image caption:

ਅਮਰੀਕਾ ਦੇ ਮਿਸੀਸਿੱਪੀ ਰਾਜ ਦੀ ਰਾਜਧਾਨੀ ਜੈਕਸਨ ਵਿਚ 40 ਦਿਨ ਬਾਅਦ ਸ਼ੁਰੂ ਹੋਈ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ, ਉਬਾਲ ਕੇ ਪਾਣੀ ਪੀਣ ਦੀ ਸਲਾਹ ਲਈ ਵਾਪਿਸ

 ਸੈਕਰਾਮੈਂਟੋ  ਹੁਸਨ ਲੜੋਆ ਬੰਗਾ)-ਅਮਰੀਕਾ ਵਰਗੇ ਵਿਕਸਤ ਦੇਸ਼ ਵਿਚ ਵੀ ਆਮ ਮਨੁੱਖਾਂ ਨੂੰ ਵਿਸ਼ਵ ਦੇ ਬਾਕੀ ਦੇਸ਼ਾਂ ਵਾਂਗ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੱਸਿਆਵਾਂ ਦੇ ਹੱਲ ਲਈ ਉਡੀਕ ਕਰਨੀ ਪੈਂਦੀ ਹੈ। ਤਾਜਾ ਮਿਸਾਲ ਅਮਰੀਕਾ ਦੇ ਮਿਸੀਸਿੱਪੀ ਰਾਜ ਦੀ ਰਾਜਧਾਨੀ ਜੈਕਸਨ ਦੀ ਹੈ ਜਿਥੇ ਪੀਣ ਵਾਲੇ ਪਾਣੀ ਦੀ ਬਹਾਲੀ 40 ਦਿਨਾਂ ਦੇ ਵੀ ਵਧ ਸਮੇ ਬਾਅਦ ਹੋਈ ਹੈ। ਪਈ ਭਾਰੀ ਬਾਰਿਸ਼ ਨੇ 'ਵਾਟਰ ਸਿਸਟਮ' ਨੂੰ ਤਹਿਸ ਨਹਿਸ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਗਸਤ ਦੇ ਸ਼ੁਰੂ ਵਿਚ ਸ਼ਹਿਰ ਦੇ ਵਾਸੀਆਂ ਨੂੰ ਉਬਾਲ ਕੇ ਪਾਣੀ ਪੀਣ ਲਈ ਕਿਹਾ ਗਿਆ ਸੀ। ਗਵਰਨਰ ਟੇਟ ਰੀਵਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਮੱਸਿਆ ਖਤਮ ਹੋ ਗਈ ਹੈ ਤੇ ਲੋਕ 'ਵਾਟਰ ਸਿਸਟਮ' ਉਪਰ ਨਿਰਭਰ ਕਰ ਸਕਦੇ ਹਨ। ਉਬਾਲ ਕੇ ਪਾਣੀ ਪੀਣ ਦੀ ਸਲਾਹ ਵਾਪਿਸ  ਲੈ ਲਈ ਗਈ ਹੈ। ਰੀਵਸ ਨੇ ਕਿਹਾ ਕਿ ''ਮਿਸੀਸਿੱਪੀ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਦੋ ਦਿਨ ਲਗਾਤਾਰ ਪਾਣੀ ਦੇ 120 ਨਮੂਨਿਆਂ ਦੀ ਪਰਖ ਕੀਤੀ ਹੈ ਜਿਨਾਂ ਦੀ ਜਾਂਚ ਤੋਂ ਬਾਅਦ ਅਸੀਂ ਹੁਣ ਇਹ ਐਲਾਨ ਕਰ ਸਕਦੇ ਹਾਂ ਕਿ ਅਸੀਂ ਸਾਫ ਪਾਣੀ ਦੀ ਬਹਾਲੀ ਵਿੱਚ ਸਫਲ ਹੋਏ ਹਾਂ।'' ਇਸ ਦੇ ਨਾਲ ਹੀ ਗਵਰਨਰ ਨੇ ਸਪੱਸ਼ਟ ਕੀਤਾ ਕਿ ਅਸੀਂ ਪਾਣੀ ਦੀ ਗੁਣਵਤਾ ਬਹਾਲ ਕਰ ਦਿੱਤੀ ਹੈ ਪਰੰਤੂ 'ਵਾਟਰ ਸਿਸਟਮ' ਅਜੇ ਵੀ ਆਪਣੀ ਸਮਰਥਾ ਅਨੁਸਾਰ ਕੰਮ ਨਹੀਂ ਕਰ ਰਿਹਾ। ਇਸ ਲਈ ਭਵਿੱਖ ਵਿਚ ਵੀ ਸ਼ਹਿਰ ਦੀ ਸਾਫ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।