image caption: -ਰਜਿੰਦਰ ਸਿੰਘ ਪੁਰੇਵਾਲ

ਨਿਸ਼ਾਨ ਸਾਹਿਬ ਝੁਲਾਉਣਾ ਹੀ ਸਹੀ ਪੰਥਕ ਤੇ ਇਤਿਹਾਸਕ ਕਾਰਵਾਈ

ਬੀਤੇ ਦਿਨੀਂ ਸਿੱਖ ਜਥੇਬੰਦੀਆਂ ਦਲ ਖ਼ਾਲਸਾ ਤੇ ਅਕਾਲੀ ਦਲ (ਅ) ਨੇ ਭਾਰਤ ਦੇ ਅਜ਼ਾਦੀ ਦਿਵਸ ਮੌਕੇ ਮੋਗਾ ਵਿਖੇ ਰੋਸ ਮਾਰਚ ਕਰਨ ਦਾ ਐਲਾਨ ਕਰਦਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 13 ਤੋਂ 15 ਅਗਸਤ ਦੌਰਾਨ ਹਰ ਘਰ ਤਿਰੰਗਾ ਲਹਿਰਾਉਣ ਦੇ ਸੱਦੇ ਦਾ ਵਿਰੋਧ ਕਰਦਿਆਂ ਪੰਜਾਬੀਆਂ ਤੇ ਸਿੱਖਾਂ ਨੂੰ ਆਪਣੇ ਘਰਾਂ ਤੇ ਤਿਰੰਗੇ ਦੀ ਥਾਂ ਖ਼ਾਲਸਾਈ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਸੀ| ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ, ਸਤਨਾਮ ਸਿੰਘ ਪਾਉਂਟਾ ਸਾਹਿਬ, ਪਰਮਜੀਤ ਸਿੰਘ ਟਾਂਡਾ ਤੇ ਅਕਾਲੀ ਦਲ (ਅ) ਦੇ ਹਰਪਾਲ ਸਿੰਘ ਬਲੇਰ ਨੇ ਕਿਹਾ ਸੀ ਕਿ ਭਾਜਪਾ ਵਲੋਂ ਤਿਰੰਗੇ ਦੀ ਆੜ ਹੇਠ ਲੋਕਾਂ ਉੱਤੇ ਅਖੌਤੀ ਰਾਸ਼ਟਰਵਾਦ ਥੋਪਿਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਮੁੱਢੋਂ ਰੱਦ ਕਰਦਾ ਹੈ| ਉਨ੍ਹਾਂ ਦਾ ਕਹਿਣਾ ਸੀ ਕਿ ਦਲ ਖ਼ਾਲਸਾ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ (ਅ) ਨੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ 15 ਅਗਸਤ ਨੂੰ ਆਪਣੇ ਘਰਾਂ &rsquoਤੇ ਖ਼ਾਲਸਾਈ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ ਸੀ| ਪੰਥਕ ਜਥੇਬੰਦੀਆਂ ਵਲੋਂ ਇਹ ਸਦੇ ਪੰਥਕ ਭਾਵਨਾ ਤੇ ਸਿਖ ਇਤਿਹਾਸਕ ਦ੍ਰਿਸ਼ਟੀ ਤੋਂ ਸਹੀ ਹਨ| ਜੁਗ ਅਟਲ ਖਾਲਸਾ ਜੀ ਦੇ ਝੰਡੇ ਬੁੰਗੇ ਦੇ ਅਰਥ ਇਹੀ ਹਨ ਕਿ ਖਾਲਸਾ ਸਚੀ ਪਾਤਸ਼ਾਹੀ ਦਾ ਪਹਿਰੇਦਾਰ ਹੈ| ਸਚੀ ਪਾਤਸ਼ਾਹੀ ਦਨਿਆਵੀ ਰਾਜਿਆਂ ਦੇ ਅਧੀਨ ਨਹੀਂ| ਸਚੀ ਪਾਤਸ਼ਾਹੀ ਦਾ ਸਚਾ ਪਾਤਸ਼ਾਹ ਸਤਿਗੁਰੂ ਹੈ| ਹਲੇਮੀ ਰਾਜ ਤੇ ਬੇਗਮਪੁਰਾ ਉਸਦੀ ਪਾਤਸ਼ਾਹੀ ਹੈ| ਖਾਲਸਾ ਉਸਦਾ ਪਹਿਰੇਦਾਰ ਹੈ| ਗਰੀਬਾਂ ਨਿਤਾਣਿਆਂ, ਨਿਮਾਣਿਆ ਦਾ ਰਖਿਅਕ ਹੈ| ਨਿਸ਼ਾਨ ਸਾਹਿਬ ਖਾਲਸਾ ਜੀ ਦੀ ਰੂਹਾਂ ਵਿਚ ਸਮਾਇਆ ਸਰਬਤ ਅਜਾਦੀ ਲਈ ਝੂਲਦਾ ਹੈ| ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਖਾਲਸਾ ਜੀ ਨੇ ਪੰਜਾਬ ਦੇ ਹਕਾਂ ਤੇ ਜ਼ੁਲਮ ਖਿਲਾਫ ਲਹੂ ਡੋਲਵੇਂ ਸੰਘਰਸ਼ ਕੀਤੇ| ਚਾਹੇ ਉਹ ਜ਼ਾਲਮ ਸਟੇਟ ਮੁਗਲਾਂ ਦੀ ਸੀ, ਅੰਗਰੇਜਾਂ ਦੀ ਸੀ ਜਾਂ ਕਾਂਗਰਸ ਦੀ| ਗੁਰੂ ਗਰੰਥ ਸਾਹਿਬ ਦਾ ਸੁਨੇਹਾ ਹੈ ਮਨੁੱਖ ਉਹੀ ਹੈ ਜੋ ਅਜ਼ਾਦ ਹੈ| ਸਤਿਗੁਰੂ ਨਾਨਕ ਸਾਹਿਬ ਅਨੁਸਾਰ ਗੁਲਾਮੀ ਦੀ ਜ਼ਿੰਦਗੀ ਜੀਉਣਾ ਹਰਾਮ ਹੈ| ਖਾਣਾ ਪੀਣਾ ਵੀ ਹਰਾਮ ਹੈ| ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ਸਮੁਚਾ ਸਿਖ ਜਗਤ ਮੰਨਕੇ ਚਲਦਾ ਹੈ ਸਾਡਾ ਸਚਾ ਪਾਤਸ਼ਾਹ ਗੁਰੂ ਗਰੰਥ ਸਾਹਿਬ ਹੈ, ਨਿਸ਼ਾਨ ਸਾਹਿਬ ਸਤਿਗੁਰੂ ਦੀ ਸਤਾ ਦਾ ਪ੍ਰਤੀਕ ਹੈ| ਸਾਡੀ ਅਰਦਾਸ ਖਾਲਸਾ ਜੀ ਦੀ ਸਤਾ ਦੀ ਪੈਰਵਾਈ ਕਰਦੀ ਹੈ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਂ ਰਿਆਇਤ ਦੇਗ ਤੇਗ ਫ਼ਤਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖ਼ਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ |
ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ| ਸੋ ਨਿਸ਼ਾਨ ਸਾਹਿਬ ਝੁਲਾਉਣਾ ਸਿਖ ਦਾ ਫਰਜ ਹੈ| ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਤਿਰੰਗਾ ਮਾਰਚ ਮੋਟਰ ਸਾਈਕਲਾਂ ਉਪਰ ਕਢਿਆ| ਜੇਕਰ ਉਹ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਇਹ ਮਾਰਚ ਕਢਦੇ ਤਾਂ ਖਾਲਸਾ ਪੰਥ ਨੇ ਬੁਰਾ ਨਹੀਂ ਮਨਾਉਣਾ ਸੀ| ਪੰਜਾਬ ਸਰਕਾਰ ਸਕੂਲਾਂ ਤੇ ਹੋਰ ਅਦਾਰਿਆਂ ਵਿਚ ਜਬਰੀ ਆਦੇਸ਼ ਜਾਰੀ ਕਰ ਰਹੀ ਹੈ ਕਿ ਤਿਰੰਗਾ ਲਹਿਰਾਉ, ਸੁਆਲ ਇਹ ਹੈ ਕਿ ਇਹ ਜਬਰਦਸਤੀ ਕਿਉਂ? ਇਹ ਸਰਕਾਰੀ ਪੱਤਰ ਸ੍ਰੋਮਣੀ ਕਮੇਟੀ ਨੂੰ ਵੀ ਪਹੁੰਚੇ ਹਨ| ਸ੍ਰੋਮਣੀ ਕਮੇਟੀ ਨੂੰ ਪੰਥ ਦੀ ਵਾਹਿਦ  ਜਥੇਬੰਦੀ ਵਜੋਂ ਇਸ ਬਾਰੇ ਸਿਖ ਸੋਚ ਅਨੁਸਾਰ ਸਟੈਂਡ ਲੈਣਾ ਚਾਹੀਦਾ ਹੈ| ਖਾਲਸਾ ਪੰਥ ਭਾਰਤ ਦੇ ਕੌਮੀ ਝੰਡੇ ਤੋਂ ਇਲਾਵਾ ਸਭ ਝੰਡਿਆਂ ਦਾ ਸਤਿਕਾਰ ਕਰਦਾ ਹੈ, ਪਰ ਅਗਵਾਈ ਨਿਸ਼ਾਨ ਸਾਹਿਬ ਦੀ ਕਬੂਲਦਾ ਹੈ| ਨਿਸ਼ਾਨ ਸਾਹਿਬ ਅਧੀਨ ਹੀ ਸਿਖਾਂ ਨੇ ਅਜ਼ਾਦੀ ਦੀ ਲੜਾਈ ਲੜੀ| ਹੈਰਾਨੀ ਦੀ ਗਲ ਹੈ ਕਿ ਵਖ ਵਖ ਰਜਵਾੜਿਆਂ ਦੀ ਲੜਾਈ ਜੋ 1857 ਈਸਵੀ ਵਿਚ ਆਪਣੀਆਂ ਜਗੀਰਾਂ ਲਈ  ਲੜੀ ਗਈ ਉਸ ਨੂੰ ਅਜ਼ਾਦੀ ਦੀ ਪਹਿਲੀ ਜੰਗ ਦਾ ਨਾਮ ਦਿਤਾ ਗਿਆ| ਪਰ ਜੋ ਸਿਖਾਂ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ ਦੇ ਪਹਿਰੇ ਤੇ ਅਗਵਾਈ ਵਿਚ ਪੰਜਾਬ ਨੂੰ ਬਚਾਉਣ ਲਈ ਲੜੀ ਉਸ ਨੂੰ ਭਾਰਤ ਦੇ ਸਤਾਧਾਰੀਆਂ ਨੇ ਕਦੇ ਯਾਦ ਨਹੀਂ ਕੀਤਾ, ਨਾ ਹੀ ਮਾਨਤਾ ਦਿਤੀ ਗਈ| 1849 ਦੀ ਜੰਗ ਜੋ ਪੰਜਾਬ ਨੇ ਲੜੀ ਉਹ ਅੰਗਰੇਜ਼ਾਂ ਦੇ ਖਿਲਾਫ ਸੀ| ਪੰਜਾਬ ਦੇ ਯੋਧਿਆਂ ਨੇ ਅੰਗਰੇਜ਼ਾਂ ਨੂੰ ਪੰਜਾਬ ਵਿਚੋਂ ਨਹੀਂ ਪੂਰੇ ਭਾਰਤ ਵਿਚੋਂ  ਕਢਣਾ ਸੀ| ਇਹ ਦਸਤਾਵੇਜ਼ ਲਾਰਡ ਡਹਿਲੋਜੀ, ਲਾਰੰਸ ਦੀਆਂ ਗੁਪਤ ਚਿਠੀਆਂ ਵਿਚੋਂ ਮਿਲਦੇ ਹਨ| ਸ੍ਰੋਮਣੀ ਕਮੇਟੀ ਸ੍ਰੋਮਣੀ ਅਕਾਲੀ ਦਲ ਨੂੰ ਇਹ ਮੁਦਾ ਉਠਾਉਣਾ ਚਾਹੀਦਾ ਹੈ ਤੇ ਦਸਣਾ ਚਾਹੀਦਾ ਹੈ ਕਿ ਨਿਸ਼ਾਨ ਸਾਹਿਬ ਦਾ ਖਾਲਸਾ ਪੰਥ ਲਈ ਕੀ ਮਹਤਵ ਹੈ| ਸਭ ਪੰਜਾਬੀਆਂ ਨੂੰ ਇਸ ਬਾਰੇ ਮੀਡੀਆ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਕੋਲ ਅਵਾਜ ਉਠਾਉਣੀ ਚਾਹੀਦੀ ਹੈ ਕਿ ਪੰਜਾਬ ਦੇ ਮੋਢੀ ਸ਼ਹੀਦਾਂ ਨੂੰ ਮੁਢਲਾ ਸਥਾਨ ਦੇਵੋ| ਗਦਰੀਆਂ ਬਾਬਿਆਂ ਦਾ ਮੇਲਾ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਚ ਮੋਢੀ ਗਦਰੀ ਬਾਬਿਆਂ 1849 ਦੇ ਸ਼ਹੀਦਾਂ ਨੂੰ ਸਮਰਪਿਤ ਕਰਨਾ ਚਾਹੀਦਾ ਹੈ| ਭਾਰਤ ਦਾ ਪਹਿਲਾ ਗਦਰ ਦੁਸਰੇ ਐਂਗਲੋ-ਸਿੱਖ ਯੁੱਧ ਸੀ| ਦੇਸ ਪੰਜਾਬ ਦੇ ਲੋਕ ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹੋਈ ਆਪਣੀ ਹਾਰ ਦਾ ਬਦਲਾ ਅੰਗਰੇਜ਼ਾਂ ਕੋਲੋਂ ਲੈਣਾ ਚਾਹੁੰਦੇ ਸਨ-ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਨੇ ਦੇਸ ਪੰਜਾਬ ਰਾਜ ਦੀ ਸੁਤੰਤਰਤਾ ਨੂੰ ਲਗਭਗ ਖ਼ਤਮ ਕਰ ਦਿੱਤਾ ਸੀ-ਸੈਨਾ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕੱਢੇ ਗਏ ਪੰਜਾਬੀ ਸੈਨਿਕਾਂ ਦੇ ਮਨ ਵਿੱਚ ਅੰਗਰੇਜ਼ਾਂ ਲਈ ਭਾਰੀ ਗੁੱਸਾ ਸੀ| ਅੰਗਰੇਜ਼ਾਂ ਦੁਆਰਾ ਮਹਾਰਾਣੀ ਜਿੰਦ ਕੌਰ ਨਾਲ ਕੀਤੇ ਗਏ ਦੁਰ-ਵਿਹਾਰ ਕਾਰਨ ਸਾਰੇ ਪੰਜਾਬ ਵਿੱਚ ਰੋਹ ਦੀ ਲਹਿਰ ਦੌੜ ਗਈ ਸੀ-ਮੁਲਤਾਨ ਦੇ ਦੀਵਾਨ ਮੁਲਰਾਜ ਨਾਲ ਧਕਾ ਕਰਕੇ ਵਿਦਰੋਹ ਨੂੰ ਅੰਗਰੇਜ਼ਾਂ ਨੇ ਜਾਣ-ਬੁੱਝ ਕੇ ਫੈਲਣ ਦਿੱਤਾ| ਬਾਬਾ ਬਿਕਰਮਾ ਸਿੰਘ ਬੇਦੀ ਬਾਬਾ ਮਹਾਰਾਜ ਸਿੰਘ, ਹਰੀ ਸਿੰਘ ਨਲਵਾ ਦੇ ਬੇਟੇ ਜਵਾਹਰ ਸਿੰਘ ਨਲਵਾ-ਚਤਰ ਸਿੰਘ ਅਟਾਰੀ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ, ਰਾਮ ਸਿੰਘ ਪਠਾਣੀਆ ਦੁਆਰਾ ਕੀਤੇ ਗਏ ਵਿਦਰੋਹ ਨੇ ਅੰਗਰੇਜ਼ਾਂ ਨੂੰ ਚੁਣੌਤੀ ਦਿਤੀ| ਪੰਜਾਬ ਵਿਰੁਧ ਲਾਰਡ ਡਲਹੌਜ਼ੀ ਦੀ ਸਾਮਰਾਜਵਾਦੀ ਨੀਤੀ ਇਸ ਗਦਰ  ਦਾ ਮੁਖ ਕਾਰਣ ਸੀ| ਉਸ ਸਮੇਂ ਪੰਜਾਬ ਦੇ ਲੋਕ ਚਾਹੁੰਦੇ ਸਨ ਕਿ ਅੰਗਰੇਜ਼ ਮਾਰ ਮਾਰਕੇ ਪੂਰੇ ਭਾਰਤ ਵਿਚੋਂ ਕਢ ਦਿਤੇ ਜਾਣ| ਇਹ ਜੰਗ ਤੇ ਗਦਰ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਲੜਿਆ ਗਿਆ| ਸੋ ਖਾਲਸਾ ਜੀ ਦੇ ਝੰਡੇ ਲਹਿਰਾਉਣ ਬਾਰੇ ਕਿਸੇ ਨੂੰ ਦਿਕਤ ਨਹੀਂ ਹੋਣੀ ਚਾਹੀਦੀ|                                           
-ਰਜਿੰਦਰ ਸਿੰਘ ਪੁਰੇਵਾਲ