਲੋਂ ਹਿੰਦੂਆਂ ਦੀਆਂ ਲੜਕੀਆਂ ਛੁਡਾਉਂਦੇ ਸਨ । ਇਹ ਵੀ ਪੜ੍ਹਨ ਨੂੰ ਮਿਲਿਆ ਕਿ ਸਿੱਖਾਂ ਨੂੰ ਵਾਰ ਵਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਭਾਰਤ ਅੰਦਰ ਹੁਣ ਕੋਈ ਅਹਿਮ ਸਥਾਨ ਨਹੀਂ ਹੈ, ਹਾਲਾਂ ਕਿ ਦੇਸ਼ ਦੀ ਅਜ਼ਾਦੀ ਲਈ 85% ਤੋਂ ਵੱਧ ਕੁਰਬਾਨੀਆਂ 2 ਫੀਸਦੀ ਤੋਂ ਵੀ ਘੱਟ ਸਿੱਖ ਕੌਮ ਨੇ ਕੀਤੀਆਂ । ਦਰਅਸਲ ਵਿਚਾਰਨਯੋਗ ਤੱਥ ਇਹ ਹੈ ਕਿ ਅਠਾਰਵੀਂ ਸਦੀ ਵਿੱਚ ਜਦੋਂ ਕਾਬਲ ਦਾ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੇਸ਼ ਨੂੰ ਕਾਬਲ ਨਾਲ ਮਿਲਾਉਣਾ ਚਾਹੁੰਦਾ ਸੀ ਤਾਂ ਉਦੋਂ ਪੰਜਾਬ ਵਿੱਚ ਕੇਵਲ 11 ਫੀਸਦੀ ਵਾਲੇ ਮੁੱਠੀ ਭਰ ਸਿੱਖ ਸੂਰਮੇ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਵਿੱਚੋਂ ਭਜਾਉਣ ਲਈ ਗੁਰੀਲਾ ਜੰਗ ਦੇ ਤਹਿਤ ਰਾਤ ਦੇ ਬਾਰਾਂ ਵਜੇ ਅਹਿਮਦ ਸ਼ਾਹ ਅਬਦਾਲੀ ਦੀਆਂ ਅਫ਼ਗਾਨੀ ਫੌਜਾਂ ਤੇ ਅਚਨਚੇਤ ਹਮਲਾ ਕਰਦੇ ਸਨ । ਇਸ ਹਮਲੇ ਦੌਰਾਨ ਜਿਥੇ ਬੰਦੀ ਬਣਾਈਆਂ ਹਿੰਦੂ ਲੜਕੀਆਂ ਨੂੰ ਛੁਡਾ ਲਿਆਉਂਦੇ ਸਨ ਉਥੇ ਅਫ਼ਗਾਨੀ ਫੌਜਾਂ ਕੋਲੋਂ ਬਹੁਤ ਸਾਰਾ ਜੰਗੀ ਸਮਾਨ ਵੀ ਖੋਹ ਲਿਆਉਂਦੇ ਸਨ । ਦੂਜੇ ਪਾਸੇ ਉਦੋਂ ਸੂਰਜ ਤੇ ਚੰਦ ਨਾਲ ਰਿਸ਼ਤੇ ਗੰਢ ਗੰਢ ਕੇ ਸੂਰਜ ਬੰਸੀ ਤੇ ਚੰਦਰ ਬੰਸੀ ਕਹਾਉਣ ਵਾਲੇ ਹਿੰਦੂ ਰਾਜਪੂਤ, ਮਰਹੱਟੇ, ਡੋਗਰੇ ਆਦਿ ਉੱਚੀਆਂ ਸ਼ੇ੍ਰਣੀਆਂ ਵਾਲੇ ਮੁਰਦਿਆਂ ਵਾਂਗ ਮੂਧੇ ਮੂੰਹ ਪਏ ਸਨ ਅਤੇ ਅਹਿਮਦ ਸ਼ਾਹ ਅਬਦਾਲੀ ਤੋਂ ਡਰਦੇ ਹਿਲਦੇ ਤੱਕ ਨਹੀਂ ਸੀ । ਇਨ੍ਹਾਂ ਦੀ ਸੋਚ ਸੀ ਕਿ ਕੁੜੀਆਂ ਜਾਂਦੀਆਂ ਤਾਂ ਜਾਣ, ਪਰਾਇਆ ਧਨ ਹੈ, ਇਨ੍ਹਾਂ ਤਾਂ ਜਾਣਾ ਹੀ ਹੈ, ਐਵੇਂ ਖਾਹ-ਮਖ਼ਾਹ ਸ਼ਹਿਨਸ਼ਾਹ ਸਲਾਮਤ ਅਹਿਮਦ ਸ਼ਾਹ ਦਾ ਕਹਿਰ ਮੁੱਲ ਲੈਣਾ ਕੋਈ ਅਕਲਮੰਦੀ ਨਹੀਂ ਹੈ । ਅਠਾਰਵੀਂ ਸਦੀ ਦੇ ਹਿੰਦੂਆਂ ਦੀ ਬੇ-ਗੈਰਤੀ ਦੀ ਇਹ ਚਰਮ ਸੀਮਾ ਸੀ । ਹਿੰਦੂਆਂ ਦੇ ਰੂਹਾਨੀ ਆਗੂਆਂ ਨੇ ਵੀ ਅਬਦਾਲੀ ਅੱਗੇ ਗੋਡੇ ਟੇਕ ਦਿੱਤੇ ਸਨ ।
ਨਾਦਰ ਸ਼ਾਹ ਅਤੇ ਅਬਦਾਲੀ ਕੋਲੋਂ ਹਿੰਦੂਆਂ ਦੀਆਂ ਲੜਕੀਆਂ ਕਈ ਵਾਰ ਸਿੰਘਾਂ ਨੇ ਛੁਡਾਈਆਂ, ਪਰ ਇਸ ਲੇਖ ਵਿੱਚ ਇਕ ਘਟਨਾ ਦਾ ਜ਼ਿਕਰ ਜਰੂਰੀ ਹੈ । 1761 ਨੂੰ ਪਾਨੀਪਤ ਦੇ ਮੈਦਾਨ ਵਿੱਚ ਜਦੋਂ ਮਰਹੱਟੇ ਅਹਿਮਦਸ਼ਾਹ ਦੁਰਾਨੀ ਕੋਲੋਂ ਬੁਰੀ ਤਰ੍ਹਾਂ ਹਾਰ ਗਏ ਤਾਂ ਅਬਦਾਲੀ ਮਰਹੱਟਿਆਂ ਦੀਆਂ ਤੀਹ ਹਜ਼ਾਰ ਦੇ ਕਰੀਬ ਲੜਕੀਆਂ ਬੰਨ੍ਹ ਕੇ ਕਾਬਲ ਨੂੰ ਗਜਨੀ ਦਿਆਂ ਬਜ਼ਾਰਾਂ ਵਿੱਚ ਵੇਚਣ ਨੂੰ ਲੈ ਤੁਰਿਆ ਸੀ । ਉਦੋਂ ਵੀ ਜਦੋਂ ਉਹ ਪੰਜਾਬ ਪਹੁੰਚਾ ਤਾਂ ਸਿੰਘਾਂ ਨੇ ਰਾਤ ਦੇ ਬਾਰਾਂ ਵਜੇ ਅਬਦਾਲੀ &lsquoਤੇ ਗੁਰੀਲਾ ਹਮਲਾ ਕਰਕੇ ਮਰਹੱਟਿਆਂ ਦੀਆਂ ਲੜਕੀਆਂ ਛੁਡਵਾ ਲਈਆਂ ਸਨ ਤੇ ਫਿਰ ਮਹਾਰਾਸ਼ਟਰ ਜਾ ਕੇ ਮਰਹੱਟਿਆਂ ਦੇ ਘਰੋਂ ਘਰੀਂ ਪਹੁੰਚਾਈਆਂ ਸਨ । 
ਫਰਵਰੀ 1762 ਨੂੰ ਵੱਡੇ ਘੱਲੂਘਾਰੇ ਤੋਂ ਅੱਠ ਮਹੀਨੇ ਬਾਅਦ ਅਕਤੂਬਰ 1762 ਦੀ ਦੀਵਾਲੀ ਵਾਲੇ ਦਿਨ ਛੇਹਰਟਾ ਸਾਹਿਬ ਦੇ ਲਾਗੇ ਪਿਪਲੀ ਦੇ ਮੈਦਾਨ ਵਿੱਚ ਸਿੰਘਾਂ ਦੀ ਅਬਦਾਲੀ ਨਾਲ ਲਹੂ ਡੋਲਵੀਂ ਲੜਾਈ ਹੋਈ, ਸ਼ਾਮ ਪੈਣ ਤੇ ਜਦੋਂ ਲੜਾਈ ਬੰਦ ਹੋਈ ਤਾਂ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਨੂੰ ਨਿਖਸਮੀ ਛੱਡ ਕੇ ਰਾਤ ਦੇ ਹਨੇਰੇ ਵਿੱਚ ਕਾਬਲ ਨੂੰ ਭੱਜ ਗਿਆ ਸੀ, ਤੇ ਸਿੰਘਾਂ ਨੇ ਅਬਦਾਲੀ ਸਿਪਾਹੀਆਂ ਨੂੰ ਫੜ ਕੇ ਅੰਮ੍ਰਿਤਸਰ ਲਿਆਂਦਾ ਤੇ ਉਨ੍ਹਾਂ ਕੋਲੋਂ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਵਾਈ ਸੀ । ਜਿਹੜਾ ਸਰੋਵਰ ਅਬਦਾਲੀ ਦੀਆਂ ਫੌਜਾਂ ਨੇ ਵੱਡੇ ਘੱਲੂਘਾਰੇ ਤੋਂ ਬਾਅਦ ਪੂਰਿਆ ਸੀ, ਉਹ ਸਾਫ ਵੀ ਉਸ ਦੀਆਂ ਫੌਜਾਂ ਕੋਲੋਂ ਹੀ ਕਰਵਾਇਆ । ਉਹ ਦਿਨ ਵੀ ਆਇਆ ਜਦੋਂ ਏਸ਼ੀਆ ਦਾ ਜੇਤੂ ਜਰਨੈਲ ਅਹਿਮਦਸ਼ਾਹ ਦੁਰਾਨੀ ਸਿੰਘਾਂ ਕੋਲੋਂ ਹਾਰ ਖਾ ਕੇ ਨਮੋਸ਼ੀ ਭਰੀ ਹਾਲਤ ਵਿੱਚ ਕਾਬਲ ਨੂੰ ਇਹ ਆਖ ਕੇ ਮੁੜਿਆ ਕਿ ਮੈਂ ਸਿੰਘਾਂ ਨਾਲ ਨਹੀਂ ਲੜ ਸਕਦਾ ਕਿਉਂਕਿ ਇਨ੍ਹਾਂ ਦੀ ਮਦਦ ਖੁਦਾ ਆਪ ਕਰਦਾ ਹੈ, ਰਤਨ ਸਿੰਘ ਭੰਗੂ ਨੇ ਅਹਿਮਦ ਸ਼ਾਹ ਦੀ ਹਾਰੀ ਹੋਈ ਮਾਨਸਿਕਤਾ ਨੂੰ ਇਨ੍ਹਾਂ ਸ਼ਬਦਾਂ ਵਿੱਚ ਅੰਕਿਤ ਕੀਤਾ ਹੈ :
ਸ਼ਾਹਿ ਮੁੜਯੋ ਬਡ ਨਮੋਸ਼ੀ ਪਾਇ । ਇਸ ਆਵਨ ਕੋ ਬਹੁ ਪਛੁਤਾਇ ।
ਕਹ ਚਿੜੀਅਨ ਹਮ ਬਾਜ ਦਏ ਗਾਰ । ਕਰੇ ਛੇਲੂਅਨ ਹਮ ਸ਼ੇਰ ਖਵਾਰ । 
ਇਨ ਕੀ ਮੱਦਦ ਆਪ ਖੁਦਾਇ ॥ ਪੁਜਯੋ ਨ ਬਲ ਹਮ ਇਨ ਪਰ ਕਾਇ ।
ਇਨ ਮੈ ਸ਼ਕਤ ਕਿਛ ਆਹਿ ਕਰੀਮ । ਕਰ ਦੇਖਯੋ ਹਮ ਬਹੁਤ ਫ਼ਹੀਮ ।
ਅਬ ਜੋ ਮੇਰੋ ਇਤ ਦੇਸ ਆਉਗ । ਜੋ ਆਉਗ ਸੋ ਪੱਛੋਤਾਉਗ ।
ਇਤਿਹਾਸ ਬਾਦਸ਼ਾਹਾਂ ਦੇ ਆਪਸੀ ਭੇੜ, ਖੂਨ ਖਰਾਬੇ, ਰਾਜਾਂ ਦੇ ਉਸਰਨ ਤੇ ਡਿੱਗਣ ਦੇ ਲਿਖਤੀ ਰਿਕਾਰਡ ਦਾ ਨਾਂ ਨਹੀਂ, ਸਗੋਂ ਇਹ ਜੀਊਂਦੀਆਂ ਕੌਮਾਂ ਦੀ ਚਾਲ ਤੇ ਕਿਰਦਾਰ ਦੀ ਝਲਕ ਦਰਸਾਉਂਦਾ ਹੈ । ਉਨ੍ਹਾਂ ਦੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਅਕਸ ਹੁੰਦਾ ਹੈ, ਜਿਹੜਾ ਕਿ ਕੁਝ ਕਾਰ-ਗੁਜ਼ਾਰੀ ਤੇ ਮਾਨਵਤਾ ਨੂੰ ਉਨ੍ਹਾਂ ਦੇ ਕੀਤੇ ਦੀ ਦੇਣ ਬਾਰੇ ਦੱਸਦਾ ਹੈ, ਜੁਝਾਰੂ ਤੇ ਜੀਊਂਦੀਆਂ ਕੌਮਾਂ ਨੂੰ ਆਪਣੇ ਮਾਰਗ ਤੇ ਚੱਲਦਿਆਂ ਕਈ ਪ੍ਰਕਾਰ ਦੀਆਂ ਘਟਨਾਵਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ । ਸਿੱਖ ਕੌਮ ਵੀ ਅਠਾਰਵੀਂ ਸਦੀ ਵਿੱਚ ਵਹੀਰ ਬਣ ਜੰਗਲੋਂ ਜੰਗਲ ਫਿਰਦੀ ਰਹੀ, ਥਲੋ ਥਲ ਫਿਰਦੀ, ਖੇਤਾਂ, ਖੱਡਾਂ, ਘੁਰਨਿਆਂ, ਝੰਗੀਆਂ ਝਾੜਾਂ, ਜੰਗਲਾਂ, ਬੇਲਿਆਂ ਵਿੱਚੋਂ ਨਿਕਲ ਕੇ ਰਾਤ ਦੇ ਬਾਰਾਂ ਵਜੇ ਦੁਸ਼ਮਣਾਂ ਤੇ ਹਮਲੇ ਕਰਦੀ ਰਹੀ, ਜਬਰ ਜੁਲਮ ਨਾਲ ਟੱਕਰ ਲੈਂਦੀ ਰਹੀ, ਲੋਹਾ ਲੈਂਦੀ ਰਹੀ, ਦ੍ਰਿੜ੍ਹ ਨਿਸ਼ਚੇ ਸਾਹਿਤ, ਪੱਕੇ ਪੁਖਤਾ ਵਿਸ਼ਵਾਸ਼ ਸਹਿਤ ਕਿ ਅੰਤ ਖ਼ਾਲਸੇ ਦੀ ਪਾਤਸ਼ਾਹੀ ਸਥਾਪਤ ਕਰਨੀ ਹੈ । ਖ਼ਾਲਸੇ ਰਾਜ ਦਾ ਕੇਸਰੀ ਝੰਡਾ ਝੁਲਨਾ ਹੈ, ਫ਼ਤਹਿ ਦੇ ਨਗਾਰੇ ਵੱਜਣੇ ਤੇ ਵਿਜੈ ਦੇ ਧੌਸਿਆਂ ਪੁਰ ਡੰਕੇ ਲੱਗਣੇ ਹਨ । ਅਤੇ ਦਸਮੇਸ਼ ਪਿਤਾ ਦਾ ਬਚਨ ਰਾਜ ਕਰੇਗਾ ਖ਼ਾਲਸਾ ਪੂਰਾ ਹੋਣਾ ਹੈ । ਦਸਮੇਸ਼ ਗੁਰੂ ਨੇ 18ਵੀਂ ਸਦੀ ਦੇ ਸਿੰਘਾਂ ਦੀ ਘਾਲ ਥਾਏਂ ਪਾਈ ਤੇ 1801 ਈ: ਨੂੰ ਲਾਹੌਰ ਦੇ ਤਖ਼ਤ ਤੇ ਖ਼ਾਲਸਾਈ ਨਿਸ਼ਾਨ ਝੁਲਾ ਦਿੱਤਾ ਗਿਆ ਅਤੇ ਸਰਕਾਰ-ਏ-ਖ਼ਾਲਸਾ ਦਾ ਐਲਾਨ ਕਰ ਦਿੱਤਾ । ਭਾਵ ਖ਼ਾਲਸੇ ਦੀ ਅਗਵਾਈ ਵਿੱਚ ਲੋਕਾਂ ਦਾ ਗਣਰਾਜ । ਸਰਕਾਰ-ਏ-ਖ਼ਾਲਸਾ ਨੇ ਦਰਿਆਵਾਂ ਦੇ ਵਹਿਣ ਮੋੜ ਦਿੱਤੇ, ਇਤਿਹਾਸ ਵਿੱਚ ਪਹਿਲੀ ਵਾਰ ਕੁਦਰਤੀ ਹਮਲਿਆਂ ਤੇ ਬਾਹਰੋਂ ਆਉਣ ਵਾਲਿਆਂ ਦਾ ਰੁੱਖ ਉੱਤਰ-ਪੱਛਮ ਤੋਂ ਦੱਖਣ ਪੂਰਬ ਦੀ ਥਾਂ ਦੱਖਣ ਪੂਰਬ ਤੋਂ ਉੱਤਰ ਪੱਛਮ ਵੱਲ ਮੋੜ ਦਿੱਤਾ ਗਿਆ ਅਤੇ ਗਿਆਰਵੀਂ ਸਦੀ ਵਿੱਚ ਕਾਬਲ ਤੇ ਗਜਨੀ ਦੀਆਂ ਗਲੀਆਂ ਵਿੱਚ ਇਸ ਤਬਦੀਲੀ ਦੇ ਸਬੂਤ ਵਜੋਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੰਗੀ ਜੈਕਾਰੇ ਗੂੰਜਦੇ ਸੁਣੇ ਗਏ । ਅਤੇ ਮਹਿਮੂਦ ਗਜ਼ਨਵੀ 11ਵੀਂ ਸਦੀ ਵਿੱਚ ਸੋਮਨਾਥ ਦੇ ਮੰਦਰ ਦੇ ਸੰਦਲ ਦੀ ਲਕੜੀ ਦੇ ਦਰਵਾਜ਼ੇ ਜੋ ਪੁੱਟ ਕੇ ਲੈ ਗਿਆ ਸੀ ਉਹ ਗਜਨੀ ਤੋਂ ਵਾਪਿਸ ਅੰਮ੍ਰਿਤਸਰ ਲੈ ਆਂਦੇ ਗਏ । 
ਕਿਰਨ ਬੇਦੀ ਅਤੇ ਇਸ ਦੇ ਸਮਕਾਲੀ ਹਿੰਦੂਆਂ ਵੱਲੋਂ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਕਾਰਨ ਬਾਰੇ ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ : ਹਿੰਦੂਆਂ ਦਾ ਸਿੱਖਾਂ ਨਾਲ ਦਵੈਸ਼ ਤੇ ਸਾੜੇ ਦਾ ਕਾਰਨ ਨਿਰੋਲ ਏਹੋ ਹੈ ਕਿ ਸਿੱਖਾਂ ਨੇ ਅਠਾਰਵੀਂ ਤੇ ਉਨ੍ਹੀਵੀਂ ਸਦੀ ਵਿੱਚ ਆਪਣਾ ਰਾਜਸੀ ਦਬ-ਦਬਾ ਜਮਾ ਲਿਆ ਸੀ, ਪਰ ਹਿੰਦੂ ਦੀਨ ਭਾਵ ਵਿੱਚੋਂ ਆਪ ਨਾ ਨਿਕਲ ਸਕੇ । ਹਜ਼ਾਰ ਵਰ੍ਹੇ ਤੋਂ ਪ੍ਰਾਧੀਨ ਹਿੰਦੂ ਸਿੱਖਾਂ ਦੇ ਗੌਰਵ ਮਈ ਇਤਿਹਾਸ ਨੂੰ ਕਦੇ ਪ੍ਰਵਾਨ ਨਹੀਂ ਕਰਨਗੇ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।