image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ੍ਰੀ ਦਰਬਾਰ ਸਾਹਿਬ ਦਾ ਨਿਰਮਾਣ, ਆਦਿ ਗ੍ਰੰਥ ਦੀ ਸੰਪਾਦਨਾ ਤੇ ਪ੍ਰਕਾਸ਼ ਅਤੇ ਧਰਮ ਦੀ ਪਰਿਭਾਸ਼ਾ ਕੀ ਹੈ ?

ਪੰਜਵੇਂ ਗੁਰੂ ਅਰਜਨ ਪਾਤਸ਼ਾਹ ਨੇ ਸਿੱਖ ਧਰਮ ਦੀ ਨਿਵੇਕਲੀ, ਸਮਾਜੀ ਤੇ ਰਾਜਸੀ ਹਸਤੀ ਸਥਾਪਤ ਕਰਨ ਦੀ ਦਿਸ਼ਾ ਵੱਲ ਦੋ ਬਹੁਤ ਅਹਿਮ ਤੇ ਨਿਰਣਾਇਕ ਕਦਮ ਚੁੱਕੇ । ਪਹਿਲਾ ਆਦਿ ਗ੍ਰੰਥ ਦੀ ਸੰਪਾਦਨਾ ਤੇ ਫਿਰ ਜਿਥੇ ਆਦਿ ਗ੍ਰੰਥ ਦਾ ਪ੍ਰਕਾਸ਼ ਕਰਨਾ ਸੀ ਉਥੇ ਦਰਬਾਰ ਸਾਹਿਬ ਦਾ ਨਿਰਮਾਣ ਕਰਨਾ । ਗੁਰੂ ਅਰਜਨ ਪਾਤਸ਼ਾਹ ਨੇ ਦਰਬਾਰ ਸਾਹਿਬ ਦਾ ਢਾਂਚਾ ਅਤੇ ਨਕਸ਼ਾ ਇਸ ਹਿਸਾਬ ਨਾਲ ਉਲੀਕਿਆ ਕਿ ਸਿੱਖੀ ਦੇ ਫਲਸਫੇ ਤੇ ਇਸ ਦੇ ਬੁਨਿਆਦੀ ਸਿਧਾਂਤਾਂ ਦਾ ਚਿੰਨ ਹੋ ਗੁਜਰਿਆ । ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਸਥਾਪਨਾ ਕਰਨ ਵੇਲੇ ਧਰਮ ਅਤੇ ਰੂਹਾਨੀਅਤ ਬਾਰੇ ਰਵਾਇਤੀ ਭਾਰਤੀ ਪਰੰਪਰਾ ਨਾਲੋਂ ਇਕ ਵੱਖਰੀ ਤੇ ਨਿਵੇਕਲੀ ਲੀਹ ਤੋਰੀ ਸੀ, ਉਸੇ ਤਰ੍ਹਾਂ ਦਰਬਾਰ ਸਾਹਿਬ ਦੀ ਉਸਾਰੀ ਕਰਨ ਵੇਲੇ ਗੁਰੂ ਅਰਜਨ ਸਾਹਿਬ ਨੇ ਮੰਦਰ ਭਵਨ ਕਲਾ ਬਾਰੇ ਭਾਰਤੀ ਸੰਕਲਪ ਤੇ ਪਰੰਪਰਾ ਨਾਲੋਂ ਤਿੱਖਾ ਨਿਖੇੜਾ ਕਰਦੇ ਹੋਏ ਇਮਾਰਤ ਕਲਾ ਦਾ ਇਕ ਮੂਲੋਂ ਹੀ ਨਿਵੇਕਲਾ ਨਮੂਨਾ ਪੇਸ਼ ਕੀਤਾ । ਪ੍ਰਚੱਲਤ ਹਿੰਦੂ ਰਵਾਇਤ ਅਨੁਸਾਰ ਹਰੇਕ ਹਿੰਦੂ ਮੰਦਰ ਅੰਦਰ ਕਿਸੇ ਦੇਵੀ ਜਾਂ ਦੇਵਤੇ ਦੀ ਉਪਾਸਨਾ ਕੀਤੀ ਜਾਂਦੀ ਹੈ । ਇਸ ਕਰਕੇ ਹਿੰਦੂ ਪਰੰਪਰਾ ਅੰਦਰ ਦੇਵੀ ਦੇਵਤਿਆਂ ਦੇ ਬੁੱਤਾਂ ਤੇ ਮੂਰਤੀਆਂ ਤੋਂ ਸਖਣੇ ਕਿਸੇ ਮੰਦਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਕੇਸਾਧਾਰੀ ਹਿੰਦੂ ਮਹੰਤਾਂ ਨੇ ਦਰਬਾਰ ਸਾਹਿਬ ਨੂੰ ਵੀ ਹਿੰਦੂ ਮੰਦਰ ਦਰਜ ਕਰਾਉਣ ਲਈ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਪੂਜਾ ਕਰਾਉਣੀ ਅਰੰਭ ਕਰ ਦਿੱਤੀ ਸੀ । ਪਰ ਉਸ ਵੇਲੇ ਭਾਈ ਕਾਨ੍ਹ ਸਿੰਘ ਨਾਭਾ ਅਤੇ ਗਿਆਨੀ ਦਿੱਤ ਸਿੰਘ ਜੀ ਹੁਰਾਂ ਨੇ ਉਪਰਾਲਾ ਕਰਕੇ ਦਰਬਾਰ ਸਾਹਿਬ ਦੀ ਪਰਕਰਮਾ ਵਿੱਚੋਂ ਮੂਰਤੀਆਂ ਚੁੱਕਵਾ ਦਿੱਤੀਆਂ ਸਨ । 1920-21 ਵਿੱਚ ਜਦੋਂ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲਿਆ ਤਾਂ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲਿਆਉਣ ਤੇ ਸਖਤੀ ਨਾਲ ਪਾਬੰਦੀ ਲਾ ਦਿੱਤੀ ਗਈ ਸੀ । ਜਦੋਂ ਦਰਬਾਰ ਸਾਹਿਬ ਦੇ ਅੰਦਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਪਾਬੰਦੀ ਲਾ ਦਿੱਤੀ ਗਈ ਤਾਂ ਅੰਮ੍ਰਿਤਸਰ ਸ਼ਹਿਰ ਦੇ ਹਿੰਦੂਆਂ ਨੇ ਦਰਬਾਰ ਸਾਹਿਬ ਦੇ ਨਮੂਨੇ ਤੇ ਦੁਰਗਿਆਨਾ ਮੰਦਰ ਦਾ ਨਿਰਮਾਣ ਕਰਕੇ ਉਸ ਵਿੱਚ ਵੱਖ-ਵੱਖ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਤੇ ਹਿੰਦੂ ਰੀਤ ਅਨੁਸਾਰ ਪੂਜਾ ਕਰਨੀ ਸ਼ੁਰੂ ਕਰ ਦਿੱਤੀ । ਦੁਰਗਿਆਨਾ ਮੰਦਰ ਦੇ ਅੰਦਰ ਪੱਥਰ ਦੇ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਪਰ ਸਿੱਖਾਂ ਦੇ ਕੇਂਦਰੀ ਗੁਰਦੁਆਰੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੁੱਗੋ ਜੁਗ ਅਟੱਲ ਚੱਵਰ, ਛਤਰ ਦੇ ਮਾਲਕ ਹਾਜਰਾ ਹਜ਼ੂਰ ਜ਼ਾਹਿਰਾ ਜ਼ਹੂਰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਮੁੱਚੇ ਬ੍ਰਹਿਮੰਡ ਦੇ ਕਰਤਾ ਅਕਾਲ ਪੁਰਖ ਦੀ ਸਿਫਤ ਸਲਾਹ ਵਾਲੀ ਧੁਰ ਕੀ ਬਾਣੀ ਦਾ ਇਲਾਹੀ ਸ਼ਬਦ-ਕੀਰਤਨ ਹੁੰਦਾ ਹੈ ।
ਗੁਰੂ ਕਾਲ ਵੇਲੇ (ਤੇ ਅੱਜ ਵੀ) ਧਾਰਮਿਕ ਪੂਜਾ-ਸਥਾਨਾਂ ਦਾ ਨਿਰਮਾਣ ਕਰਨ ਵੇਲੇ ਜੋ ਰੀਤ ਅਪਣਾਈ ਜਾਂਦੀ ਸੀ, ਉਹ ਇਹ ਸੀ ਕਿ ਪੂਜਾ-ਅਸਥਾਨ ਦਾ ਦਰਵਾਜ਼ਾ ਉਸ ਧਰਮ ਦੇ ਪ੍ਰਚੱਲਤ ਵਿਸ਼ਵਾਸ਼ ਅਨੁਸਾਰ ਪਵਿੱਤਰ ਸਮਝੀ ਜਾਂਦੀ ਖਾਸ ਦਿਸ਼ਾ ਵੱਲ ਰੱਖਿਆ ਜਾਂਦਾ ਸੀ । ਹਿੰਦੂ ਮੰਦਰ ਦਾ ਦਰਵਾਜ਼ਾ ਪੂਰਬ ਵੱਲ ਰੱਖਦੇ ਸਨ ਤੇ ਮੁਸਲਮਾਨ ਮਸੀਤ ਦਾ ਦਰਵਾਜ਼ਾ ਪੱਛਮ ਵੱਲ ਰੱਖਦੇ ਸਨ । ਪਰ ਇਸ ਰੀਤ ਦੇ ਬਿਲਕੁੱਲ ਉਲਟ ਗੁਰੂ ਅਜਰਨ ਪਾਤਸ਼ਾਹ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਸਾਰੀਆਂ ਦਿਸ਼ਾਵਾਂ ਵੱਲ ਖੁੱਲੇ੍ਹ ਰੱਖੇ, ਇਹ ਗੱਲ ਦਰਸਾਉਣ ਲਈ ਕਿ ਰੱਬ ਕਿਸੇ ਖਾਸ ਦਿਸ਼ਾ ਵਿੱਚ ਨਹੀਂ ਸਗੋਂ ਹਰ ਦਿਸ਼ਾ ਵਿੱਚ ਅਤੇ ਹਰ ਜਗ੍ਹਾ ਉੱਤੇ ਵੱਸਦਾ ਹੈ । ਜਿਥੇ ਹਿੰਦੂ ਮੰਦਰਾਂ ਵਿੱਚ ਸਿਰਫ ਖਾਸ ਜਾਤਾਂ ਦੇ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਸੀ, ਉਥੇ ਦਰਬਾਰ ਸਾਹਿਬ ਦੇ ਅੰਦਰ ਆਉਣ ਲਈ ਸਮੂਹ ਜਾਤਾਂ ਲਈ ਦਰਵਾਜ਼ੇ ਖੁੱਲ੍ਹੇ ਸਨ । ਸ੍ਰੀ ਦਰਬਾਰ ਸਾਹਿਬ ਦਾ ਨਿਰਮਾਣ ਹਿੰਦੂ ਤੇ ਮੁਸਲਮਾਨ ਰੀਤਾਂ ਦਾ ਐਲਾਨੀਆ ਨਿਖੇਧ ਸੀ । ਜਿਥੇ ਮੁਸਲਮਾਨਾਂ ਦੀਆਂ ਮਸੀਤਾਂ ਅੰਦਰ ਸਿਰਫ ਮਰਦਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ, ਉਥੇ ਦਰਬਾਰ ਸਾਹਿਬ ਦੇ ਅੰਦਰ ਔਰਤਾਂ ਦੇ ਦਾਖਲੇ ਉੱਤੇ ਕੋਈ ਪਾਬੰਦੀ ਨਹੀਂ ਹੈ । ਦਰਬਾਰ ਸਾਹਿਬ ਗੁਰੂ ਸਾਹਿਬਾਨ ਦੀਆਂ ਇਨ੍ਹਾਂ ਸਿੱਖਿਆਵਾਂ ਦਾ ਮੁਜਸਮਾ ਹੈ ਕਿ ਹਰ ਜਾਤ ਤੇ ਧਰਮ ਦੇ ਮਰਦ ਤੇ ਔਰਤ ਬਰਾਬਰ ਹਨ ਅਤੇ ਰੱਬ ਦੀਆਂ ਨਜ਼ਰਾਂ ਵਿੱਚ ਸਭ ਨੂੰ ਇਕੋ ਜਿਹਾ ਮਾਣ ਸਤਿਕਾਰ ਹਾਸਲ ਹੈ । ਹਿੰਦੂ ਮੰਦਰ ਆਮ ਕਰਕੇ ਜ਼ਮੀਨੀ ਪੱਧਰ ਨਾਲੋਂ ਉੱਚੀ ਜਗ੍ਹਾ ਤੇ ਉਸਾਰੇ ਜਾਂਦੇ ਹਨ ਅਤੇ ਮੰਦਰ ਵਿੱਚ ਦਾਖਲ ਹੋਣ ਲਈ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ । ਪਰ ਦਰਬਾਰ ਸਾਹਿਬ ਦਾਖਲ ਹੋਣ ਲਈ ਪੌੜੀਆਂ ਰਾਹੀਂ ਨੀਵਾਂ ਉਤਰਨਾ ਪੈਂਦਾ ਹੈ । ਇਹ ਨਿਆਰਾ ਤੱਥ ਸਿੱਖ ਧਰਮ ਦੇ ਉਸ ਮੂਲ ਅਕੀਦੇ ਦਾ ਢੁੱਕਵਾਂ ਪ੍ਰਗਟਾਵਾ ਕਰਦਾ ਹੈ ਕਿ ਕੋਈ ਉੱਚਾ ਹੋਵੇ ਜਾਂ ਨੀਵਾਂ, ਅਮੀਰ ਹੋਵੇ ਜਾਂ ਗਰੀਬ ਰੱਬ ਦੇ ਦਰ ਤੇ ਆਉਣ ਲਈ ਨੀਵਾਂ ਹੀ ਉਤਰਨਾ ਪੈਂਦਾ ਹੈ, ਭਾਵ ਨਿਵੈ ਸੁ ਗਉਰਾ ਹੋਇ । ਸਾਈਂ ਮੀਆਂ ਮੀਰ ਕੋਲੋਂ ਦਰਬਾਰ ਸਾਹਿਬ ਦੀ ਨੀਂਹ ਰਖਾਉਣੀ ਗੁਰੂ ਅਰਜਨ ਪਾਤਸ਼ਾਹ ਦਾ ਕੋਈ ਸੰਯੋਗੀ ਕਦਮ ਨਹੀਂ ਸੀ, ਸਗੋਂ ਇਹ ਵੀ ਸਿੱਖ ਧਰਮ ਦੇ ਮੂਲ ਵਿਸ਼ਵਾਸ਼ ਦਾ ਪ੍ਰਗਟਾਵਾ ਸੀ ਕਿ ਸਾਰੀ ਮਨੁੱਖਤਾ ਬਰਾਬਰ ਹੈ ਅਤੇ ਧਰਮ, ਜਾਤ, ਨਸਲ ਜਾਂ ਰੰਗ ਦੇ ਆਧਾਰ &lsquoਤੇ ਮਨੁੱਖ ਜਾਤੀ ਵਿੱਚਕਾਰ ਭੇਦ-ਭਾਵ ਦਾ ਵਰਤਾਰਾ ਦੈਵੀ ਨਿਯਮ ਦੀ ਉਲੰਘਣਾ ਹੈ । ਸਰਬ-ਸਾਂਝੀਵਾਲਤਾ ਦੀ ਇਹ ਸਪਿਰਟ ਸਿੱਖ ਧਰਮ ਦਾ ਇਹ ਨਿਆਰਾ ਲੱਛਣ ਹੈ ਜੋ ਇਸ ਨੂੰ ਬਾਕੀ ਸਾਰੇ ਧਰਮਾਂ ਨਾਲੋਂ ਵੱਖਰਾਉਂਦਾ ਹੈ ਅਤੇ ਦਰਬਾਰ ਸਾਹਿਬ ਸਿੱਖ ਧਰਮ ਦੇ ਇਸ ਅਨੂਠੇਪਣ ਦਾ ਲਿਸ਼ਕਦਾ ਚਿੰਨ ਹੈ, ਭਾਵ ਵੱਡਾ ਤੇਰਾ ਦਰਬਾਰ ਸਚਾ ਤੁਧੁ ਤਖਤੁ (ਗੁ: ਗ੍ਰੰ: ਸਾ: ਪੰਨਾ 964) ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਸਿੱਖ ਧਰਮ ਦੇ ਜਿਸ ਤਖ਼ਤ ਉੱਤੇ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ ਉਹ ਦਰਬਾਰ ਸਾਹਿਬ ਹੈ ਨਾ ਕਿ ਸੱਚਖੰਡ ਹਰਮੰਦਰ ਸਾਹਿਬ । ਇਹ ਪਵਿੱਤਰ ਦਰਬਾਰ ਸੋਲਵੀਂ ਸਦੀ ਵਿੱਚ ਉਸਾਰਿਆ ਗਿਆ ਸੀ । ਆਪਣੀ ਸਥਾਪਤੀ ਦੇ ਅਰੰਭ ਤੋਂ ਹੀ ਇਹ ਦਰਬਾਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਨੀਵੀਂ ਸਦੀ (1830) ਨੂੰ ਜਦੋਂ ਇਸ ਕੇਂਦਰੀ ਸਿੱਖ ਗੁਰਦੁਆਰੇ, ਦਰਬਾਰ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੇ ਪੱਤਰਾਂ ਨਾਲ ਮੜ੍ਹਿਆ ਤਾਂ ਉਸ ਨੇ ਵੀ ਮੁੱਖ ਦੁਆਰ ਦੇ ਥੋੜ੍ਹਾ ਉੱਪਰ ਯਾਦਗਾਰੀ ਪੱਤਰੇ ਉੱਤੇ ਉਕਰੀ ਇਬਾਰਤ ਵਿੱਚ ਇਸ ਨੂੰ ਦਰਬਾਰ ਸਾਹਿਬ ਦੇ ਨਾਂਅ ਨਾਲ ਹੀ ਅੰਕਿਤ ਕੀਤਾ ਹੈ । ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਮਾਝ ਰਾਗ ਦੀ ਬਾਣੀ ਵਿੱਚ ਇਸ ਨੂੰ ਗੁਰਦਰਬਾਰ ਵਜੋਂ ਵੀ ਰੂਪਮਾਨ ਕੀਤਾ ਹੈ । ਦਰਬਾਰ ਸਾਹਿਬ ਦੇ ਚਾਰ ਦਿਸ਼ਾਵਾਂ ਵੱਲ ਨੂੰ ਖੁੱਲ੍ਹਦੇ ਚਾਰ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਹਨ ਕਿ ਦਰਬਾਰ ਸਾਹਿਬ ਸਾਰੇ ਸੰਸਾਰ ਦੀਆਂ ਉਨ੍ਹਾਂ ਆਜ਼ਾਦੀ ਪਿਆਰੀਆਂ ਕੌਮਾਂ ਅਤੇ ਵਿਅਕਤੀਆਂ ਦੇ ਇਕੱਠ ਲਈ ਸਾਂਝਾ ਰੂਹਾਨੀ ਘਰ ਤੇ ਅਸਥਾਨ ਹੈ, ਜਿਹੜੇ ਮਨੁੱਖ ਦੇ ਬਣਾਏ ਜਾਤੀ ਭੇਦ ਭਾਵ ਛੱਡਣ ਅਤੇ ਰੱਬ ਨੂੰ ਪਿਤਾ ਮਾਤਾ ਮੰਨਦੇ ਆਪਸੀ ਭਾਈਚਾਰਕ ਸਾਂਝ ਘੋਸ਼ਿਤ ਕਰਦੇ ਹਨ, ਭਾਵ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ (ਗੁ: ਗ੍ਰੰ: ਸਾ: ਪੰਨਾ 103) ਅੰਮ੍ਰਿਤਸਰ ਦਾ ਕੇਂਦਰੀ ਸਿੱਖ ਗੁਰਦੁਆਰਾ ਗੋਲਡਨ ਟੈਂਪਲ ਜਾਂ ਇਸ ਦਾ ਹਿੰਦੀ ਤਰਜਮਾ ਸੁਨਹਿਰੀ ਮੰਦਰ ਨਹੀਂ ਹੈ ਸਗੋਂ ਗੁਰੂ ਕਾਲ ਤੋਂ ਹੀ ਗੁਰਦਰਬਾਰ ਦਰਬਾਰ ਸਾਹਿਬ ਹੈ । ਆਦਿ ਗ੍ਰੰਥ ਦੀ ਸੰਪਾਦਨਾ ਤੇ ਪ੍ਰਕਾਸ਼, ਦੁਨੀਆਂ ਦੇ ਕਿਸੇ ਵੀ ਧਰਮ ਗ੍ਰੰਥ ਦੀ ਰਚਨਾ ਉਸ ਧਰਮ ਦੇ ਪੈਗੰਬਰ ਨੇ ਆਪਣੀ ਹੱਥੀਂ ਨਹੀਂ ਕੀਤੀ । ਜ਼ਿਆਦਾਤਰ ਇਹ ਕਾਰਜ ਉਨ੍ਹਾਂ ਪੈਗੰਬਰਾਂ ਦੇ ਸੰਸਾਰ ਤੋਂ ਰੁਖ਼ਸਤ ਹੋ ਜਾਣ ਤੋਂ ਬਾਅਦ ਉਸ ਦੇ ਪੈਰੋਕਾਰਾਂ ਦੁਆਰਾ ਕੀਤਾ ਜਾਂਦਾ ਰਿਹਾ ਹੈ । ਈਸਾਈ ਮੱਤ ਦੇ ਬਾਨੀ ਨੇ ਵੀ ਆਪਣੇ ਸਿਧਾਂਤ ਨੂੰ ਕਿਸੇ ਲਿਖਤ ਦੇ ਰੂਪ ਵਿੱਚ ਪੇਸ਼ ਨਹੀਂ ਕੀਤਾ । ਉਨ੍ਹਾਂ ਸਬੰਧੀ ਵੀ ਮੈਥੀਉ, ਲੂਕਾ, ਜੌਨ ਤੇ ਹੋਰਨਾਂ ਦੀਆਂ ਲਿਖਤਾਂ ਤੇ ਭਰੋਸਾ ਕਰਨਾ ਪੈਂਦਾ ਹੈ । ਅਰਬ ਦੇ ਪੈਗੰਬਰ ਹਜ਼ਰਤ ਮੁਹੰਮਦ ਨੇ ਵੀ ਕੁਰਾਨ ਦੇ ਸਪਾਰਿਆਂ ਨੂੰ ਆਪਣੀ ਕਲਮ ਨਾਲ ਨਹੀਂ ਲਿਖਿਆ ਸਗੋਂ ਉਸ ਨੂੰ ਖਲੀਫਿਆਂ ਜਾਂ ਉਨ੍ਹਾਂ ਦੇ ਨਾਮ ਲੇਵਿਆਂ ਨੇ ਹੀ ਲਿਖਿਆ ਜਾਂ ਇਕੱਠਿਆਂ ਕੀਤਾ । ਮਹਾਤਮਾ ਬੁੱਧ ਦਾ ਇਕ ਵੀ ਪ੍ਰਵਚਨ ਉਸੇ ਰੂਪ ਵਿੱਚ ਨਹੀਂ ਮਿਲਦਾ ਜਿਸ ਰੂਪ ਵਿੱਚ ਉਨ੍ਹਾਂ ਨੇ ਕਦੇ ਉਚਾਰਿਆ ਸੀ । ਪੈਗੰਬਰਾਂ ਦੇ ਕਹੇ ਲਫ਼ਜ਼ ਦੀਵਾ ਲੈ ਕੇ ਭਾਲਿਆਂ ਵੀ ਅੰਜੀਲ ਵਿੱਚ ਨਹੀਂ ਲੱਭਦੇ । ਪੁਰਾਤਨ ਲਿਖਤਾਂ ਦਾ ਮੂੰਹ ਮੁਹਾਂਦਰਾ ਵਿਗਾੜਨ ਵਿੱਚ ਸਨਾਤਨ ਵਾਦੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ । ਸ਼੍ਰੀਮਦ ਭਗਵਤ ਗੀਤਾ ਅਠਾਰਾਂ ਸਲੋਕਾਂ ਤੋਂ ਵੱਧ ਕੇ ਅਠਾਰਾਂ ਅਧਿਆਏ ਬਣ ਚੁੱਕੀ ਹੈ । ਪ੍ਰੰਤੂ ਸਿੱਖ ਗੁਰੂਆਂ ਦੀ ਬਾਣੀ ਉਨ੍ਹਾਂ ਦੇ ਆਪਣੀ ਹੱਥੀਂ ਲਿਖੀ ਤੇ ਸੰਭਾਲੀ ਹੋਈ ਮਿਲਦੀ ਹੈ ਅਤੇ ਜੋ ਸਿੱਖੀ ਦੇ ਸਿਧਾਂਤ ਤੇ ਸਿੱਖਿਆ ਸਿੱਖ ਗੁਰੂ ਸਾਹਿਬ ਨੇ ਦਿੱਤੀ ਉਸ ਦਾ ਪਤਾ ਉਨ੍ਹਾਂ ਦੀਆਂ ਲਿਖਤਾਂ ਤੋਂ ਹੀ ਲੱਗਦਾ ਹੈ । ਤ੍ਰੈਕਾਲ ਦਰਸ਼ੀ ਸਤਿਗੁਰੂ ਨਾਨਕ ਮਹਾਂ ਪਰਉਪਕਾਰੀ ਨੇ ਆਪਣੇ ਜਗਤ ਕਲਿਆਣਕਾਰੀ ਬੋਲਾਂ ਨੂੰ ਸਾਂਭਣ ਦਾ ਅਜਿਹਾ ਨਿੱਗਰ ਉਪਰਾਲਾ ਕੀਤਾ ਕਿ ਅੱਜ ਵੀ ਉਹ ਸਾਨੂੰ ਉਸੇ ਰੂਪ ਵਿੱਚ ਉਹੋ ਨਿਰਮਲ ਆਭਾ ਪ੍ਰਸਾਰਦੇ ਨਜ਼ਰ ਆ ਰਹੇ ਹਨ । 
ਸਤਿਗੁਰੂ ਨਾਨਕ ਸਾਹਿਬ ਨੇ ਦੇਵ ਭਾਸ਼ਾ ਸੰਸਕ੍ਰਿਤ, ਫਾਰਸੀ, ਅਰਬੀ, ਪਾਲੀ ਦੀ ਬਜਾਏ ਆਪਣੀ ਬਾਣੀ ਗੁਰਮੁੱਖੀ ਲਿਪੀ ਵਿੱਚ ਲਿਖੀ । ਗੁਰਮੁੱਖੀ ਲਿਪੀ ਵਿੱਚ ਉਸ ਵੇਲੇ ਦੀ ਲੋਕ-ਬੋਲੀ ਨੂੰ ਸਮਾਜਿਕ ਅਤੇ ਧਾਰਮਿਕ ਉਦੇਸ਼ ਦਾ ਮਾਧਿਅਮ ਬਣਾਇਆ ਤਾਂ ਕਿ ਗਰੀਬ ਅਤੇ ਅਖੌਤੀ ਛੋਟੀਆਂ ਜਾਤੀਆਂ ਦੇ ਲੋਕਾਂ ਨੂੰ ਗੁਰਮਤਿ ਵਿਚਾਰਧਾਰਾ ਦੀ ਸਹਿਜੇ ਹੀ ਸਮਝ ਆ ਸਕੇ । ਸਤਿਗੁਰੂ ਨਾਨਕ ਤੋਂ ਹੀ ਬਾਣੀ ਦੀ ਸਾਂਭ ਸੰਭਾਲ ਸ਼ੁਰੂ ਹੋ ਗਈ ਸੀ । ਹਰ ਉੱਤਰ-ਅਧਿਕਾਰੀ ਗੁਰੂ ਨੂੰ ਵਿਰਸੇ ਵਿੱਚ ਗੁਰ-ਗੱਦੀ ਮਿਲਣ ਸਮੇਂ ਪੂਰਵ ਗੁਰੂ ਦੀ ਬਾਣੀ ਵੀ ਪ੍ਰਾਪਤ ਹੁੰਦੀ ਸੀ । ਪੰਜਵੇਂ ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਸਮੇਤ, ਪਹਿਲੇ ਚਾਰ ਗੁਰੁ ਸਾਹਿਬਾਨ ਦੀ ਬਾਣੀ, ਭਟਾਂ ਦੀ ਬਾਣੀ, ਭਗਤਾਂ ਅਤੇ ਮੁਸਲਮਾਨ ਸੂਫੀ ਦਰਵੇਸ਼ਾਂ ਦੀ ਚੋਣਵੀਂ ਬਾਣੀ ਦਾ ਸੰਕਲਨ ਕਰਕੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ । ਗੁਰੂ ਅਰਜਨ ਪਾਤਸ਼ਾਹ ਨੇ ਆਦਿ ਗ੍ਰੰਥ ਨੂੰ ਪੋਥੀ ਪ੍ਰਮੇਸ਼ਰ ਕਾ ਥਾਨ ਐਲਾਨਿਆ (ਗੁ: ਗ੍ਰੰ: ਸਾ: ਪੰਨਾ 1226 ਸਾਰਗ ਮਹਲਾ 5) ਇਸ ਤੋਂ ਵੀ ਵੱਧ ਮਹੱਤਵ ਪੂਰਨ ਗੱਲ ਇਹ ਹੈ ਕਿ ਦੁਨੀਆਂ ਦੇ ਕਿਸੇ ਵੀ ਹੋਰ ਧਰਮ ਗ੍ਰੰਥ ਅੰਦਰ ਉਸ ਧਰਮ ਤੋਂ ਬਾਹਰਲੇ ਕਿਸੇ ਸੰਤ ਮਹਾਤਮਾ ਦੀ ਬਾਣੀ ਦਰਜ ਨਹੀਂ ਹੈ । ਪਰ ਗੁਰੂ ਅਰਜਨ ਪਾਤਸ਼ਾਹ ਨੇ ਵੱਖ-ਵੱਖ ਜਾਤਾਂ, ਧਰਮਾਂ ਦੇ ਭਗਤਾਂ, ਤੇ ਮੁਸਲਮਾਨ ਸੂਫੀ ਦਰਵੇਸ਼ਾਂ ਦੀ ਬਾਣੀ ਦਰਜ ਕੀਤੀ । ਇਸ ਵਿੱਚ ਦੋ ਗੱਲਾਂ ਸਿੱਧ ਹੁੰਦੀਆਂ ਹਨ । ਇਕ ਤਾਂ ਇਹ ਕਿ ਗੁਰੂ ਅਰਜਨ ਪਾਤਸ਼ਾਹ ਨੇ ਬਾਣੀ ਦੀ ਚੋਣ ਕਰਨ ਵੇਲੇ ਬਾਣੀਕਾਰ ਦੇ ਧਰਮ ਜਾਂ ਜਾਤ ਦਾ ਕੋਈ ਵਿਚਾਰ ਨਹੀਂ ਕੀਤਾ । ਦੂਸਰਾ ਇਹ ਤੱਥ ਗੁਰੂ ਅਰਜਨ ਪਾਤਸ਼ਾਹ ਦੇ ਸਰਬ-ਸਾਂਝੀਵਾਲਤਾ ਦੇ ਸਿਧਾਂਤ ਦੀ ਪੁਸ਼ਟੀ ਕਰਦਾ ਹੈ । ਪਰ ਇਸ ਦੇ ਨਾਲ ਨਾਲ ਇਕ ਹੋਰ ਵੀ ਬਹੁਤ ਅਹਿਮ ਨੁਕਤਾ ਵਿਚਾਰਨ ਵਾਲਾ ਇਹ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਭਗਤਾਂ ਤੇ ਮੁਸਲਮਾਨ ਸੂਫੀ ਸੰਤਾਂ ਦੀ ਬਾਣੀ ਦੀ ਚੋਣ ਕੋਈ ਅਸੂਲੀ ਅਧਾਰ ਮਿੱਥੇ ਬਗੈਰ ਐਵੇਂ ਕਿਵੇਂ ਹੀ (ਰਾਂਞਧੂਙਟਯ) ਨਹੀਂ ਸੀ ਕਰ ਲਈ । ਇਸ ਮਾਮਲੇ ਵਿੱਚ ਇਕ ਵਿਸ਼ੇਸ਼ ਨਿਯਮ ਦੀ ਪੱਕਿਆਈ ਨਾਲ ਪਾਲਣਾ ਕੀਤੀ ਗਈ ਸੀ । ਗੁਰੂ ਸਾਹਿਬ ਨੇ ਪਵਿੱਤਰ ਬਾਣੀ ਦੀ ਚੋਣ ਕਰਨ ਵੇਲੇ ਇਕੋ ਸਾਂਝੇ ਰੱਬ ਦੇ ਸਿਧਾਂਤ ਅਤੇ ਮਨੁੱਖੀ ਭਾਈਚਾਰੇ ਵਿੱਚ ਵਿਸ਼ਵਾਸ਼ ਨੂੰ ਮੁੱਖ ਰੱਖਿਆ । ਵਰਣ ਅਤੇ ਧਰਮ ਦੇ ਆਧਾਰ &lsquoਤੇ ਮਨੁੱਖਤਾ ਵਿੱਚਕਾਰ ਵਿਤਕਰੇ ਦੀਆਂ ਭੇਦ ਰੇਖਾਵਾਂ ਖਿੱਚਣ ਵਾਲੀ ਸੋਚ ਨੂੰ ਪੂਰੀ ਸਖਤਾਈ ਨਾਲ ਰੱਦ ਕਰ ਦਿੱਤਾ ਗਿਆ । ਇਹ ਇਕ ਅਜਿਹਾ ਅਸੂਲ ਦਾ ਮਾਮਲਾ ਸੀ, ਜਿਸ ਬਾਰੇ ਗੁਰੂ ਅਰਜਨ ਪਾਤਸ਼ਾਹ ਨੇ ਜਰਾ ਜਿੰਨੀ ਵੀ ਸਿਧਾਂਤਕ ਛੋਟ ਕਿਸੇ ਨੂੰ ਨਹੀਂ ਦਿੱਤੀ । ਗੁਰੂ ਨਾਨਕ ਜੋਤ ਦੇ ਆਸ਼ੇ ਦੇ ਉਲਟ ਕਿਸੇ ਵੀ ਭੱਟ, ਭਗਤ ਜਾਂ ਮੁਸਲਮਾਨ ਸੂਫ਼ੀ ਸੰਤ ਦੀ ਸਮੁੱਚੀ ਬਾਣੀ ਗੁਰੂ ਦਾ ਦਰਜਾ ਨਹੀਂ ਰੱਖ ਸਕਦੀ । ਭਟਾਂ ਨੇ ਗੁਰੂ ਸਾਹਿਬਾਨ ਦੀ ਇਸ ਸਿਧਾਂਤਕ ਅਡੋਲਤਾ ਦਾ ਉਲੇਖ ਇਸ ਤਰ੍ਹਾਂ ਕੀਤਾ ਹੈ : ਝਖੜ ਵਾਉ ਨ ਡੋਲਈ ਪਰਬਤ ਮੇਰਾਣ (ਗੁ: ਗੰ੍ਰ: ਸਾ: ਪੰਨਾ 968) ਇਸ ਵਜ੍ਹਾ ਕਰਕੇ ਸਿਧਾਂਤਕ ਅਸੂਲਾਂ ਅਨੁਸਾਰ, ਚੋਣਵੇਂ ਭਗਤਾਂ, ਚੋਣਵੇਂ ਸੂਫੀ ਦਰਵੇਸ਼ਾਂ ਦੀ ਬਾਣੀ ਦੇ ਕੁਝ ਚੋਣਵੇਂ ਭਾਗ ਹੀ ਆਦਿ ਗ੍ਰੰਥ ਵਿੱਚ ਦਰਜ ਕੀਤੇ ਗਏ, ਤੇ ਉਨ੍ਹਾਂ ਦੀ ਬਾਣੀ ਸਮੁੱਚੇ ਰੂਪ ਵਿੱਚ ਨਹੀਂ ਲਈ ਗਈ । ਦੈਵੀ ਲਿਵ ਵਿੱਚ ਕਿਸੇ ਇਨਸਾਨ ਦੇ ਕੁਝ ਖਾਲਸ ਅਮਲ ਹੀ ਗੁਰੂ ਨਾਨਕ ਅਮਲ ਦੀ ਸੰਪੂਰਨਤਾ ਦਾ ਅੰਗ ਹਨ । 
ਅਗਸਤ 1604 ਈ: ਨੂੰ ਗੁਰੂ ਅਰਜਨ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਜਿਹੜੀ ਆਦਿ ਗ੍ਰੰਥ ਲਿਖਣ ਦੀ ਸੇਵਾ ਲਾਈ ਸੀ, ਉਹ ਸੰਪੂਰਨ ਹੋਈ । ਗੁਰੂ ਅਰਜਨ ਪਾਤਸ਼ਾਹ ਨੇ ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਸੰਪਨ ਕਰਨ ਤੋਂ ਬਾਅਦ ਚੱਵਰ, ਛੱਤਰ ਦੇ ਮਾਲਕ ਜੁੱਗੋ ਜੁੱਗ ਅਟੱਲ ਆਦਿ ਗ੍ਰੰਥ (ਗੁਰੂ ਗ੍ਰੰਥ) ਦਾ ਪ੍ਰਕਾਸ਼ ਕਰਨ ਲਈ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਉਚੇਚਾ ਪ੍ਰਬੰਧ ਕੀਤਾ । ਦਰਬਾਰ ਸਾਹਿਬ ਅੰਦਰ ਚੱਵਰ-ਛੱਤਰ ਦਾ ਪ੍ਰਤੀਕ ਚੰਦੋਆ ਅਤੇ ਤਖ਼ਤ ਦਾ ਪ੍ਰਤੀਕ ਮੰਜੀ ਸਾਹਿਬ ਸੁਸ਼ੋਭਿਤ ਕੀਤਾ ਗਿਆ । ਗੁਰ ਰਾਮਦਾਸ ਅਸਥਾਨ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੁ ਸਾਹਿਬ ਸੰਗਤਾਂ ਸਮੇਤ ਆਦਿ ਗ੍ਰੰਥ ਦੀ ਪਵਿੱਤਰ ਬੀੜ ਨੂੰ ਬਾਬਾ ਬੁੱਢਾ ਜੀ ਦੇ ਸੀਸ &lsquoਤੇ ਸਜਾ ਕੇ ਲਿਆਏ, ਸੰਗਤਾਂ ਨੇ ਛੱਤਰ ਝੁਲਾਇਆ ਤੇ ਚੌਰ ਦੀ ਸੇਵਾ ਗੁਰੂ ਅਰਜਨ ਪਾਤਸ਼ਾਹ ਨੇ ਆਪ ਕੀਤੀ ਤੇ ਪੂਰੇ ਅਦੱਬ ਸਤਿਕਾਰ ਨਾਲ ਮੰਜੀ ਸਾਹਿਬ (ਤਖ਼ਤ) ਉੱਤੇ ਪਾਵਨ ਪਵਿੱਤਰ ਆਦਿ ਗ੍ਰੰਥ (ਗੁਰੂ ਗ੍ਰੰਥ) ਦਾ ਪ੍ਰਕਾਸ਼ ਕੀਤਾ ਗਿਆ । ਬਾਬਾ ਬੁੱਢਾ ਜੀ ਨੇ ਵਾਕ ਲਿਆ : 
ਸੰਤਾਂ ਦੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣ ਆਇਆ ਰਾਮ ॥
ਧਰਤ ਸੁਹਾਣੀ ਤਾਲੁ ਸੁਹਾਣਾ ਵਿਚਿ ਅੰਮ੍ਰਿਤ ਜਲ ਛਾਇਆ ਰਾਮ ॥
ਅੰਮ੍ਰਿਤ ਜਲ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰ ਭਇਆ ਜਰਾ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸ ਵੇਦ ਪੁਰਾਣੀ ਗਾਇਆ ॥ 
ਆਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮ ਧਿਆਇਆ ॥ ਅੰਗ 783
(ਭਾਵ - ਸਰਬ ਸ਼ਕਤੀਮਾਨ ਅਹਿਲ ਤੇ ਅਮਰ ਅਕਾਲ ਪੁਰਖ ਦੀ ਕੀਰਤੀ ਵੇਦ ਅਤੇ ਪੁਰਾਣ ਵੀ ਗਾਇਨ ਕਰਦੇ ਹਨ ।)
ਅਸੀਂ ਹੱਥਲੇ ਲੇਖ ਦੇ ਪਹਿਲੇ ਹਿੱਸੇ ਵਿੱਚ ਲਿਖ ਆਏ ਹਾਂ ਕਿ ਸਾਰੇ ਧਰਮਾਂ ਕੋਲ ਆਪਣੇ ਪੈਗੰਬਰਾਂ ਅਵਤਾਰਾਂ ਦੇ ਸਹੀ ਬੋਲ ਨਹੀਂ ਹਨ ਤੇ ਉਨ੍ਹਾਂ ਨੇ ਮਨੁੱਖੀ ਲੋੜਾਂ ਨੂੰ ਮੁੱਖ ਰੱਖ ਕੇ ਧਰਮ ਦੀ ਵਿਆਖਿਆ ਕੀਤੀ ਹੈ । ਪਰ ਸਿੱਖ ਗੁਰੂਆਂ ਨੇ ਆਪਣੀ ਬਾਣੀ ਆਪਣੇ ਹੱਥੀਂ ਲਿਖੀ ਤੇ ਆਪਣੇ ਹੱਥੀਂ ਸੰਭਾਲੀ ਤੇ ਬਾਣੀ ਦੀ ਵਿਆਖਿਆ ਵੀ ਬਾਣੀ ਰਾਹੀਂ ਹੀ ਆਪ ਹੀ ਕੀਤੀ । ਅਤੇ ਸਿੱਖ ਗੁਰੂਆਂ ਨੇ ਧੁਰ ਕੀ ਬਾਣੀ ਦੀ ਵਿਆਖਿਆ ਵੀ ਆਪਣੀ ਬਾਣੀ ਰਾਹੀਂ ਹੀ ਕੀਤੀ ਹੈ । ਮੂਲ-ਮੰਤਰ, ਜਪੁ-ਬਾਣੀ ਦਾ ਮੰਗਲਾਚਰਣ ਹੈ ਤੇ ਜਪੁਜੀ ਸਾਹਿਬ ਮੰਗਲਾ ਚਰਣ ਦੀ ਵਿਆਖਿਆ ਹੈ, ਤੇ ਗੁਰੂ ਗ੍ਰੰਥ ਜਪੁਜੀ ਸਾਹਿਬ ਦੀ ਵਿਆਖਿਆ ਹੈ । ਸਿੱਖ ਧਰਮ ਦੇ ਇਸ ਪਾਵਨ ਪਵਿੱਤਰ ਧਰਮ-ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਿਆਈ ਅਤੇ ਅਚਰਜ ਸੋਭਾ ਇਸ ਤੱਥ ਉੱਤੇ ਆਧਾਰਿਤ ਹੈ ਕਿ ਇਹ ਅੱਜ ਸਹੀ ਅਰਥਾਂ ਵਿੱਚ ਮਾਨਵ-ਭਾਈਚਾਰੇ ਅਤੇ ਵਿਸ਼ਵ-ਏਕਤਾ ਦਾ ਵੱਡਮੁੱਲਾ ਅਜਿਹਾ ਸਰੋਤ ਗ੍ਰੰਥ ਹੈ ਜਿਸ ਵਿੱਚ ਕਿਸੇ ਪ੍ਰਕਾਰ ਦੀ ਵਰਨ ਵੰਡ-ਧਰਮ ਵੰਡ, ਊਚ ਨੀਚ ਵੰਡ, ਜਾਤੀਵਾਦ ਵੰਡ ਅਤੇ ਲਿੰਗ-ਭੇਦ ਵੰਡ ਪੂਰੀ ਤਰ੍ਹਾਂ ਨਕਾਰੀ ਗਈ ਹੈ । ਇਸ ਵਿੱਚ ਰਾਮ ਤੇ ਰਹੀਮ ਇਕ ਹੀ ਹਨ ਅਤੇ ਇਸ ਦਾ ਉਪਦੇਸ਼ ਚਹੁੰ ਵਰਨਾਂ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਕੋ ਸਾਂਝਾ ਹੈ । ਏਸ ਪੱਖੋਂ ਗੁਰਬਾਣੀ ਦਾ ਤੱਤ ਸਾਰ ਇਹ ਹੀ ਹੈ ਕਿ ਸਿੱਖ ਸੰਪੂਰਣ ਤੌਰ ਉੱਤੇ ਨਿਰਦੋਸ਼ ਅਤੇ ਨਿਰੋਲ ਸੱਚ ਦੇ ਮੁਜੱਸਮੇ ਗੁਰੂ ਗ੍ਰੰਥ ਦੇ ਸਿੱਖ ਹਨ, ਅਕਾਲ ਪੁਰਖ ਕੀ ਫੌਜ ਹਨ । ਇਨ੍ਹਾਂ ਨੂੰ ਅਕਾਲ ਪੁਰਖ ਨਾਲ ਅਥਾਹ ਪਿਆਰ ਹੈ -ਏਸ ਲਈ ਕਾਇਨਾਤ ਨਾਲ ਵੀ ਕਿਉਂਕਿ ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ (ਗੁ: ਗ੍ਰੰ: ਸਾ: ਪੰਨਾ 463) ਇਨ੍ਹਾਂ ਨੂੰ ਅਡੋਲ ਸੱਚ ਦੇ ਰਾਹ &lsquoਤੇ ਚੱਲਕੇ ਹਰ ਪ੍ਰਾਣੀ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ । ਧਰਮ ਨੂੰ ਵਿਸਾਰ ਕੇ ਹਾਸਲ ਕੀਤੀ ਰਾਜਸੀ ਸ਼ਕਤੀ ਛਲਾਵਾ ਹੈ, ਮਹੁਰਾ ਹੈ ਭਾਵ ਏਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤਿ ਪੂਰਾ ਜੱੁਗ ਜੁਗ ਸੋਈ (ਗੁ: ਗ੍ਰੰ: ਸਾ: ਪੰਨਾ 1188) ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਵਿਸ਼ਵ-ਕਲਿਆਣਕਾਰੀ ਅਤੇ ਨਿਰਸੰਦੇਹ ਪ੍ਰਮਾਤਮਾ ਦੇ ਆਸ਼ੇ ਅਨੁਸਾਰ ਹਨ । ਸਿੱਖੀ ਅਨੁਸਾਰ ਸਭ ਮਨੁੱਖ ਮਾਤਰ ਨੂੰ ਅਕਾਲ ਪੁਰਖ, ਪਰਮ ਕ੍ਰਿਪਾਲੂ ਪਿਤਾ ਨੇ ਅਮਿਟ ਅਧਿਕਾਰ ਦਿੱਤਾ ਹੈ ਕਿ ਉਹ ਨਿਰਵਿਘਨ ਖੇੜੇ ਅਤੇ ਖੁਸ਼ੀਆਂ ਦਾ ਜੀਵਨ ਜਿਉ ਸਕਣ : ਹਰਖ ਅਨੰਤ ਸੋਗ ਨਹੀਂ ਬੀਆ ਅਤੇ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜ ਜੀਉ (ਗੁ: ਗ੍ਰੰ: ਸਾ: ਪੰਨਾ 73) ਪ੍ਰਮਾਤਮਾ ਨੂੰ ਇਹੋ ਮਨਜ਼ੂਰ ਹੈ ਕਿ ਧਰਮ ਵਿਸ਼ਵ-ਕਲਿਆਣਕਾਰੀ ਹੋਵੇ ਅਤੇ ਸੰਸਾਰ ਦੇ ਹਰ ਦੂਜੇ ਧਰਮਾਂ ਲਈ ਭਾਈਚਾਰੇ ਅਤੇ ਸਦਭਾਵਨਾ ਦੇ ਵਿਚਾਰ ਰੱਖਦਾ ਹੋਵੇ । ਸਿੱਖੀ ਵਿੱਚ ਅਕਾਲ ਪੁਰਖ ਨਾਲ ਸਬੰਧ ਸਿੱਧਾ ਸਥਾਪਤ ਹੁੰਦਾ ਹੈ ਕਿਸੇ ਅਵਤਾਰ ਰਾਹੀਂ ਨਹੀਂ । ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤੱਕ ਸੀਮਤ ਨਹੀਂ ਸਗੋਂ ਕੁੱਲ ਜਗਤ ਲਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁੱਲ ਜਗਤ ਲਈ ਅਕਾਲ ਪੁਰਖ ਦਾ ਆਰਡੀਨੈਂਸ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ, ਚੱਵਰ ਛੱਤਰ ਦੇ ਮਾਲਕ ਹਾਜਰਾ ਹਜੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਹਾਜਰ ਨਾਜਰ ਗੁਰੂ ਹਨ । ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ Eਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥ (ਗੁ: ਗ੍ਰੰ: ਸਾ: ਪੰਨਾ 758)
ਅੰਤ ਵਿੱਚ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦੇ ਹਾਂ ਕਿ ਵਰਤਮਾਨ ਵਿੱਚ ਅੱਜ ਜਦੋਂ ਸੰਸਾਰ ਦਾ ਸੰਸਾਰੀਕਰਨ ਹੋ ਚੁੱਕਾ ਹੈ ਅਤੇ ਇਹ ਸੰਸਾਰੀਕਰਨ ਹੋਰ ਕੁਝ ਨਹੀਂ ਸਿਰਫ ਸੰਸਾਰ ਸਾਮਰਾਜੀ ਪ੍ਰਬੰਧ ਦਾ ਹੀ ਦੂਜਾ ਨਾਂ ਹੈ । ਸੰਸਾਰੀਕਰਨ ਦਾ ਸਿੱਖ ਧਰਮ ਨਾਲ ਕੁਝ ਵੀ ਸਾਂਝਾ ਨਹੀਂ ਤੇ ਖਾਉ ਪੀਉ ਐਸ਼ ਕਰੋ ਦਾ ਇਹ ਖਪਤਕਾਰੀ ਸੱਭਿਆਚਾਰ, ਜਿਹੜਾ ਮਨੁੱਖ ਅੰਦਰੋਂ ਮਨੁੱਖੀ ਜਜ਼ਬੇ ਨੂੰ ਮਾਰ ਕੇ ਉਸ ਨੂੰ ਪਸ਼ੂਆਂ ਦੀ ਹੱਦ ਤੱਕ ਆਪਣੀ ਇੰਦ੍ਰਿਆਵੀ ਭੁੱਖ ਦਾ ਗੁਲਾਮ ਬਣਾ ਦਿੰਦਾ ਹੈ ਤੇ ਇਹ ਸਭ ਸੰਸਾਰੀਕਰਨ ਦੀ ਹੀ ਦੇਣ ਹੈ, ਜਦਕਿ ਸਿੱਖ ਧਰਮ, ਕਾਮ ਕ੍ਰੋਧ, ਲੋਭ, ਮੋਹ, ਹੰਕਾਰ ਦੀ ਮਾਨਸਿਕ ਭੁੱਖ ਨੂੰ ਮਾਰ ਕੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੀ ਜਾਂਚ ਸਿਖਾਉਂਦਾ ਹੈ । 
ਹਵਾਲੇ - (1) ਸ੍ਰੀ ਗੁਰੂ ਗ੍ਰੰਥ ਸਾਹਿਬ (2) ਗੁਰੂ ਗ੍ਰੰਥ ਸਾਹਿਬ ਦਾ ਸਾਰ-ਵਿਸਥਾਰ, ਪ੍ਰਿੰ: ਸਤਿਬੀਰ ਸਿੰਘ (3) ਸਿੱਖ ਧਰਮ ਅਧਿਐਨ ਪਹਿਲਾ ਤੇ ਦੂਜਾ ਭਾਗ-ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ (4) ਸਹਿਜੇ ਰਚਿE ਖਾਲਸਾ, ਹਰਿੰਦਰ ਸਿੰਘ ਮਹਿਬੂਬ (5) ਕਿਸ ਬਿਧ ਰੁਲੀ ਪਾਤਸ਼ਾਹੀ, ਸ। ਅਜਮੇਰ ਸਿੰਘ (6) ਸਿੰਘ ਨਾਦ, ਸ। ਗੁਰਤੇਜ ਸਿੰਘ (7) ਗੁਰੂ ਨਾਨਕ ਦਾ ਧਰਮ ਯੁੱਧ ਤੇ ਮਨੱੁਖੀ ਸਰੋਕਾਰ, ਸ। ਗੁਰਤੇਜ ਸਿੰਘ (8) ਸਿੱਖ ਦ੍ਰਿਸ਼ਟੀ ਦਾ ਗੌਰਵ, ਡਾ। ਗੁਰਭਗਤ ਸਿੰਘ, ਸੰਪਾਦਕ ਸ। ਅਜਮੇਰ ਸਿੰਘ (9) ਪੰਜਾਬ ਦਾ ਸੰਤਾਪ 1947 ਤੋਂ 2015, ਡਾ। ਗੁਰਦਰਸ਼ਨ ਸਿੰਘ ਢਿੱਲੋਂ (10) ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਸਰਬੱਤ ਦਾ ਭਲਾ ਬਨਾਮ ਸਾਮਰਾਜੀ ਸੰਸਾਰੀਕਰਨ, ਲੇਖਕ ਸਵਰਾਜ ਸਿੰਘ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ