image caption: -ਰਜਿੰਦਰ ਸਿੰਘ ਪੁਰੇਵਾਲ

ਸਿੱਖਾਂ ਤੇ ਈਸਾਈਆ ਵਿਚ ਵਧਦੇ ਤਣਾਅ ਦਾ ਹੱਲ ਕੀ ਹੋਵੇ

ਪੰਜਾਬ ਵਿਚ ਸਿਖਾਂ ਤੇ ਈਸਾਈਆਂ ਦੇ ਤਣਾਅ ਦਾ ਮੁਦਾ ਉਲਝਦਾ ਜਾ ਰਿਹਾ ਹੈ| ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਈਸਾਈ ਪਾਸਟਰਾਂ ਨਾਲ ਮੀਟਿੰਗ ਕਰਕੇ ਦੋਹਾਂ ਧਰਮਾਂ ਦੀ ਦਸ ਮੈਂਬਰੀ ਕਮੇਟੀ ਬਣਾਈ ਜੋ ਆਪਸੀ ਮਤਭੇਦ ਸੁਲਝਾਏਗੀ| ਜੋ ਇਸਾਈ ਧਰਮ ਦੇ ਨਾਮ ਚਮਤਕਾਰਾਂ ਦਾ ਡੇਰਾਵਾਦ ਤੇ ਸਿਖਾਂ ਦੀ ਧਰਮ ਤਬਦੀਲੀ ਦਾ ਚਕਰ ਚਲਿਆ, ਉਸਨੂੰ ਰੋਕਿਆ ਜਾਵੇਗਾ| ਤਰਨ ਤਾਰਨ ਵਿਖੇ ਚਰਚ ਤੇ ਹੋਏ ਹਮਲੇ ਦੇ ਮਾਮਲੇ ਬਾਅਦ ਈਸਾਈ ਆਪਣੇ ਆਪ ਨੂੰ ਪੰਜਾਬ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ| ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪੱਟੀ ਸ਼ਹਿਰ ਵਿਚ ਕੈਥੋਲਿਕ ਚਰਚ ਤੇ ਹੋਏ ਹਮਲੇ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ| ਚੰਡੀਗੜ੍ਹ ਵਾਸੀ ਸੁਖਜਿੰਦਰ ਗਿੱਲ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਰਾਜ ਵਿੱਚ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਅਤੇ ਚਰਚ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੂੰ ਹੁਕਮ ਦਿੱਤੇ ਜਾਣ| ਫਿਲਹਾਲ ਇਸ ਪਟੀਸ਼ਨ ਤੇ ਹਾਈ ਕੋਰਟ ਵਿਚ ਸੁਣਵਾਈ ਹੋਈ ਹੈ| ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਈਸਾਈ ਭਾਈਚਾਰੇ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਹੁਣ ਚਰਚ ਵਿੱਚ ਵਾਪਰੀ ਘਟਨਾ ਤੋਂ ਬਾਅਦ ਇਹ ਭਾਈਚਾਰਾ ਪੰਜਾਬ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ| ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਕਤ ਘਟਨਾ ਪੰਜਾਬ ਵਿਚ ਅਮਨ-ਕਾਨੂੰਨ ਤੇ ਸਵਾਲ ਖੜ੍ਹੇ ਕਰਦੀ ਹੈ, ਜੇਕਰ ਪੁਲਿਸ ਜਲਦ ਹਰਕਤ ਵਿਚ ਨਾ ਆਈ ਤਾਂ ਪੰਜਾਬ &rsquoਚ ਫਿਰਕੂ ਦੰਗਿਆਂ ਦੀ ਸਥਿਤੀ ਪੈਦਾ ਹੋ ਜਾਵੇਗੀ| ਇਸ ਲਈ ਅਦਾਲਤ ਨੂੰ ਇਸ ਦਾ ਨੋਟਿਸ ਲੈਂਦਿਆਂ ਸਰਕਾਰ ਅਤੇ ਪੁਲਿਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ| ਪਟੀਸ਼ਨ ਵਿੱਚ ਪੰਜਾਬ ਸਰਕਾਰ, ਮੁੱਖ ਸਕੱਤਰ ਅਤੇ ਡੀਜੀਪੀ ਨੂੰ ਜਵਾਬਦੇਹ ਬਣਾਇਆ ਗਿਆ ਹੈ| ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਰਨਤਾਰਨ ਵਿਖੇ ਚਰਚ ਤੇ ਹੋਏ ਹਮਲੇ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਹੈ| ਇਹ ਮਾਮਲੇ ਵਿਚ ਅਦਾਲਤ ਨੇ ਸਰਕਾਰ ਤੋਂ ਸਟੇਟਸ ਰਿਪੋਰਟ ਤਲਬ ਕੀਤਾ ਹੈ| ਇਸ ਦੇ ਨਾਲ ਹੀ ਬੀਤੇ ਦਿਨੀਂ ਕੈਥੋਲਿਕ ਚਰਚ &rsquoਤੇ ਹੋਏ ਹਮਲੇ ਦੇ ਸਬੰਧ ਵਿਚ ਪੁਲਿਸ ਨੇ 21 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਸੀ| ਪੰਜ ਵਿਅਕਤੀਆਂ ਦੀ ਪਛਾਣ ਪਰੇਡ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ| ਪੁਲਿਸ ਨੇ ਮੁਲਜ਼ਮਾਂ ਦੇ ਸਕੈਚ ਵੀ ਬਣਾਏ ਸਨ ਪਰ ਕੋਈ ਸੁਰਾਗ ਨਹੀਂ ਮਿਲਿਆ| ਜ਼ਿਕਰਯੋਗ ਹੈ ਕਿ ਚਰਚ ਤੇ ਚਾਰ ਨਕਾਬਪੋਸ਼ ਵਿਅਕਤੀਆਂ ਨੇ ਹਮਲਾ ਕੀਤਾ ਸੀ| ਮੁਲਜ਼ਮਾਂ ਨੇ ਚਰਚ ਵਿਚ ਈਸਾ ਮਸੀਹ ਅਤੇ ਮਰੀਅਮ ਦੀਆਂ ਮੂਰਤੀਆਂ ਤੋੜ ਦਿੱਤੀਆਂ ਸਨ ਅਤੇ ਉਨ੍ਹਾਂ ਦੇ ਸਿਰ ਨਾਲ ਲੈ ਗਏ ਸਨ| ਫਰਾਰ ਹੋਣ ਤੋਂ ਪਹਿਲਾਂ ਮੁਲਜ਼ਮਾਂ ਨੇ ਪਾਦਰੀ ਦੀ ਬੋਲੈਰੋ ਕਾਰ ਨੂੰ ਵੀ ਸਾੜ ਦਿੱਤਾ| 
ਇਹ ਵਰਣਯੋਗ ਹੈ ਕਿ ਈਸਾਈਆਂ ਦਾ ਪ੍ਰਚਾਰ ਸਿਖਾਂ ਦੇ ਪ੍ਰਚਾਰ ਤੋਂ ਜਿਆਦਾ ਪ੍ਰਭਾਵਿਤ ਕਰਨ ਵਾਲਾ ਹੈ|ਚੰਡੀਗੜ ਤੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਜਾਂਦੇ ਵਕਤ ਥਾਂ-ਥਾਂ ਉੱਤੇ ਇਸਾਈ ਧਰਮ ਦੇ ਪਾਸਟਰਾਂ ਦੇ ਵੱਡੇ ਵੱਡੇ ਹੋਰਡਿੰਗ ਤੁਹਾਨੂੰ ਆਮ ਦੇਖਣ ਨੂੰ ਮਿਲਣਗੇ| ਸਰਹੱਦੀ ਇਲਾਕਿਆਂ ਵਿੱਚ ਇਸਾਈ ਧਰਮ ਦਾ ਕਿੰਨਾ ਪ੍ਰਭਾਵ ਹੈ ਇਸ ਦਾ ਅੰਦਾਜ਼ਾ ਪਿੰਡਾਂ ਵਿੱਚ ਬਣੇ ਹੋਏ ਚਰਚਾਂ ਤੋਂ ਲਗਾਇਆ ਜਾ ਸਕਦਾ ਹੈ|ਚਰਚ ਲੋਕਾਂ ਨਾਲ ਭਰੇ ਹੋਏ ਹਨ ਤੇ ਗੁਰਦੁਆਰੇ ਸੰਗਤ ਤੋਂ ਖਾਲੀ ਹਨ| ਜ਼ਿਆਦਾਤਰ ਨਵੇਂ ਚਰਚ ਨਿੱਜੀ ਤੌਰ ਉੱਤੇ ਪ੍ਰਚਾਰ ਕਰ ਰਹੇ ਪਾਸਟਰਾਂ ਵੱਲੋਂ ਸਥਾਪਤ ਕੀਤੇ ਜਾ ਰਹੇ ਹਨ| ਕਈ ਥਾਵਾਂ ਉੱਤੇ ਤਾਂ ਲੋਕਾਂ ਨੇ ਘਰਾਂ ਵਿੱਚ ਆਪਣੇ ਚਰਚ ਸਥਾਪਿਤ ਕਰ ਲਏ ਹਨ| ਈਸਾਈ ਪਾਸਟਰ ਸਾਰੇ ਗ਼ਰੀਬ, ਲਾਚਾਰ, ਛੋਟੀਆਂ ਜਾਤਾਂ ਵਾਲਿਆਂ ਨੂੰ ਖੁਲ੍ਹਾ ਸੱਦਾ ਦੇਂਦੇ ਹਨ ਕਿ ਜੇ ਉਹ ਉਨ੍ਹਾਂ ਵਿਚ ਸ਼ਾਮਲ ਹੋ ਜਾਣ ਤਾਂ ਉਹ ਹਰ ਮਦਦ ਕਰਨ ਨੂੰ ਤਿਆਰ ਹਨ| ਉਹ ਈਸਾਈ ਧਰਮ ਦੀ ਫ਼ਿਲਾਸਫ਼ੀ ਸਮਝਾਏ ਬਿਨਾਂ ਅਤੇ ਚਮਤਕਾਰੀ ਦੇ ਝੂਠੇ ਪ੍ਰਚਾਰ ਦੇ ਸਹਾਰੇ, ਗ਼ਰੀਬ ਦੀ ਦੁਖਦੀ ਰੱਗ ਤੇ ਹੱਥ ਰੱਖ ਕੇ ਧਰਮ ਤਬਦੀਲੀ ਦੇ ਫ਼ਾਇਦੇ ਦੱਸਣ ਨੂੰ ਧਰਮ ਪ੍ਰਚਾਰ ਕਹਿਣ ਲਗਦੇ ਹਨ| 
ਜੇਕਰ ਪੰਜਾਬ ਵਿੱਚ ਇਸਾਈ ਧਰਮ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਹ ਕੁੱਲ ਆਬਾਦੀ ਦਾ ਡੇਢ ਫ਼ੀਸਦੀ ਤੋਂ ਵੀ ਘੱਟ ਹੈ| 2011 ਤੱਕ ਇਸ ਭਾਈਚਾਰੇ ਦੀ ਆਬਾਦੀ 3 ਲੱਖ 48 ਹਜ਼ਾਰ ਦੇ ਕਰੀਬ ਸੀ| ਜਾਣਕਾਰਾਂ ਮੁਤਾਬਕ ਜ਼ਿਆਦਾਤਰ ਧਰਮ ਪਰਿਵਰਤਨ ਸਰਹੱਦੀ ਇਲਾਕੇ ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਮਜੀਠਾ, ਤਰਨਤਾਰਨ, ਅਜਨਾਲਾ ਅਤੇ ਅੰਮ੍ਰਿਤਸਰ ਵਿੱਚ ਹੋਇਆ ਹੈ| ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਇਹ ਧਰਮ ਪਰਿਵਤਨ ਲਾਲਚ ਅਤੇ ਗੁਮਰਾਹ ਕਰਕੇ ਕਰਵਾਇਆ ਜਾ ਰਿਹਾ ਹੈ| ਮਸੀਹੀ ਭਾਈਚਾਰੇ ਨਾਲ ਸਬੰਧਤ ਪਾਸਟਰ ਜਬਰੀ ਧਰਮ ਪਰਿਵਰਤਨ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਹਨ| ਮੁੱਖ ਧਾਰਾ ਦੇ ਗਿਰਜਾ ਘਰਾਂ ਨਾਲ ਜੁੜੇ ਪਾਸਟਰ ਕਹਿੰਦੇ ਹਨ ਅੰਧ ਵਿਸ਼ਵਾਸ਼ ਰਾਹੀ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ|
ਜਲੰਧਰ, ਕਪੂਰਥਲਾ ਵਿੱਚ ਇਸਾਈ ਡੇਰੇ ਅੰਧਵਿਸ਼ਵਾਸ ਤੇ ਜਾਦੂਤੰਤਰ ਦਾ ਸਹਾਰਾ ਲੈਕੇ ਸਿਖਾਂ ਦੀ ਧਰਮ ਬਦਲੀ ਕਰਵਾਉਣ ਦੇ ਦੋਸ਼ਾਂ ਵਿਚ ਘਿਰੇ ਹਨ| ਇਹਨਾਂ ਉਪਰ ਦੋਸ਼ ਹਨ ਕਿ ਇਹ ਈਸਾਈਆਂ ਨੂੰ ਗੁਰਦੁਆਰੇ ਦਾ ਪ੍ਰਸ਼ਾਦ, ਲੰਗਰ ਲੈਣ ਤੋਂ ਰੋਕਦੇ ਹਨ| ਕੁਝ ਪਾਦਰੀਆਂ ਵੱਲੋਂ ਸਿੱਖਾਂ ਨੂੰ ਇਸਾਈ ਧਰਮ ਵਿੱਚ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਸਤਾਰ ਸਜਾਉਣ, ਨਾਮ ਪਿੱਛੇ ਸਿੰਘ ਜਾਂ ਕੌਰ ਸ਼ਬਦ ਨਾ ਹਟਾਉਣ ਲਈ ਆਖਿਆ ਜਾਂਦਾ ਹੈ ਤਾਂ ਜੋ ਉਹ ਸਿਖਾਂ ਦੇ ਨਾਮ ਸਰਕਾਰੀ ਸਹੂਲਤਾਂ ਲੈ ਸਕਣ| ਇਹ ਲੋਕ ਨਾ ਹੀਂ ਸਰਕਾਰੀ ਕਾਗ਼ਜ਼ਾਂ ਵਿੱਚ ਆਪਣਾ ਧਰਮ ਇਸਾਈ ਲਿਖਵਾਉਂਦੇ ਹਨ, ਬਸ ਇਸਾਈ ਰਹੁਰੀਤਾਂ ਕਰਨ ਲੱਗ ਪੈਂਦੇ ਹਨ| ਇਸ ਦਾ ਵੱਡਾ ਕਾਰਨ ਹੈ ਸਿਖ ਭਾਈਚਾਰੇ ਨੂੰ ਮਿਲਣ ਵਾਲਾ ਦਲਿਤ ਰਾਖਵਾਂਕਰਨ| ਧਰਮ ਪਰਿਵਰਤਨ ਕਰਨ ਵਾਲੇ ਜ਼ਿਆਦਾਤਰ ਸਿੱਖ ਰਾਖਵੇਂ ਕੋਟੇ ਨਾਲ ਸਬੰਧਿਤ ਹੁੰਦੇ ਹਨ| ਇਸਾਈ ਭਾਈਚਾਰੇ ਨੂੰ ਕੋਈ ਰਾਖਵਾਂਕਰਨ ਨਹੀਂ ਮਿਲਦਾ ਇਸ ਕਰਕੇ ਰਾਖਵਾਂ ਕੋਟਾ ਖ਼ਤਮ ਦੇ ਡਰ ਕਾਰਨ ਉਹ ਆਪਣੇ ਆਪ ਨੂੰ ਸਿਖ ਸਦਵਾਉਂਦੇ ਹਨ| ਇਸ ਕਾਰਣ ਬਾਕੀ ਗਰੀਬ ਸਿਖ ਭਾਈਚਾਰੇ ਉਪਰ ਗਲਤ ਪ੍ਰਭਾਵ ਪੈਂਦਾ ਹੈ|
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਖ ਚੁੱਕੇ ਹਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕੁਝ ਅਖੌਤੀ ਪਾਸਟਰਾਂ ਵੱਲੋਂ ਸਿੱਖਾਂ ਅਤੇ ਹਿੰਦੂਆਂ ਨੂੰ ਗੁਮਰਾਹ ਅਤੇ ਲਾਲਚ ਦੇ ਕੇ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ| ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ ਵਿਚ ਕੁਝ ਪਾਸਟਰ ਚਮਤਕਾਰ ਕਰ ਕੇ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ ਕਰ ਰਹੇ ਰਹੇ| ਪਰ ਸਰਕਾਰ ਇਹਨਾਂ ਗੈਰ ਕਨੂੰਨੀ ਹਰਕਤਾਂ ਉਪਰ ਕੋਈ ਕਾਰਵਾਈ ਨਹੀਂ ਕਰ ਰਹੀ| ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਵੀਡੀਓ ਫਿਲਮਾਂ ਬਣਾਕੇ ਕਨੂੰਨੀ ਕਾਰਵਾਈ ਕਰਨ ਦੀ ਲੋੜ ਹੈ| ਅਜਿਹੇ ਅਖੌਤੀ ਪਾਸਟਰਾਂ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲੋਂ ਵਿੱਤੀ ਸਾਧਨ ਕਿੱਥੇ ਆ ਰਹੇ ਹਨ? ਵੱਡੀ ਸਮਸਿਆ ਇਹ ਹੈ ਕਿ ਇਸਾਈ ਧਰਮ ਦੇ ਵਿੱਚ ਵੀ ਵੱਖ ਵੱਖ ਵਰਗ ਹਨ| ਇਹਨਾਂ ਵਿੱਚ ਰੋਮਨ ਕੈਥੋਲਿਕ ਚਰਚ, ਚਰਚ ਆਫ ਨਾਰਥ ਇੰਡੀਆ (ਸੀ.ਐੱਨ.ਆਈ.), ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ ਸਮੇਤ ਕੁਝ ਨਿੱਜੀ ਤੌਰ ਉਤੇ ਵੀ ਪ੍ਰਚਾਰਕ ਕੰਮ ਕਰਦੇ ਹਨ| ਇਸਾਈ ਧਰਮ ਵਿੱਚ ਸਿਖ ਧਰਮ ਵਾਂਗ ਅਕਾਲ ਤਖਤ ਸਾਹਿਬ ਵਰਗੀ ਕੋਈ ਸੁਪਰੀਮ ਬਾਡੀ ਨਹੀਂ, ਜੋ ਇਸ ਨੂੰ ਕੰਟਰੋਲ ਕਰ ਸਕੇ| ਡਾਇਓਸੀਸ ਆਫ ਅੰਮ੍ਰਿਤਸਰ ਇਸ ਦੇ ਵੱਡੇ ਕੇਂਦਰ ਹਨ ਅਤੇ ਜੋ ਪੂਰੀ ਸੰਗਠਿਤ ਹਨ ਅਤੇ ਇਹਨਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ|
ਇਸ ਤੋਂ ਇਲਾਵਾ ਬਹੁਤ ਸਾਰੇ ਪਾਸਟਰ ਅਜਿਹੇ ਵੀ ਜੋ ਨਿੱਜੀ ਤੌਰ ਉਤੇ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਕੰਟਰੋਲ ਕਰਨ ਵਾਲੀ ਕੋਈ ਸੰਸਥਾ ਨਹੀਂ ਹੈ ਜੋ ਡੇਰਿਆਂ ਦੇ ਮੁਖੀ ਵਾਂਗ ਕੰਮ ਕਰਦੇ ਹਨ| ਇਸਾਈ ਧਰਮ ਨੂੰ ਸੰਗਠਿਤ ਕਰਨ ਦੇ ਲਈ ਮਸੀਹੀ ਮਹਾਂ ਸਭਾ (ਐਮ ਐੱਸ ਐੱਸ ) ਬਣੀ ਹੋਈ ਹੈ| ਜਿਸ ਦੀ ਅਗਵਾਈ ਇਸ ਸਮੇਂ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾ ਰਾਏ ਕਰ ਰਹੇ ਹਨ| ਪਰ ਜੋ ਪਾਸਟਰ ਨਿੱਜੀ ਤੌਰ ਉਤੇ ਆਪਣੇ ਡੇਰੇ ਸਥਾਪਤ ਕਰਕੇ ਪ੍ਰਚਾਰ ਕਰ ਰਹੇ ਹਨ, ਉਹਨਾਂ ਉਤੇ ਇਸ ਸੰਸਥਾ ਦਾ ਕੋਈ ਕੰਟਰੋਲ ਨਹੀਂ ਹੈ| ਇਹੀ ਪਾਸਟਰ ਸਿਖ ਧਰਮ ਨਾਲ ਤਣਾਅ ਪੈਦਾ ਕਰ ਰਹੇ ਹਨ| ਲੋੜ ਇਸ ਗਲ ਦੀ ਹੈ ਕਿ ਸਿਖੀ ਦੇ ਵਧੀਆ ਪ੍ਰਚਾਰਕ ਗਰੀਬ ਬਸਤੀਆਂ ਵਿਚ ਲਗਾਏ ਜਾਣ| ਜਿਥੇ ਜਿਥੇ ਈਸਾਈ ਕਰਨ ਵਧ ਹੋਇਆ ਹੈ ਉਥੇ ਵਧ ਤੋ ਵਧ ਸਿਖੀ ਦਾ ਪ੍ਰਚਾਰ ਕੀਤਾ ਜਾਵੇ| ਗਰੀਬਾਂ ਦੇ ਹਿਤ ਵਿਚ ਵਧੀਆ ਸਕੂਲ ਤੇ ਹਸਪਤਾਲ ਖੋਲੇ ਜਾਣ|
-ਰਜਿੰਦਰ ਸਿੰਘ ਪੁਰੇਵਾਲ