image caption: -ਰਜਿੰਦਰ ਸਿੰਘ ਪੁਰੇਵਾਲ

ਬਾਦਲ ਪਰਿਵਾਰ ਦਾ ਵਿਰੋਧ ਬਨਾਮ ਇਆਲੀ ਦਾ ਪੰਥਕ ਸਟੈਂਡ

ਮੁੱਲਾਂਪੁਰ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਰਾਸ਼ਟਰਪਤੀ ਦੀ ਚੋਣ ਵਿਚ ਐੱਨਡੀਏ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਫ਼ੈਸਲਾ ਕੋਈ ਛੋਟੀ ਘਟਨਾ ਨਹੀਂ ਹੈ| ਇਹ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਹੈ| ਅਜਿਹੀ ਚੁਣੌਤੀ ਪੰਜਾਬ ਵਿਧਾਨ ਸਭਾ ਚੋਣਾਂ ਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਵੀ ਮਿਲੀ ਸੀ ਪਰ ਤਦ ਇਹ ਮਾਮਲਾ ਦਬਾ ਦਿੱਤਾ ਗਿਆ ਸੀ| ਤਦ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਤੇ ਇੰਟਰਵਿਊ ਦੌਰਾਨ ਵੀ ਸਪਸ਼ਟ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਿਚ &lsquoਸਭ ਅੱਛਾ ਹੈ&rsquo ਅਤੇ ਪਾਰਟੀ ਵਿਚ ਕੋਈ ਸਮੱਸਿਆ ਨਹੀਂ ਹੈ| ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਅਕਾਲੀ ਦਲ ਅੰਦਰਲਾ ਸੰਕਟ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਮੌਜੂਦਾ ਬਾਦਲ ਪਰਿਵਾਰ ਦੀ ਲੀਡਰਸ਼ਿਪ ਨੂੰ ਸਥਾਪਿਤ ਰੱਖਣ ਦੀਆਂ ਕੋਸ਼ਿਸ਼ਾਂ ਨੂੰ ਵੀ ਧੱਕਾ ਲੱਗ ਸਕਦਾ ਹੈ|  ਸ. ਇਯਾਲੀ  ਦਾ ਮੰਨਣਾ ਹੈ ਕਿ ਦੇਸ਼ ਵਿਚ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਪਰ ਉਨ੍ਹਾਂ ਵਲੋਂ ਸਿੱਖਾਂ ਤੇ ਪੰਜਾਬੀਆਂ ਦੀਆਂ ਦੇਸ਼ ਪ੍ਰਤੀ ਵੱਡੀਆਂ ਕੁਰਬਾਨੀਆਂ ਤੇ ਯੋਗਦਾਨ ਦੇ ਬਾਵਜੂਦ ਪੰਜਾਬ ਤੇ ਸਿੱਖਾਂ ਨਾਲ ਜੋ ਧੱਕੇ ਤੇ ਬੇਇਨਸਾਫ਼ੀਆਂ ਕੀਤੀਆਂ ਉਨ੍ਹਾਂ ਦਾ ਲੰਬਾ ਇਤਿਹਾਸ ਹੈ, ਜਿਸ ਕਾਰਨ ਉਨ੍ਹਾਂ ਨੂੰ ਸਮਰਥਨ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ| ਭਾਜਪਾ ਤੋਂ ਸਾਨੂੰ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਸਨ, ਪ੍ਰੰਤੂ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ, ਇਸ ਲਈ ਭਾਵੇਂ ਸਾਡੀ ਲੀਡਰਸ਼ਿਪ ਦੀਆਂ ਕਮੀਆਂ ਵੀ ਰਹੀਆਂ ਹੋਣ ਜਾਂ ਨਿੱਜੀ ਸਵਾਰਥ ਵੀ ਜ਼ਿੰਮੇਵਾਰ ਹੋ ਸਕਦੇ ਹਨ| ਮੇਰਾ ਚੋਣ ਦੇ ਬਾਈਕਾਟ ਦਾ ਫ਼ੈਸਲਾ ਸਿੱਖਾਂ ਤੇ ਪੰਜਾਬੀਆਂ ਦੇ ਮੁੱਦਿਆਂ ਨੂੰ ਲੈ ਕੇ ਹੈ| ਉਨ੍ਹਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜਗ੍ਹਾ ਦੇਣਾ, ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ, ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਕੇਂਦਰੀ ਨਿਯਮ ਲਾਗੂ ਕਰਨਾ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਚੋਂ ਪੰਜਾਬੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਤੇ ਬੰਦੀ ਸਿੱਖਾਂ ਸੰਬੰਧੀ ਗੀਤਾਂ &rsquoਤੇ ਭਾਜਪਾ ਸਰਕਾਰ ਦੇ ਪਾਬੰਦੀਆਂ ਦੇ ਫ਼ੈਸਲੇ ਪੰਜਾਬ ਵਿਰੋਧੀ ਹਨ|  ਸ. ਇਯਾਲੀ ਨੇ ਕਿਹਾ ਕਿ ਭਾਜਪਾ ਅਗਰ ਸਿੱਖਾਂ ਤੇ ਪੰਜਾਬੀਆਂ ਦਾ ਸਮਰਥਨ ਲੈਣਾ ਚਾਹੁੰਦੀ ਹੈ ਤਾਂ ਉਸ ਨੂੰ ਪੰਜਾਬੀਆਂ ਤੇ ਸਿੱਖਾਂ ਦੇ ਮਸਲੇ ਵੀ ਹੱਲ ਕਰਨੇ ਪੈਣਗੇ| ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਅੱਜ ਜੋ ਹਾਲਾਤ ਬਣੇ ਹੋਏ ਹਨ, ਜਿੱਥੇ ਉਸ ਕੋਲ ਪੰਜਾਬ ਵਿਚ ਕੇਵਲ ਤਿੰਨ ਵਿਧਾਇਕ ਹੀ ਰਹਿ ਗਏ ਹਨ, ਉਸ ਲਈ ਪਾਰਟੀ ਦੀਆਂ ਗ਼ਲਤੀਆਂ ਤੇ ਗ਼ਲਤ ਫ਼ੈਸਲੇ ਵੀ ਜ਼ਿੰਮੇਵਾਰ ਹਨ ਅਤੇ ਪਾਰਟੀ ਨੂੰ ਦੁਬਾਰਾ ਮਜ਼ਬੂਤੀ ਦੇਣ ਤੇ ਪੈਰਾਂ ਤੇ ਖੜ੍ਹਾ ਕਰਨ ਲਈ ਪੰਜਾਬੀਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨਾ ਹੋਵੇਗਾ| ਸ. ਇਯਾਲੀ ਨੇ ਕਿਹਾ ਕਿ ਦਲ ਦੇ ਪ੍ਰਧਾਨ ਵਲੋਂ ਸ. ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਿਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜੋ ਕਮੇਟੀ ਬਣਾਈ ਉਸ ਵਿਚ ਕੋਈ 100 ਵਿਧਾਨ ਸਭਾ ਦੇ ਹਲਕਿਆਂ ਵਿਚ ਜਾ ਕੇ ਜੋ ਰਿਪੋਰਟ ਪਾਰਟੀ ਨੂੰ ਦਿੱਤੀ ਤੇ ਸਿਫ਼ਾਰਸ਼ਾਂ ਕੀਤੀਆਂ ਉਸ ਤੇ ਅਮਲ ਹੋਣਾ ਚਾਹੀਦਾ ਹੈ ਅਤੇ ਲੀਡਰਸ਼ਿਪ ਵਿਚ ਤਬਦੀਲੀਆਂ ਵੀ ਲਿਆਂਦੀਆਂ ਜਾਣ| ਸ. ਇਯਾਲੀ ਨੇ ਕਿਹਾ ਕਿ ਕੇਂਦਰ ਵਲੋਂ ਸਾਡੇ ਮਸਲਿਆਂ ਦੇ ਹੱਲ ਸੰਬੰਧੀ ਕਿਸੇ ਭਰੋਸੇ ਤੋਂ ਬਿਨਾਂ ਵੋਟ ਦੇਣ ਦੀ ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ| ਉਨ੍ਹਾਂ ਕਿਹਾ ਕਿ ਅਕਾਲੀ ਦਲ ਤੋਂ ਪੰਜਾਬੀਆਂ ਤੇ ਸਿੱਖਾਂ ਨੂੰ ਵੱਡੀਆਂ ਆਸਾਂ ਹਨ ਅਤੇ ਇਹ ਇਸ ਖ਼ਿੱਤੇ ਦੀ ਖੇਤਰੀ ਪਾਰਟੀ ਹੈ ਅਤੇ ਸਾਨੂੰ ਪਾਰਟੀ ਦੇ ਵੱਕਾਰ ਨੂੰ ਬਹਾਲ ਕਰਨ ਅਤੇ ਦੁਬਾਰਾ ਪੈਰਾਂ ਸਿਰ ਖੜ੍ਹਾ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ|
ਸਿਆਸੀ ਤੇ ਪੰਥਕ ਹਲਕਿਆਂ ਵਲੋਂ ਸ. ਮਨਪ੍ਰੀਤ ਸਿੰਘ ਇਯਾਲੀ ਦੇ ਇਸ ਸਿਆਸੀ  ਧਮਾਕੇ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਹੁਣ ਪਾਰਟੀ ਵਿਚੋਂ ਕੁਝ ਟਕਸਾਲੀ ਤੇ ਬਜ਼ੁਰਗ ਆਗੂਆਂ ਹੀ ਲੀਡਰਸ਼ਿਪ ਵਿਰੁੱਧ ਖੜ੍ਹੇ ਹੋਏ ਸਨ, ਲੇਕਿਨ ਸ. ਇਯਾਲੀ ਨੌਜਵਾਨ ਲੀਡਰਸ਼ਿਪ ਦੀ ਨੁਮਾਇੰਦਗੀ ਕਰਦੇ ਹਨ ਅਤੇ ਪਾਰਟੀ ਦੇ ਮਜ਼ਬੂਤ ਤੇ ਪ੍ਰਵਾਨਿਤ ਚਿਹਰੇ ਵੀ ਹਨ| ਝੂੰਦਾ ਕਮੇਟੀ ਦੀ ਰਿਪੋਰਟ ਜਿਸ ਵਿਚ ਪਾਰਟੀ ਪ੍ਰਤੀ ਵਧੀ ਨਿਰਾਸ਼ਤਾ ਦੇ ਕਾਰਨਾਂ ਨੂੰ ਵਿਸਥਾਰ ਵਿਚ ਬਿਆਨ ਕੀਤਾ ਗਿਆ ਸੀ ਅਤੇ ਮੌਜੂਦਾ ਸਥਾਪਿਤ ਲੀਡਰਸ਼ਿਪ ਨੂੰ ਪਰਾਂ ਕਰਨ ਦੀ ਗੱਲ ਵੀ ਕਹੀ ਗਈ ਸੀ, ਨੂੰ ਪਾਰਟੀ ਵਿਚ ਹੁਣ ਤਕ ਨਾ ਤਾਂ ਵਿਚਾਰਿਆ ਗਿਆ ਹੈ ਅਤੇ ਨਾ ਹੀ ਉਸ ਸੰਬੰਧੀ ਮੂੰਹ ਖੋਲਿਆ ਜਾ ਰਿਹਾ ਹੈ| ਇਆਲੀ ਦੀ ਬਗਾਵਤ ਨਾਲ ਬਾਦਲ ਪਰਿਵਾਰ ਦੀ ਲੀਡਰਸ਼ਿਪ ਨੂੰ  ਧੱਕਾ ਲੱਗਣ ਦੀ ਸੰਭਾਵਨਾ ਹੈ| ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ 14 ਦਸੰਬਰ 1920 ਨੂੰ ਸਥਾਪਤ ਹੋਇਆ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਦੇ ਪ੍ਰਧਾਨ ਕਦੇ ਸਰਮੁਖ ਸਿੰਘ ਝਬਾਲ, ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਜਿਹੀਆਂ ਸ਼ਖਸੀਅਤਾਂ ਰਹਿ ਚੁੱਕੀਆਂ ਹਨ? ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਦ ਤੋਂ ਪਾਰਟੀ ਦੀ ਵਾਗਡੋਰ ਉਨ੍ਹਾਂ ਦੇ ਪੁੱਤਰ ਦੇ ਹੱਥਾਂ &rsquoਚ ਗਈ, ਤਦ ਤੋਂ ਪਾਰਟੀ ਨੂੰ ਕਈ ਵਾਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਰਣਜੀਤ ਸਿੰਘ ਬ੍ਰਹਮਪੁਰਾ ਵਰਗੀਆਂ ਸ਼ਖ਼ਸੀਅਤਾਂ ਤਾਂ ਚਲੋ ਪਾਰਟੀ ਵਿਚ ਵਾਪਸ ਆ ਗਈਆਂ ਪਰ ਕਿਸੇ ਵੇਲੇ ਪਾਰਟੀ ਦੇ ਥੰਮ੍ਹ ਰਹੇ ਸੁਖਦੇਵ ਸਿੰਘ ਢੀਂਡਸਾ ਜਿਹੇ ਆਗੂ ਨਹੀਂ ਪਰਤੇ| ਪੰਜਾਬੀ ਸੂਬੇ ਦੀ ਸਥਾਪਤੀ ਲਈ ਮੋਰਚੇ ਲਾਉਣ ਵਾਲਾ ਅਕਾਲੀ ਦਲ ਅੱਜ ਇੰਨਾ ਬੇਵੱਸ ਕਿਉਂ ਹੋ ਗਿਆ ਹੈ? ਪਾਰਟੀ ਅੰਦਰ ਰਹਿ ਕੇ ਇੰਨਾ ਖੁੱਲ੍ਹ ਕੇ ਬੋਲਣ ਵਾਲੇ ਸ਼ਾਇਦ ਮਨਪ੍ਰੀਤ ਸਿੰਘ ਇਯਾਲੀ ਇੱਕੋ-ਇੱਕ ਅਕਾਲੀ ਲੀਡਰ ਹਨ| ਉਨ੍ਹਾਂ ਨੇ ਪਾਰਟੀ ਦੇ ਹੇਠਲੇ ਕਾਡਰ ਦੇ ਮਨ ਦੀ ਗੱਲ ਕੀਤੀ ਹੈ| ਇਸ ਲਈ ਤਦ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਕੱਲ੍ਹ ਨੂੰ ਮਨਪ੍ਰੀਤ ਸਿੰਘ ਇਯਾਲੀ ਵਰਗੇ ਕਿਸੇ ਵਿਅਕਤੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਮੰਗ ਵੀ ਉੱਠ ਖਲੋਵੇ| ਅਕਾਲੀ ਦਲ ਲਈ ਇਹ ਚਿੰਤਾ ਹੀ ਨਹੀਂ ਚਿੰਤਨ ਦਾ ਵੀ ਵੇਲਾ ਹੈ| ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਸੀਨੀਅਰ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਹੋਵੇਗਾ ਅਤੇ ਇਹ ਵਿਚਾਰ ਕਰਨਾ ਹੋਵੇਗਾ ਕਿ ਉਸ ਦੇ ਹੱਥੋਂ ਪੰਥਕ ਆਧਾਰ ਦਾ ਲਗਾਤਾਰ ਕਿਰਦੇ ਜਾਣ ਦਾ ਕੀ ਵੱਡਾ ਕਾਰਨ ਹੈ? 
ਯਾਦ ਰਹੇ ਕਿ ਪਿਛਲੇ ਦਿਨੀਂ ਜਗਮੀਤ ਸਿੰਘ ਨੇ ਵੀ ਲੀਡਰਸ਼ਿਪ ਵਿਚ ਤਬਦੀਲੀ ਦਾ ਮੁੱਦਾ ਉਠਾਇਆ ਸੀ| ਕੁਝ ਦਿਨ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਵੀ ਅਕਾਲੀ ਆਗੂਆਂ ਦੀ ਅਗਵਾਈ &rsquoਤੇ ਸੁਆਲ ਉਠਾਏ ਸਨ| ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਆਗੂਆਂ ਵਿਚ ਫੈਲੀ ਬੇਚੈਨੀ ਦਾ ਸਾਹਮਣਾ ਕਰਨਾ ਪੈਣਾ ਹੈ|
-ਰਜਿੰਦਰ ਸਿੰਘ ਪੁਰੇਵਾਲ