image caption:

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਕਾਰ ਹਾਦਸੇ 'ਚ ਜ਼ਖਮੀ, ਘਟਨਾ ਦੀ ਹੋਵੇਗੀ ਜਾਂਚ

 ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਕਾਰ ਵੀਰਵਾਰ ਤੜਕੇ ਇੱਕ ਹੋਰ ਵਾਹਨ ਨਾਲ ਟਕਰਾ ਗਈ ਜਦੋਂ ਉਹ ਯੁੱਧ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਰਾਜਧਾਨੀ ਕੀਵ ਪਰਤ ਰਹੇ ਸਨ। ਹਾਦਸੇ ਵਿਚ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਜ਼ੇਲੇਂਸਕੀ ਦੇ ਬੁਲਾਰੇ ਸਰਗੀ ਨਿਕੀਫੋਰੋਵ ਨੇ ਇਹ ਜਾਣਕਾਰੀ ਦਿੱਤੀ। ਨਿਕੀਫੋਰੋਵ ਨੇ ਕਿਹਾ ਕਿ ਜ਼ੇਲੇਨਸਕੀ ਖਾਰਕੀਵ ਖੇਤਰ ਤੋਂ ਕੀਵ ਵਾਪਸ ਜਾ ਰਿਹਾ ਸੀ, ਜਿੱਥੇ ਉਹ ਰੂਸੀ ਫੌਜਾਂ ਤੋਂ ਆਜ਼ਾਦ ਕਰਾਏ ਗਏ ਇਜ਼ੀਅਮ ਸ਼ਹਿਰ ਵਿੱਚ ਯੂਕਰੇਨੀ ਸੈਨਿਕਾਂ ਨੂੰ ਮਿਲਣ ਆਇਆ ਸੀ। ਇੱਕ ਫੇਸਬੁੱਕ ਪੋਸਟ ਵਿੱਚ ਨਿਕੀਫੋਰਵ ਨੇ ਕਿਹਾ ਕਿ ਕੀਵ ਵਿੱਚ ਇੱਕ ਯਾਤਰੀ ਵਾਹਨ ਰਾਸ਼ਟਰਪਤੀ ਦੇ ਕਾਫਲੇ ਨਾਲ ਟਕਰਾ ਗਿਆ। ਜ਼ੇਲੇਂਸਕੀ ਦੀ ਮੈਡੀਕਲ ਟੀਮ ਨੇ ਯਾਤਰੀ ਵਾਹਨ ਦੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ, ਜਿਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ। ਨਿਕੀਫੋਰੋਵ ਮੁਤਾਬਕ ਡਾਕਟਰੀ ਟੀਮ ਨੇ ਰਾਸ਼ਟਰਪਤੀ ਦੀ ਜਾਂਚ ਕੀਤੀ, ਜਿਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਜ਼ੇਲੇਨਸਕੀ ਨੂੰ ਕਿਸ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਹਨ।