image caption: -ਰਜਿੰਦਰ ਸਿੰਘ ਪੁਰੇਵਾਲ

ਵੰਡ ਮੌਕੇ ਮਾਰੇ ਗਏ ਬੇਕਸੂਰਾਂ ਲਈ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸ਼ਲਾਘਾਯੋਗ ਫ਼ੈਸਲਾ

75 ਵਰ੍ਹੇ ਪਹਿਲਾਂ ਜਿੱਥੇ ਦੇਸ ਨੂੰ ਆਜ਼ਾਦੀ ਮਿਲੀ, ਉੱਥੇ ਦੇਸ਼ ਦੋ ਹਿੱਸਿਆਂ ਵਿਚ ਵੀ ਵੰਡਿਆ ਗਿਆ| ਸਦੀਆਂ ਤੋਂ ਇਕੱਠੇ ਵੱਸਦੇ ਪੰਜਾਬ ਦੇ ਦੋ ਟੋਟੇ ਹੋ ਗਏ, ਲੱਖਾਂ ਘਰ ਉੱਜੜੇ ਅਤੇ ਲੋਕਾਂ ਨੂੰ ਅਕਹਿ ਦੁੱਖ ਸਹਿਣੇ ਪਏ| ਵੰਡ ਤੋਂ ਬਾਅਦ ਪੰਜਾਬੀਆਂ ਨੇ ਪੰਜਾਬ ਅਤੇ ਪੰਜਾਬੀਅਤ ਦੀ ਪੁਨਰ-ਸਿਰਜਣਾ ਕੀਤੀ ਪਰ ਉਹ ਵੰਡ ਦੇ ਦੁੱਖ ਨੂੰ ਕਦੇ ਭੁਲਾ ਨਹੀਂ ਸਕਦੇ| ਸਮੁੱਚਾ ਭਾਰਤ ਜਦੋਂ ਕਿ 76ਵੇਂ ਆਜ਼ਾਦੀ ਦਿਵਸ ਦੇ ਜਸ਼ਨ ਮਨਾ ਰਿਹਾ ਹੈ ਤਾਂ ਪੰਜਾਬ ਤੇ ਪੰਜਾਬੀ ਦੇਸ ਵੰਡ ਦੇ ਕਤਲੇਆਮ ਤੇ ਉਜਾੜੇ ਕਾਰਣ ਅੱਜ ਵੀ ਦੁਖੀ ਹਨ| 1947 ਦੇਸ ਵੰਡ ਦੌਰਾਨ 10 ਲੱਖ ਬੇਕਸੂਰ ਲੋਕਾਂ ਦਾ ਕਤਲ ਹੋਇਆ| ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕਰਕੇ ਉਨ੍ਹਾਂ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦਿਤੀ ਹੈ, ਉਹ ਸੱਚਮੁੱਚ ਸ਼ਲਾਘਾਯੋਗ ਤੇ ਇਤਿਹਾਸਕ ਕਦਮ ਹੈ| ਇਹ ਅਰਦਾਸ ਸਾਰੇ ਗੁਰੂ ਘਰਾਂ ਵਿਚ ਕੀਤੀ ਗਈ| ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਨੂੰ ਅਪੀਲ ਕੀਤੀ ਗਈ ਇਹ ਸਮਾਗਮ ਹਰ ਵਰ੍ਹੇ ਕੀਤਾ ਜਾਵੇ ਤਾਂ ਜੋ ਪੰਜਾਬੀ ਭਾਈਚਾਰਾ ਮਜਬੂਤ ਹੋ ਸਕੇ ਤੇ ਫਿਰਕੂ ਕੰਧਾਂ ਟੁਟ ਸਕਣ| ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਯੋਗਦਾਨ ਪਾਇਆ ਸੀ| ਅੰਗਰੇਜ਼ ਹਾਕਮਾਂ ਤੋਂ ਸਦਾ ਲਈ ਖਹਿੜਾ ਛੁਡਾਉਣ ਵਾਸਤੇ ਸਮੂਹ ਨਾਗਰਿਕਾਂ ਦਾ ਇਕ ਸਮਾਨ ਖ਼ੂਨ ਡੁੱਲ੍ਹਿਆ ਸੀ| ਔਰਤਾਂ ਤੇ ਬੱਚਿਆਂ ਸਮੇਤ ਸਮੂਹ ਭਾਰਤੀਆਂ ਨੇ ਇੱਕਜੁੱਟ ਹੋ ਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਸੀ| ਉਂਜ ਦੇਸ਼ ਦੀ ਉਸ ਵੰਡ ਨੇ ਜ਼ਿਆਦਾਤਰ ਪੰਜਾਬੀਆਂ ਦੀਆਂ ਹੀ ਜਾਨਾਂ ਗਈਆਂ, ਸ਼ਹਾਦਤਾਂ ਹੋਈਆਂ| 
ਇਸ ਮਨੁੱਖਤਾ ਵਿਰੋਧੀ ਦੇਸ ਵੰਡ ਵੰਡ ਨੇ ਲੱਖਾਂ ਲੋਕਾਂ ਨੂੰ ਘਰੋਂ-ਬੇਘਰ ਕਰ ਦਿੱਤਾ ਸੀ| ਲੱਖਾਂ ਔਰਤਾਂ ਦੇ ਸੁਹਾਗ ਉੱਜੜ ਗਏ ਸਨ, ਮਾਵਾਂ ਦੇ ਪੁੱਤ ਜਾਂ ਤਾਂ ਮਾਰੇ ਗਏ ਸਨ ਤੇ ਜਾਂ ਲਾਪਤਾ ਹੋ ਗਏ ਸਨ| ਪਰਿਵਾਰਕ ਮੈਂਬਰ ਵਿੱਛੜ ਗਏ ਸਨ| ਅੱਜ ਜਦੋਂ ਪੌਣੀ ਸਦੀ ਤੋਂ ਬਾਅਦ ਉਹ ਵੱਖੋ-ਵੱਖ ਹੋਏ ਸਕੇ ਭਰਾ ਤੇ ਭੈਣ ਮਿਲਦੇ ਹਨ ਤਾਂ ਉਨ੍ਹਾਂ ਵਿੱਚੋਂ ਇਕ ਹਿੰਦੂ ਜਾਂ ਸਿੱਖ ਹੁੰਦਾ ਹੈ ਤੇ ਦੂਜਾ ਮੁਸਲਿਮ| ਇਸ ਦੁਖਾਂਤ ਬਾਰੇ ਇਤਿਹਾਸ ਵਿਚ ਲੰਮੇਰੇ ਅਧਿਆਇ ਲਿਖੇ ਜਾ ਚੁੱਕੇ ਹਨ| ਉਹ ਦੁਖਾਂਤ ਕੋਈ ਇਕ-ਦੋ ਦਿਨਾਂ ਜਾਂ ਮਹੀਨਿਆਂ ਦਾ ਨਹੀਂ, ਸਗੋਂ ਕਈ ਦਹਾਕਿਆਂ ਬੱਧੀ ਉਸ ਦਾ ਅਸਰ ਜਾਰੀ ਰਿਹਾ ਸੀ| ਹੁਣ ਵੀ ਨਵੀਂ ਪੀੜੀ ਉਪਰ ਹੈ ਜਿਹਨਾਂ ਦੇ ਪੁਰਖਿਆਂ ਨੇ ਸੰਤਾਪ ਹੰਡਾਇਆ| 
ਪੰਜਾਬੀਆਂ ਨੂੰ 1960 ਤਕ ਖਾਨਾਬਦੋਸ਼ਾਂ ਵਾਲਾ ਜੀਵਨ ਬਤੀਤ ਕਰਨਾ ਪਿਆ ਸੀ| ਦੇਸ਼ ਦੀ ਵੰਡ ਭਾਵੇਂ ਰਸਮੀ ਤੌਰ ਤੇ ਹੋ ਗਈ ਸੀ ਪਰ ਸਹੀ ਹੱਦਬੰਦੀ ਹੋਣ ਵਿਚ ਇਕ ਦਹਾਕੇ ਤੋਂ ਵੱਧ ਦਾ ਸਮਾਂ ਲੱਗ ਗਿਆ ਸੀ| ਇਹ ਅੰਤਿਮ ਹੱਦਬੰਦੀ ਮਾਲ ਰਿਕਾਰਡ ਦੇ ਆਧਾਰ ਤੇ ਕੀਤੀ ਗਈ ਸੀ| ਇਸੇ ਲਈ ਜਦੋਂ ਵੀ ਕਦੇ ਅਜਿਹੇ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਕੇ ਉੱਥੋਂ ਦੇ ਨਾਗਰਿਕਾਂ ਦਾ ਹਾਲ ਜਾਣਨ ਦਾ ਜਤਨ ਕੀਤਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਦੇਸ਼ ਦੀ ਵੰਡ ਦੇ ਜ਼ਖ਼ਮ ਹਾਲੇ ਵੀ ਅੱਲੇ ਹਨ| ਅਸੀਂ ਪੰਜਾਬੀ ਲੋਕਾਂ ਨੇ ਸੰਤਾਲੀ ਦੀ ਵੰਡ ਵੇਲੇ ਦੇ ਦੰਗਿਆਂ-ਫ਼ਸਾਦਾਂ ਦੌਰਾਨ ਇਕ-ਦੂਜੇ ਫ਼ਿਰਕੇ ਦੇ ਆਪਣੇ ਦਸ ਲੱਖ ਭੈਣ-ਭਰਾਵਾਂ, ਹਮਸਾਇਆਂ ਦੇ ਨਾਲ ਕਤਲ-ਓ-ਗ਼ਾਰਤ, ਜਬਰ-ਜਨਾਹ, ਆਤਿਸ਼ਜ਼ਨੀ ਦੇ ਬੇਇੰਤਹਾ ਜੁਰਮ ਕੀਤੇ ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਦੋਵੇਂ ਪਾਸੇ ਇਲਜ਼ਾਮ ਦੂਜੇ ਦੇ ਗਲ ਮੜ੍ਹ ਕੇ ਜੁਰਮ ਤੋਂ ਪਾਸਾ ਵੱਟਣ ਜਾਂ ਆਪਣੇ ਆਪ ਨੂੰ ਬਰੀ ਕਰਨ ਦੀ ਕੁਹਜੀ ਕੋਸ਼ਿਸ਼ ਕਰਦੇ ਰਹੇ ਹਾਂ| ਕਿੰਨਾ ਸੌਖਾ ਹੁੰਦਾ ਹੈ-ਦੂਜੇ ਸਿਰ ਪਹਿਲ ਦਾ ਇਲਜ਼ਾਮ ਲਾ ਕੇ ਆਪਣੇ ਪਾਗਲਪਨ ਜਾਂ ਚਿੱਟੇ-ਸਾਫ਼ ਸਮੂਹਿਕ ਜੁਰਮ ਨੂੰ ਬਦਲੇ ਦੀ ਕਾਰਵਾਈ ਵਜੋਂ ਜਾਇਜ਼ ਕਰਾਰ ਦੇਣਾ ਤੇ ਆਪਣੇ ਜ਼ਮੀਰ ਤੇ ਕੋਈ ਭਾਰ ਨਾ ਪੈਣ ਦੇਣਾ| 
ਅਸੀਂ ਆਪਣੇ ਆਪਣੇ ਪਾਸੇ ਵੀ ਕਦੀ ਜੁੜ-ਬੈਠ ਕੇ ਸੰਜੀਦਗੀ ਨਾਲ ਮਹਿਸੂਸ ਨਹੀਂ ਕੀਤਾ, ਵਿਚਾਰ ਨਹੀਂ ਕੀਤਾ ਕਿ ਸਾਡੇ ਚੰਗੇ-ਭਲੇ ਆਮ ਲੋਕਾਂ ਵਿਚ ਵੱਡੇ ਪੈਮਾਨੇ ਤੇ ਇੰਤਹਾ ਦੀ ਦਰਿੰਦਗੀ ਵਾਲੇ ਫ਼ਤੂਰ, ਇਕ-ਦੂਜੇ ਫ਼ਿਰਕੇ ਦੀਆਂ ਔਰਤਾਂ ਨਾਲ ਸ਼ਰੇਆਮ ਨਿਹਾਇਤ ਵਹਿਸ਼ੀਆਨਾ ਸਲੂਕ ਦੀ ਸ਼ਰਮ ਮੰਨਣ ਦੀ ਬਜਾਇ ਉਜੱਡਪੁਣਾ ਕਿਉਂ ਆ ਗਿਆ ਸੀ? ਅਕਾਲ ਤਖਤ ਸਾਹਿਬ ਵਿਖੇ ਦੇਸ਼ ਦੀ ਵੰਡ ਦੇ ਇਨ੍ਹਾਂ ਪੀੜਤਾਂ ਦੇ ਪੁਰਖਿਆਂ ਲਈ ਕੀਤੀ ਅਰਦਾਸ ਵਿਲੱਖਣ ਮੱਲ੍ਹਮ ਦਾ ਕੰਮ ਕਰੇਗੀ ਤੇ ਭਾਈਚਾਰਾ ਜੋੜੇਗੀ| ਪੰਜਾਬ ਗੁਰੂਆਂ ਦੀ ਧਰਤੀ ਹੈ| ਇਸੇ ਲਈ ਗੁਰੂ ਘਰਾਂ ਵਿਚ 10 ਲੱਖ ਬੇਕਸੂਰ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਕੇ ਸੰਸਾਰ  ਤੇ ਜੰਗਬਾਜਾਂ, ਹੰਕਾਰੀ ਸਤਾਧਾਰੀਆਂ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿਤਾ ਹੈ ਜੋ ਸੰਸਾਰ ਨੂੰ ਜੰਗੀ ਮਾਹੌਲ ਵਲ ਧਕ ਕੇ ਤਬਾਹ ਕਰਨਾ ਚਾਹੁੰਦੇ ਹਨ| ਮਨੁੱਖਤਾ ਨੂੰ ਵੰਡਣਾ ਚਾਹੁੰਦੇ ਹਨ| ਆਪਣੇ-ਆਪ ਵਿਚ ਸਿਖ ਪੰਥ ਵਲੋਂ ਇਹ ਇਕ ਇਤਿਹਾਸਕ ਸ਼ੁਰੂਆਤ ਹੈ| ਅਜਿਹੀਆਂ ਇਤਿਹਾਸਕ ਪਿਰਤਾਂ ਨਿਰੰਤਰ ਪੈਂਦੀਆਂ ਰਹਿਣੀਆਂ ਚਾਹੀਦੀਆਂ ਹਨ, ਕਿਉਂਕਿ ਇਸ ਨਾਲ ਇਸ ਧਰਤ ਤੇ ਮੌਜੂਦ ਲੋਕਾਈ ਨੂੰ ਆਪਸੀ ਏਕਤਾ ਤੇ ਇਕਜੁੱਟਤਾ ਦਾ ਜੋ ਸੁਨੇਹਾ ਜਾਂਦਾ ਹੈ, ਉਹ ਸਮਾਜ ਦੀਆਂ ਤੰਦਾਂ ਨੂੰ ਜੋੜਨ ਵਾਲਾ ਹੈ| 
ਜਦੋਂ  ਭਾਰਤ ਤੇ ਪਾਕਿਸਤਾਨ ਦੇ ਹਾਕਮ ਫਿਰਕਾਪ੍ਰਸਤੀ, ਨਸਲਵਾਦ, ਆਪਸੀ ਦੁਸ਼ਮਣੀਆਂ ਦੇ ਸ਼ਿਕਾਰ ਹਨ ਤਾ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤੀ ਨਾਲ ਕਾਇਮ ਰੱਖਣ ਲਈ ਅਜਿਹੀ ਇਤਿਹਾਸਕ ਰਵਾਇਤ ਤੌਰਨੀ ਜਰੂਰੀ ਹੈ | ਨਫਰਤ ਛਡੋ ਭਾਈਚਾਰਾ ਜੋੜੋ| ਹੱਦਾਂ ਸਰਹੱਦਾਂ ਖਤਮ ਕਰੋ| ਸਾਨੂੰ ਫਿਰਕੂ ਤਾਕਤਾਂ ਵਿਰੁਧ ਲੜਨਾ ਹੋਵੇਗਾ ਤਾਂ ਹੀ ਸਾਰੇ ਸੰਸਾਰ ਤੇ ਸ਼ਾਂਤੀ ਹੋਵੇਗੀ|
-ਰਜਿੰਦਰ ਸਿੰਘ ਪੁਰੇਵਾਲ