image caption:

ਸਕਾਟਲੈਂਡ ‘ਚ ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਕੀਤਾ ਗਿਆ ਯਾਦ

ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਹਾਈਲੈਂਡਜ਼ ਇਲਾਕੇ 'ਚ 80 ਸਾਲ ਪਹਿਲਾਂ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਰਾਇਲ ਫੋਰਸ ਆਰਮੀ ਸਰਵਿਸ ਕੋਰਪਜ ਦੀ ਫ਼ੌਜੀ ਟੁਕੜੀ ਤਾਇਨਾਤ ਸੀ। ਇਸ ਟੁਕੜੀ ਦੇ 9 ਜਵਾਨ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਥੇ ਹੀ ਦਫ਼ਨਾਇਆ ਗਿਆ ਸੀ। ਉਨ੍ਹਾਂ ਦੀਆਂ ਕਬਰਾਂ ਅੱਜ ਵੀ ਇਥੇ ਹਨ। ਉਨ੍ਹਾਂ ਨੂੰ ਹਾਈਲੈਂਡਜ ਦੇ ਇਕ ਤਿਉਹਾਰ 'ਚ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ। ਇਸ ਫ਼ੌਜੀ ਟੁਕੜੀ 'ਚ 14 ਭਾਰਤੀ ਫ਼ੌਜੀ ਸਨ, ਜੋ ਕਿ ਇਕ ਟਰਾਂਸਪੋਰਟ ਯੂਨਿਟ ਸੀ ਤੇ ਉਹ ਮੋਹਰਲੀ ਕਤਾਰ ਦੇ ਸੈਨਿਕਾਂ ਤੱਕ ਸਪਲਾਈ ਪਹੁੰਚਾਉਣ ਦਾ ਕੰਮ ਕਰਦੇ ਸਨ। ਯੁੱਧ ਦੌਰਾਨ ਉਹ ਇਸ ਖੇਤਰ ਦੇ ਕੈਰਨਮੋਰਜ, ਬੈਡੇਨੋਚ ਤੇ ਸਟ੍ਰੈਥਸਪੇ ਦੇ ਕੈਂਪਾਂ 'ਚ ਰਹੇ। 20 ਸਤੰਬਰ ਨੂੰ ਇਨ੍ਹਾਂ ਫ਼ੌਜੀਆਂ ਦੀ ਕਹਾਣੀ ਬਾਰੇ ਹਾਈਲੈਂਡਜ਼ ਦੇ ਨਿਊਟਨਮੋਰ 'ਚ ਇਕ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ 'ਚ ਤਸਵੀਰਾਂ ਸਮੇਤ ਉਨ੍ਹਾਂ ਦੇ ਜੀਵਨ ਅਤੇ ਬਹਾਦਰੀ ਭਰਪੂਰ
ਸ਼ਹਾਦਤ ਬਾਰੇ ਦੱਸਿਆ ਜਾਵੇਗਾ ਅਤੇ ਉਸੇ ਦਿਨ ਕਿੰਗਸੀ ਦੇ ਗਾਰਡਨ 'ਚ ਭਾਰਤੀ ਸ਼ਹੀਦ ਸੈਨਿਕਾਂ ਦੀ ਯਾਦਗਾਰ ਦਾ ਉਦਘਾਟਨ ਕੀਤਾ ਜਾਵੇਗਾ।