image caption:

ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰਵਾਉਣ ਦੀ ਲੋੜ ਹੀ ਕਿਉਂ ਪਈ ? ਸੁਖਬੀਰ ਸਿੰਘ ਬਾਦਲ ਪੰਜਾਬੀ ਪਾਰਟੀ ਦਾ ਪ੍ਰਧਾਨ ਹੈ ਨਾਕਿ ਸ਼੍ਰੋਮਣੀ ਅਕਾਲੀ ਦਲ ਦਾ

ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਅੰਕ ਨੰ: 2939 ਦੀ ਸੰਪਾਦਕੀ ਦੇ ਦੂਜੇ ਹਿੱਸੇ ਵਿੱਚ ਸ: ਰਜਿੰਦਰ ਸਿੰਘ ਜੀ ਪੁਰੇਵਾਲ ਲਿਖਦੇ ਹਨ : ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਖਤਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਅਲੀ ਸੰਵਿਧਾਨ ਪੇਸ਼ ਕਰਕੇ ਹਾਸਲ ਕੀਤੀ ਮਾਨਤਾ ਨੂੰ ਰੱਦ ਕਰਨ ਤੋਂ ਕਮਿਸ਼ਨ ਵੱਲੋਂ ਇਨਕਾਰ ਕਰਨ ਦੇ ਮਾਮਲੇ ਵਿੱਚ ਮਾਲਟਾ ਬੋਟ ਕਮਿਸ਼ਨ ਦੇ ਚੇਅਰਮੈਨ ਬਲਵੰਤ ਸਿੰਘ ਖੇੜਾ ਅਤੇ Eਮ ਸਿੰਘ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਦੀ ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੇ ਰਿਕਾਰਡ ਘੋਖਣ ਲਈ ਸਮੇਂ ਦੀ ਮੰਗ ਕੀਤੀ ਹੈ । ਇਸ ਤੇ ਅਦਾਲਤ ਨੇ ਅਗਲੀ ਸੁਣਵਾਈ 12 ਸਤੰਬਰ ਨੂੰ ਨਿਰਧਾਰਤ ਕਰ ਦਿੱਤੀ ਹੈ,॥॥॥।ਪਟੀਸ਼ਨਕਰਤਾ ਦੇ ਵਕੀਲ ਇੰਦਰਾ ਉਨੀਆਰ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਅਲੀ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ &lsquoਤੇ ਰਜਿਸਟਰੇਸ਼ਨ ਕੀਤੀ ਗਈ ਸੀ ਕਿਉਂਕਿ ਉਸ ਨੇ ਚੋਣ ਅਧਿਕਾਰੀਆਂ ਦੇ ਸਾਹਮਣੇ ਆਪਣਾ ਅਸਲੀ ਸੰਵਿਧਾਨ ਪੇਸ਼ ਨਹੀਂ ਕੀਤਾ ਸੀ । ਹੱਥਲੇ ਲੇਖ ਵਿੱਚ ਅਸੀਂ ਤਿੰਨਾਂ ਨੁਕਤਿਆਂ &lsquoਤੇ ਵਿਚਾਰ ਚਰਚਾ ਕਰਾਂਗੇ (1) ਅਕਾਲੀ ਦਲ ਹੋਂਦ ਵਿੱਚ ਕਿਵੇਂ ਆਇਆ (2) ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰਵਾਉਣ ਦੀ ਲੋੜ ਕਿਉਂ ਪਈ ? (3) ਮੌਜੂਦਾ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਨਹੀਂ, ਪੰਜਾਬੀ ਪਾਰਟੀ ਹੈ ।
ਅਕਾਲੀ ਦਲ ਹੋਂਦ ਵਿੱਚ ਕਿਵੇਂ ਆਇਆ
ਪੰਜਾ ਸਾਹਿਬ ਅਤੇ ਮਗਰੋਂ ਨਨਕਾਣਾ ਸਾਹਿਬ ਵਿਖੇ ਕਰਤਾਰ ਸਿੰਘ ਝੱਬਰ ਨੇ ਵੇਖਿਆ ਕਿ ਸਥਾਨਕ ਹਿੰਦੂ ਵੱਸੋਂ ਨੇ ਪੂਰੀ ਦ੍ਰਿੜਤਾ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਜਾਣੋਂ ਰੋਕਣ ਲਈ ਯਤਨ ਕੀਤੇ । ਹਿੰਦੂ ਮੈਂਬਰਾਂ ਨੇ ਮਗਰੋਂ ਪੰਜਾਬ ਲੈਜਿਸਲੇਟਿਵ ਕੌਂਸਲ (ਅਸੈਂਬਲੀ) ਵਿੱਚ ਇਸ ਦਾ ਡੱਟ ਕੇ ਵਿਰੋਧ ਕੀਤਾ । ਪੰਜਾਬ ਹਿੰਦੂ ਸਭਾ ਨੇ ਹਿੰਦੂਆਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸੁਧਾਰ ਦਾ ਜਿਥੋਂ ਤੱਕ ਹੋ ਸਕੇ ਵਿਰੋਧ ਕਰਨ ਤੇ ਜੇ ਰੁਕਾਵਟ ਪਾਉਣੀ ਸੰਭਵ ਨਾ ਹੋਵੇ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਹਿੱਸਾ ਮੰਗਣ ਕਈ ਥਾਂਵਾਂ &lsquoਤੇ ਹਿੰਦੂ ਭਾਰੀ ਗਿਣਤੀ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਤਾਂ ਕਿ ਸਿੱਖਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਣੋਂ ਰੋਕ ਸਕਣ । ਪੰਜਾ ਸਾਹਿਬ ਵਿਖੇ ਜਦੋਂ ਪੀਰ ਬੁੱਧੂ ਸ਼ਾਹ ਦੇ ਵਾਰਸਾਂ ਵੱਲੋਂ ਜਥੇ ਦੀ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਗਈ ਤਾਂ ਸ਼ਹਿਰ ਦੇ ਤਿੰਨ ਤੋਂ ਚਾਰ ਹਜ਼ਾਰ ਹਿੰਦੂ ਲਾਠੀਆਂ ਚੁੱਕ ਕੇ ਸਿੱਖਾਂ ਦਾ ਵਿਰੋਧ ਕਰਨ ਲਈ ਅੱਗੇ ਆ ਗਏ ਅਤੇ ਗੁਰਦੁਆਰੇ ਨੂੰ ਘੇਰਾ ਪਾ ਲਿਆ । ਅਗਲੇ ਦਿਨ ਉਨ੍ਹਾਂ (ਹਿੰਦੂਆਂ ਨੇ) ਨੇ ਮਹੰਤ ਵੱਲੋਂ ਗੁਰਦੁਆਰੇ &lsquoਤੇ ਕਬਜ਼ਾ ਕਰਨ ਲਈ ਇਸਤਰੀਆਂ ਦਾ (ਹਿੰਦੂ ਇਸਤਰੀਆਂ ਦਾ) ਜਥਾ ਭੇਜ ਦਿੱਤਾ । ਇਹੋ ਜਿਹੀਆਂ ਘਟਨਾਵਾਂ ਹੋਰ ਥਾਂਈਂ ਵੀ ਹੋਈਆਂ । (ਹਵਾਲਾ ਪੁਸਤਕ, ਸਿੰਘ ਨਾਦ, ਪੰਨਾ 112, ਲੇਖਕ ਸ: ਗੁਰਤੇਜ ਸਿੰਘ, ਆਈ।ਏ।ਐੱਸ।)
ਕਰਤਾਰ ਸਿੰਘ ਝੱਬਰ ਅਤੇ ਦੂਜੇ ਸਿੱਖ ਆਗੂਆਂ ਨੂੰ ਪਤਾ ਸੀ ਕਿ ਗੁਰਦੁਆਰਾ ਪ੍ਰਬੰਧ &lsquoਤੇ ਕਬਜ਼ਾ ਹੋਣ ਨਾਲ ਹੀ ਸਿੱਖਾਂ ਦੀ ਅਜ਼ਾਦ ਹਸਤੀ ਦੀ ਗੱਲ ਸ਼ੁਰੂ ਹੋਵੇਗੀ, ਇਸ ਲਈ ਇਹ ਸਿੱਖਾਂ ਲਈ ਜੀਵਨ ਤੇ ਮੌਤ ਵਰਗੀ ਗੱਲ ਬਣ ਗਈ । ਉਹ ਇਸ ਨਤੀਜੇ &lsquoਤੇ ਪੁੱਜੇ ਕਿ ਗੁਰਦੁਆਰਿਆਂ ਦੀ ਅਜ਼ਾਦੀ ਲਈ ਲੜਨ ਵਾਲੇ ਸ਼ਾਂਤਮਈ ਵਲੰਟੀਅਰਾਂ ਦੀ ਮੁਨਾਸਬ ਸੁਰੱਖਿਆ ਲਈ ਇਕ ਸਵੈ-ਸੇਵੀ ਜਥੇਬੰਦੀ ਹੋਣੀ ਚਾਹੀਦੀ ਹੈ । ਪੰਜਾ ਸਾਹਿਬ ਤੋਂ ਕਰਤਾਰ ਸਿੰਘ ਝੱਬਰ ਨੇ ਸ੍ਰੀ ਅਕਾਲ ਤਖ਼ਤ ਨੂੰ ਭੇਜੀ ਜਾਂਦੀ ਆਪਣੀ ਰੋਜ਼ਾਨਾ ਰਿਪੋਰਟ ਵਿੱਚ ਲਿਖਿਆ ਕਿ 200 ਵਲੰਟੀਅਰਾਂ ਦੀ ਇਕ ਫੋਰਸ ਤਿਆਰ ਕੀਤੀ ਜਾਵੇ । ਉਸ ਸਮੇਂ ਲਾਹੌਰ ਤੋਂ ਪ੍ਰਕਾਸ਼ਤ ਹੁੰਦੇ ਅਕਾਲੀ ਅਖ਼ਬਾਰ ਵਿੱਚ ਵੀ ਇਹ ਤਜਵੀਜ਼ ਪ੍ਰਕਾਸ਼ਤ ਕੀਤੀ ਗਈ । ਇਸ ਤਰ੍ਹਾਂ ਉਸ ਵਿਚਾਰ ਦਾ ਇਹ ਛੋਟਾ ਜਿਹਾ ਮੁੱਢ ਬੱਝਾ, ਜੋ ਮਗਰੋਂ ਜਾ ਕੇ ਅੱਜ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਸਾਕਾਰ ਹੋਇਆ ।
ਪੰਜਾ ਸਾਹਿਬ ਤੋਂ ਵਾਪਸ ਪਰਤਣ ਤੇ ਸ: ਝੱਬਰ ਨੇ ਇਲਾਕੇ ਦੇ ਲੋਕਾਂ ਦੀ ਇਕ ਇਕੱਤਰਤਾ 24 ਦਸੰਬਰ 1920 ਨੂੰ ਗੁਰਦੁਆਰਾ ਨਰੈਣ ਸ਼ੇਖੂਪੁਰਾ ਵਿੱਚ ਬੁਲਾਈ । ਇਥੇ ਹੀ ਕਰਤਾਰ ਸਿੰਘ ਝੱਬਰ ਨੇ ਸਥਾਨਕ ਅਕਾਲੀ ਜਥਾ ਕਾਇਮ ਕੀਤਾ । ਸਰਬ ਸੰਮਤੀ ਨਾਲ ਇਸ ਦਾ ਨਾਂ, ਅਕਾਲੀ ਜਥਾ ਖਰਾ ਸੌਦਾ ਬਾਰ ਰੱਖਿਆ ਗਿਆ । 24 ਜਨਵਰੀ 1921 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਹੋਈ, ਜਿਸ ਵਿੱਚ ਗੁਰਦੁਆਰਾ ਸੱਚਾ ਸੌਦਾ ਦਾ ਕਬਜ਼ਾ ਲੈਣ ਉਪਰੰਤ ਦੀ ਹਾਲਤ ਬਾਰੇ ਵਿਚਾਰ ਕੀਤੀ ਗਈ । ਇਥੇ ਹੀ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਸ: ਝੱਬਰ ਨੇ ਵਾਲੰਟੀਅਰਾਂ ਦੀ ਜਥੇਬੰਦੀ, ਅਕਾਲੀ ਦਲ ਕਾਇਮ ਕਰਨ ਦਾ ਸੁਝਾਅ ਰੱਖਿਆ । ਉਸ ਨੇ ਇਹ ਸੁਝਾਅ ਵੀ ਦਿੱਤਾ ਕਿ ਇਸ ਦਾ ਮੁੱਖ ਦਫਤਰ ਅੰਮ੍ਰਿਤਸਰ ਵਿੱਚ ਰੱਖਿਆ ਜਾਵੇ । ਇਹ ਤਜਵੀਜ਼ਾਂ ਪੂਰੇ ਉਤਸ਼ਾਹ ਨਾਲ ਹਾਜ਼ਰ ਸੰਗਤ ਨੇ ਪ੍ਰਵਾਨ ਕੀਤੀਆਂ । ਇਹ ਸੀ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ - ਉਹ ਮਹਾਨ ਜਥੇਬੰਦੀ ਜੋ 1966 ਤੱਕ ਬੜੀਆਂ ਕਾਰਜਸ਼ੀਲ ਅਤੇ ਲੋਕਾਂ ਦਾ ਦਰਦ ਵੰਡਾਉਣ ਵਾਲੀਆਂ ਜਥੇਬੰਦੀਆਂ ਵਿੱਚੋਂ ਸਿਰਮੌਰ ਜਥੇਬੰਦੀ ਸੀ, ਅਤੇ ਜਿਸ ਦੀ ਅਗਵਾਈ ਆਪਾ-ਵਾਰੂ ਕਿਸਮ ਦੇ ਲੀਡਰਾਂ ਨੇ ਕੀਤੀ ਅਤੇ ਜਿਹੜੇ ਸਾਰੇ ਦੇਸ਼ ਵਿੱਚੋਂ ਆਪਣੇ ਮਹਾਨ ਗੁਣਾਂ ਕਰਕੇ ਵੱਖਰੀ ਪਹਿਚਾਣ ਦੇ ਮਾਲਕ ਸਨ, ਭਾਵ ਸਿੱਖ ਇਕ ਵੱਖਰੀ ਕੌਮ ਦਾ ਜ਼ਾਹਰਾ ਪ੍ਰਗਟਾੳ ਸਨ । ਸਰਮੁੱਖ ਸਿੰਘ ਝਬਾਲ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ । ਸ: ਸਰਮੁੱਖ ਸਿੰਘ ਝਬਾਲ ਦਾ ਕਹਿਣਾ ਸੀ ਕਿ ਪੰਥ ਨੂੰ ਅਜਿਹੀ ਜਥੇਬੰਦੀ ਦੀ ਹੀ ਲੋੜ ਹੈ, ਜਿਸ ਵਿੱਚ ਸ਼ਾਮਿਲ ਹੋਣ ਵਾਲੇ ਪੰਥ ਲਈ ਲਗਾਤਾਰ ਕੁਰਬਾਨੀਆਂ ਕਰਦੇ ਰਹਿਣ ਉਪਰੰਤ ਵੀ ਬਦਲੇ ਵਿੱਚ ਆਪਣੇ ਲਈ ਕੁਝ ਨਾ ਮੰਗਣ । ਇਸ ਦੇ ਮੋਢੀ (ਸਰਮੁੱਖ ਸਿੰਘ ਝਬਾਲ) ਦੇ ਦਿਲ ਵਿੱਚ ਇਹ ਸੀ ਅਕਸ ਜੋ ਅਕਾਲੀ ਦਲ ਬਾਰੇ ਉਸ ਨੇ ਬਣਾਇਆ ਹੋਇਆ ਸੀ । ਕੀ ਅੱਜ ਦੇ ਅਕਾਲੀ ਉਸ ਜਥੇਦਾਰ ਦੇ ਉੱਚ ਵਿਚਾਰਾਂ ਵਾਲੀ ਸੋਚ ਦੇ ਨੇੜੇ ਤੇੜੇ ਵੀ ਢੁੱਕਦੇ ਹਨ, ਜਿਸ ਦੀ ਸੋਚ ਦੇ ਨਾਲ ਹੀ ਇਸ ਮਹਾਨ ਜਥੇਬੰਦੀ ਦਾ ਜਨਮ ਹੋਇਆ ?
ਸ਼੍ਰੋਮਣੀ ਅਕਾਲੀ ਦਲ ਗੁਰਦੁਆਰਿਆਂ, ਰਹਿਤ ਮਰਿਯਾਦਾ ਅਤੇ ਵੱਖਰੀ ਅਜ਼ਾਦ ਸਿੱਖ ਹਸਤੀ ਦੀ ਰਾਖੀ ਕਰਨ ਲਈ ਕਾਇਮ ਕੀਤਾ ਗਿਆ ਸੀ । ਜਦ ਇਸ ਨੇ ਬਕਾਇਦਾ ਤੌਰ &lsquoਤੇ ਸਿੱਖਾਂ ਦੀ ਇਕ ਰਾਜਸੀ ਪਾਰਟੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਸ ਨੇ ਪੰਜਾਬ ਦੇ ਸਮਾਜਿਕ, ਰਾਜਸੀ ਤੇ ਆਰਥਿਕ ਹਿੱਤਾਂ ਦੀ ਰਾਖੀ ਕਰਨ ਦਾ ਜ਼ਿੰਮਾ ਵੀ ਲਿਆ । ਇਸ ਦੇ ਨਾਲ ਹੀ ਇਸ ਨੇ ਖ਼ਾਲਸਾ ਪੰਥ ਵੱਲੋਂ ਕੀਤੇ ਜਾਣ ਵਾਲੇ ਸਾਰੇ ਕੰਮਾਂ ਨੂੰ ਹੱਥ ਵਿੱਚ ਲਿਆ । ਇਸ ਤਰ੍ਹਾਂ ਇਹ ਸਿੱਖਾਂ ਦੀ ਵਾਹਦ ਰਾਜਸੀ ਪਾਰਟੀ ਬਣ ਗਈ । ਜਾਤ-ਪਾਤ ਦਾ ਖਾਤਮਾ, ਗਰੀਬੀ ਅਤੇ ਅਨਪੜ੍ਹਤਾ ਦੂਰ ਕਰਨਾ ਵੀ ਇਸ ਦੇ ਨਿਸ਼ਾਨੇ ਬਣ ਗਏ । 1966 ਤੱਕ ਇਹ ਪਾਰਟੀ ਆਪਣੀ ਹੋਂਦ ਦੇ ਮਨੋਰਥਾਂ ਅਨੁਸਾਰ ਚੱਲਦੀ ਰਹੀ । 1978 ਤੋਂ ਬਾਅਦ ਦਾ ਵੱਖ-ਵੱਖ ਅਕਾਲੀ ਦਲਾਂ ਦਾ ਅਕਾਲੀ ਇਤਿਹਾਸ ਵੱਖ-ਵੱਖ ਧੜਿਆਂ ਵੱਲੋਂ ਆਪਣੀ ਪ੍ਰਭੂਸੱਤਾ ਕਾਇਮ ਰੱਖਣ ਦੇ ਮਹਾਂਯੁੱਧ ਦਾ ਨਜ਼ਾਰਾ ਹੀ ਹੈ । ਹਰ ਧੜੇ ਦੇ ਅੰਦਰ ਹੋਰ ਕਈ ਧੜੇ ਹਨ । ਇਹ ਸਾਰੇ ਧੜੇ ਕੇਵਲ ਇਹ ਦਾਅਵਾ ਕਰ ਸਕਦੇ ਹਨ ਕਿ ਉਹ ਉਨ੍ਹਾਂ ਦੇ ਆਪੇ ਬਣੇ ਪ੍ਰਧਾਨ ਹਨ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਚੁਣਿਆ । ਇਹ ਹਾਲਤ ਇਕ ਦੀ ਨਹੀਂ ਸਾਰੇ ਅਕਾਲੀ ਧੜਿਆਂ ਦੀ ਹੈ । ਅਕਾਲੀ ਦਲ ਦਾ ਕੋਈ ਸੰਵਿਧਾਨ ਮੌਜੂਦ ਨਹੀਂ ਤੇ ਨਾ ਹੀ ਇਸ ਦੀ ਕੋਈ ਜਾਇਜ਼ ਭਰਤੀ ਹੈ । ਕਿਸੇ ਵੀ ਅਕਾਲੀ ਧੜੇ ਨੇ ਫੈਸਲੇ ਲੈਣ ਦਾ ਕੋਈ ਸਪੱਸ਼ਟ ਤੇ ਲੋਕਰਾਜੀ ਢੰਗ ਨਹੀਂ ਅਪਣਾਇਆ ਹੋਇਆ । ਇਨ੍ਹਾਂ ਦੀਆਂ ਡੰਗ ਟਪਾਊ ਨੀਤੀਆਂ ਮੁੱਢਲੇ ਆਦਰਸ਼ਾਂ ਤੋਂ ਕਿਨਾਰਾਕਸ਼ੀ ਅਤੇ ਮੁਕਾਬਲੇ-ਬਾਜ਼ੀ ਵਾਲੇ ਮੂੰਹ-ਜਬਾਨੀ ਦਾ ਖਾੜਕੂਵਾਦ ਪੰਜਾਬ ਅਤੇ ਪੰਥ ਲਈ ਸਰਾਪ ਬਣ ਕੇ ਰਹਿ ਗਏ ਹਨ । ਹਾਲਾਤ ਇਥੋਂ ਤੱਕ ਖ਼ਰਾਬ ਹੋ ਗਏ ਹਨ ਕਿ ਅਕਾਲ ਤਖ਼ਤ ਵੀ ਇਨ੍ਹਾਂ ਨੂੰ ਦਸਮੇਸ਼ ਪਿਤਾ ਦੇ ਬਖ਼ਸ਼ਿਸ਼ ਕੀਤੇ, ਗੁਰੂ ਗ੍ਰੰਥ, ਗੁਰੂ ਪੰਥ ਦੇ ਖ਼ਾਲਸਾਈ ਸੰਵਿਧਾਨ ਅਨੁਸਾਰ ਸਾਰੇ ਦਲਾਂ ਤੇ ਪੰਥਕ ਜਥੇਬੰਦੀਆਂ ਨੂੰ ਏਕੇ ਦੇ ਧਾਗੇ ਵਿੱਚ ਪਰੋ ਕੇ ਖ਼ਾਲਸਾ ਪੰਥ ਦੀ ਪੁਨਰ ਸੁਰਜੀਤੀ ਕਰਨ ਵਿੱਚ ਫੇਲ੍ਹ ਹੋਇਆ ਹੈ । ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਮੁੱਖ ਧਿਰ ਸ਼੍ਰੋਮਣੀ ਅਕਾਲੀ ਨੇ ਸਿੱਖਾਂ ਦਾ ਰਾਜਸੀ ਨਿਸ਼ਾਨਾ ਪ੍ਰਗਟ ਕਰਨਾ ਸੀ, ਪਰ ਅਕਾਲੀ ਦਲ ਦੀ ਮੁੱਖ ਧਿਰ ਨੇ ਸਿੱਖ ਕੌਮ ਦੀ ਵਿਲੱਖਣ ਅਤੇ ਸੁਤੰਤਰ ਹੋਂਦ ਹਸਤੀ ਨੂੰ ਦਾਅ &lsquoਤੇ ਲਾ ਕੇ, ਹਿੰਦੀ, ਹਿੰਦੂ, ਹਿੰਦੋਸਤਾਨ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਮਾਰਨ ਵਾਲੀਆਂ ਧਿਰਾਂ ਅੱਗੇ ਆਤਮ ਸਮਰਪਣ ਕਰ ਦਿੱਤਾ । ਅਕਾਲੀ ਦਲ ਦੀ ਪੰਝਤਰਵੀਂ ਵਰੇ੍ਹਗੰਢ ਮਨਾਉਣ ਦੇ ਬਹਾਨੇ 1996 ਦੀ ਸ਼੍ਰੋਮਣੀ ਅਕਾਲੀ ਦੀ ਮੋਗਾ ਕਾਨਫਰੰਸ ਦੌਰਾਨ ਅਕਾਲੀ ਦਲ ਬਾਦਲ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ । ਪਰ ਸਿੱਖ ਵੋਟਰਾਂ ਨੂੰ ਬੁੱਧੂ ਬਣਾਉਣ ਲਈ ਮਖੌਟਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਪਾਈ ਰੱਖਿਆ । ਪੰਜਾਬੀ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਾ ਮਖੌਟਾ ਉਤਾਰਨ ਲਈ, ਅਕਾਲ ਤਖ਼ਤ ਦੇ ਤੱਤਕਾਲੀਨ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਕਾਬਜ਼ ਅਕਾਲੀ ਧੜੇ ਨੂੰ ਹੁਕਮ ਕੀਤਾ ਸੀ ਕਿ ਉਹ ਆਪਣੇ ਨਾਂਅ ਨਾਲ ਅਕਾਲੀ ਸ਼ਬਦ ਦੀ ਵਰਤੋਂ ਨਾ ਕਰੇ ਕਿਉਂਕਿ ਮੋਗਾ ਕਾਨਫਰੰਸ ਤੋਂ ਬਾਅਦ ਉਸ ਨੇ ਅਕਾਲੀ ਹੋਣ ਅਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਦਾ ਦਾਅਵਾ ਛੱਡ ਦਿੱਤਾ ਹੈ ਅਤੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਲਿਆ ਹੈ । ਏਸ ਸਬੰਧੀ ਇਕ ਖ਼ਬਰ ਅਖ਼ਬਾਰਾਂ ਵਿੱਚ ਛਪੀ ਸੀ ਜਿਸ ਦੀ ਤਸਵੀਰ ਸਬੂਤ ਵਜੋਂ ਲੇਖ ਦੇ ਨਾਲ ਭੇਜ ਰਿਹਾ ਹਾਂ । ਸੁਖਬੀਰ ਸਿੰਘ ਬਾਦਲ ਨੇ ਉਹ ਖ਼ਬਰ ਪੜ੍ਹਦਿਆਂ ਸਾਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਅਤੇ ਸਿੱਖ ਪਰੰਪਰਾਵਾਂ ਨੂੰ ਛਿੱਕੇ ਟੰਗ ਕੇ ਅਕਾਲ ਤਖ਼ਤ ਦੇ ਤੱਤਕਾਲੀਨ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਕੋਲੋਂ ਅਸਤੀਫਾ ਲੈ ਲਿਆ ਸੀ । ਪੰਜਾਬੀ ਪਾਰਟੀ ਬਣਾਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜੇ ਕਿਸੇ ਹਿੰਦੂ ਨੂੰ ਅਸੈਂਬਲੀ ਚੋਣ ਦੀ ਟਿਕਟ ਦਿੱਤੀ ਤਾਂ ਉਸ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਪਰਾਊਡ ਟੂ ਬੀ ਅਕਾਲੀ, ਜੇ ਕਿਸੇ ਇਸਾਈ ਨੂੰ ਟਿਕਟ ਦਿੱਤੀ ਤਾਂ ਉਸ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਪਰਾਊਡ ਟੂ ਬੀ ਅਕਾਲੀ । ਸਿੱਖ ਨੌਜਵਾਨਾਂ ਦੇ ਕਾਤਲ ਇਜਹਾਰ ਆਲਮ ਨੂੰ ਤਾਂ ਅਕਾਲੀ ਪਾਰਟੀ ਦਾ ਮੀਤ ਪ੍ਰਧਾਨ ਬਣਾ ਲਿਆ ਅਤੇ ਉਸ ਦੀ ਘਰਵਾਲੀ ਨੂੰ ਐੱਮ।ਐੱਲ।ਏ। ਦੀ ਟਿਕਟ ਵੀ ਦਿੱਤੀ ।
ਆਸ ਕਰਦਾ ਹਾਂ ਕਿ ਪਾਠਕ ਜਨ ਸਮਝ ਗਏ ਹੋਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਾਉਣ ਲਈ ਪਟੀਸ਼ਨ ਕਰਤਾਵਾਂ ਨੇ ਪਟੀਸ਼ਨ ਕਿਉਂ ਪਾਈ ਅਤੇ ਇਸ ਗੱਲ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹਨ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਸਗੋਂ ਪੰਜਾਬੀ ਪਾਰਟੀ ਦਾ ਪ੍ਰਧਾਨ ਹੈ । 
ਬਾਦਲਕਿਆਂ ਨੇ ਸਿੱਖਾਂ ਦੇ ਡੁੱਲੇ ਖੂਨ ਦਾ ਰਾਜਸੀ ਤਾਕਤ ਹਾਸਲ ਕਰਨ ਲਈ ਮੁੱਲ ਵੀ ਵੱਟਿਆ ਹੈ ਤੇ ਸਿੱਖੀ ਸਿੱਖ ਸਿਧਾਤਾਂ ਦਾ ਬ੍ਰਾਹਮਣੀਕਰਨ ਕਰਨ ਲਈ ਸੰਘ ਪਰਿਵਾਰ ਦਾ ਹੱਥ ਠੋਕਾ ਬਣਕੇ ਵੱਡਾ ਰੋਲ ਵੀ ਨਿਭਾਇਆ ਹੈ ਅਤੇ ਸਿੱਖ ਸੰਸਥਾਵਾਂ &lsquoਤੇ ਆਰ।ਐੱਸ।ਐੱਸ। ਦਾ ਕਬਜ਼ਾ ਕਰਵਾ ਕੇ ਅਰਧ ਸ਼ਤਾਬਦੀਆਂ ਰਾਹੀਂ ਸਿੱਖ ਗੁਰੂ ਸਾਹਿਬਾਨ ਦਾ ਹਿੰਦੂਕਰਨ ਕਰਨ ਲਈ ਅਸਫ਼ਲ ਯਤਨ ਕੀਤੇ ਹਨ । ਅੱਜ ਅਰਸ਼ ਤੋਂ ਫਰਸ਼ &lsquoਤੇ ਡਿੱਗੇ ਬਾਦਲਕਿਆਂ ਬਾਰੇ ਗੁਰੂ ਗ੍ਰੰਥ ਦਾ ਫੁਰਮਾਨ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ ॥ ਪਾਇ ਕੁਹਾੜਾ ਮਾਰਿਆ ਗਾਫਲਿ ਆਪੁਨੈ ਹਾਥਿ ॥
-ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।