image caption:

ਬਾਰਡਰ ਨੇੜੇ ਭਗਤ ਸਿੰਘ ਦੇ ਬੁੱਤ ਕੋਲ ਲਿਖੇ ਗਏ ਖਾਲਿਸਤਾਨੀ ਨਾਅਰੇ, ਜਾਂਚ ‘ਚ ਲੱਗੀ ਪੁਲਿਸ

 ਪੰਜਾਬ ਵਿੱਚ ਖਾਲਿਸਤਾਨ ਦੇ ਬਹਾਨੇ ਮਾਹੌਲ ਖਰਾਬ ਕਰਨ ਦੀ ਲਗਾਤਾਰ ਸਾਜ਼ਿਸ਼ ਹੋ ਰਹੀ ਹੈ। ਹੁਣ ਫ਼ਿਰੋਜ਼ਪੁਰ ਵਿੱਚ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਇੱਥੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਇਹ ਨਾਅਰੇ ਲਿਖੇ ਹੋਏ ਹਨ। ਨਾਅਰੇ ਵਾਲਾ ਏਰੀਆ ਮੁੱਦਕੀ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੈ।

ਇਸ ਦਾ ਪਤਾ ਲੱਗਦਿਆਂ ਹੀ ਫਿਰੋਜ਼ਪੁਰ ਪੁਲਿਸ ਤੁਰੰਤ ਉਥੇ ਪਹੁੰਚ ਗਈ, ਜਿਸ ਤੋਂ ਬਾਅਦ ਇਹ ਖਾਲਿਸਤਾਨੀ ਨਾਅਰੇ ਮਿਟਾ ਦਿੱਤੇ ਗਏ। ਪੁਲਿਸ ਨੇ ਨਾਅਰੇ ਲਿਖਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਫ਼ਿਰੋਜ਼ਪੁਰ ਪੁਲਿਸ ਦੀ ਟੀਮ ਨੇ ਨਾਅਰੇ ਲਿਖਣ ਬਾਰੇ ਪਤਾ ਲੱਗਦਿਆਂ ਹੀ ਇਲਾਕੇ ਨੂੰ ਸੀਲ ਕਰ ਦਿੱਤਾ। ਉਸ ਤੋਂ ਬਾਅਦ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇੱਥੋਂ ਜਾਣ ਵਾਲੇ ਅਤੇ ਆਉਣ ਜਾਣ ਵਾਲੇ ਰਸਤਿਆਂ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਸੁਰਾਗ ਮਿਲ ਸਕੇ।
ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਡੀਆਰਐਮ ਦਫ਼ਤਰ ਦੇ ਬਾਹਰ ਖਾਲਿਸਤਾਨੀ ਨਾਅਰੇ ਲਿਖੇ ਜਾ ਚੁੱਕੇ ਹਨ। ਫ਼ਿਰੋਜ਼ਪੁਰ ਤੋਂ ਇਲਾਵਾ ਫ਼ਰੀਦਕੋਟ, ਸੰਗਰੂਰ, ਰੋਪੜ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਨਾਅਰੇ ਲਿਖੇ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਪਿੱਛੇ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦਾ ਹੱਥ ਹੈ, ਜੋ ਪੈਸੇ ਦਾ ਲਾਲਚ ਦੇ ਕੇ ਅਜਿਹੇ ਨਾਅਰੇ ਲਿਖਵਾ ਰਿਹਾ ਹੈ।