image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਜਦੋਂ ਕੌਮੀ ਸੰਸਥਾਵਾਂ ਕੁਰਾਹੇ ਪੈ ਜਾਂਦੀਆਂ ਹਨ ਤਾਂ ਉਦੋਂ ਹੀ ਨਵੇਂ ਕੌਮੀ ਮੁੱਦੇ ਤੇ ਮਸਲੇ ਨਿਕਲਦੇ ਹਨ

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਫੁਰਮਾਉਂਦੀ ਹੈ : ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸਾਨੀ ਮਾਹਿ ॥ (ਗੁ: ਗ੍ਰੰ: ਸਾ: ਪੰਨਾ 727) ਇਹ ਸਵੈ ਪੜਚੋਲ ਹੈ ਵੀ ਬਹੁਤ ਜਰੂਰੀ । ਜੇ ਸਵੈ ਪੜਚੋਲ ਨਾ ਕਰੀਏ ਤਾਂ ਕਈ ਵਾਰੀ ਪਤਾ ਹੀ ਨਹੀਂ ਲੱਗਦਾ, ਅਨਭੋਲ ਹੀ ਜੀਵਨ ਆਪਣੇ ਮਕਸਦ ਤੋਂ ਭਟਕ ਕੇ ਕਿਧਰੇ ਹੋਰ ਦਾ ਹੋਰ ਗਲਤ ਰਾਹੇ ਪੈ ਜਾਂਦਾ ਹੈ । ਇਹੀ ਹਾਲ ਕੌਮਾਂ ਦਾ ਹੈ, ਸਵੈ ਪੜਚੋਲ ਦੋਹਾਂ ਲਈ ਜਰੂਰੀ ਹੈ । ਜੇ ਕੌਮੀ ਤੌਰ &lsquoਤੇ ਵੀ ਨਾਲੋ ਨਾਲ ਸਵੈ-ਪੜਚੋਲ ਨਾ ਕੀਤੀ ਜਾਵੇ ਤਾਂ ਇਥੇ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਭਾਵਨਾਵਾਂ ਅਤੇ ਨਿੱਜਵਾਦ ਦੇ ਵਹਿਣ ਵਿੱਚ ਵਹਿ ਕੇ ਕੁਝ ਕਾਰਜ ਗੁਰਮਤਿ ਸਿਧਾਂਤਾਂ ਤੋਂ ਉਲਟ ਹੋਣੇ ਸ਼ੁਰੂ ਹੋ ਜਾਂਦੇ ਹਨ । ਕੌਮੀ ਸੰਸਥਾਵਾਂ ਜਿਨ੍ਹਾਂ ਗੁਰਮਤਿ ਸਿਧਾਂਤਾਂ ਨੂੰ ਪ੍ਰਚਾਰਨਾ, ਪ੍ਰਸਾਰਨਾ ਹੁੰਦਾ ਹੈ, ਉਨ੍ਹਾਂ ਤੇ ਪਹਿਰਾ ਦੇਣਾ ਹੁੰਦਾ ਹੈ ਜਦੋਂ ਉਹੀ ਕੁਰਾਹੇ ਪੈ ਜਾਂਦੀਆਂ ਹਨ ਤਾਂ ਇਨ੍ਹਾਂ ਹਾਲਾਤਾਂ ਵਿੱਚੋਂ ਹੀ ਨਵੇਂ ਕੌਮੀ ਮੁੱਦੇ ਤੇ ਮਸਲੇ ਨਿਕਲਦੇ ਹਨ । (ਪੁਸਤਕ, ਮਹੱਤਵਪੂਰਨ ਸਿੱਖ ਮੁੱਦੇ, ਲੇਖਕ ਸ: ਰਜਿੰਦਰ ਸਿੰਘ, ਮੁੱਖ ਸੇਵਾਦਾਰ ਸ਼੍ਰੋਮਣੀ ਖ਼ਾਲਸਾ ਪੰਚਾਇਤ) ਸਿੱਖ ਕੌਮ ਦੇ ਮੌਜੂਦਾ ਮੁੱਦੇ ਅਤੇ ਮਸਲਿਆਂ ਨਾਲ ਸੰਬੰਧਿਤ ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਅੰਕ 2941 ਦੇ ਪੰਨਾ 4 ਉੱਤੇ ਖ਼ਬਰ ਛਪੀ ਹੈ ਕਿ, ਪੰਜਾਬ ਸਰਕਾਰ ਵੱਲੋਂ ਮੀਨਾਰ-ਏ-ਫ਼ਤਹਿ ਦਾ ਰਾਸ਼ਟਰੀਕਰਨ ਦੀ ਕੋਸ਼ਿਸ਼ - ਵਾਰਿਸ ਪੰਜਾਬ ਨੇ ਵਿਰੋਧ ਕਰਕੇ ਰੋਕਿਆ । ਖ਼ਬਰ ਦਾ ਸਾਰ ਅੰਸ਼ ਹੈ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਮੇਂ ਦੇ ਜਾਲਮ ਹਾਕਮ ਨੂੰ ਉਸ ਵੱਲੋਂ ਕੀਤੇ ਜੁਲਮਾਂ ਦੀ ਸਜ਼ਾ ਦਿੰਦਿਆਂ ਸਰਹਿੰਦ ਫ਼ਤਹਿ ਕਰਕੇ ਖ਼ਾਲਸਈ ਨਿਸ਼ਾਨ ਝੁਲਾਇਆ ਸੀ । ਬਾਬਾ ਬੰਦਾ ਸਿੰਘ ਬਹਾਦਰ ਦੀ ਇਸੇ ਯਾਦਗਾਰ ਵਿੱਚ ਬਣੀ ਯਾਦਗਾਰ ਨੂੰ ਰੌਸ਼ਨੀਆਂ ਨਾਲ ਤਿਰੰਗੇ ਦਾ ਰੂਪ ਦੇ ਕੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਾਨਤਾਵਾਂ ਦਾ ਸਤਿਕਾਰ ਹੈ ਪਰ ਧਰਮ ਦੀਆਂ ਮਾਨਤਾਵਾਂ ਇਸ ਤੋਂ ਵੱਖਰੀਆਂ ਹਨ ਤੇ ਇਨ੍ਹਾਂ ਨੂੰ ਰਲਗੱਡ ਨਹੀਂ ਕੀਤਾ ਜਾ ਸਕਦਾ । ਇਸੇ ਤਰ੍ਹਾਂ ਬੀਤੇ ਦਿਨੀਂ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ, ਇੰਦੌਰ ਵਿਖੇ ਤਿਰੰਗਾ ਲਗਾ ਕੇ ਸਿੱਖ ਜਜ਼ਬਾਤਾਂ ਨਾਲ ਖੇਡਿਆ ਗਿਆ । ਉਨ੍ਹਾਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੀਆਂ ਹਰਕਤਾਂ ਤੋਂ ਗੁਰੇਜ਼ ਕਰਨ । ਹੁਣ ਵਿਚਾਰਨ ਯੋਗ ਤੱਥ ਇਹ ਹੈ ਕਿ ਮੀਨਾਰ-ਏ-ਫ਼ਤਹਿ ਦਾ ਇਤਿਹਾਸ ਕੇਵਲ ਇੰਨਾ ਕੁ ਨਹੀਂ ਹੈ ਕਿ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਨੇ ਸਮੇਂ ਦੇ ਜਾਲਮ ਹਾਕਮ ਨੂੰ ਉਸ ਵੱਲੋਂ ਕੀਤੇ ਜੁਲਮਾਂ ਦੀ ਸਜ਼ਾ ਦਿੰਦਿਆਂ ਸਰਹਿੰਦ ਫ਼ਤਹਿ ਕਰਕੇ ਖੰਡੇ ਵਾਲਾ ਖ਼ਾਲਸਈ ਨਿਸ਼ਾਨ ਝੁਲਾਇਆ ਸੀ । ਸਜ਼ਾਵਾਂ ਤਾਂ ਬੰਦਾ ਸਿੰਘ ਬਹਾਦਰ ਨੇ ਸਮਾਣੇ ਤੇ ਸਢੌਰੇ ਦੇ ਹਾਕਮਾਂ ਨੂੰ ਵੀ ਦਿੱਤੀਆਂ ਸਨ ਤੇ ਉਥੇ ਵੀ ਖੰਡੇ ਵਾਲੇ ਖ਼ਾਲਸਈ ਨਿਸ਼ਾਨ ਝੁਲਾਏ ਸਨ । ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਸ਼ਕਤੀਸ਼ਾਲੀ ਸਰਹਿੰਦ ਦੇ ਸੂਬੇਦਾਰ ਵਜੀਰ ਖਾਨ ਨੂੰ ਮਾਰ ਕੇ ਮੁਗਲਾਂ ਦੇ ਅਜਿੱਤ ਹੋਣ ਦੇ ਭਰਮ ਨੂੰ ਤੋੜ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ ।
1710 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕਰਕੇ ਉਸ ਵੇਲੇ ਦੇ ਮੁਖ਼ਲਿਸ ਗੜ੍ਹ ਵਿਖੇ ਕਿਲੇ੍ਹ ਨੂੰ : ਜਿਸ ਦਾ ਨਿਰਮਾਣ ਸ਼ਾਹਜਹਾਂ ਮੁਗਲ ਸਮਰਾਟ ਨੇ ਕਰਵਾਇਆ ਸੀ, ਨੂੰ ਫ਼ਤਹਿ ਕਰਕੇ ਆਪਣੀ ਦਰਿਆ ਯਮੁਨਾ ਅਤੇ ਰਾਵੀ ਵਿੱਚਲੀ ਵਿਸ਼ਾਲ ਸਲਤਨਤ ਜਿਸ ਦੀ ਸਲਾਨਾ ਮਾਲੀਏ ਦੀ ਆਮਦਨ 60 ਲੱਖ ਰੁਪਏ ਸੀ, ਨੂੰ ਪੰਥ ਖ਼ਾਲਸੇ ਦੀ ਰਾਜਧਾਨੀ ਬਣਾਇਆ । ਇਥੇ ਆਪਣੀ ਫੌਜੀ ਛਾਵਣੀ ਬਣਾ ਕੇ 60 ਹਜ਼ਾਰ ਘੋੜ ਸਵਾਰ ਅਤੇ ਪੈਦਲ ਸੈਨਾ ਅਸਥਾਪਿਤ ਕਰਕੇ ਰਾਜਧਾਨੀ ਦਾ ਨਾਮ ਰੱਖਿਆ ਲੋਹ ਗੜ੍ਹ । ਇਸੇ ਲੋਹ ਗੜ੍ਹ ਰਾਜਧਾਨੀ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਦੇ ਸਿੱਕੇ ਤੇ ਮੋਹਰਾਂ ਜਾਰੀ ਕੀਤੀਆਂ । ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਤੇ ਜਿਹੜਾ ਸਿੱਕਾ ਜਾਰੀ ਕੀਤਾ ਜਿਸ ਉੱਤੇ ਉਸ ਵੇਲੇ ਦੇ ਰਿਵਾਜ਼ ਅਨੁਸਾਰ ਹੇਠ ਲਿਖੇ ਫਾਰਸੀ ਦੇ ਸ਼ਬਦਾਂ ਵਿੱਚ ਠੱਪਾ ਲਾਇਆ ਗਿਆ : 
ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ
ਫਤਿਹ ਗੋਬਿੰਦ ਸਿੰਘ ਸ਼ਾਹਿ-ਸ਼ਹਾਨ ਫ਼ਜਲਿ ਸੱਚਾ ਸਾਹਿਬ ਅਸਤ
ਅਤੇ ਜਿਥੇ ਕਿਧਰੇ ਭੀ ਬੰਦਾ ਸਿੰਘ ਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ ਉਨ੍ਹਾਂ ਦੇ ਇਹ ਸ਼ਬਦ ਫਾਰਸੀ ਵਿੱਚ ਲਿਖੇ ਹੋਏ ਹੇਠ ਲਿਖੇ ਅਨੁਸਾਰ ਹਨ:
ਦੇਗੋ ਤੇਗੋ ਫ਼ਤਹਿ E ਨੁਸਰਿਤ ਬੇ-ਦਿਰੰਗ
ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ
27 ਮਈ 1710 ਨੂੰ ਖ਼ਾਲਸੇ ਦੀ ਲੋਹ ਗੜ੍ਹ ਰਾਜਧਾਨੀ ਤੋਂ ਬੰਦਾ ਸਿੰਘ ਬਹਾਦਰ ਨੇ ਦਰਬਾਰੇ ਖ਼ਾਲਸਾ ਦੀ ਪਹਿਲੀ ਸੰਸਦ ਦੀ ਸਥਾਪਨਾ ਰਾਂਹੀ ਵਿਸ਼ਵ ਵਿੱਚ ਪਹਿਲੇ ਲੋਕਤੰਤਰੀ ਗਣਰਾਜ ਦੀ ਨੀਂਹ ਰੱਖ ਕੇ ਖੰਡੇ ਵਾਲਾ ਖ਼ਾਲਸਈ ਝੰਡਾ ਝੁਲਾਇਆ ਸੀ, ਜਿਸ ਨੂੰ ਸਤਿਕਾਰ ਨਾਲ ਅਸੀਂ ਨਿਸ਼ਾਨ ਸਾਹਿਬ ਆਖਦੇ ਹਾਂ, ਅਤੇ ਇਸੇ ਦਿਨ ਹੀ ਬੰਦਾ ਸਿੰਘ ਬਹਾਦਰ ਨੇ ਹੱਲ-ਵਾਹਕਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਸੀ । ਸਿੱਖਾਂ ਦੇ ਖ਼ਾਲਸਈ ਝੰਡੇ ਉੱਤੇ ਖੰਡੇ ਦੁਆਲੇ ਮੀਰੀ ਪੀਰੀ ਦੀਆਂ ਦੋ ਕ੍ਰਿਪਾਨਾਂ ਇਸ ਗੱਲ ਦੀਆਂ ਪ੍ਰਤੀਕ ਹਨ ਕਿ ਇਹ ਕੇਵਲ ਧਾਰਮਿਕ ਝੰਡਾ ਹੀ ਨਹੀਂ ਸਗੋਂ ਸਿੱਖ ਕੌਮ ਦੀ ਸੁਤੰਤਰ ਤੇ ਅੱਡਰੀ ਤੇ ਰਾਜਸੀ ਹੋਂਦ ਹਸਤੀ ਦਾ ਵੀ ਪ੍ਰਤੀਕ ਹੈ । ਆਸ ਕਰਦਾ ਹਾਂ ਕਿ ਪਾਠਕ ਜਨ ਸਮਝ ਗਏ ਹੋਣਗੇ ਕਿ ਸਰਕਾਰਾਂ ਮੀਨਾਰ-ਏ-ਫ਼ਤਹਿ ਉੱਤੋਂ ਖੰਡੇ ਵਾਲਾ ਝੰਡਾ ਉਤਾਰ ਕੇ ਤਿਰੰਗਾ ਝੰਡਾ ਕਿਉਂ ਝੁਲਾਉਣਾ ਚਾਹੁੰਦੀਆਂ ਹਨ । ਭਾਵ ਉਹ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਸਗੋਂ ਹਿੰਦੂਆਂ ਦਾ ਇਕ ਅੰਗ ਦੱਸ ਕੇ ਸਿੱਖ ਕੌਮ ਦੀ ਕੌਮੀਅਤ ਨੂੰ ਨੇਸਤੋ-ਨਾਬੂਦ ਕਰਨਾ ਚਾਹੁੰਦੀਆਂ ਹਨ ਅਤੇ ਸਿੱਖਾਂ ਨੂੰ ਵੋਟ ਰਾਜਨੀਤੀ ਦਾ ਹਿੱਸਾ ਬਣਾ ਕੇ ਕੇਵਲ ਧਰਮ ਤੱਕ ਹੀ ਸੀਮਤ ਰੱਖਣਾ ਚਾਹੁੰਦੀਆਂ ਹਨ । ਤੇ ਨਾਲ ਹੀ ਇਹ ਸੁਨੇਹਾ ਦੇਣਾ ਚਾਹੁੰਦੀਆਂ ਹਨ ਕਿ ਹਿੰਦੂ ਰਾਸ਼ਟਰ ਬਣਨ ਦੀ ਦੇਰ ਹੈ ਮੀਨਾਰ-ਏ-ਫ਼ਤਹਿ ਉੱਤੇ ਤਿਰੰਗੇ ਦੀ ਥਾਂ ਭਗਵਾਂ ਝੰਡਾ ਝੁਲੇਗਾ ਤੇ ਫਿਰ ਉਸ ਭਗਵੇਂ ਝੰਡੇ ਨੂੰ ਕੋਈ ਉਤਾਰ ਵੀ ਨਹੀਂ ਸਕੇਗਾ । ਇਤਿਹਾਸਕ ਤੱਥਾਂ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਸਰਹੰਦ ਫ਼ਤਹਿ ਦਿਵਸ ਦੀ ਥਾਂ ਖ਼ਾਲਸਾ ਰਾਜ ਦਾ ਸਥਾਪਨਾ ਦਿਵਸ ਮਨਾਉਣ ਦੀ ਪਿਰਤ ਪਾਉਣ । ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਇਸੇ ਅੰਕ ਦੇ ਪੰਨਾ 5 ਉੱਤੇ ਖ਼ਬਰ ਛਪੀ ਹੈ ਕਿ ਮਾਮਲਾ ਹਾਈ ਕੋਰਟ ਵਿੱਚ ਸਿੱਖ ਜੱਜਾਂ ਦੀ ਨਿਯੁਕਤੀ ਨਾ ਕਰਨ ਦਾ, ਪ੍ਰਧਾਨ ਮੰਤਰੀ ਦਖ਼ਲ ਦੇ ਕੇ ਮਸਲਾ ਹੱਲ ਕਰਨ - ਸੁਖਬੀਰ ਸਿੰਘ ਨੇ ਮਾਮਲਾ ਉਠਾਇਆ, ਇਸ ਖ਼ਬਰ ਦਾ ਸਾਰ ਅੰਸ਼ ਏਨਾ ਕੁ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਜੱਜਾਂ ਵਜੋਂ ਨਿਯੁਕਤ ਕਰਨ ਸਮੇਂ ਸਿੱਖਾਂ ਨੂੰ ਸੂਚੀ ਵਿੱਚੋਂ ਬਾਹਰ ਰੱਖਣ ਦੇ ਮਾਮਲੇ ਵਿੱਚ ਦਖ਼ਲ ਦੇਣ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਮਸਲਾ ਹੱਲ ਕਰਵਾਉਣ । ਹੁਣ ਸੁਖਬੀਰ ਸਿੰਘ ਬਾਦਲ ਨੂੰ ਇਹ ਪੁੱਛਣਾ ਬਣਦਾ ਹੈ ਕਿ ਜੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਏਨੀ ਹੀ ਚਿੰਤਾ ਸੀ ਤਾਂ 1996 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਕਾਨਫਰੰਸ ਸਮੇਂ, ਸਿੱਖ ਕੌਮ ਦੇ ਰਾਜਸੀ ਹੱਕਾਂ ਦੀ ਰਾਖੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਤੇ ਅਨੰਦਪੁਰ ਦੇ ਮਤੇ ਨੂੰ ਪਿੱਠ ਦੇ ਕੇ ਸਿੱਖ ਕੌਮ ਨੂੰ ਗੁਲਾਮੀ ਦੇ ਡੂੰਘੇ ਖੂਹ ਵਿੱਚ ਨਾ ਸੁੱਟਦੇ । ਸੁਖਬੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੀ ਪਝੱਤਰਵੀਂ ਵਰੇ੍ਹਗੰਢ ਮਨਾਉਣ ਦੇ ਬਹਾਨੇ ਤੁਸੀਂ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨ ਕਰ ਦਿੱਤਾ ਅਤੇ ਸਿੱਖ-ਸਿਆਸੀ-ਮਰਜੀ (ਸਿੱਖ ਇਕ ਵੱਖਰੀ ਕੌਮ) ਦੇ ਸਭ ਦਾਅਵੇ ਛੱਡ ਦਿੱਤੇ । ਢੀਠਤਾਈ ਦੀ ਵੀ ਕੋਈ ਹੱਦ ਹੁੰਦੀ ਹੈ, ਜਦ ਤੁਸੀਂ ਖੁਦ ਹੀ ਸਿੱਖਾਂ ਦੀ ਵੱਖਰੀ ਪਛਾਣ ਦਾ ਦਾਅਵਾ ਛੱਡ ਦਿੱਤਾ ਤਾਂ ਹੁਣ ਕਿਸ ਆਧਾਰ &lsquoਤੇ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਰਹੇ ਹੋ ਕੇ ਸਿੱਖ ਜੱਜਾਂ ਦੀ ਨਿਯੁਕਤੀ ਦਾ ਮਾਮਲਾ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੱਲ ਹੋਣਾ ਚਾਹੀਦਾ ਹੈ । ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਖਾਸੇ ਨੂੰ ਸੁੱਤੇ ਸਿਧ ਹੀ ਤਿਲਾਂਜਲੀ ਨਹੀਂ ਸੀ ਦਿੱਤੀ ਬਲਕਿ ਭਾਜਪਾ ਨਾਲ ਸਿਆਸੀ ਸਾਂਝ ਦੀ ਗੁਰੁ ਦਕਸ਼ਣਾ ਦੇ ਰੂਪ ਵਿੱਚ ਦਿੱਤੀ ਗਈ ਸੀ । ਭਾਵ ਪਤੀ ਪਤਨੀ ਵਾਲਾ ਰਿਸ਼ਤਾ ਐਲਾਨ ਦਿੱਤਾ ਗਿਆ ਸੀ । ਸਿੱਖਾਂ ਨੂੰ ਸਿਆਸੀ ਤੌਰ &lsquoਤੇ ਬਿਲਕੱੁਲ ਬੇ-ਜੁਬਾਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਇਹ ਨਿਰਣਾ ਵੱਡਾ ਵਸਾਹਘਾਤ ਸੀ । ਸਿੱਖ ਕੌਮ ਦੇ ਦਿਲ ਉੱਤੇ ਘਾਤਕ ਵਾਰ ਸੀ । ਇਹ ਮਾੜੇ ਮੋਟੇ ਲਾਭ ਲਈ ਨਹੀਂ ਸੀ ਕੀਤਾ ਜਾ ਸਕਦਾ । ਜਾਪਦਾ ਇਹ ਹੈ ਕਿ ਇਹ ਕੇਵਲ ਸਿੱਖ ਸਿਆਸਤ ਨੂੰ ਤਿਲਾਂਜਲੀ ਨਹੀਂ ਸੀ, ਬਲਕਿ ਸਿੱਖ ਧਰਮ ਨੂੰ ਵੀ ਤਿਲਾਂਜਲੀ ਸੀ । (ਹਵਾਲਾ Eੜਿਕ ਸਚਿ ਰਹੀ - ਲੇਖਕ ਸ: ਗੁਰਤੇਜ ਸਿੰਘ) ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਸਿੱਖ ਧਰਮ ਨੂੰ ਉਸ ਦਿਨ ਹੀ ਤਿਲਾਂਜਲੀ ਦੇ ਦਿੱਤੀ ਸੀ ਜਦ ਉਸ ਨੇ ਅਟਲ ਬਿਹਾਰੀ ਵਾਜਪਾਈ ਨਾਲ ਅਗਨੀ-ਕੁੰਡ ਦੁਆਲੇ ਬੈਠ ਕੇ ਹਿੰਦੂ ਮੰਤਰਾਂ ਦਾ ਜਾਪ ਕਰਕੇ ਹਵਨ ਕੀਤਾ ਸੀ (ਪ੍ਰਕਾਸ਼ ਸਿੰਘ ਦੀ ਹਵਨ ਕਰਦੇ ਦੀ ਫੋਟੋ ਆਮ ਵੇਖੀ ਜਾ ਸਕਦੀ ਹੈ)
ਪ੍ਰਮਾਣ ਹਨ ਕਿ ਖ਼ਾਲਸਾ ਪੰਥ ਦਾ ਅੰਮ੍ਰਿਤਧਾਰੀ ਸਰੂਪ ਸਭ ਤੋਂ ਵੱਧ ਹਿੰਦੂਤਵ ਦੀਆਂ ਸ਼ਕਤੀਆਂ ਨੂੰ ਚੁੱਭਦਾ ਹੈ । ਏਸ ਦਾ ਲੰਬਾ ਚੌੜਾ ਇਤਿਹਾਸ ਹੈ । ਜਿਸ ਨੂੰ ਏਥੇ ਦੁਹਰਾਉਣ ਦੀ ਲੋੜ ਨਹੀਂ । ਅਕਾਲੀ ਦਲ ਦੇ ਪ੍ਰਧਾਨ ਦਾ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਦੁਰਗਿਆਨਾ ਮੰਦਿਰ ਮੱਥਾ ਟੇਕਣ ਜਾਣਾ, ਉਸ ਦੇ ਪਰਿਵਾਰ ਵੱਲੋਂ ਹਵਨ ਕਰਵਾਉਣੇ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਸਿਆਸੀ ਨਜ਼ਦੀਕੀਆਂ ਵੱਲੋਂ ਰਮਾਇਣ, ਗੀਤਾ ਆਦਿ ਦੇ ਅਖੰਡ ਪਾਠ ਕਰਨੇ, ਦੇਹਧਾਰੀਆਂ ਦੇ ਪੈਰਾਂ ਵਿੱਚ ਜਾ ਬੈਠਣਾ, ਚੋਣ ਸਮੇਂ ਕੀਤੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਪੜਤਾਲ ਦੇ ਵਾਅਦੇ ਨੂੰ ਤੱਜ ਦੇਣਾ । ਉਸ ਦੇ ਨੇੜੇ ਦੇ ਰਿਸ਼ਤੇਦਾਰਾਂ ਵੱਲੋਂ ਅੰਮ੍ਰਿਤ ਦੀ ਰਹਿਤ ਦੀ ਸ਼ਰੇਆਮ ਖਿੱਲੀ ਉਡਾਉਣਾ ਆਦਿ ਅਨੇਕਾਂ ਪ੍ਰਮਾਣ ਹਨ ਜੋ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਣੀ ਪੰਜਾਬੀ ਪਾਰਟੀ ਦੇ ਪ੍ਰਮੁੱਖ ਕਾਰਕੁਨਾਂ (ਜਿਨ੍ਹਾਂ ਵਿੱਚੋਂ ਸੁਖਬੀਰ ਬਾਦਲ) ਨੇ ਰਾਸ਼ਟਰੀਆ ਸਵਯਮ ਸੇਵਕ ਸੰਘ ਦਾ ਇਹ ਪ੍ਰਸਤਾਵ ਮੰਨ ਲਿਆ ਸੀ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਰਾਸ਼ਟਰੀ ਏਕਤਾ ਦੀ ਲੋੜ ਹੈ । ਬਦਲੇ ਵਿੱਚ ਪੰਜਾਬ ਦੀ ਹੇਠਲੇ ਪੱਧਰ ਦੀ ਸਿਆਸੀ ਸ਼ਕਤੀ ਅਤੇ ਮਨਮਰਜ਼ੀ ਕਰਨ ਦੇ ਸੰਪੂਰਨ ਅਧਿਕਾਰ ਲੈਣ ਲਈ ਇਹ ਕੁਕਰਮ ਕੀਤਾ ਗਿਆ ਸੀ । ਗੁਰੂ ਗ੍ਰੰਥ, ਗੁਰੂ ਪੰਥ ਨੂੰ ਪਿੱਠ ਦੇ ਕੇ ਕੀਤਾ ਗਿਆ ਇਹ ਕੁਕਰਮ ਗੱਦਾਰੀ ਨਹੀਂ ਪਾਪ ਹੈ ਅਤੇ ਇਸ ਪਾਪ ਦਾ ਫਲ ਬਾਦਲ ਪਰਿਵਾਰ ਭੁਗਤ ਰਿਹਾ ਹੈ ਅਤੇ ਭੁਗਤੇਗਾ । 
ਜੇ ਬਾਦਲ ਪਰਿਵਾਰ ਨੇ ਅਕਾਲ ਤਖ਼ਤ ਦੀ ਦੁਰਵਰਤੋਂ ਨਾ ਕੀਤੀ ਹੁੰਦੀ ਤਾਂ ਪੰਥ ਨੇ ਅਕਾਲ ਤਖ਼ਤ ਦੇ ਸਿਧਾਂਤ ਨਾਲ ਜੁੜ ਕੇ ਆਪਣੀ ਹੋਂਦ ਹਸਤੀ ਬਚਾਉਣ ਦੇ ਯੋਗ ਹੋ ਜਾਣਾ ਸੀ । ਪਰ ਹੋਇਆ ਇਹ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖ਼ਤ ਨੂੰ ਵੀ ਆਖਰੀ ਦਾਅ ਉੱਤੇ ਲਾ ਦਿੱਤਾ । ਇਸ ਕਰਕੇ ਹੀ ਸਿੱਖ ਕੌਮ ਨੂੰ ਇਨਸਾਫ ਲੈਣ ਲਈ ਲਾਵਾਰਸਾਂ ਵਾਂਗੂੰ ਸੜਕਾਂ &lsquoਤੇ ਧਰਨੇ ਦੇਣੇ ਤੇ ਮੁਜ਼ਾਹਰੇ ਕਰਨ ਪੈ ਰਹੇ ਹਨ, ਪਰ ਇਨਸਾਫ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ ।
-ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।