image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਜਤਿੰਦਰ ਪੰਨੂ ਦੀਆਂ ਮਨ-ਘੜਤ ਯਬਲੀਆਂ ਕਿ ਨਬਾਬ ਕਪੂਰ ਸਿੰਘ ਸਿੱਖਾਂ ਦਾ ਰਾਜਾ ਸੀ ਦਾ ਜੁਆਬ ਨਬਾਬ ਕਪੂਰ ਸਿੰਘ ਸਿੱਖਾਂ ਦਾ ਰਾਜਾ ਨਹੀਂ ਸੀ

ਨਬਾਬ ਕਪੂਰ ਸਿੰਘ ਅਠਾਰਵੀਂ ਸਦੀ ਦੇ ਸਿੱਖਾਂ ਦਾ ਉਹ ਆਗੂ ਸੀ, ਜਿਸ ਨੇ ਜੰਗਲਾਂ ਬੇਲਿਆਂ ਵਿੱਚ ਖਿੰਡਰੇ ਪੁੰਡਰੇ ਖ਼ਾਲਸਾ ਪੰਥ ਨੂੰ ਇਕੱਠਿਆਂ ਕਰਕੇ, ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਦੀ ਪੂਰਤੀ ਲਈ ਲਹੂ ਡੋਲਵਾਂ ਸੰਘਰਸ਼ ਲੜਿਆ । ਖ਼ਾਲਸਈ ਵਿਚਾਰਧਾਰਾ ਦੇ ਵਿਰੋਧੀ ਜਤਿੰਦਰ ਪੰਨੂ ਦੀ ਕਰੀਬ ਤਿੰਨ ਕੁ ਸਾਲ ਪੁਰਾਣੀ ਵੀਡੀਉ ਹੁਣ ਫਿਰ ਦੁਬਾਰਾ ਸੋਸ਼ਲ ਮੀਡੀਏ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਤਿੰਦਰ ਪੰਨੂ ਜੋ ਕਹਿੰਦਾ ਹੈ, ਦਾਸ ਹੂ-ਬਹੂ ਹੇਠਾਂ ਲਿਖ ਰਿਹਾ ਹੈ । ਜਤਿੰਦਰ ਪੰਨੂ ਆਖ ਰਿਹਾ ਹੈ ਕਿ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁਨਾ ਕਦੇ ਤੁਸੀਂ ਇਹ ਸੋਚਿਆ ਕਿ ਸਿੱਖਾਂ ਦਾ ਸਭ ਤੋਂ ਪਹਿਲਾ ਰਾਜਾ ਕੌਣ ਸੀ, ਮੈਂ ਜਦੋਂ ਪੁੱਛਦਾ ਕੋਈ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਸੀ, ਕੋਈ ਕਹਿੰਦਾ ਪਟਿਆਲੇ ਵਾਲਾ ਬਾਬਾ ਆਲਾ ਸਿੰਘ ਸੀ, ਇਹ ਸਾਰੀਆਂ ਗਲਤ ਗੱਲਾਂ ਹਨ, ਸਿੱਖਾਂ ਦਾ ਸਭ ਤੋਂ ਪਹਿਲਾ ਰਾਜਾ ਨਬਾਬ ਕਪੂਰ ਸਿੰਘ ਸੀ - ਨਿੱਤ ਦੀਆਂ ਲੜਾਈਆਂ ਹੁੰਦੀਆਂ ਸਨ, ਦਿੱਲੀ ਤੋਂ ਮੁਗਲ ਦਰਬਾਰ ਨੇ ਸੁਨੇਹਾ ਭੇਜਿਆ ਉਹ ਸਿੱਖੋ ਬਹੁਤ ਚਿਰ ਲੜ ਲਿਆ, ਆਉ ਇਕ ਸਮਝੌਤਾ ਕਰੀਏ, ਅਸੀਂ ਤੁਹਾਨੂੰ ਪੰਜਾਬ ਦੇ ਦਿੰਦੇ ਆਂ, ਅਸੀਂ ਪੰਜਾਬ ਵਿੱਚ ਦਖਲ ਨਹੀਂ ਦਿੰਦੇ ਤੁਸੀਂ ਦੱਸੋ ਨਬਾਬ ਕਿਸ ਨੂੰ ਬਣਾਈਏ (ਟਿਪਣੀ ਨੋਟ ਨਬਾਬ ਰਾਜਾ ਨਹੀਂ ਹੁੰਦਾ) ਜਤਿੰਦਨ ਪੰਨੂ ਆਪਣੀ ਗੱਲ ਜਾਰੀ ਰੱਖਦਾ ਹੋਇਆ ਕਹਿੰਦਾ ਹੈ ਸਿੱਖਾਂ ਦੇ ਪੰਜ ਪਿਆਰੇ ਬੈਠ ਗਏ ਉਹ ਪਿਆਰੇ ਜਪ ਤਪ ਵਾਲੇ ਸਨ ਹੁਣ ਵਾਲੇ ਪੰਜ ਪਿਆਰੇ ਹੁੰਦੇ ਤਾਂ ਉਨ੍ਹਾਂ ਲੜ ਪੈਣਾ ਸੀ ਕਿ ਕਲਗੀ ਮੇਰੇ ਸਿਰ &lsquoਤੇ ਚਾਹੀਦੀ ਹੈ । ਪੰਜ ਪਿਆਰੇ ਰਲ ਕੇ ਬੈਠੇ ਕਹਿੰਦੇ ਦਿੱਲੀ ਦਰਬਾਰ ਤੋਂ ਚਿੱਠੀ ਆਈ ਕੀ ਕਰਨਾ ? (ਟਿਪਣੀ ਨੋਟ ਇਥੇ ਜਤਿੰਦਰ ਪੰਨੂ ਕੋਰਾ ਝੂਠ ਬੋਲ ਰਿਹਾ ਹੈ ਕਿਉਂਕਿ ਦਿੱਲੀ ਦਰਬਾਰ ਤੋਂ ਸਿੱਖਾਂ ਨੂੰ ਪੰਜਾਬ ਦੇਣ ਵਾਲੀ ਪੇਸ਼ਕਸ਼ ਦੀ ਕੋਈ ਚਿੱਠੀ ਨਹੀਂ ਸੀ ਆਈ, ਕੇਵਲ ਨਬਾਬੀ ਦੀ ਪੇਸ਼ਕਸ਼ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਸ। ਸੁਬੇਗ ਸਿੰਘ ਦੇ ਹੱਥ ਤੱਤਕਾਲੀਨ ਸਿੱਖ ਆਗੂ ਜਥੇਦਾਰ ਦਰਬਾਰਾ ਸਿੰਘ ਪਾਸ ਭੇਜੀ ਸੀ) ਜਤਿੰਦਰ ਪੰਨੂ ਆਪਣੀ ਗੱਲ ਨੂੰ ਜਾਰੀ ਰੱਖਦਾ ਹੋਇਆ ਆਖਦਾ ਹੈ ਕਿ ਪੰਜਾਂ ਪਿਆਰਿਆਂ ਨੇ ਫੈਸਲਾ ਕੀਤਾ ਕਿ ਦਿੱਲੀ ਦਰਬਾਰ ਨਾਲ ਸਮਝੌਤਾ ਕਰਕੇ ਤਜਰਬਾ ਕਰੀਏ, ਫਿਰ ਅਗਲੀ ਗੱਲ ਸੀ ਆਪਣੇ ਵਿੱਚੋਂ ਨਬਾਬ ਕੌਣ ਹੋਵੇ, ਫੈਸਲਾ ਹੋਇਆ ਕਿ ਸਾਡੇ ਪੰਜਾਂ ਵਿੱਚੋਂ ਕੋਈ ਵੀ ਨਬਾਬ ਨਹੀਂ ਹੋਵੇਗਾ । ਨਬਾਬੀ ਕਿਸੇ ਸੇਵਾਦਾਰ ਨੂੰ ਦੇ ਦਿਉ, ਗਰਮੀਆਂ ਦੇ ਦਿਨ ਸੀ ਕਪੂਰ ਸਿੰਘ ਪੱਖਾ ਝੱਲਦਾ ਪਿਆ ਸੀ, ਉਹਨੂੰ ਕਹਿੰਦੇ ਚੱਲ ਕਪੂਰ ਸਿਆਂ ਤੂੰ ਸਿੱਖਾਂ ਦਾ ਰਾਜਾ, ਕਪੂਰ ਸਿੰਘ ਗੱਲ ਵਿੱਚ ਪਲਾ ਪਾ ਕੇ ਖਲੋ ਗਿਆ ਕਹਿੰਦਾ ਪੰਜਾਂ ਪਿਆਰਿਆਂ ਦਾ ਹੁਕਮ ਹੈ ਮੋੜਦਾ ਮੈਂ ਨਹੀਂ ਪਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਮੈਂ ਰਾਜਾ ਬਣਨ ਨੂੰ ਤਿਆਰ ਆਂ ਪਰ ਇਕ ਬੇਨਤੀ ਮੇਰੀ ਤੁਹਾਨੂੰ ਮੰਨਣੀ ਪਊ ਉਹ ਇਹ ਕਿ ਕੱਲਗੀ ਮੈਂ ਸੂਰਜ ਚੜ੍ਹੇ ਲਾਇਆ ਕਰੂੰਗਾ ਉਦੂੰ ਪਹਿਲਾਂ ਤਾਰਿਆਂ ਦੀ ਛਾਵੇਂ ਉੱਠਕੇ ਮੈਂ ਘੋੜਿਆਂ ਦੀ ਲਿੱਦ ਸਾਫ ਕਰਿਆ ਕਰੂੰਗਾ ਇਸ ਕਰਕੇ ਕਿ ਮੇਰੇ ਮਨ ਵਿੱਚ ਕੋਈ ਰਾਜਿਆਂ ਵਾਲਾ ਹੰਕਾਰ ਨਾ ਆਜੈ (ਅਖੀਰ ਵਿੱਚ ਪੰਨੂ ਨੇ ਤਿੰਨ ਵਾਰੀ ਨਵਾਬ ਕਪੂਰ ਸਿੰਘ ਦੇ ਨਾਂਅ ਨਾਲ ਰਾਜਾ ਪਦ ਦੀ ਵਰਤੋਂ ਕੀਤੀ ਹੈ) ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਨਬਾਬ ਕਪੂਰ ਸਿੰਘ ਸਿੱਖਾਂ ਦਾ ਰਾਜਾ ਨਹੀਂ ਸੀ । ਜਥੇਦਾਰ ਦਰਬਾਰਾ ਸਿੰਘ ਤੋਂ ਬਾਅਦ 18ਵੀਂ ਸਦੀ ਵਿੱਚ ਸ। ਕਪੂਰ ਸਿੰਘ ਸਿੱਖਾਂ ਦਾ ਉਹ ਆਗੂ ਸੀ, ਜਿਸ ਨੇ ਜੰਗਲਾਂ ਬੇਲਿਆਂ ਵਿੱਚ ਖਿੰਡਰੇ ਪੁੰਡਰੇ ਬਾਗੀ ਜਾਂ ਬਾਦਸ਼ਾਹ ਖ਼ਾਲਸੇ ਨੂੰ ਇਕੱਠਿਆਂ ਕਰਕੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਦੀ ਪੂਰਤੀ ਲਈ ਦਿੱਲੀ ਦਰਬਾਰ ਨਾਲ ਲਹੂ ਡੋਲਵਾਂ ਸੰਘਰਸ਼ ਲੜਿਆ । ਸ। ਕਪੂਰ ਸਿੰਘ ਨੂੰ ਨਬਾਬੀ ਮਿਲਣ ਦੇ ਇਤਿਹਾਸ ਦਾ ਜ਼ਿਕਰ ਇਕ ਲੇਖ ਵਿੱਚ ਕਰਨਾ ਸੰਭਵ ਨਹੀਂ ਹੈ, ਇਸ ਕਰਕੇ ਕੁਝ ਨੁਕਤੇ ਹੀ ਅਸੀਂ ਪਾਠਕਾਂ ਨਾਲ ਸਾਂਝੇ ਕਰਾਂਗੇ । 1726 ਵਿੱਚ ਸ: ਤਾਰਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਦਰਬਾਰਾ ਸਿੰਘ ਨੇ ਸਰਬੱਤ ਖ਼ਾਲਸੇ ਰਾਹੀਂ ਗੁਰਮਤਾ ਕੀਤਾ ਕਿ ਖ਼ਾਲਸਾ, ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਵੱਲੋਂ ਪੰਜਾਬ ਵਿੱਚੋਂ ਇਕੱਠਾ ਕੀਤਾ ਮਾਲੀਆ (ਸ਼ਾਹੀ ਖਜ਼ਾਨਾ) ਦਿੱਲੀ ਤੱਕ ਨਹੀਂ ਪਹੁੰਚਣ ਦੇਵੇਗਾ । ਗੁਰਮਤੇ ਅਨੁਸਾਰ ਖ਼ਾਲਸੇ ਨੇ ਜਦੋਂ ਜ਼ਕਰੀਆ ਖਾਂ ਵੱਲੋਂ ਦਿੱਲੀ ਨੂੰ ਭੇਜਿਆ ਖਜ਼ਾਨਾ ਦਿੱਲੀ ਤੱਕ ਨਾ ਪਹੁੰਚਣ ਦਿੱਤਾ ਤਾਂ ਦਿੱਲੀ ਦਰਬਾਰ ਨੇ ਜ਼ਕਰੀਆ ਖਾਂ ਨੂੰ ਦਿੱਲੀ ਬੁਲਾ ਕੇ ਇਸ ਦਾ ਕਾਰਨ ਪੁੱਛਿਆ । ਜ਼ਕਰੀਆ ਖਾਂ ਨੇ ਦੱਸਿਆ ਕਿ ਮੈਂ ਤਾਂ ਸਾਰੇ ਪੰਜਾਬ ਵਿੱਚੋਂ ਮਾਲੀਆ ਇਕੱਠਾ ਕਰਕੇ ਦਿੱਲੀ ਨੂੰ ਭੇਜਦਾ ਹਾਂ ਪਰ ਰਸਤੇ ਵਿੱਚ ਸਿੱਖ ਮੇਰੇ ਸਿਪਾਹੀਆਂ ਕੋਲੋਂ ਉਹ ਖਜ਼ਾਨਾ ਖੋਹ ਲੈਂਦੇ ਹਨ । 1733 ਵਿੱਚ ਜ਼ਕਰੀਆ ਖਾਨ ਨੇ ਆਪਣੀਆਂ ਔਕੜਾਂ ਦਿੱਲੀ ਦਰਬਾਰ ਅੱਗੇ ਪੇਸ਼ ਕੀਤੀਆਂ ਅਤੇ ਇਹ ਸੁਝਾਉ ਦਿੱਤਾ ਕਿ ਸਿੱਖਾਂ ਨੂੰ ਇਕ ਜਗੀਰ ਦੇ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਆਗੂ ਨੂੰ ਖਿਤਾਬ ਨਾਲ ਸੁਸ਼ੋਭਿਤ ਕੀਤਾ ਜਾਏ । ਸਰਕਾਰ ਨੇ ਉਸ ਦਾ ਸੁਝਾਉ ਪ੍ਰਵਾਨ ਕਰ ਲਿਆ । ਜ਼ਕਰੀਆ ਖਾਨ ਨੇ ਇਸ ਸਬੰਧੀ ਗੱਲਬਾਤ ਕਰਨ ਦਾ ਕੰਮ ਸੁਬੇਗ ਸਿੰਘ ਨੂੰ ਸੌਂਪਿਆ ਜੋ ਇਕ ਸਰਕਾਰੀ ਠੇਕੇਦਾਰ ਵੀ ਸੀ (ਇਹ ਉਹੀ ਸੁਬੇਗ ਸਿੰਘ ਹੈ ਜਿਸ ਨੂੰ ਜ਼ਕਰੀਆ ਖਾਂ ਦੇ ਪੁੱਤਰ ਯਾਹੀਆ ਖਾਂ ਨੇ ਲਖਪਤ ਰਾਏ ਦੇ ਕਹਿਣ ਚਰਖੜੀ &lsquoਤੇ ਚਾੜ ਕੇ ਸ਼ਹੀਦ ਕੀਤਾ ਸੀ) ਸੁਬੇਗ ਸਿੰਘ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ &lsquoਤੇ ਇਕੱਤਰ ਹੋਏ ਖ਼ਾਲਸਾ ਦੇ ਪਾਸ ਗਿਆ ਅਤੇ ਉਸ ਨੂੰ ਸਰਕਾਰ ਨਾਲ ਮਿਲਵਰਤਣ ਕਰਨ ਦੇ ਦੋਸ਼ ਵਿੱਚ ਤਨਖਾਹ ਲਾਉਣ ਅਰਥਾਤ ਸਜ਼ਾ ਦੇਣ ਦੀ ਰਸਮ ਵਿੱਚੋਂ ਦੀ ਲੰਘਾਉਣ ਤੋਂ ਬਾਅਦ ਸਿੱਖਾਂ ਨੇ ਆਪਣੇ ਵਿੱਚਕਾਰ ਬੈਠਣ ਦੀ ਆਗਿਆ ਦਿੱਤੀ । ਉਸ ਵੇਲੇ ਦੇ ਪੰਥ ਦੇ ਜਥੇਦਾਰ ਸ: ਦਰਬਾਰਾ ਸਿੰਘ ਅੱਗੇ ਜਦੋਂ ਨਬਾਬੀ ਰੱਖੀ ਗਈ ਤਾਂ ਉਨ੍ਹਾਂ ਨੇ ਜੋ ਕਿਹਾ, ਇਸ ਵਿਚਾਰ ਚਰਚਾ ਨੂੰ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਦੇ ਪੋਤਰੇ ਸ। ਰਤਨ ਸਿੰਘ ਭੰਗੂ ਨੇ ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ ਹੈ,
ਦਰਬਾਰਾ ਸਿੰਘ ਅਗਯੋ ਕਹੀ, ਅਸੀਂ ਨਿਬਾਬੀ ਕਦ ਚਹੈਂ ਲਈ ॥?
ਹਸ ਕੋ ਸਤਿਗੁਰ ਬਚਨ ਪਾਤਸ਼ਾਹੀ, ਹਮ ਕੋ ਜਾਪਤ ਢਿਗ ਸੋਊ ਆਹੀ ॥
ਹਮ ਰਾਖਤ ਪਾਤਿਸ਼ਾਹੀ ਦਾਵਾ ॥ ਜਾਂ ਇਤ ਕੋ ਜਾਂ ਅਗਲੋ ਪਾਵਾ ॥
ਜੋ ਸਤਿਗੁਰੂ ਸਿਖਨ ਕਹੀ ਬਾਤ ॥ ਹੋਗੁ ਸਾਈ ਨਹਿਂ ਖਾਲੀ ਜਾਤ ॥
ਧਰੂ ਵਿਧਰਤ ਔ ਧਵਲ ਡੁਲਾਇ ॥ ਸਤਿਗੁਰੂ ਬਚਨ ਨਾ ਖਾਲੀ ਜਾਇ ॥ 
ਪਾਤਸ਼ਾਹੀ ਛਡ ਕਿਮ ਲਹੈਂ ਨਿਬਾਬੀ ॥? ਪਰਾਧੀਨ ਜਿਹ ਮਾਹਿ ਖਰਾਬੀ ॥
ਭਾਵ : ਦਰਬਾਰਾ ਸਿੰਘ ਜੀ ਨੇ ਕਿਹਾ, ਖ਼ਾਲਸਾ ਜੀ, ਅਸੀਂ ਨਬਾਬੀ ਕਦੋਂ ਲੈਣੀ ਚਾਹੁੰਦੇ ਹਾਂ, ਅਸੀਂ ਕੀ ਕਰਨੀ ਹੈ ਨਬਾਬੀ ? ਸਾਨੂੰ ਤਾਂ ਸਤਿਗੁਰਾਂ ਦਾ ਬਚਨ ਹੈ ਕਿ ਖ਼ਾਲਸੇ ਨੂੰ ਪਾਤਸ਼ਾਹੀ ਦੇਣੀ ਹੈ, ਇਸ ਵਾਸਤੇ ਅਸੀਂ ਤੁਰਕਾਂ ਦੀਆਂ ਝੂਠੀਆਂ ਨਵਾਬੀਆਂ ਕਦੋਂ ਲੈਂਦੇ ਹਾਂ ? ਸਾਡਾ ਪਾਤਸ਼ਾਹੀ ਦਾਅਵਾ ਹੈ, ਅਸੀਂ ਖੁਦ ਪਾਤਸ਼ਾਹ ਹਾਂ ਕਿਸੇ ਦੀ ਦਿੱਤੀ ਚੀਜ਼ ਕਿਉਂ ਲਵਾਂਗੇ ? ਪਾਤਸ਼ਾਹੀ ਸਿੱਖ ਨੂੰ ਜੇਕਰ ਇਥੇ ਨਾ ਮਿਲੀ ਤਾਂ ਅਗਲੀ ਸੱਚੀ ਦਰਗਾਹ ਵਿੱਚ ਮਿਲੇਗੀ । ਜੋ ਸਤਿਗੁਰਾਂ ਨੇ ਸਿੱਖਾਂ ਨੂੰ ਇਹ ਵਚਨ (ਇਨ ਗਰੀਬ ਸਿੱਖਨ ਕੋ ਦੇਉਂ ਪਾਤਸ਼ਾਹੀ) ਦਿੱਤਾ ਹੈ ਉਹ ਕੋਈ ਖਾਲੀ ਥੋੜ੍ਹਾ ਜਾਣ ਲੱਗਾ ਹੈ ? ਧਰੂ ਤਾਰਾ ਵੀ ਦ੍ਰਵ ਜਾਵੇ, ਆਪਣੀ ਥਾਂ ਤੋਂ ਹਿੱਲ ਜਾਵੇ । ਧਰਤੀ ਵੀ ਟਿਕਾਣੇ ਤੋਂ ਹਿੱਲ ਜਾਵੇ ਪਰ ਸਤਿਗੁਰਾਂ ਦੇ ਰਾਜ ਕਰੇਗਾ ਖ਼ਾਲਸਾ ਦੇ ਬਚਨ ਖਾਲੀ ਨਹੀਂ ਜਾ ਸਕਦੇ । ਦੱਸੋ ਅਸੀਂ ਫਿਰ ਪਾਤਸ਼ਾਹੀ ਦਾਅਵਾ ਛੱਡ ਕੇ ਛੋਟੀਆਂ ਛੋਟੀਆਂ ਨਵਾਬੀਆਂ ਕਿਉਂ ਲਈਏ ? ਪਰਾਧੀਨ (ਕਿਸੇ ਹੋਰ ਦੇ ਅਧੀਨ) ਰਹਿਣ ਵਿੱਚ ਤਾਂ ਖਰਾਬੀ ਹੀ ਖਰਾਬੀ ਹੈ । ਪਰ ਭਾਈ ਰਤਨ ਸਿੰਘ ਭੰਗੂ ਅਨੁਸਾਰ ਜਦੋਂ ਭਾਈ ਸੁਬੇਗ ਸਿੰਘ ਨੇ ਸੁਝਾਅ ਦਿੱਤਾ ਕਿ ਘਰ ਆਈ ਨਬਾਬੀ ਤੇ ਜਗੀਰ ਨੂੰ ਠੁਕਰਾਉਣ ਦੀ ਬਜਾਏ ਇਸ ਦੀ ਵਰਤੋਂ ਗਰੀਬਾਂ ਦੀ ਰਾਖੀ ਅਤੇ ਖ਼ਾਲਸੇ ਦੀ ਤਾਕਤ ਹੋਰ ਵਧਾਉਣ ਲਈ ਕੀਤੀ ਜਾਵੇ ।
ਸੁਬੇਗ ਸਿੰਘ ਨੇ ਤਬ ਕਹਬੋ, ਖ਼ਾਲਸੇ ਸੌਂ ਹੱਥ ਜੋੜ ।
ਗਰੀਬਨ ਕੀ ਰਛਿਆ ਕਰੋ, ਲੇਹੁ ਤੁਰਕਨ ਤੇ ਤੋੜ ॥
ਖ਼ਾਲਸੇ ਨੇ ਭਾਈ ਸੁਬੇਗ ਸਿੰਘ ਦਾ ਇਹ ਸੁਝਾਉ ਮੰਨ ਲਿਆ ਸੀ । ਜਦੋਂ ਖ਼ਾਲਸਾ ਪੰਥ ਨੇ ਸ। ਕਪੂਰ ਸਿੰਘ ਫੈਜਲਪੁਰੀਏ ਨੂੰ ਨਬਾਬੀ ਦੇਣ ਦਾ ਫੈਸਲਾ ਕਰ ਲਿਆ ਤਾਂ ਸ। ਕਪੂਰ ਸਿੰਘ ਫੈਜਲਪੁਰੀਏ ਨੇ ਦੋ ਸ਼ਰਤਾਂ ਰੱਖੀਆਂ ਸਨ, ਪਹਿਲੀ ਕਿ ਨਬਾਬੀ ਦਾ ਖ਼ਿਤਾਬ ਉਹ ਪੰਜਾਂ ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ ਪ੍ਰਾਪਤ ਕਰੇਗਾ, ਦੂਸਰਾ ਉਹ ਲਾਹੌਰ ਦਰਬਾਰ ਵਿੱਚ ਦੂਜਿਆਂ ਨਬਾਬਾਂ ਵਾਂਗ ਹਾਜ਼ਰੀ ਨਹੀਂ ਲੁਆਏਗਾ, ਖ਼ਾਲਸਾ ਜਮਾਂਦਰੂ ਸੁਤੰਤਰ ਹੈ ਅਤੇ ਸੁਤੰਤਰ ਰਹੇਗਾ । ਭਾਈ ਸੁਬੇਗ ਸਿੰਘ ਅਤੇ ਖ਼ਾਲਸੇ ਨੇ ਸ। ਕਪੂਰ ਸਿੰਘ ਫੈਜਲਪੁਰੀਏ ਦੀਆਂ ਦੋਵੇਂ ਸ਼ਰਤਾਂ ਮੰਨ ਲਈਆਂ ਸਨ । ਉਕਤ ਸਿੱਖ ਇਤਿਹਾਸ ਦੇ ਇਤਿਹਾਸਕ ਹਵਾਲੇ ਪੜ੍ਹ ਕੇ ਪਾਠਕ ਜਨ ਖੁਦ ਅੰਦਾਜ਼ਾ ਲਾ ਲੈਣ ਕਿ ਸਰਦਾਰ ਕਪੂਰ ਸਿੰਘ ਫੈਜਲਪੁਰੀਆ, ਜਿਸ ਨੇ ਸ਼ਰਤਾਂ ਦੇ ਆਧਾਰ ਤੇ ਨਬਾਬੀ ਦਾ ਖਿਤਾਬ ਪ੍ਰਵਾਨ ਕੀਤਾ ਸੀ, ਪਰ ਉਹ ਸਿੱਖਾਂ ਦਾ ਰਾਜਾ ਨਹੀਂ ਸੀ । ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਦੀ ਰਣਨੀਤੀ ਸੀ ਕਿ ਸਿੱਖਾਂ ਨੂੰ ਇਕ ਇਲਾਕੇ ਵਿੱਚ ਨਬਾਬੀ ਦੇ ਦਿਉ ਇਹ ਨਬਾਬੀ ਲਈ ਆਪੋ ਵਿੱਚ ਲੜਦੇ ਭਿੜਦੇ ਰਹਿਣਗੇ ਅਤੇ ਮੁਗਲ ਹਕੂਮਤ ਨੂੰ ਇਨ੍ਹਾਂ ਵੱਲੋਂ ਕੋਈ ਲੜਾਈ ਝਗੜੇ ਦਾ ਡਰ ਨਹੀਂ ਰਹੇਗਾ । ਮੁਗਲ ਹਕੂਮਤ ਨੇ ਜਦੋਂ ਵੇਖਿਆ ਕਿ ਨਬਾਬੀ ਸਿੱਖਾਂ ਦੀ ਕਮਜ਼ੋਰੀ ਬਣਨ ਦੀ ਬਜਾਏ ਤਾਕਤ ਬਣ ਗਈ ਹੈ ਅਤੇ ਸਿੱਖਾਂ ਨੇ ਆਪਣੀ ਤਾਕਤ ਦਿਨੋਂ ਦਿਨ ਵਧਾਉਣੀ ਸ਼ੁਰੂ ਕਰ ਦਿੱਤੀ ਹੈ, ਨਬਾਬ ਕਪੂਰ ਸਿੰਘ ਨੇ ਸਿੰਘਾਂ ਦੇ ਦੋ ਦਲ ਬਣਾ ਦਿੱਤੇ, ਬੁਢਾ ਦਲ ਤੇ ਤਰਨਾ ਦਲ । ਦੋਵਂੇ ਦਲ ਬਹੁਤ ਤੇਜੀ ਨਾਲ ਪਸਰਨੇ ਸ਼ੁਰੂ ਹੋ ਗਏ ਸਨ । ਤਰੁਨਾ ਦਲ ਹਮੇਸ਼ਾ ਚੜ੍ਹਾਈ &lsquoਤੇ ਰਹਿੰਦਾ ਸੀ, ਉਹ ਨਾ ਸਿਰਫ ਬਾਰੀ ਦੁਆਬ ਤੱਕ ਹੀ ਫੈਲਿਆ ਸਗੋਂ ਅਗਾਂਹ ਹਾਂਸੀ ਹਿਸਾਰ ਤੱਕ ਪਸਰ ਗਿਆ । ਦਲ ਦੀ ਇਸ ਨਵੀਂ ਸ਼ਕਤੀ ਨੇ ਸਰਕਾਰ ਨੂੰ ਡਰਾ ਦਿੱਤਾ ਅਤੇ ਜਿਸ ਦੇ ਫਲ ਸਰੂਪ ਨਬਾਬੀ ਦਾ ਖ਼ਿਤਾਬ ਵਾਪਸ ਲੈ ਲਿਆ, ਉਨ੍ਹਾਂ ਨੂੰ ਦਿੱਤੀ ਜਗੀਰ 1735 ਵਿੱਚ ਮੁਗਲੀਆ ਸਰਕਾਰ ਨੇ ਜ਼ਬਤ ਕਰ ਲਈ ਸੀ । (ਹਵਾਲਾ - ਸਿੱਖ ਇਤਿਹਾਸ 1469 ਤੋਂ 1765, ਲੇਖਕ ਪ੍ਰਿੰਸੀਪਲ ਤੇਜਾ ਸਿੰਘ, ਡਾ: ਗੰਡਾ ਸਿੰਘ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਮੁਗਲੀਆ ਹਕੂਮਤ ਨੇ ਵਾਅਦਾ ਖਿਲਾਫੀ ਕਰਕੇ ਫਿਰ ਖ਼ਾਲਸੇ ਵਿਰੁੱਧ ਜੰਗ ਛੇੜ ਦਿੱਤੀ । ਪਰ ਹੁਣ ਤੱਕ ਸ। ਕਪੂਰ ਸਿੰਘ ਫੈਜਲਪੁਰੀਏ ਦੀ ਅਗਵਾਈ ਵਿੱਚ ਖ਼ਾਲਸਾ ਅੱਗੇ ਤੋਂ ਕਈ ਗੁਣਾਂ ਵੱਧ ਮਜ਼ਬੂਤ ਹੋ ਚੁੱਕਾ ਸੀ । ਬੁੱਢਾ ਦਲ ਤੇ ਤਰੁਨਾ ਦਲ ਨੂੰ ਇਕੱਠਿਆਂ ਕਰਕੇ ਦਲ ਖ਼ਾਲਸਾ ਬਣ ਗਿਆ । ਜਿਸ ਦੀ ਅਗਵਾਈ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ  । 11 ਜਥੇ ਬਣੇ ਫਿਰ ਉਹੀ 11 ਜਥੇ 11 ਸਿੱਖ ਮਿਸਲਾਂ ਬਣੀਆਂ, ਜਿਨ੍ਹਾਂ ਨੇ 1765 ਤੱਕ ਪੰਜਾਬ ਉੱਤੇ ਸਿੱਖ ਰਾਜ ਸਥਾਪਤ ਕਰ ਲਿਆ । ਜਦੋਂ ਖ਼ਾਲਸਈ ਰਾਜਨੀਤੀ ਗੁਰੂ ਬਚਨਾਂ ਅਤੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਸੀ ਉਦੋਂ ਸਿਧਾਂਤਕ ਸੰਘਰਸ਼ ਲੜਦੇ ਹੋਏ ਖ਼ਾਲਸੇ ਨੇ ਰਾਜਨੀਤੀ ਤੇ ਰਣਨੀਤੀ ਪੱਖੋਂ ਹੈਰਾਨ ਕਰ ਦੇਣ ਵਾਲੇ ਪੈਂਤੜੇ ਅਪਣਾਏ ਤੇ ਅਖੀਰ ਪੰਜਾਬ, ਕਸ਼ਮੀਰ, ਅਫ਼ਗਾਨਿਸਤਾਨ ਅਤੇ ਲਦਾਖ ਤੱਕ ਖ਼ਾਲਸਾ ਦੇ ਝੰਡੇ ਝੁਲਾ ਦਿੱਤੇ । ਅਤੇ ਖ਼ਾਲਸਾ ਰਾਜ ਸਰਕਾਰ-ਏ-ਖ਼ਾਲਸਾ ਦੇ ਵਿਧਾਨ ਤਹਿਤ ਸ਼ੇਰੇ-ਪੰਜਾਬ ਰਣਜੀਤ ਸਿੰਘ ਦੀ ਅਗਵਈ ਵਿੱਚ ਕਾਇਮ ਹੋਇਆ । ਸਿੱਖਾਂ ਬਾਰੇ ਇਹ ਪ੍ਰਸਿੱਧ ਹੈ ਕਿ ਸਿੱਖ ਇਤਿਹਾਸ ਸਿਰਜਦੇ ਹਨ, ਪਰ ਲਿਖਦੇ ਨਹੀਂ, ਇਸ ਦੇ ਜੁਆਬ ਵਿੱਚ ਇਕ ਪੰਥਕ ਸ਼ਾਇਰ ਨੇ ਲਿਖਿਆ ਹੈ, ਧਰਮ ਜਿੱਡੇ ਖੁੱਲੇ੍ਹ ਵਰਕਿਆਂ ਤੇ ਲਿਖਦੀ ਰਹੀ ਇਤਿਹਾਸ ਕਿਰਪਾਨ ਸਾਡੀ । ਖ਼ਾਲਸਾ ਰਾਜ ਦੀ ਗਾਥਾ ਨੂੰ ਭਾਰਤ ਦੇ ਇਤਿਹਾਸ ਵਿੱਚੋਂ ਪੂਰੀ ਤਰ੍ਹਾਂ ਮੇਟਣ ਲਈ ਵਿਕਾਊ ਕਲਮਾਂ ਨੇ ਤਾਂ ਇਹ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਇੰਕਸ਼ਾਫ ਸੂਰਬੀਰੋ ਉਹ ਸਿੱਖ ਰਾਜ ਨਹੀਂ ਸੀ ਸੋਹਣ ਸਿੰਘ ਸੀਤਲ ਨੂੰ ਨਾ ਪੜ੍ਹੀ ਜਾਵੋ, ਉਹ ਮਿਸਲਾਂ ਦਾ ਸੰਗਠਨ ਸੀ ਤੇ ਮਹਾਰਾਜਾ ਵੀ ਇਕ ਮਿਸਲੀ ਸੀ । ਪਰ ਯਾਦ ਰੱਖੋ ਝੂਠ ਦੀਆਂ ਬਾਹਵਾਂ ਬਹੁਤ ਹੁੰਦੀਆਂ ਹਨ ਪਰ ਪੈਰ ਨਹੀਂ ਹੁੰਦੇ । ਕੂੜ ਨਿਖੁਟੇ ਨਾਨਕਾ Eੜਕਿ ਸਚਿ ਰਹੀ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ