image caption:

ਕੇਰਲ ਵਿੱਚ ਮੰਕੀਪੌਕਸ ਦਾ ਤੀਜਾ ਮਾਮਲਾ, ਕਰਨਾਟਕ ਸਰਕਾਰ ਨੇ ਵਧਾਈ ਚੌਕਸੀ

 ਤਿਰੂਵਨੰਤਪੁਰਮ: ਕੇਰਲ ਵਿੱਚ ਮੰਕੀਪੌਕਸ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਜੁਲਾਈ ਦੇ ਸ਼ੁਰੂ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਏ 35 ਸਾਲਾ ਨੌਜਵਾਨ ਵਿੱਚ ਮੰਕੀਪੌਕਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਮਲੱਪਪੁਰਮ ਦਾ ਰਹਿਣ ਵਾਲਾ ਨੌਜਵਾਨ 6 ਜੁਲਾਈ ਨੂੰ ਆਪਣੇ ਗ੍ਰਹਿ ਰਾਜ ਪਰਤਿਆ ਸੀ ਅਤੇ ਤਿਰੂਵਨੰਤਪੁਰਮ ਦੇ ਮੰਜੇਰੀ ਮੈਡੀਕਲ ਕਾਲਜ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਜਾਰਜ ਮੁਤਾਬਕ ਨੌਜਵਾਨ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਸੰਕਰਮਿਤ ਦੇ ਸੰਪਰਕ ਵਿੱਚ ਆਏ ਲੋਕਾਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਦੱਸਿਆ ਗਿਆ ਕਿ ਦੁਬਈ ਤੋਂ ਪਰਤੇ ਵਿਅਕਤੀ ਨੂੰ 13 ਜੁਲਾਈ ਨੂੰ ਬੁਖਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਚਮੜੀ 'ਤੇ ਧੱਫੜ ਨਜ਼ਰ ਆਏ। ਇਸ 'ਤੇ ਵਿਅਕਤੀ ਹਸਪਤਾਲ 'ਚ ਜਾਂਚ ਲਈ ਡਾਕਟਰ ਨੂੰ ਮਿਲਿਆ ਅਤੇ ਡਾਕਟਰਾਂ ਨੇ ਉਸ ਦਾ ਸੈਂਪਲ ਲੈ ਕੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ 'ਚ ਭੇਜ ਦਿੱਤਾ। ਵਿਅਕਤੀ ਦੇ ਮੰਕੀਪੌਕਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਕਿਹਾ ਹੈ ਕਿ ਸਬੰਧਤ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕੇਰਲ ਵਿੱਚ ਹੀ ਦੋ ਹੋਰ ਮਾਮਲੇ ਸਾਹਮਣੇ ਆਏ ਸਨ ਅਤੇ ਦੋਵੇਂ ਦੁਬਈ ਤੋਂ ਵਾਪਸ ਆਏ ਸਨ। ਇਨ੍ਹਾਂ ਵਿਅਕਤੀਆਂ ਦੀ ਸਿਹਤ ਤਸੱਲੀਬਖਸ਼ ਦੱਸੀ ਜਾ ਰਹੀ ਹੈ।