image caption:

ਸਕਾਟਿਸ਼ ਕ੍ਰਿਕਟ ਬੋਰਡ ਦੀ ਲੀਡਰਸ਼ਿਪ ਨੂੰ ਨਸਲਵਾਦੀ ਪਾਇਆ ਗਿਆ

ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)-ਸਕਾਟਿਸ਼ ਕ੍ਰਿਕਟ ਬੋਰਡ 'ਚ ਨਸਲਵਾਦ ਦੇ ਦੋਸ਼ਾਂ ਦੀ ਰਿਪੋਰਟ 'ਚ ਖੇਡ ਸ਼ਾਸਨ ਅਤੇ ਲੀਡਰਸ਼ਿਪ ਨੂੰ ਸੰਸਥਾਗਿਤ ਤੌਰ 'ਤੇ ਨਸਲਵਾਦੀ ਪਾਇਆ ਗਿਆ ਹੈ। ਸਕਾਟਿਸ਼ ਕ੍ਰਿਕਟ ਬੋਰਡ ਦੀ ਸਮੁੱਚੀ ਲੀਡਰਸ਼ਿਪ ਨੇ ਸੋਮਵਾਰ ਨੂੰ ਇਸ ਰਿਪੋਰਟ ਆਉਣ ਤੋਂ ਇਕ ਦਿਨ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਰਿਪੋਰਟ 'ਚ ਦੱਸਿਆ ਗਿਆ ਕਿ ਨਸਲਵਾਦ ਦੇ ਮੁੱਦਿਆਂ ਨੂੰ ਉਠਾਉਣ ਵਾਲਿਆਂ ਨੂੰ ਵੀ ਨਜ਼ਰਅੰਦਾਜ਼ ਜਾਂ 'ਸਾਈਡ ਲਾਈਨ' ਕਰ ਦਿੱਤਾ ਗਿਆ। ਰਿਪੋਰਟ 'ਚ ਨਸਲਵਾਦ ਦੀ ਜਾਂਚ ਦੀਆਂ 448 ਲੋਕਾਂ ਦੀਆਂ ਟਿੱਪਣੀਆਂ ਲਈਆਂ ਗਈਆਂ। ਇਨ੍ਹਾਂ 'ਚੋਂ 62 ਫ਼ੀਸਦੀ ਲੋਕਾਂ ਨੇ ਪੁੱਛਗਿੱਛ ਦੌਰਾਨ ਨਸਲਵਾਦ, ਅਸਮਾਨਤਾਵਾਂ ਜਾਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੂੰ ਦੇਖਿਆ ਜਾਂ ਅਨੁਭਵ ਕੀਤਾ। ਨਵੇਂ ਸਕਾਟਿਸ਼ ਕ੍ਰਿਕਟ ਬੋਰਡ ਭੰਗ ਹੋਣ ਦੀ ਸੂਰਤ 'ਚ ਬੋਰਡ ਦਾ ਕੰਮ ਕਾਜ ਸਪੋਰਟਸ ਸਕਾਟਲੈਂਡ ਅਕਤੂਬਰ 2023 ਤੱਕ ਦੇਖੇਗਾ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸਤੰਬਰ 2022 ਤੱਕ ਨਵੇਂ ਕ੍ਰਿਕਟ ਸਕਾਟਲੈਂਡ ਬੋਰਡ ਦਾ ਗਠਨ ਹੋਣਾ ਚਾਹੀਦਾ ਹੈ ਅਤੇ ਇਸ 'ਚ 40 ਫ਼ੀਸਦੀ ਮਰਦ, 40 ਫ਼ੀਸਦੀ ਔਰਤਾਂ ਅਤੇ 25 ਫ਼ੀਸਦੀ ਨਸਲੀ ਘੱਟ ਗਿਣਤੀ ਲੋਕਾਂ ਨੂੰ ਥਾਂ ਮਿਲਣੀ ਜ਼ਰੂਰੀ ਹੈ।