image caption: -ਰਜਿੰਦਰ ਸਿੰਘ ਪੁਰੇਵਾਲ

ਸਿੱਖਾਂ ਦੀ ਧਰਮ ਬਦਲੀ ਕਿਉਂ?

ਪੰਜਾਬ ਵਿਚ ਸਿਖਾਂ ਦੇ ਧਰਮ ਬਦਲੀ  ਮੁੱਦੇ ਉਪਰ ਖਾਲਸਾ ਪੰਥ ਬਹੁਤ ਚਿੰਤਤ ਹੈ| ਦੋਸ਼ੀ  ਗਰੀਬ ਸਿੱਖਾਂ ਨੂੰ ਬਣਾਇਆ ਜਾ ਰਿਹਾ ਹੈ ਕਿ ਲਾਲਚਵਸ ਧਰਮ ਬਦਲ ਰਹੇ ਹਨ| ਜਦ ਕਿ ਵਡੀ ਸਮਸਿਆ ਸ਼੍ਰੋਮਣੀ ਕਮੇਟੀ ਵਲੋਂ ਪ੍ਰਚਾਰ ਦੀ ਘਾਟ ਹੈ| ਈਸਾਈਅਤ ਦੇ ਵੱਡੇ ਪੱਧਰ ਤੇ ਫੈਲਣ ਦਾ ਸਭ ਤੋਂ ਵੱਡਾ ਤਰੀਕਾ ਪ੍ਰਾਰਥਨਾ ਸਭਾਵਾਂ ਹਨ ਜਿਨਹਾਂ ਨੂੰ ਚੰਗਿਆਈ ਸਭਾਵਾਂ ਵੀ ਕਿਹਾ ਜਾਂਦਾ ਹੈ| ਇਨ੍ਹਾਂ ਪ੍ਰਾਰਥਨਾ ਸਭਾਵਾਂ ਦੀ ਸਭ ਤੋਂ ਵੱਡੀ ਖ਼ਾਸ ਗੱਲ ਇਹ ਹੈ ਕਿ ਜਾਅਲੀ ਕਰਾਮਾਤ ਨਾਲ ਇਲਾਜ਼ ਕਰਨਾ ਹੈ| ਹਜ਼ਾਰਾਂ ਲੋਕਾਂ ਨੂੰ ਇਲਾਜ ਦੇ ਝੂਠੇ ਵਾਅਦੇ ਕਰਕੇ ਅਜਿਹੀਆਂ ਮੀਟਿੰਗਾਂ ਵਿੱਚ ਲਿਆਇਆ ਜਾਂਦਾ ਹੈ| ਹਰ ਗੰਭੀਰ ਬਿਮਾਰੀ ਜਿਵੇਂ ਕਿ ਕੈਂਸਰ, ਬਾਂਝਪਨ ਤੇ ਏਡਜ ਵਰਗੀਆਂ ਬਿਮਾਰੀਆਂ ਦਾ ਯਿਸੂ ਦੇ ਨਾਮ ਉੱਤੇ ਇਲਾਜ ਕੀਤਾ ਜਾਂਦਾ ਹੈ| ਇਨ੍ਹਾਂ ਦੀ ਮੰਨੀਏਂ ਤਾਂ ਸਪੱਸ਼ਟ ਤੌਰ ਤੇ, ਪੰਜਾਬ ਸਰਕਾਰ ਨੂੰ ਸਾਰੇ ਹਸਪਤਾਲ ਬੰਦ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਪ੍ਰਾਰਥਨਾ ਕਰਕੇ ਸਾਰੇ ਮਰੀਜ਼ਾਂ ਦਾ ਇਲਾਜ਼ ਕਰਨ ਦੇਣਾ ਚਾਹੀਦਾ ਹੈ| 
ਪੰਜਾਬ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਦੇ ਮੁੱਖ ਕਾਰਣ ਇਹ ਹੈ ਕਿ ਪੰਜਾਬ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਦੀ ਚਿੰਤਾਜਨਕ ਦਰ ਦੋ ਮੁੱਖ ਕਾਰਨਾਂ ਕਰਕੇ ਹੈ| ਸਭ ਤੋਂ ਪਹਿਲਾ ਕਾਰਨ ਸਿੱਖ ਧਾਰਮਿਕ ਸੰਸਥਾਵਾਂ ਦੇ ਮਿਆਰ ਅਤੇ ਸਥਿਤੀ ਵਿਚ ਇਕ ਵੱਡੀ ਗਿਰਾਵਟ ਹੈ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਜੋ ਆਪਣੇ ਆਪ ਨੂੰ ਸਿੱਖ ਧਰਮ ਦੀ ਸਭ ਤੋਂ ਉੱਚੀ ਸੰਸਥਾ ਮੰਨਦੀ ਹੈ, ਨੇ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਧੀਨ ਹੋਣ ਕਰਕੇ ਇਕ ਰਾਜਨੀਤਿਕ ਰੰਗ ਲੈ ਲਿਆ ਹੈ|
ਦੂਜਾ ਕਾਰਨ ਦਲਿਤਾਂ, ਗਰੀਬਾਂ ਅਤੇ ਦਰਮਿਆਨੇ ਵਰਗਾਂ ਪ੍ਰਤੀ ਸਮਾਜਿਕ ਅਤੇ ਰਾਜਸੀ ਉਦਾਸੀਨਤਾ ਹੈ| ਸਿੱਖ ਉੱਚ ਜਾਤੀ ਭਾਈਚਾਰੇ ਵੱਲੋਂ ਸਿੱਖ ਦਲਿਤਾਂ ਨੂੰ ਲਾਂਭੇ ਰੱਖਿਆ ਜਾਂਦਾ ਹੈ ਤੇ ਸਿੱਖ ਗੁਰੂਆਂ ਦੁਆਰਾ ਦਰਸਾਏ ਗਏ ਬਰਾਬਰਤਾ ਅਤੇ ਨਿਆਂ ਦੇ ਅਧਾਰ ਨੂੰ ਤਿਆਗ ਦਿਤਾ ਗਿਆ ਹੈ| ਸਿੱਖ ਗੁਰੂਆਂ ਨੇ ਬਿਨਾਂ ਜਾਤ-ਗੋਤ ਵਾਲੇ ਸਮਾਜ ਦੀ ਸਿਖਿਆ ਦਿਤੀ ਜਿੱਥੇ ਸਾਰਿਆਂ ਨਾਲ ਇਕੋ ਜਿਹਾ ਵਰਤਾਉ ਕੀਤਾ ਜਾਂਦਾ ਹੋਵੇ ਪਰ ਅਜੋਕੇ ਸਿੱਖ ਸਮਾਜ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਨੇਤਾ ਅਜਿਹੇ ਸਮਾਜ ਦੀ ਪਾਲਣਾ ਕਰਨ ਵਿਚ ਅਸਫਲ ਰਹੇ ਹਨ ਸਗੋਂ ਜਾਤੀ ਦੇ ਅਧਾਰ ਤੇ ਵਿਤਕਰਾ ਜਾਰੀ ਰਖਦੇ ਹਨ ਤੇ ਸਿੱਖ ਆਗੂ ਆਪਣੀਆਂ ਰਾਜਨੀਤਿਕ ਅਤੇ ਪਦਾਰਥਕ ਇੱਛਾਵਾਂ ਨੂੰ ਪੂਰਾ ਕਰਨ ਵਿਚ ਰੁੱਝੇ ਹੋਏ ਹਨ|
ਇਸ ਹਾਲਤ ਦਾ ਫਾਇਦਾ ਲੈ ਕੇ ਈਸਾਈ ਮਿਸ਼ਨਰੀਆਂ ਨੇ ਗਰੀਬਾਂ ਅਤੇ ਪਛੜੇ ਲੋਕਾਂ ਨੂੰ ਸਤਿਕਾਰ ਅਤੇ ਉਤਸਾਹ ਦੇ ਕੇ ਇਸ ਅਵਸਰ ਦਾ ਪੂਰਾ ਲਾਭ ਉਠਾਇਆ ਹੈ| ਇਸ ਸਮੇਂ ਸ਼੍ਰੋਮਣੀ ਕਮੇਟੀ, ਪ੍ਰਚਾਰਕਾਂ ਅਤੇ ਹੋਰ ਸਿੱਖ ਨੇਤਾਵਾਂ ਦੀ ਅਸਫਲਤਾ ਦੇ ਨਤੀਜੇ ਵਜੋਂ ਸਮੂਹ ਲੋਕ ਧਰਮ ਪਰਿਵਰਤਨ ਕਰਦੇ ਵੇਖੇ ਜਾ ਸਕਦੇ ਹਨ| 
ਸਾਨੂੰ ਇਤਿਹਸ ਵਲ ਝਾਤੀ ਮਾਰਨੀ ਚਾਹੀਦੀ ਹੈ ਕਿ ਜਦ ਸਿਰਫ ਚਾਰ ਸਿੱਖ ਲੜਕੇ ਇਸਾਈ ਬਣਨ ਲੱਗੇ ਸਨ ਤਾਂ ਸਿੱਖਾਂ ਵਿਚ ਵੱਡੀ ਹਲਚਲ ਹੋਈ ਤਾਂ ਸਿੰਘ ਸਭਾ ਸਿੱਖਾਂ ਵਿਚ ਸੁਧਾਰ ਲਈ ਬਣੀ| ਪਰ ਹੁਣ ਸਿੱਖ ਲੱਖਾਂ ਵਿਚ ਇਸਾਈ ਧਰਮ ਅਪਣਾ ਰਹੇ ਹਨ ਪਰ ਸਿੱਖਾਂ ਵਿਚ ਕੋਈ ਹੱਲਚਲ ਨਹੀਂ| ਇਹ ਵਾਕਿਆਈ ਹੀ ਚਿੰਤਾ ਦਾ ਮੁੱਦਾ ਹੈ| ਕੀ ਸਿੱਖਾਂ ਵਿਚ ਸਿਖੀ ਪ੍ਰਤੀ ਵਿਸ਼ਵਾਸ਼ ਘਟ ਰਿਹਾ ਹੈ? ਕੀ ਸਿੱਖ ਆਗੂ ਅਜਿਹੇ ਹਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਹੀ ਨਹੀਂ? ਕੀ ਸਾਡੇ ਪ੍ਰਚਾਰਕ ਸਿਰਫ ਤਨਖਾਹਾਂ ਲੈਣ ਵਾਲੇ ਪ੍ਰਚਾਰਕ ਹਨ ਜੋ ਸਿੱਖਾਂ ਨੂੰ ਇਸਾਈ ਬਣਨੋਂ ਰੋਕਣ ਲਈ ਕੋਈ ਸਮਰਥ ਨਹੀਂ ਜਾਂ ਸਰੋਕਾਰ ਨਹੀਂ ਰੱਖਦੇ? ਕੀ ਸਿੱਖ ਕੌਮ ਇਤਨੀ ਲਾਚਾਰ ਹੋ ਗਈ ਹੈ ਕਿ ਆਪਣੇ ਆਪ ਨੂੰ ਵੀ ਬਚਾ ਨਹੀਂ ਸਕਦੀ? ਕੀ ਅਸੀਂ ਗਿਆਨੀ ਦਿਤ ਸਿੰਘ ਵਾਂਗ ਸਿੰਘ ਸਭਾ ਲਹਿਰ ਚਲਾਕੇ ਸਿਖਿਆ ਧਰਮ ਮੈਡੀਕਲ ਖੇਤਰ ਵਿਚ ਸੁਧਾਰ ਲਿਆ ਸਕਦੇ ਹਾਂ? 
ਸਾਨੂੰ ਲੋੜ ਹੈ ਸਿੱਖ ਪੰਥ ਵਿਚ ਆਈਆਂ ਕਮਜ਼ੋਰੀਆਂ ਦਾ ਗੰਭੀਰ ਮੰਥਨ ਕਰਨ ਦੀ, ਊਣਤਾਈਆਂ ਦੂਰ ਕਰਨ ਲਈ ਸਿੱਖ ਸੁਧਾਰ ਲਹਿਰ ਚਲਾਉਣ ਦੀ| ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੁਧਾਰ ਲਿਆਉਣਾ ਜਰੂਰੀ ਹੈ| ਜੇ ਇਨ੍ਹਾਂ ਸੰਸਥਾਵਾਂ ਵਿਚ ਕੋਈ ਸੁਧਾਰ ਸੰਭਵ ਨਾ ਹੋਵੇ ਤਾਂ ਨਿਰੋਲ ਸਿੱਖੀ ਕਦਰਾਂ ਵਾਲੀ ਇੱਕ ਨਵੀ ਸੰਗਠਨ/ਸੰਸਥਾ ਦੀ ਸਥਾਪਤੀ ਕਰਨੀ ਜਿਸ ਲਈ ਭਰੋਸੇ ਯੋਗ ਪੰਥਕ ਹਿਤਾਂ ਵਾਲੇ ਜਥੇਬੰਧਕ ਢਾਂਚੇ ਦਾ ਖੜ੍ਹਾ ਕਰਨਾ ਜ਼ਰੂਰੀ ਹੈ| ਸਿੱਖ ਬੱਚਿਆਂ ਨੂੰ ਮੁਢ ਤੋਂ ਹੀ ਗੁਰਬਾਣੀ ਤੇ ਸਿੱਖ ਸਭਿਆਚਾਰ ਨਾਲ ਜੋੜਣਾ ਤੇ ਸਿੱਖੀ ਵਿਚ ਪ੍ਰਪੱਕ ਕਰਨਾ| ਪਛੜੀਆਂ ਜਾਤੀਆਂ ਨੂੰ ਪੂਰਾ ਆਦਰ ਮਾਣ ਦੇ ਕੇ ਬਰਾਬਰਤਾ ਦਾ ਪ੍ਰਭਾਵ ਦੇ ਕੇ ਆਪਣੇ ਨਾਲ ਜੋੜੀ ਰੱਖਿਆ ਜਾਵੇ| ਸਹਿਜਧਾਰੀ ਸਿੱਖਾਂ ਨੂੰ ਅਪਣੇ ਨਾਲ ਜੋੜ ਕੇ ਰੱਖਿਆ ਜਾਵੇ| ਯਾਦ ਰੱਖੋ ਸਿੱਖ ਧਰਮ ਤੋੜਣ ਵਿਚ ਨਹੀਂ ਜੋੜਣ ਵਿਚ ਵਿਸ਼ਵਾਸ਼ ਰਖਦਾ ਹੈ| ਦੇਸਾਂ ਵਿਦੇਸ਼ਾਂ ਵਿਚ ਵਸਦੇ ਸਿਖ ਆਪਣੇ ਪਿੰਡਾਂ ਵਿਚ ਚੰਗੇ ਪ੍ਰਚਾਰਕ ਰਖਕੇ ਸਿਖੀ ਲਹਿਰ ਚਲਾਉਣ| ਹਰ ਐਤਵਾਰ ਗੁਰਦੁਆਰੇ ਸਮਾਗਮ ਕੀਤਾ ਜਾਵੇ ਜਿਸ ਸੰਗਤ ਨੂੰ ਜੋੜਿਆ ਜਾਵੇ|
-ਰਜਿੰਦਰ ਸਿੰਘ ਪੁਰੇਵਾਲ