ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਪੁਸਤਕ ਦੀ ਸਿੱਖ ਨਜ਼ਰੀਏ ਤੋਂ ਪੜਚੋਲ
 (ਆਖਰੀ ਤੇ ਤੀਸਰੀ ਕਿਸ਼ਤ)
ਅਜਿਹੇ ਜ਼ੋਰ-ਜਬਰ ਤੇ ਜੁਲਮ ਦੇ ਦੌਰ ਦੇ ਵਿਰੁੱਧ ਪੂਰਬੀ ਦੁਨੀਆਂ ਵਿੱਚ ਪਹਿਲੇ ਪਹਿਲ ਜੇ ਕਿਸੇ ਨੇ ਅਵਾਜ਼ ਉਠਾਈ ਤਾਂ ਉਹ ਗੁਰੂ ਨਾਨਕ ਹਨ : 
ਫਿਰ ਉੱਠੀ ਆਖਿਰ ਸਦਾਅ, ਤੌਹੀਦ ਕੀ ਪੰਜਾਬ ਸੇ, 
ਹਿੰਦੂ ਕੋ ਏਕ ਮਰਦਿ ਕਾਮਲ ਨੇ ਜਗਾਇਆ ਖਾਬ ਸੇ ।
ਸਿੱਖ ਧਰਮ ਅਤੇ ਸਿੱਖ ਕੌਮ ਦੇ ਨਿਰਮਾਤਾ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਜ਼ਿਲਤ ਤੇ ਗੁਲਾਮੀ ਦੇ ਚਿੱਕੜ ਵਿੱਚ ਡਿੱਗੇ ਹੋਏ ਲੋਕਾਂ ਨੂੰ ਝੰਜੋੜਦਿਆਂ ਹੋਇਆਂ ਫੁਰਮਾਇਆ ਸੀ : 
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ (ਗੁ: ਗ੍ਰੰ: ਸਾ: ਪੰਨਾ 142)
ਗੁਰੂ ਨਾਨਕ ਸਾਹਿਬ ਨੇ ਸ਼ਕਤੀ ਦੀ ਵਰਤੋਂ ਨੂੰ ਵੀ ਆਪਣੀ ਬਾਣੀ ਰਾਹੀਂ ਜਾਇਜ਼ ਦੱਸਿਆ ਹੈ :
ਮੂਰਖ ਗੰਢੁ ਪਵੇ ਮੁਹਿ ਮਾਰ (ਗੁ: ਗ੍ਰੰ: ਸਾ: ਪੰਨਾ 143)
ਤੈ੍ਰਕਾਲ ਦਰਸ਼ੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਜੀਵਨ ਦਾ ਅਰੰਭ ਕਰਨ ਲਈ ਤੇ ਸੱਚ ਦੇ ਰਾਹ ਉੱਤੇ ਤੁਰਦਿਆਂ ਜ਼ਬਰ, ਜੁਲਮ ਦਾ ਨਾਸ਼ ਕਰਕੇ ਵਿਸ਼ਵ ਭਰ ਵਿੱਚ ਰੱਬ ਦਾ ਰਾਜ ਸਥਾਪਤ ਕਰਨ ਲਈ ਸ਼ਰਤ ਹੀ ਇਹ ਰੱਖੀ ਹੈ ਕਿ : 
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰ ਦੀਜੈ ਕਾਣਿ ਨ ਕੀਜੈ ॥ (ਗੁ: ਗੰ੍ਰ: ਸਾ: ਪੰਨਾ 1412)
ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਲੋਕਾਂ ਨੂੰ ਜਿਹੜੇ ਰਾਜਿਆਂ ਨੂੰ ਹੀ ਰੱਬ ਸਮਝਦੇ ਸਨ ਤੇ ਜਦੋਂ ਰਾਜਾ ਪ੍ਰਮਾਤਮਾਂ ਦੀ ਛਾਂ ਸੀ ਅਤੇ ਪਰਜਾ ਦਾ ਕੋਈ ਹੱਕ ਹੀ ਨਹੀਂ ਸੀ, ਅਣਖ ਸਵੈਮਾਣ ਦੀ ਤਾਂ ਗੱਲ ਹੀ ਕਿਸੇ ਨੇ ਕੀ ਕਰਨੀ ਸੀ ? ਉਦੋਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਦੇ ਰਾਜਸੀ ਚਿੰਤਨ ਨੂੰ ਇਹ ਅਣਮੁੱਲਾ ਵਿਚਾਰ ਦਿੱਤਾ ਸੀ ਕਿ ਪਰਜਾ ਦੇ ਵੀ ਹੱਕ ਹੁੰਦੇ ਹਨ ਅਤੇ ਉਨ੍ਹਾਂ ਹੱਕਾਂ ਦੀ ਰਾਖੀ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਜੂਝ ਮਰਨਾ ਜਿਉਂਦੇ ਰਹਿਣ ਨਾਲੋਂ ਵਧੇਰੇ ਸੋਭਨੀਕ ਹੁੰਦਾ ਹੈ । ਅਰਥਾਤ, ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ (ਗੁ: ਗ੍ਰੰ: ਸਾ: ਪੰਨਾ 580)
ਸੁਰਿੰਦਰ ਕੁਮਾਰ ਸ਼ਰਮਾ, ਅਜਨਾਤ ਜੀ ਨੇ, ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਵਿੱਚ ਹਿੰਦੂਆਂ ਦੀਆਂ ਹਾਰਾਂ ਲਈ ਮਨੂੰਵਾਦੀ ਹਿੰਦੂ ਧਰਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਉਪਰ ਅਸੀਂ ਸਿੱਖ ਧਰਮ ਤੇ ਸਿੱਖ ਕੌਮ ਦੇ ਬਾਨੀ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਹਵਾਲੇ ਇਸ ਕਰਕੇ ਦਿੱਤੇ ਹਨ, ਤਾਂ ਕਿ ਸਪੱਸ਼ਟ ਕੀਤਾ ਜਾ ਸਕੇ ਕਿ ਜਿਥੇ ਮਨੂੰਵਾਦੀ ਹਿੰਦੂ ਧਰਮ ਗੱਲ ਗੁਲਾਮੀ ਪੁਆਉਣ ਵਾਲਾ ਧਰਮ ਹੈ, ਉਥੇ ਮਨੂੰਵਾਦੀ ਹਿੰਦੂ ਧਰਮ ਨੂੰ ਮੁੱਢੋਂ ਰੱਦ ਕਰਕੇ ਹੋਂਦ ਵਿੱਚ ਆਇਆ ਨਿਆਰਾ ਸਿੱਖ ਧਰਮ, ਸਿਰ ਤਲੀ ਤੇ ਰੱਖ ਕੇ ਗਲੋ੍ਹਂ ਗੁਲਾਮੀ ਲਾਹੁਣ ਵਾਲਾ ਧਰਮ ਹੈ । ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ ਦੇ ਪੰਨਾ 116 ਉੱਤੇ ਸੁਰਿੰਦਰ ਕੁਮਾਰ ਸ਼ਰਮਾ ਦੀ ਸਿੱਖ ਵਿਰੋਧੀ ਮਾਨਸਿਕਤਾ ਉਦੋਂ ਉਘੜਕੇ ਸਾਹਮਣੇ ਆਉਂਦੀ ਹੈ, ਜਦੋਂ ਉਹ 1965 ਦੀ ਭਾਰਤ-ਪਾਕ ਦੀ ਲੜਾਈ ਨੂੰ ਵੀ ਹਿੰਦੂਆਂ ਦੀਆਂ ਹਾਰਾਂ ਵਜੋਂ ਹੀ ਵੇਖਦਾ ਹੈ । ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ (ਪੰਜਾਬੀ) ਦੇ ਪੰਨਾ 116-117 ਉੱਤੇ ਸੁਰਿੰਦਰ ਕੁਮਾਰ ਸ਼ਰਮਾ ਜੀ ਲਿਖਦੇ ਹਨ ਕਿ : 1965 ਵਿੱਚ ਆਪਣੀ ਹਾਰ ਤੇ ਪਰਦਾ ਪਾਉਣ ਲਈ ਭਾਰਤੀ ਥੱਲ ਤੇ ਹਵਾਈ ਫੌਜ ਨੇ ਇਕ ਦੂਜੇ ਤੇ ਜੰਮ ਕੇ ਦੋਸ਼ ਲਾਏ ਸਨ । ਮਾਰਸ਼ਲ ਆਫ਼ ਦੀ ਇੰਡੀਅਨ ਏਅਰ ਫੋਰਸ ਨਾਲ ਸਨਮਾਨਿਤ ਅਰਜਨ ਸਿੰਘ ਨੇ ਇੰਡੀਅਨ ਐਕਸਪ੍ਰੈੱਸ ਨਾਲ ਹੋਈ ਭੇਂਟ ਵਾਰਤਾ ਵਿੱਚ ਖੁਲਾਸਾ ਕੀਤਾ ਸੀ ਕਿ, ਸਤੰਬਰ 1965 ਨੂੰ ਪਾਕਿਸਤਾਨੀ ਫੌਜ ਨੇ ਜਦੋਂ ਛੰਬ ਤੇ ਹਮਲਾ ਕੀਤਾ ਸੀ ਤਾਂ ਉਦੋਂ ਭਾਰਤੀ ਥੱਲ ਫੌਜ ਇਕੱਲੀ ਹੀ ਲੜਦੀ ਰਹੀ, ਸੂਰਜ ਡੁੱਬਣ ਤੋਂ ਸਿਰਫ਼ ਇਕ ਘੰਟਾ ਪਹਿਲਾਂ ਜਨਰਲ ਚੌਧਰੀ ਸਾਡੇ ਕੋਲੋਂ ਹਵਾਈ ਫੌਜ ਦਾ ਸਹਿਯੋਗ ਮੰਗਣ ਆਏ । ਅੱਗੇ ਸਫਾ 117 ਉਤੇ ਸ਼ਰਮਾ ਜੀ ਲਿਖਦੇ ਹਨ ਕਿ, ਇਸ ਯੁੱਧ ਨੇ ਇਕ ਵਾਰ ਫੇਰ ਸਾਡੀ ਕੋਈ ਕੰਮ ਨਾ ਕਰ ਸਕਣ ਦੀ ਮੱਧਕਾਲੀ ਸੋਚ ਨੂੰ ਹੀ ਉਜਾਗਰ ਕੀਤਾ ਹੈ । ਦੁਸ਼ਮਣ ਦੀਆਂ ਗਤੀਵਿਧੀਆਂ ਤੇ ਅੱਖ ਨਹੀਂ ਰੱਖੀ ਗਈ ਅਤੇ ਜਦੋਂ ਹਮਲਾ ਹੋ ਹੀ ਗਿਆ ਤਾਂ ਹਫ਼ੜਾ-ਦਫ਼ੜੀ ਵਿੱਚ ਕਾਰਵਾਈ ਕੀਤੀ ਗਈ ਅਤੇ ਮਜਬੂਰ ਹੋ ਕੇ ਯੁੱਧ ਵਿਰਾਮ ਸਵੀਕਾਰ ਕਰ ਲਿਆ ਗਿਆ । ਅਗਵਾਈ ਕਰਨ ਵਾਲਿਆਂ ਨੇ ਆਪਣੀ ਕਮਜ਼ੋਰੀ ਗੋਲਾ ਬਾਰੂਦ ਦੀ ਅਖੌਤੀ ਘਾਟ ਦੇ ਸਿਰ ਮੜ੍ਹ ਦਿੱਤੀ । 
ਪਾਕਿਸਤਾਨ ਦਾ ਅਸਾਵਧਾਨ ਭਾਰਤ ਤੇ ਹਮਲਾ ਅਬਦਾਲੀ ਰਾਹੀਂ ਅਸਾਵਧਾਨ ਮਰਾਠਿਆਂ ਉੱਤੇ (ਪਾਣੀਪਤ ਦੀ ਤੀਜੀ ਲੜਾਈ ਦੇ ਦੌਰਾਨ) ਕੀਤੇ ਹਮਲਿਆਂ ਦਾ ਸਿਰਫ ਮੁੜ ਦੁਹਰਾਅ ਹੀ ਪ੍ਰਤੀਤ ਹੁੰਦਾ ਹੈ । ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਸੁਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਤੇ ਕਸ਼ਮੀਰ ਦੇ ਰਾਖੇ ਸਿੱਖ ਜਨਰਲ ਹਰਬਖ਼ਸ਼ ਸਿੰਘ ਦੀ ਕਮਾਂਡ ਹੇਠ ਜਿੱਤੀ 1965 ਦੀ ਲੜਾਈ ਨੂੰ ਵੀ ਪਾਣੀਪਤ ਦੇ ਮੈਦਾਨ (1761) ਵਿੱਚ ਅਬਦਾਲੀ ਹੱਥੋਂ ਹੋਈ ਮਰਹੱਟਿਆਂ ਦੀ ਹਾਰ ਨਾਲ ਜੋੜ ਦਿੱਤਾ । 1761 ਨੂੰ ਪਾਣੀਪਤ ਦੇ ਮੈਦਾਨ ਵਿੱਚ ਅਬਦਾਲੀ ਹੱਥੋਂ ਮਰਹੱਟਿਆਂ ਦੀ ਹੋਈ ਹਾਰ ਤੋਂ ਬਾਅਦ ਵਿੱਚ ਅਕਤੂਬਰ 1762 ਨੂੰ ਪਿਪਲੀ ਦੇ ਮੈਦਾਨ (ਅੰਮ੍ਰਿਤਸਰ) ਵਿੱਚ ਅਬਦਾਲੀ ਦੀ ਸਿੱਖਾਂ ਹੱਥੋਂ ਹੋਈ ਹਾਰ ਦਾ ਜ਼ਿਕਰ ਆਖਰੀ ਕਿਸ਼ਤ ਵਿੱਚ ਕਰਾਂਗੇ । 1965 ਦੀ ਭਾਰਤ-ਪਾਕ ਦੀ ਲੜਾਈ ਜਨਰਲ ਹਰਬਖ਼ਸ਼ ਸਿੰਘ ਦੀ ਸੁਯੋਗ ਅਗਵਾਈ ਤੇ ਸਿੱਖ ਫੌਜੀ ਜਵਾਨਾਂ ਦੀ ਬਹਾਦਰੀ ਨਾਲ ਲੜੀ ਗਈ ਸੀ । 1965 ਦੀ ਭਾਰਤ-ਪਾਕ ਲੜਾਈ ਦੀ ਜਿੱਤ ਤੋਂ ਬਾਅਦ ਜਦੋਂ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਣ ਗਏ ਤਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੀ ਸਾਹਿਬ ਸਿਰੋਪੇ ਵਜੋਂ ਭੇਟ ਕੀਤੀ । ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਉਸੇ ਵੇਲੇ ਹੀ ਸੰਗਤ ਦੀ ਹਾਜ਼ਰੀ ਵਿੱਚ ਸਿਰੋਪੇ ਵਾਲੀ ਸਿਰੀ ਸਾਹਿਬ ਜਨਰਲ ਹਰਬਖ਼ਸ਼ ਸਿੰਘ ਨੂੰ ਇਹ ਕਹਿ ਕੇ ਸੌਂਪ ਦਿੱਤੀ ਸੀ ਕਿ ਇਸ ਦਾ ਅਸਲੀ ਹੱਕਦਾਰ, 1965 ਦੀ ਲੜਾਈ ਦਾ ਜੇਤੂ ਜਰਨੈਲ ਸ: ਹਰਬਖ਼ਸ਼ ਸਿੰਘ ਹੀ ਹੈ । (ਉਸ ਵੇਲੇ ਦੀ ਫੋਟੋ ਵੀ ਨਾਲ ਭੇਜ ਰਿਹਾ ਹਾਂ)
ਇਸੇ ਤਰ੍ਹਾਂ 1971 ਦੀ ਭਾਰਤ-ਪਾਕ ਦੀ ਲੜਾਈ ਦੇ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਵੀ ਨੀਵਾਂ ਦਿਖਾਉਣ ਲਈ ਸੁਰਿੰਦਰ ਕੁਮਾਰ ਸ਼ਰਮਾ ਭਾਰਤ-ਪਾਕ 1971 ਦਾ ਯੁੱਧ ਦੇ ਸਿਰਲੇਖ ਇਸੇ ਕਿਤਾਬ ਦੇ ਪੰਨਾ 117 ਉੱਤੇ ਲਿਖਦੇ ਹਨ ਕਿ : 1971 ਦਾ ਭਾਰਤ-ਪਾਕ ਯੁੱਧ ਨਿਰਸੰਦੇਹ ਇਕ ਅਜਿਹੀ ਘਟਨਾ ਸੀ ਜਿਸ ਨੂੰ ਵਿਸ਼ੁਧ ਭਾਰਤੀ ਜਿੱਤ ਕਿਹਾ ਜਾ ਸਕਦਾ ਹੈ । ਪ੍ਰੰਤੂ ਇਹ ਸਿਰਫ਼ ਸਾਡੀਆਂ ਫੌਜਾਂ ਦੀ ਰਣ-ਕੁਸ਼ਲਤਾ ਕਾਰਨ ਸੰਭਵ ਨਹੀਂ ਹੋਇਆ ਸਗੋਂ ਇਹ ਸਭ ਕਈ ਹੋਰ ਗੱਲਾਂ ਦਾ ਵੀ ਨਤੀਜਾ ਸੀ॥॥।ਜੇਕਰ ਪਾਕਿਸਤਾਨ ਦੀ ਫੌਜ ਅਤੇ ਉਸ ਦੇ ਅਧਿਕਾਰੀ, ਲੋਭ, ਮਾੜਾ ਪ੍ਰਬੰਧ, ਕਾਮਵਾਸਨਾ ਤੇ ਦੂਜੀਆਂ ਵਿਕਰਿਤੀਆਂ ਦੇ ਸ਼ਿਕਾਰ ਨਾ ਹੁੰਦੇ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ । ਸੁਰਿੰਦਰ ਕੁਮਾਰ ਸ਼ਰਮਾ, ਅਜਨਾਤ ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ ਹੈ, ਤੇ ਤਾਂ ਮੋੋਹਰ ਲਾਉਂਦਾ ਹੈ, ਪਰ ਸਿੱਖ ਜਰਨੈਲਾਂ ਦੀ ਕਮਾਂਡ ਹੇਠ ਜਿੱਤੀਆਂ ਲੜਾਈਆਂ ਨੂੰ ਵੀ ਬੜੇ ਸਾਜਿਸ਼ੀ ਢੰਗ ਨਾਲ ਹਾਰਾਂ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ । ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ । ਪਾਕਿਸਤਾਨ ਦੇ ਮੇਜਰ ਜਨਰਲ ਮੁਕੀਮ ਖਾਨ ਨੇ ਆਪਣੀ 1971 ਦੀ ਜੰਗ ਬਾਰੇ ਲਿਖੀ ਪੁਸਤਕ, ਚੜਣਸ਼ੲਸ਼ ੂਫ਼ ਟੲਾਂਧੲੜਸ਼ੋਣਠ ਵਿੱਚ ਸਿੱਖਾਂ ਦੀ ਬਹਾਦਰੀ ਦਾ ਜ਼ਿਕਰ ਖੁਦ ਹੇਠ ਲਿਖੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ ਕਿ, ਸਾਡੀ ਸ਼ਿਕਸਤ ਦਾ ਮੁੱਖ ਕਾਰਨ ਸਾਡੇ ਵਿਰੁੱਧ ਲੜ ਰਹੇ ਸਿੱਖ ਜੁਆਨਾਂ ਦਾ ਹੋਣਾ ਸੀ । ਅਸੀਂ ਉਨ੍ਹਾਂ ਦੇ ਸਾਹਮਣੇ ਮਜਬੂਰ ਸਾਂ । ਸਿੱਖ ਬਹੁਤ ਬਹਾਦਰ ਹਨ, ਉਨ੍ਹਾਂ ਵਿੱਚ ਮਰ ਮਿਟਣ ਦਾ ਜਜ਼ਬਾ ਸੀ । ਉਹ ਐਸੇ ਜਜ਼ਬੇ ਨਾਲ ਲੜੇ ਕਿ ਵੱਡੀ ਗਿਣਤੀ ਦੀ ਸਾਡੀ ਫੌਜ ਵੀ ਮੁੱਠੀ ਭਰ ਸਿੱਖਾਂ ਦਾ ਮੁਕਾਬਲਾ ਨਾ ਕਰ ਸਕੀ । ਬੜੇ ਦੁੱਖ ਦੀ ਗੱਲ ਹੈ ਕਿ ਮੁੱਠੀ ਭਰ ਸਿੱਖਾਂ ਨੇ ਸਾਡੀ ਯਕੀਨੀ ਜਿੱਤ ਨੂੰ ਹਾਰ ਵਿੱਚ ਬਦਲ ਦਿੱਤਾ । (ਭਾਰਤ-ਪਾਕ 1971 ਦੀ ਲੜਾਈ ਸਮੇਂ ਪਾਕਿਸਤਾਨੀ ਫੌਜ ਦੇ ਜਨਰਲ ਨਿਆਜੀ ਨੂੰ ਆਪਣੀ ਇਕ ਲੱਖ ਫੌਜ ਸਮੇਤ ਸਿੱਖ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅੱਗੇ ਆਤਮ ਸਮਰਪਣ ਕਰਦੇ ਦੀ ਫੋਟੋ ਵੀ ਨਾਲ ਭੇਜ ਰਿਹਾਂ) ਸੁਰਿੰਦਰ ਕੁਮਾਰ ਸ਼ਰਮਾ, ਅਜਨਾਤ ਨੇ 1965-1971 ਦੀਆਂ ਲੜਾਈਆਂ ਦੇ ਜੇਤੂ ਸਿੱਖ ਜਰਨੈਲਾਂ ਦਾ ਜ਼ਿਕਰ ਕੀ ਕਰਨਾ ਸੀ ਸਗੋਂ ਉਸ ਨੇ ਆਪਣੀ ਪੁਸਤਕ (ਹਿੰਦੂ ਇਤਿਹਾਸ-ਹਾਰਾਂ ਦੀ ਦਾਸਤਾਨ) ਵਿੱਚ ਸਿੱਖ ਸ਼ਬਦ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਕੀਤਾ ਹੈ । ਹਰ ਹਿੰਦੂ ਇਤਿਹਾਸਕਾਰ ਵੱਖਰੀ ਸਿੱਖ ਕੌਮ ਦੇ ਸੰਕਲਪ ਨੂੰ ਮੁੱਢੋਂ ਹੀ ਰੱਦ ਕਰਕੇ ਚੱਲਦਾ ਹੈ ਅਤੇ ਉਹ ਖ਼ਾਲਸਾ ਪੰਥ ਨੂੰ ਹਿੰਦੂ ਸਮਾਜ ਦੇ ਜੁਝਾਰੂ ਦਸਤੇ ਤੋਂ ਵੱਧ ਕੁਝ ਨਹੀਂ ਸਮਝਦਾ । ਜਿਹੜੇ ਹਿੰਦੂ ਇਤਿਹਾਸਕਾਰ ਜਦੋਂ ਸਿੱਖਾਂ ਦੀ ਬਹਾਦਰੀ ਤੇ ਜੁਝਾਰੂ ਪਰੰਪਰਾ ਦਾ ਜਸ ਗਾਇਣ ਕਰਦੇ ਹਨ ਤਾਂ ਉਹ ਕਿਸੇ ਹੋਰ ਦੂਸਰੇ ਦੀ ਪ੍ਰਸ਼ੰਸਾ ਕਰਨ ਦੀ ਫ਼ਰਾਖਦਿਲੀ ਦਾ ਪ੍ਰਗਟਾਵਾ ਨਹੀਂ ਕਰ ਹੁੰਦੇ । ਸਿੱਖਾਂ ਨੂੰ ਉਹ ਕਿਉਂਕਿ ਆਪਣਾ ਹੀ ਹਿੱਸਾ ਸਮਝਦੇ ਹਨ, ਇਸ ਕਰਕੇ ਉਹ ਸਿੱਖਾਂ ਦੀ ਪ੍ਰਸ਼ੰਸਾ ਰਾਹੀਂ ਅਸਲੀਅਤ ਵਿੱਚ ਆਪਣੀ ਹੀ ਪਿੱਠ ਥਾਪੜ ਰਹੇ ਹੁੰਦੇ ਹਨ । 
ਆਰ।ਸੀ। ਮਜੂਮਦਾਰ ਹਿੰਦੂ ਇਤਿਹਾਸਕਾਰਾਂ ਦੀ ਇਸ ਮਨੋਬਿਰਤੀ ਦੀ ਵਿਆਖਿਆ ਕਰਦਾ ਹੋਇਆ ਕਹਿੰਦਾ ਹੈ ਕਿ ਹਿੰਦੂ ਇਤਿਹਾਸਕਾਰ ਰਾਜਪੂਤਾਂ, ਮਰਾਠਿਆਂ ਤੇ ਸਿੱਖਾਂ ਦੀ ਬਹਾਦਰੀ ਤੇ ਸੂਰਮਗਤੀ ਦਾ ਜਸ ਗਾਣ ਕਰਕੇ, ਅਸਲ ਵਿੱਚ ਆਪਣੇ ਮੱਥੇ ਤੋਂ ਹਾਰ ਦੀ ਕਾਲਖ ਦੇ ਦਾਗ ਧੋਣਾ ਚਾਹੁੰਦੇ ਹਨ । (ਹਵਾਲਾ ਪੁਸਤਕ-ਕਿਸ ਬਿਧੁ ਰੁਲੀ ਪਾਤਸ਼ਾਹੀ) ਉਦਾਹਰਣ ਵਜੋਂ ਹਿੰਦੂ ਇਤਿਹਾਸਕਾਰ ਹਰੀ ਰਾਮ ਗੁਪਤਾ ਸਿੱਖਾਂ ਦੀ ਤਰੀਫ ਕਰਦਾ ਹੋਇਆ ਲਿਖਦਾ ਹੈ : ਸਿੱਖਾਂ ਨੇ ਪੰਜਾਬ ਲਈ ਯੋਧਿਆਂ ਦਾ ਦੇਸ਼ ਕਾਬਲੇ ਰਸ਼ਕ ਨਾਂ ਜਿੱਤਿਆ ਹੈ ਅਤੇ ਸਿੱਖਾਂ ਨੂੰ ਹੀ ਇਸ ਗੱਲ ਦਾ ਮਾਣ ਹੋ ਸਕਦਾ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਹਮਲਾਆਵਰ ਜੋ ਪਿਛਲੇ ਹਜ਼ਾਰਾਂ ਸਾਲਾਂ ਤੋਂ ਹੜ੍ਹ ਵਾਂਗ ਉੱਤਰ-ਪੱਛਮੀ ਦਰਿਆ ਵਿੱਚੋਂ ਦਾਖਲ ਹੁੰਦੇ ਰਹੇ ਸਨ, ਉਨ੍ਹਾਂ ਹਮਲਾਵਰਾਂ ਅੱਗੇ ਛਾਤੀ ਡਾਹ ਕੇ ਉਨ੍ਹਾਂ ਨੂੰ ਠੱਲ ਪਾਈ ਸੀ । ਇਸ ਲਈ ਹਿੰਦੋਸਤਾਨ ਦੇ ਲੋਕਾਂ ਤੇ ਖਾਸ ਕਰਕੇ ਪੰਜਾਬੀਆਂ ਨੂੰ ਸਿੱਖਾਂ ਦਾ ਸ਼ੁਕਰ ਗੁਜਾਰ ਹੋਣਾ ਚਾਹੀਦਾ ਹੈ (ਹਵਾਲਾ-ਬਹੁ ਵਿਸਥਾਰ ਲੇਖਕ ਕਪੂਰ ਸਿੰਘ) ਹਰੀ ਰਾਮ ਗੁਪਤਾ ਹਿੰਦੂ ਇਤਿਹਾਸਕਾਰ ਦਾ ਇਕ ਹੋਰ ਹਵਾਲਾ ਵੀ ਹੇਠ ਲਿਖੇ ਅਨੁਸਾਰ ਮਿਲਦਾ ਹੈ, ਹਿੰਦੋਸਤਾਨ ਦਾ ਬਾਦਸ਼ਾਹ ਖੁਦ ਹੀ ਸ਼ਾਹ ਜਮਾਨ ਨੂੰ ਬੁਲਾ ਰਿਹਾ ਸੀ । ਉੱਤਰੀ ਭਾਰਤ ਦੀ ਹੋਰ ਕੋਈ ਵੀ ਗੈਰ-ਸਿੱਖ ਧਿਰ ਸ਼ਾਹ ਜਮਾਨ ਦੇ ਖਿਲਾਫ ਮੈਦਾਨ ਵਿੱਚ ਨਹੀਂ ਆਈ ਸੀ । ਹਰੀ ਰਾਮ ਗੁਪਤਾ ਬੜੇ ਹੀ ਨਿਰਾਸ਼ਮਈ ਸ਼ਬਦਾਂ ਵਿੱਚ ਇਸ ਸਥਿਤੀ ਨੂੰ ਇਉਂ ਬਿਆਨ ਕਰਦਾ ਹੈ । ਮਰਾਠਾ ਨੇਤਾ ਦੱਖਣ ਵਿੱਚ ਸਨ ਅਤੇ ਉਨ੍ਹਾਂ ਵੱਲੋਂ ਉੱਤਰੀ ਭਾਰਤ ਵਿੱਚ ਕਿਸੇ ਕਿਸਮ ਦੀ ਕੋਈ ਗਤੀਵਿਧੀ ਨਹੀਂ ਦਿਖਾਈ ਗਈ ਸੀ । ਜੋਧਪੁਰ ਅਤੇ ਜੈਪੁਰ ਦੇ ਰਾਜੇ ਤਾਂ ਸਗੋਂ ਸ਼ਾਹ ਜਮਾਨ ਦੀ ਮਦਦ ਨਾਲ ਮਰਾਠਿਆਂ ਤੋਂ ਸੁਤੰਤਰਤਾ ਹਾਸਲ ਕਰਨਾ ਚਾਹੁੰਦੇ ਸਨ । ਜੈਪੁਰ ਦਾ ਰਾਜਾ ਤਾਂ ਖੁੱਲੇ੍ਹ ਰੂਪ ਵਿੱਚ ਸ਼ਾਹ ਜਮਾਨ ਨੂੰ ਜੀ ਆਇਆ ਆਖ ਰਿਹਾ ਸੀ । ਇਸ ਤਰ੍ਹਾਂ ਹਿੰਦੂ ਰਾਜਿਆਂ ਅਤੇ ਰਾਜਕੁਮਾਰਾਂ ਵਿੱਚ ਕੋਈ ਵੀ ਏਕਤਾ ਨਹੀਂ ਸੀ । ਕੇਵਲ ਸਤਲੁੱਜ ਪਾਰ ਦੇ ਸਿੰਘ ਸਰਦਾਰ ਹੀ ਇਕੱਲੇ ਅਜ਼ਾਦੀ ਲਈ ਲੜ ਰਹੇ ਸਨ । ਹਵਾਲਾ-ਸ਼ਿਰੋਮਣੀ ਸਿੱਖ ਇਤਿਹਾਸ, ਲੇਖਕ ਡਾ: ਸੁਖਦਿਆਲ ਸਿੰਘ) 
ਸੁਰਿੰਦਰ ਕੁਮਾਰ ਸ਼ਰਮਾ, ਅਜਨਾਤ ਨੇ ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ (ਪੰਜਾਬੀ) ਦੇ ਪੰਨਾ 117 &lsquoਤੇ ਜੋ ਇਹ ਲਿਖਿਆ ਹੈ ਕਿ 1965 ਨੂੰ ਪਾਕਿਸਤਾਨ ਦਾ ਅਸਾਵਧਾਨ ਭਾਰਤ &lsquoਤੇ ਹਮਲਾ ਅਬਦਾਲੀ ਰਾਹੀਂ ਅਸਾਵਧਾਨ ਮਰਾਠਿਆਂ ਉੱਤੇ (ਪਾਣੀਪਤ ਦੀ ਤੀਜੀ ਲੜਾਈ 1761) ਦੇ ਦੌਰਾਨ ਹਮਲਿਆਂ ਦਾ ਸਿਰਫ਼ ਮੁੜ ਦੁਹਰਾਅ ਹੀ ਪ੍ਰਤੀਤ ਹੁੰਦਾ ਹੈ । ਸ਼ਰਮਾ ਜੀ ਦੀ ਉਕਤ ਟਿੱਪਣੀ ਇਤਿਹਾਸਕ ਸੱਚਾਈ ਤੋਂ ਕੋਹਾਂ ਦੂਰ ਹੈ, ਕਿਉਂਕਿ 1761 ਦੀ ਪਾਣੀਪਤ ਦੀ ਲੜਾਈ ਸਮੇਂ ਮਰਹੱਟੇ ਕੋਈ ਅਸਾਵਧਾਨ ਨਹੀਂ ਸਨ, ਸਗੋਂ ਅਹਿਮਦ ਸ਼ਾਹ ਦੀ ਫੌਜ ਨਾਲੋਂ ਕਈ ਗੁਣਾਂ ਵੱਧ ਫੌਜ ਅਤੇ ਤੋਪਖਾਨੇ, ਹਾਥੀਆਂ ਤੇ ਘੋੜਿਆਂ ਦੇ ਰਸਾਲਿਆਂ ਨਾਲ ਲੈਸ ਹੋ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਲਈ ਪਾਣੀਪਤ ਦੇ ਮੈਦਾਨ ਵਿੱਚ ਉਤਰੇ ਸਨ ਤੇ ਬੜੀ ਘਮਸਾਨ ਦੀ ਲੜਾਈ ਹੋਈ ਸੀ । ਇਸ ਪਾਣੀਪਤ ਦੀ ਤੀਸਰੀ ਲੜਾਈ ਵਿੱਚ ਮਰਹੱਟਿਆਂ ਨੂੰ ਲੱਕ ਤੋੜਵੀਂ ਹਾਰ ਹੋਈ ਸੀ ਤੇ ਇਸ ਤੋਂ ਬਾਅਦ ਮਰਹੱਟੇ ਆਪਣੇ ਪੈਰਾਂ &lsquoਤੇ ਨਹੀਂ ਸੀ ਖੜ੍ਹੇ ਹੋ ਸਕੇ । ਇਹੀ ਏਸ਼ੀਆ ਦਾ ਜੇਤੂ ਜਰਨੈਲ ਅਹਿਮਦ ਸ਼ਾਹ ਅਬਦਾਲੀ ਕਰੀਬ ਡੇਢ ਸਾਲ ਬਾਅਦ ਅਕਤੂਬਰ 1762 ਨੂੰ ਸਿੱਖਾਂ ਹੱਥੋਂ ਲੜਾਈ ਹਾਰ ਕੇ ਰਾਤ ਦੇ ਹਨੇਰੇ ਵਿੱਚ ਹੀ ਕਾਬਲ ਨੂੰ ਭੱਜ ਗਿਆ ਸੀ । 1765 ਤੱਕ ਸਿੱਖ ਮਿਸਲਾਂ ਨੇ ਪੰਜਾਬ ਨੂੰ ਅਫ਼ਗਾਨਾਂ ਕੋਲੋਂ ਛੁਡਵਾ ਕੇ ਆਪਣਾ (ਸਿੱਖ ਰਾਜ) ਸਥਾਪਤ ਕਰ ਲਿਆ । 1801 ਨੂੰ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਲਾਹੌਰ &lsquoਤੇ ਖ਼ਾਲਸਾਈ ਨਿਸ਼ਾਨ ਝੁਲਾ ਕੇ ਸਰਕਾਰ-ਏ-ਖ਼ਾਲਸਾ ਅਧੀਨ ਸਿੱਖ ਰਾਜ ਸਥਾਪਤ ਕਰ ਦਿੱਤਾ । ਸਰਕਾਰ-ਏ-ਖ਼ਾਲਸਾ ਤੋਂ ਭਾਵ ਖ਼ਾਲਸੇ ਦੀ ਅਗਵਾਈ ਵਿੱਚ ਲੋਕਾਂ ਦਾ ਗਣਰਾਜ । 1819 ਵਿੱਚ ਸ਼ੇਰੇ-ਪੰਜਾਬ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਹਮਲਾਵਰਾਂ ਕੋਲੋਂ ਕਸ਼ਮੀਰ ਦਾ ਇਲਾਕਾ ਵੀ ਖੋਹ ਕੇ ਸਿੱਖ ਰਾਜ ਨਾਲ ਮਿਲਾ ਲਿਆ । 1834 ਵਿੱਚ ਪੇਸ਼ਾਵਰ ਦਾ ਇਲਾਕਾ ਵੀ ਹਰੀ ਸਿੰਘ ਨਲੂਆ ਨੇ ਅਫ਼ਗਾਨਾਂ ਕੋਲੋਂ ਅਜ਼ਾਦ ਕਰਵਾ ਕੇ ਸਿੱਖ ਰਾਜ ਨਾਲ ਮਿਲਾ ਲਿਆ । ਅਕਤੂਬਰ 1842 ਵਿੱਚ ਲਦਾਖ ਨੂੰ ਵੀ ਸਿੱਖਾਂ ਨੇ ਸਰ ਕਰਕੇ ਸਿੱਖ ਰਾਜ ਵਿੱਚ ਮਿਲਾ ਲਿਆ । 
1842 ਵਿੱਚ ਤਿੱਬਤੀ ਨੇਤਾ ਦਲਾਈ ਲਾਮਾ, ਚੀਨ ਦੇ ਬਾਦਸ਼ਾਹ ਅਤੇ ਸਰਕਾਰ-ਏ-ਖ਼ਾਲਸਾ ਦਰਮਿਆਨ ਇਕ ਸੰਧੀ ਵੀ ਹੋਈ ਸੀ । ਇਸ ਸੰਧੀ ਦੁਆਰਾ ਸ਼ਹਿਨਸ਼ਾਹ ਚੀਨ ਅਤੇ ਤਿੱਬਤ ਦੇ ਦਲਾਈ ਲਾਮਾ ਨੇ ਲਦਾਖ ਦੇਸ਼ ਨੂੰ ਸਰਕਾਰ-ਏ-ਖ਼ਾਲਸਾ ਦੇ ਅਧੀਨ ਦੇਸ਼ ਪ੍ਰਵਾਨ ਕਰ ਲਿਆ ਸੀ । ਇਸ ਸੰਧੀਨਾਮੇ ਵਿੱਚ ਇਕ ਫਰੀਕ (ਧਿਰ) ਸ਼ਹਿਨਸ਼ਾਹ ਚੀਨ ਅਤੇ ਦੂਜਾ ਫਰੀਕ (ਧਿਰ) ਫਾਤਹ ਆਲਮ, ਖ਼ਾਲਸਾ ਜੀE ਅੰਕਤ ਹੈ । (ਰਾਜ ਕਰੇਗਾ ਖ਼ਾਲਸਾ ਤੇ ਹੋਰ ਨਿਬੰਧ-ਲੇਖਕ ਸਿਰਦਾਰ ਕਪੂਰ ਸਿੰਘ) ਅੰਤ ਵਿੱਚ ਸਿਰਦਾਰ ਕਪੂਰ ਸਿੰਘ ਜੀ ਦੇ ਹੀ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦੇ ਹਾਂ, ਜਿਹੜੇ ਉਨ੍ਹਾਂ ਨੇ ਆਪਣੀ ਪੁਸਤਕ, ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ ਦੇ ਪੰਨਾ 51 ਉੱਤੇ ਦਰਜ ਕੀਤੇ ਹਨ । ਗੁਰੂ ਨਾਨਕ ਸਾਹਿਬ ਨੇ ਇਕ ਅਜਿਹੇ ਧਰਮ ਨੂੰ ਜਨਮ ਦਿੱਤਾ ਜੋ ਕਿ : ਇਕ ਖਾਸ ਸਿਫਤ ਵਾਲਾ ਹੈ ਕਿਉਂਕਿ ਇਸ ਨੇ ਨਾ ਕੇਵਲ ਇਕ ਰਾਜਸੀ ਸਮਾਜ ਦੀ ਸਿਰਜਨਾ ਹੀ ਕੀਤੀ ਹੈ ਸਗੋਂ ਅਜਿਹੇ ਵਿਲੱਖਣ ਰਿਵਾਜ ਵੀ ਹੋਂਦ ਵਿੱਚ ਲਿਆਂਦੇ ਹਨ ਕਿ ਜੋ ਇਸ ਦਾ ਪਾਲਣ ਕਰਦੇ ਹਨ॥॥।ਉਹ ਇਕ ਨਿਆਰੇ ਫਿਰਕੇ ਵਾਲੇ ਹਨ । ਆਪਣੇ ਉਪਦੇਸ਼ਾਂ ਰਾਹੀਂ ਗੁਰੂ ਨਾਨਕ ਨੇ ਨਾ ਕੇਵਲ ਇਕ ਰਾਜਸੀ ਕੌਮ ਦੀ ਹੀ ਸਿਰਜਨਾ ਕੀਤੀ, ਸਗੋਂ ਇਸ ਤੋਂ ਉਜੋਕੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, ਸ਼ਬਦ ਪੰਜਾਬ ਇਕ ਅੱਡਰੇ ਰਾਜਸੀ ਖੇਤਰ ਦੇ ਨਾਂ ਨਾਲ ਉਭਰਿਆ ਹੈ । ਗੁਰੂ ਨਾਨਕ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਸੰਸਾਰ ਦੇ ਕਿਸੇ ਲਿਖਤੀ ਰਿਕਾਰਡ ਵਿੱਚ ਨਹੀਂ ਆਉਂਦਾ । ਇਹ ਪੰਜਾਬ ਗੁਰੂ ਗੋਬਿੰਦ ਸਿੰਘ ਤੋਂ ਸੌ ਕੁ ਸਾਲ ਮਗਰੋਂ ਆਪਣੀਆਂ ਸਿਆਸੀ ਸਰਹੱਦਾਂ ਰਾਹੀਂ ਪਿਸ਼ਾਵਰ ਤੋਂ ਪਾਨੀਪਤ ਅਤੇ ਗਿਲਗਿਤ ਤੋਂ ਸਪਿੱਤੀ ਤੱਕ ਫੈਲਿਆ । ਇਸ ਦੇ ਨਾਲ ਨਾਲ ਇਕ ਨਵੀਂ ਤੇ ਮੁਕੰਮਲ ਬੋਲੀ ਪੰਜਾਬੀ ਨੇ ਇਕ ਸਾਹਿਤਕ ਦਰਜਾ ਪ੍ਰਾਪਤ ਕੀਤਾ, ਜੋ ਕਿ ਕਲਾਤਮਕ ਨਿਪੁੰਨਤਾ ਅਤੇ ਸ਼ਬਦ ਕੋਸ਼ ਦੇ ਸੋਮਿਆਂ ਦੇ ਕਾਰਨ ਹੋਰ ਇੰਡੋ ਆਰੀਅਨ ਭਾਸ਼ਾਵਾਂ ਵਿੱਚੋਂ ਸਭ ਤੋਂ ਅਮੀਰ ਹੈ । ਭਾਰਤ ਦੇ ਲਿਖਤੀ ਇਤਿਹਾਸ ਵਿੱਚ ਪਹਿਲੀ ਵਾਰ ਕੁਦਰਤੀ ਹਮਲਿਆਂ ਤੇ ਬਾਹਰੋਂ ਆਉਣ ਵਾਲਿਆਂ ਦਾ ਰੁੱਖ ਉੱਤਰ-ਪੱਛਮ ਤੋਂ ਦੱਖਣ-ਪੂਰਬ ਦੀ ਥਾਂ ਦੱਖਣ-ਪੂਰਬ ਤੋਂ ਉੱਤਰ ਪੱਛਮ ਵੱਲ ਮੋੜ ਦਿੱਤਾ ਗਿਆ ਅਤੇ ਉਨੀਵੀਂ ਸਦੀ ਵਿੱਚ ਕਾਬਲ ਤੇ ਗਜਨੀ ਦੀਆਂ ਗਲੀਆਂ ਵਿੱਚ ਇਸ ਤਬਦੀਲੀ ਦੇ ਸਬੂਤ ਵਜੋਂ ਸਤਿ ਸ੍ਰੀ ਅਕਾਲ ਦੇ ਜੰਗੀ ਜੈਕਾਰੇ ਗੂੰਜਦੇ ਸੁਣੇ ਗਏ ਅਤੇ ਮਹਿਮੂਦ ਗਜ਼ਨੀ ਗਿਆਰਵੀਂ ਸਦੀ ਵਿੱਚ ਸੋਮਨਾਥ ਦੇ ਸੰਦਲ ਦੀ ਲਕੜੀ ਦੇ ਜੋ ਦਰਵਾਜ਼ੇ ਪੁੱਟ ਕੇ ਲੈ ਗਿਆ ਸੀ, ਉਹ ਸਿੱਖਾਂ ਨੇ ਵਾਪਸ ਲਿਆਂਦੇ ਸਨ । ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਤੇ ਗੁਰੂ ਗੋਬਿੰਦ ਸਿੰਘ ਤੋਂ ਸਰਕਾਰ-ਏ-ਖ਼ਾਲਸਾ ਦਾ ਸਿੱਖ ਇਤਿਹਾਸ ਇਕ ਪੈਰੇ੍ਹ ਵਿੱਚ ਲਿਖ ਕੇ ਸਿਰਦਾਰ ਕਪੂਰ ਸਿੰਘ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਕੀਤੀ ਹੈ । ਸਰਕਾਰ-ਏ-ਖ਼ਾਲਸਾ ਦਾ ਰਾਜ ਉੱਤਰ-ਪੂਰਬ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ-ਪੱਛਮ ਵਿੱਚ ਸਿੰਧ ਦੇ ਰੇਗਿਸਤਾਨ ਤੱਕ ਅਤੇ ਦੱਖਣ-ਪੂਰਬ ਵਿੱਚ ਸਤਲੁੱਜ ਤੋਂ ਲੈ ਕੇ ਦੱਖਣ-ਪੱਛਮ ਵਿੱਚ ਦਰਿਆ ਸਿੰਧ ਤੱਕ ਫੈਲਿਆ ਹੋਇਆ ਸੀ । (ਹਵਾਲਾ ਪੁਸਤਕ-ਮਹਾਰਾਜਾ ਰਣਜੀਤ ਸਿੰਘ ਲੇਖਕ ਡਾ: ਭਗਤ ਸਿੰਘ, ਐੱਮ।ਏ।, ਪੀ।ਐੱਚ।ਡੀ। ਪੰਜਾਬੀ ਯੂਨੀਵਰਸਿਟੀ ਪਟਿਆਲਾ) ਉਕਤ ਤੱਥਾਂ ਦੇ ਆਧਾਰ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਿੱਖ, ਹਿੰਦੂ ਨਹੀਂ ਹਨ, ਸਿੱਖ ਗੁਰੂ ਨਾਨਕ ਦੀ ਪੈਦਾ ਕੀਤੀ ਰਾਜਸੀ ਕੌਮ ਹੈ । ਜਿਥੇ ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਹੈ ਉਥੇ ਸਰਕਾਰ-ਏ-ਖ਼ਾਲਸਾ ਦਾ ਸਿੱਖ ਇਤਿਹਾਸ ਜਿੱਤਾਂ ਦੀ ਦਾਸਤਾਨ ਹੈ । 
(ਸਮਾਪਤ)
-ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।