image caption:

24 ਸਾਲਾਂ ਬਾਅਦ ਗੈਰ ਗਾਂਧੀ ਦੇ ਹੱਥ 'ਚ ਹੋਵੇਗੀ ਕਾਂਗਰਸ ਦੀ ਕਮਾਨ

 ਨਵੀਂ ਦਿੱਲੀ- ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਨੂੰ ਦਹਾਕਿਆਂ ਬਾਅਦ ਗੈਰ-ਗਾਂਧੀ ਪ੍ਰਧਾਨ ਮਿਲਣ ਜਾ ਰਿਹਾ ਹੈ। ਸੂਤਰਾਂ ਨੇ ਨਿਊਜ਼ 18 ਹਿੰਦੀ ਨੂੰ ਇਹ ਜਾਣਕਾਰੀ ਦਿੱਤੀ। ਗਾਂਧੀ ਪਰਿਵਾਰ ਦੇ ਇਨਕਾਰ ਤੋਂ ਬਾਅਦ ਅਸ਼ੋਕ ਗਹਿਲੋਤ ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਤੈਅ ਮੰਨਿਆ ਜਾ ਰਿਹਾ ਹੈ। ਮੁਕੁਲ ਵਾਸਨਿਕ, ਦਿਗਵਿਜੇ ਸਿੰਘ ਸਮੇਤ ਕੁਝ ਹੋਰ ਨਾਂ ਵੀ ਸੁਰਖੀਆਂ 'ਚ ਹਨ।

ਅਜਿਹੇ 'ਚ ਕਰੀਬ 24 ਸਾਲਾਂ ਬਾਅਦ ਕਾਂਗਰਸ ਦੀ ਕਮਾਨ ਕਿਸੇ ਗੈਰ-ਗਾਂਧੀ ਦੇ ਹੱਥ 'ਚ ਹੋਵੇਗੀ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਕਾਂਗਰਸ ਦੇ ਆਖਰੀ ਗੈਰ-ਗਾਂਧੀ ਪ੍ਰਧਾਨ ਸਨ, ਜਿਨ੍ਹਾਂ ਨੇ 1996 ਤੋਂ 1998 ਤੱਕ ਪਾਰਟੀ ਦੀ ਅਗਵਾਈ ਕੀਤੀ ਸੀ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ ਨਾਲ ਕਰੀਬ ਇਕ ਘੰਟੇ ਤੱਕ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਹੀ ਵੇਣੂਗੋਪਾਲ ਨੂੰ ਤੁਰੰਤ ਦਿੱਲੀ ਬੁਲਾਇਆ ਸੀ ਅਤੇ ਉਸੇ ਦਿਨ ਉਨ੍ਹਾਂ ਨੇ ਚੋਣਾਂ ਅਤੇ ਸੰਗਠਨ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਸੀ।

ਹਾਲਾਂਕਿ ਸੰਗਠਨ ਦੇ ਜਨਰਲ ਸਕੱਤਰ ਵੇਣੂਗੋਪਾਲ ਨੇ ਕਿਹਾ ਕਿ ਸਾਰੇ ਕਾਂਗਰਸੀ ਵਰਕਰ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ ਅਤੇ ਇਸੇ ਲਈ ਸਾਰੀਆਂ ਸੂਬਾ ਇਕਾਈਆਂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਵੀ ਪਾਸ ਕਰ ਰਹੀਆਂ ਹਨ ਪਰ ਇਹ ਫੈਸਲਾ ਰਾਹੁਲ ਨੂੰ ਖੁਦ ਲੈਣਾ ਪਵੇਗਾ।