image caption:

ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨਾਲ ਧੱਕਾ-ਮੁੱਕੀ

ਕਈ ਬੇਰੁਜ਼ਗਾਰਾਂ ਦੇ ਲੱਗੀਆਂ ਸੱਟਾਂ ਕੱਪੜੇ ਫਟੇ 

ਯੂਨੀਅਨ ਪ੍ਰਧਾਨ ਨੇ ਖੁਦ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ਼

4 ਅਗਸਤ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਪੈੱਨਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਸ਼ਾਂਤ ਹੋਏ ਬੇਰੁਜ਼ਗਾਰ 

ਰੁਜ਼ਗਾਰ ਲਈ ਪਿਛਲੇ 12 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਬੇਰੁਜ਼ਗਾਰ ਪੀਟੀਆਈ ਅਧਿਆਪਕ 

"ਰੁਜ਼ਗਾਰ ਦਿਓ ਜਾਂ ਗੋਲੀ ਮਾਰ ਦਿਓ": ਬੇਰੁਜ਼ਗਾਰ ਅਧਿਆਪਕ

ਭਵਾਨੀਗੜ੍ਹ  (ਦਲਜੀਤ ਕੌਰ )- ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾਮੁੱਕੀ ਕਰਦੇ ਹੋਏ ਲਾਠੀਚਾਰਜ਼ ਕੀਤਾ ਗਿਆ&zwnj, ਜਿਸ ਦੌਰਾਨ ਕਈਆਂ ਦੇ ਸੱਟਾਂ ਲੱਗੀਆਂ ਹਨ। ਇਸ ਤੋਂ ਪਹਿਲਾਂ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਰੋਸ ਮਾਰਚ ਵੀ ਕੱਢਿਆ। ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ &lsquoਆਪ&rsquo ਆਗੂਆਂ ਨੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ। ਯੂਨੀਅਨ ਪ੍ਰਧਾਨ ਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲੀਸ ਨੇ ਅੱਗ ਬੁਝਾਊ ਯੰਤਰ ਨਾਲ ਬੁਝਾ ਦਿੱਤਾ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪ ਵੀ ਹੋਈ। ਇਸ ਕਾਰਨ ਪੁਲੀਸ ਨੇ ਹਲਕੀ ਤਾਕਤ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 4 ਅਗਸਤ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਪੈੱਨਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਜਾ ਕੇ ਬੇਰੁਜ਼ਗਾਰ ਸ਼ਾਂਤ ਹੋਏ ਅਤੇ ਉਨ੍ਹਾਂ ਧਰਨਾ ਖ਼ਤਮ ਕਰ ਦਿੱਤਾ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਇਆਂ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਸਾਡੀ ਬੇਰੁਜ਼ਗਾਰਾਂ ਦੀ ਭਰਤੀ ਲਟਕਦੀ ਆ ਰਹੀ ਹੈ ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਤੇ ਸਿੱਖਿਆ ਵਿਭਾਗ ਦੀਆਂ ਲੋਕ ਮਾਰੂ ਨੀਤੀਆਂ ਕਰਕੇ 11 ਸਾਲ ਤੋਂ ਲਟਕ ਰਹੀ ਭਰਤੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਕਿ ਬੇਰੁਜ਼ਗਾਰਾਂ ਨਾਲ ਸਰਾਸਰ ਧੱਕਾ ਹੈ। ਇਸ ਕਰਕੇ ਅੱਜ ਸਾਡੇ ਵੱਲੋਂ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।

ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਜਦੋਂ ਇੱਕ ਬੇਰੁਜ਼ਗਾਰ ਕੁੜੀ ਸ਼ਿੱਪੀ ਸ਼ਰਮਾ ਪਾਣੀ ਵਾਲੀ ਟੈਂਕੀ ਉਤੇ 90 ਦਿਨ ਚੜ੍ਹੀ ਰਹੀ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਸਨੂੰ ਆਪਣੇ ਭੈਣ ਬਣਾਉਂਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ &lsquoਆਪ&rsquo ਦੀ ਸਰਕਾਰ ਬਣਨ ਉਤੇ ਉਨ੍ਹਾਂ ਦੀ ਮੰਗ ਪਹਿਲ ਦੇ ਅਧਾਰ ਉਤੇ ਹੱਲ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਸੀ ਕਿ ਇਕ ਵਾਰ ਸਰਕਾਰ ਬਣ ਲੈਣ ਦਿਓ, ਹਰਾ ਪੈੱਨ ਆ ਲੈਣ ਦਿਓ ਇਹ ਹਰਾ ਪੈੱਨ ਤੁਹਾਡੇ ਰੁਜ਼ਗਾਰ ਦੇਣ ਲਈ ਚੱਲੇਗਾ, ਤੁਹਾਨੂੰ ਟੈਂਕੀਆਂ'ਤੇ ਚੜ੍ਹਨ ਅਤੇ ਧਰਨੇ ਲਗਾਉਣ ਦੀ ਲੋੜ ਨਹੀਂ ਪੈਣੀ ਪਰ ਹੁਣ ਹਰਾ ਪੈੱਨ ਤਾਂ ਕੀ ਚੱਲਣਾ ਸੀ ਬਲਕਿ ਲਾਠੀਚਾਰਜ਼ ਹੋਣ ਤੋਂ ਬਾਅਦ ਵੀ ਕੋਈ ਗੱਲ ਸੁਣਨ ਜਾਂ ਵਿਸ਼ਵਾਸ ਦਿਵਾਉਣ ਤੱਕ ਵੀ ਨਹੀਂ ਆਇਆ।

ਦੱਸਣਯੋਗ ਹੈ ਕਿ ਬੀਤੇ ਜ਼ਿਮਨੀ ਲੋਕ ਸਭਾ ਸੰਗਰੂਰ ਦੀਆਂ ਚੋਣਾਂ ਦੌਰਾਨ ਆਪਣੀਆਂ ਮੰਗਾਂ ਮਨਵਾਉਣ ਲਈ ਦੋ ਲੜਕੀਆਂ ਸਿੱਪੀ ਸ਼ਰਮਾ ਅਤੇ ਰਵਨੀਤ ਕੌਰ ਬਠਿੰਡਾ ਸੰਗਰੂਰ ਵਿਖੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀਆ ਸਨ। ਜਿਸ ਦੌਰਾਨ ਸਾਬਕਾ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਵਿਧਾਇਕ ਨੀਨਾ ਮਿੱਤਲ ਵੱਲੋਂ ਦੋਵਾਂ ਲੜਕੀਆਂ ਨੂੰ ਇਹ ਵਿਸ਼ਵਾਸ ਦਿਵਾ ਕੇ ਹੇਠਾਂ ਉਤਾਰਿਆ ਗਿਆ ਕਿ ਤੁਹਾਡੀ ਭਰਤੀ 10 ਦਿਨਾਂ ਦੇ ਅੰਦਰ-ਅੰਦਰ ਵਿੱਚ ਮੁਕੰਮਲ ਕੀਤੀ ਜਾਵੇਗੀ ਪਰ ਪੰਜਾਬ ਸਰਕਾਰ ਵੱਲੋਂ ਅਜੇ ਇਸ ਭਰਤੀ ਨੂੰ ਪੂਰਾ ਕਰਨ ਲਈ ਤੱਕ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।

ਇੱਥੇ ਇਹ ਵੀ ਦੱਸਣਯੋਗ ਹੈ ਕਿ 646 ਪੀਟੀਆਈ ਅਧਿਆਪਕਾਂ ਦੀ ਭਰਤੀ ਲਈ 9 ਮਈ 2011 ਨੂੰ ਉਸ ਸਮੇਂ ਦੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਸਾਲ 2012 ਵਿੱਚ ਦੁਬਾਰਾ ਬਾਦਲ ਸਰਕਾਰ ਬਣ ਗਈ ਪਰ ਇਹ ਭਰਤੀ ਕਿਸੇ ਤਣ-ਪੱਤਣ ਨਹੀਂ ਲਗਾਈ ਗਈ। ਫੇਰ ਪੰਜ ਸਾਲਾਂ ਬਾਅਦ ਸਾਲ 2017 &rsquoਚ ਕਾਂਗਰਸ ਸਰਕਾਰ ਨੇ ਵੀ ਆਪਣੇ 5 ਸਾਲ ਲਾਰਿਆਂ &rsquoਚ ਲੰਘਾ ਦਿੱਤੇ ਅਤੇ ਹੁਣ ਭਗਵੰਤ ਮਾਨ ਦੀ 'ਆਪ' ਸਰਕਾਰ ਵੀ ਇਸ ਭਰਤੀ ਨੂੰ ਲੈਕੇ ਗੰਭੀਰ ਨਹੀਂ ਹੈ, ਜਿਸ ਕਰਕੇ ਇਹ ਮਾਮਲਾ ਹੁਣ ਤੱਕ ਲਟਕਿਆ ਹੋਇਆ ਹੈ।

ਇਸ ਮੌਕੇ ਸੂਬਾ ਆਗੂ ਕ੍ਰਿਸ਼ਨ ਨਾਭਾ, ਕਮਲ ਘੁਰਕਣੀ, ਜੱਸੀ ਮਾਨਸਾ ਰਾਜਪਾਲ ਜਲਾਲਾਬਾਦ, ਜਸਵਿੰਦਰ ਅੱਕਾਂ ਵਾਲੀ, ਹਰੀਸ਼ ਗੁਰੂ ਹਰਸਹਾਏ, ਅਸ਼ੋਕ ਲਾਧੂਕਾ, ਗਗਨ ਮਾਨਸਾ, ਸਿਮਰਜੀਤ ਕੌਰ ਫ਼ਰੀਦਕੋਟ, ਸਿੱਪੀ ਸ਼ਰਮਾ, ਕੁਲਵਿੰਦਰ ਕੌਰ ਜਲਾਲਾਬਾਦ, ਨੇਹਾ ਖੁੱਲਰ, ਸਰਬਜੀਤ ਕੌਰ, ਪਵਿੱਤਰ ਕੌਰ, ਜਸਵਿੰਦਰ ਕੌਰ, ਜੋਤੀ ਜਲਾਲਾਬਾਦ, ਹਰਪ੍ਰੀਤ ਕੌਰ ਸੰਗਰੂਰ ਅਤੇ ਸ਼ਵੇਤਾ ਅਬੋਹਰ ਆਦਿ ਹਾਜ਼ਰ ਸਨ।