image caption: -ਰਜਿੰਦਰ ਸਿੰਘ ਪੁਰੇਵਾਲ

ਕੈਪਟਨ ਦੀ ਭਾਜਪਾ ਵਿਚ ਸ਼ਮੂਲੀਅਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ  ਭਾਜਪਾ ਵਿਚ ਸ਼ਾਮਿਲ ਹੋ ਗਏ ਹਨ| ਪੰਜਾਬ ਵਿਚ ਕਈ ਦਹਾਕੇ ਕਾਂਗਰਸ ਨਾਲ ਸਬੰਧਤ ਅਤੇ ਸੱਤਾ ਵਿਚ ਰਹੇ ਕਾਂਗਰਸੀ ਆਗੂ ਭਾਜਪਾ ਦਾ ਪੱਲਾ ਫੜ ਚੁੱਕੇ ਹਨ ਇਨ੍ਹਾਂ ਵਿਚ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜਿਹੇ ਸਿਰਕੱਢ ਆਗੂ ਵੀ ਸ਼ਾਮਿਲ ਹਨ| ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਾਰਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਤਾਂ ਮਿਲੀ ਹੈ ਪਰ ਨਾਲ ਹੀ ਖ਼ਾਸ ਤਰ੍ਹਾਂ ਦਾ ਸਿਆਸੀ ਖਲਾਅ ਪੈਦਾ ਹੋਇਆ ਹੈ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਵਿਚ ਆਪਣੀ ਥਾਂ ਗਵਾ ਚੁੱਕੀਆਂ ਹਨ|
ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਪੰਜਾਬ ਦੇ ਇਕ ਪ੍ਰਮੁੱਖ ਸਿਆਸਤਦਾਨ ਦੇ ਸਿਆਸੀ ਸਫ਼ਰ ਦੀ ਹੈਰਾਨ ਕਰ ਦੇਣ ਵਾਲੀ ਦਾਸਤਾਨ ਹੈ| ਉਹ 1980 ਵਿਚ ਕਾਂਗਰਸ ਵੱਲੋਂ ਲੋਕ ਸਭਾ ਲਈ ਚੁਣਿਆ ਗਿਆ| 1984 ਵਿਚ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹੋਏ ਹਮਲੇ ਦੇ ਵਿਰੋਧ ਵਿਚ ਕਾਂਗਰਸ ਛੱਡੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ| ਸਤੰਬਰ 1985 ਵਿਚ ਉਹ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿਚ ਮੰਤਰੀ ਬਣਿਆ ਪਰ ਕੁਝ ਮਹੀਨੇ ਬਾਅਦ ਹੀ ਦਰਬਾਰ ਸਾਹਿਬ ਵਿਚ ਪੁਲੀਸ ਦੇ ਦਾਖ਼ਲ ਹੋਣ ਤੇ ਸਵਾਲ ਤੇ ਉਸ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ| 1998 ਵਿਚ ਉਹ ਦੁਬਾਰਾ ਕਾਂਗਰਸ ਵਿਚ ਸ਼ਾਮਿਲ ਹੋਇਆ ਅਤੇ 2002 ਤੋਂ 2007 ਤਕ ਪੰਜਾਬ ਦਾ ਮੁੱਖ ਮੰਤਰੀ ਰਿਹਾ| ਕੈਪਟਨ ਕਾਰਣ ਕਾਂਗਰਸ ਦੀ ਪੰਜਾਬ ਵਿਚ ਪੁਨਰ ਜੜ ਲਗੀ| ਉਹ ਮਾਰਚ 2017 ਤੋਂ ਸਤੰਬਰ 2021 ਤਕ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਿਆ| ਪਿਛਲੇ ਸਾਲ ਉਸ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਪੰਜਾਬ ਲੋਕ ਕਾਂਗਰਸ ਬਣਾਈ ਅਤੇ ਭਾਜਪਾ ਨਾਲ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜੀਆਂ| ਪਰ ਕੋਈ ਫਾਇਦਾ ਨਾ ਹੋਇਆ| ਇੰਜ ਜਾਪਦਾ ਹੈ ਕਿ ਦਲ ਬਦਲੂ ਨੀਤੀ ਕਾਰਢ ਕੈਪਟਨ ਪੰਜਾਬੀਆਂ ਵਿਚ ਵਿਸ਼ਵਾਸ ਗੁਆ ਬੈਠੇ ਹਨ| ਉਹ ਹਮੇਸ਼ਾ ਪੰਜਾਬ ਦੇ ਹਕਾਂ ਲਈ ਖਲੌਣ ਦੀ ਥਾਂ ਕੇਂਦਰ ਸਰਕਾਰ ਦਾ ਪਖ ਪੂਰਦੇ ਹਨ| ਇਸੇ ਕਾਰਣ ਉਹਨਾਂ ਦੀ ਸਿਆਸੀ ਜ਼ਮੀਨ ਗੁਆਚ ਚੁਕੀ ਹੈ| ਕੈਪਟਨ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਸਿਆਸੀ ਮੌਕਾਪ੍ਰਸਤੀ ਹੈ ਪਰ ਭਾਜਪਾ ਵੀ ਕੈਪਟਨ ਉਪਰ ਪੂਰਾ ਭਰੋਸਾ ਨਹੀਂ ਕਰ ਰਹੀ| ਭਾਜਪਾ ਨੇ ਹੁਣ ਭ੍ਰਿਸ਼ਟਾਚਾਰ ਵਿਚ ਫਸੇ ਕੈਪਟਨ ਦੇ ਆੜੀ ਕਾਂਗਰਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ| ਇਹੀ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਵਿਚ ਐਂਟਰੀ ਧਮਾਕੇਦਾਰ ਢੰਗ ਨਾਲ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਵੱਲੋਂ ਦਿੱਤੀ ਗਈ ਸੂਚੀ ਵਿਚ ਕੁਝ ਨਾਵਾਂ ਨੂੰ ਭਾਜਪਾ ਨੇ ਹੈਕ ਕਰ ਲਿਆ ਸੀ| ਇਸ ਲਿਸਟ ਵਿਚ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਮੇਤ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਤੇ ਕੈਪਟਨ ਦੇ ਖਾਸਮਖਾਸ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵੀ ਨਾਂ ਸੀ| ਸਾਧੂ ਸਿੰਘ ਧਰਮਸੋਤ ਦਾ ਨਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿਚ ਪਹਿਲਾਂ ਹੀ ਜੁੜਿਆ ਹੋਇਆ ਹੈ| ਇਸ ਦੇ ਨਾਲ ਹੀ ਵਿਜੀਲੈਂਸ ਨੇ ਜੰਗਲਾਤ ਮੰਤਰੀ ਹੁੰਦਿਆਂ ਦਰੱਖਤਾਂ ਦੀ ਕਟਾਈ ਤੋਂ ਲੈ ਕੇ ਟ੍ਰੀ ਗਾਰਡ ਖਰੀਦਣ ਤਕ ਕਮਿਸ਼ਨ ਲੈਣ ਦੇ ਦੋਸ਼ ਹੇਠ ਐਫਆਈਆਰ ਹਾਈ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਸੀ| ਇਸ ਦੇ ਨਾਲ ਹੀ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਨਾਂ ਕੋਰੋਨਾ ਦੇ ਸਮੇਂ ਦੌਰਾਨ ਖਰੀਦੇ ਗਏ ਸੈਨੀਟਾਈਜ਼ਰਾਂ ਦੀ ਦੁਰਵਰਤੋਂ, ਬਿਨਾਂ ਮਨਜ਼ੂਰੀ ਦੇ ਤੰਦਰੁਸਤੀ ਕੇਂਦਰ ਦੀਆਂ ਵਸਤੂਆਂ ਖਰੀਦਣ ਆਦਿ ਮਾਮਲਿਆਂ ਵਿੱਚ ਆਉਂਦਾ ਰਹਿੰਦਾ ਹੈ|
ਇਸੇ ਤਰ੍ਹਾਂ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦਾ ਨਾਂ ਵੀ ਕਿਸੇ ਭ੍ਰਿਸ਼ਟਾਚਾਰ ਵਿੱਚ ਸਿੱਧੇ ਤੌਰ ਤੇ ਸਾਹਮਣੇ ਨਹੀਂ ਆਇਆ ਹੈ| ਇਸ ਦੇ ਬਾਵਜੂਦ ਭਾਜਪਾ ਨੇ ਰਾਣਾ ਕੇਪੀ ਦੇ ਨਾਂ ਤੇ ਕਾਟਾ ਮਾਰ ਦਿੱਤਾ| ਪਤਾ ਲਗਾ ਹੈ ਕਿ ਰਾਣਾ ਕੇਪੀ ਵੀ ਭਾਜਪਾ ਵਿਚ ਸ਼ਾਮਲ ਹੋਣ ਲਈ ਕੈਪਟਨ ਨਾਲ ਦਿੱਲੀ ਗਏ ਸਨ| ਪਰ ਕੈਪਟਨ ਦੇ ਸ਼ਾਮਲ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਵਿਚ ਇਹ ਨਾਂ ਸ਼ਾਮਲ ਹੋਣ ਵਾਲੀ ਸੂਚੀ ਵਿੱਚੋਂ ਹਟਾ ਦਿੱਤੇ ਗਏ ਸਨ| ਇਸ ਕਾਰਨ ਇਨ੍ਹਾਂ ਦੀ ਜੁਆਇਨਿੰਗ ਨਹੀਂ ਹੋ ਸਕੀ| ਭਾਜਪਾ ਨੇ ਉਨ੍ਹਾਂ ਆਗੂਆਂ ਨੂੰ ਪਾਰਟੀ ਚ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਜਾਂ ਗੰਭੀਰ ਦੋਸ਼ ਲੱਗੇ ਹਨ| ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ &rsquoਵਿਚ ਰਹਿੰਦਿਆਂ ਭਾਜਪਾ ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲਗਾ|
ਭਾਜਪਾ ਹੁਣ ਪੰਜਾਬ ਵਿਚ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਚ ਹੈ, ਇਸ ਲਈ ਉਹ ਕਿਸੇ ਵੀ ਸੂਰਤ ਵਿਚ ਆਪਣੇ ਉੱਪਰ ਭ੍ਰਿਸ਼ਟਾਚਾਰ ਦਾ ਕਲੰਕ ਨਹੀਂ ਲਗਾਉਣਾ ਚਾਹੁੰਦੀ| ਇਹੀ ਕਾਰਨ ਹੈ ਕਿ ਕੈਪਟਨ ਦੀ ਭਾਜਪਾ ਵਿਚ ਐਂਟਰੀ ਧਮਾਕੇਦਾਰ ਢੰਗ ਨਾਲ ਨਹੀਂ ਹੋ ਸਕੀ| ਹਾਲਾਂਕਿ ਕੈਪਟਨ ਦੇ ਨਾਲ ਕੋਈ ਵੀ ਵੱਡਾ ਚਿਹਰਾ ਭਾਜਪਾ ਵਿੱਚ ਨਹੀਂ ਗਿਆ| ਮੁੱਖ ਸਵਾਲ ਹੈ ਕਿ ਭਾਜਪਾ ਪੰਜਾਬ ਦੀ ਸਿਆਸਤ ਵਿਚ ਕਿਹੋ ਜਿਹੀ ਭੂਮਿਕਾ ਨਿਭਾਉਣੀ ਚਾਹੁੰਦੀ ਹੈ| ਇਹ ਪੱਛਮੀ ਬੰਗਾਲ ਵਿਚ ਕਾਂਗਰਸ ਅਤੇ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ ਪਿੱਛੇ ਛੱਡਦੇ ਹੋਏ ਮੁੱਖ ਵਿਰੋਧੀ ਧਿਰ ਬਣੀ ਹੈ ਉਸ ਨੇ ਤ੍ਰਿਪੁਰਾ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਪਛਾੜਿਆ ਹੈ ਅਸਾਮ, ਮਹਾਰਾਸ਼ਟਰ ਤੇ ਕਈ ਹੋਰ ਸੂਬਿਆਂ ਵਿਚ ਉਹ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਸੱਤਾ ਤੇ ਕਾਬਜ਼ ਹੋਣ ਵਿਚ ਸਫ਼ਲ ਰਹੀ ਹੈ| ਪੰਜਾਬ ਵਿਚ ਵੀ ਉਹ ਆਮ ਆਦਮੀ ਪਾਰਟੀ ਤੋਂ ਬਾਅਦ ਦੂਸਰੀ ਵੱਡੀ ਸਿਆਸੀ ਧਿਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ| ਭਾਜਪਾ ਵਿਚ ਸਰਦਾਰ ਇਕਬਾਲ ਸਿੰਘ ਲਾਲਪੁਰਾ ਵਰਗੇ ਵਡੇ ਸਿਖ ਚਿਹਰੇ ਦੇ ਹੁੰਦਿਆਂ ਕੈਪਟਨ ਦੀ ਭਾਜਪਾ ਵਿਚ ਮਹਤਵਪੂਰਨ ਥਾਂ ਨਹੀਂ ਹੈ|
ਭਗਵੰਤ ਮਾਨ ਦਾ ਹਵਾਈ ਸਫ਼ਰ ਵਿਚ ਕਥਿਤ ਸ਼ਰਾਬੀ ਹੋਣ ਦਾ ਵਿਵਾਦ    
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੌਰੇ ਤੇ ਸਨ| ਉੱਥੋਂ ਵਾਪਸੀ ਚ ਕਈ ਘੰਟੇ ਦੀ ਦੇਰੀ ਹੋਈ ਜਿਸ ਮਗਰੋਂ ਕਈ ਸਵਾਲ ਖੜ੍ਹੇ ਕੀਤੇ ਗਏ ਅਤੇ ਵਿਰੋਧੀ ਧਿਰ ਨੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੂੰ ਸ਼ਰਾਬ ਪੀਣ ਕਾਰਨ ਜਹਾਜ਼ ਤੋਂ ਹੇਠਾਂ ਲਾਹ ਦਿੱਤਾ ਗਿਆ| ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰੈਂਕਫਰਟ ਏਅਰਪੋਰਟ ਤੋਂ ਫਲਾਈਟ ਨਾ ਲੈ ਸਕਣ ਦੇ ਮਾਮਲੇ ਵਿੱਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖੀ ਸੀ ਕਿ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖ਼ਬਰਾਂ ਹਨ ਕਿ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ਉੱਤੇ ਫਲਾਈਟ ਨਹੀਂ ਲੈਣ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਯਾਤਰਾ ਕਰਨ ਦੀ ਹਾਲਤ ਵਿੱਚ ਨਹੀਂ ਸਨ| ਕਿਰਪਾ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ| ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸ ਮਾਮਲੇ ਨੂੰ ਲੈਕੇਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ|
ਲੁਫਥਾਂਸਾ ਏਅਰਲਾਈਨਜ਼ ਨੇ ਅਜਿਹੀ ਕੋਈ ਵੀ ਗੱਲ ਨਹੀਂ ਸਵੀਕਾਰੀ ਅਤੇ ਕਿਹਾ ਕਿ ਏਅਕਰਾਫ਼ਟ ਬਦਲਣ ਕਾਰਨ ਦੇਰੀ ਹੋਈਕੰਪਨੀ ਨੇ ਟਵੀਟ ਕਰਕੇ ਕਿਹਾ, ਫਰੈਂਕਫਰਟ ਤੋਂ ਦਿੱਲੀ ਲਈ ਸਾਡੀ ਉਡਾਣ ਦੇਰੀ ਨਾਲ ਆਈ ਇਸਦਾ ਕਾਰਨ ਏਅਰਕ੍ਰਾਫ਼ਟ ਬਦਲਿਆ ਜਾਣਾ ਹੈ| ਕੰਪਨੀ ਨੇ ਅਗਲੇ ਟਵੀਟ ਵਿੱਚ ਕਿਹਾ ਕਿ ਅਸੀਂ ਡਾਟਾ ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਦੀ ਜਾਣਕਾਰੀ ਨਹੀਂ ਦਿੰਦੇ|
ਲੁਫਥਾਂਸਾ ਏਅਰਲਾਈਂਜ਼ ਵੱਲੋਂ ਆਏ ਜਵਾਬ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਆਹਬਾਬ ਸਿੰਘ ਗਰੇਵਾਲ ਅਤੇ ਮਾਲਵਿੰਦਰ ਸਿੰਘ ਕੰਗ ਨੇ ਵਿਰੋਧੀਆਂ ਨੂੰ ਘੇਰਿਆ ਤੇ ਕਿਹਾ, ਤੁਸੀਂ ਮੁੱਖ ਮੰਤਰੀ ਨੂੰ ਬਦਨਾਮ ਕਰਦੇ ਰਹੋ ਅਤੇ ਉਹ ਪੰਜਾਬ ਦੇ ਲਈ ਕੰਮ ਕਰਦੇ ਰਹਿਣਗੇ|    ਸੁਆਲ ਇਹ ਹੈ ਕਿ ਭਗਵੰਤ ਮਾਨ ਉਪਰ ਸ਼ਰਾਬੀ ਹੋਣ ਦੇ ਦੋਸ਼ ਕਿਉਂ ਲਗਦੇ ਹਨ| ਧਾਰਮਿਕ ਸਮਾਗਮ ਹੋਵੇ ਜਾਂ ਕਿਸੇ ਦੀ ਅੰਤਮ ਯਾਤਰਾ ਜਾਂ ਫਿਰ ਸੰਸਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਥਿਤ ਤੌਰ ਤੇ ਸ਼ਰਾਬ ਪੀਣ ਕਾਰਨ ਚਰਚਾ ਵਿੱਚ ਆ ਚੁਕੇ ਹਨ| ਸਭ ਤੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗੇਂਦਰ ਯਾਦਵ ਨੇ ਸਾਲ 2015 ਵਿੱਚ ਇਲਜ਼ਾਮ ਲਾਇਆ ਸੀ ਕਿ ਮਾਨ ਸੰਸਦ ਦੇ ਇਜਲਾਸਾਂ ਵਿੱਚ ਸ਼ਰਾਬ ਪੀ ਕੇ ਜਾਂਦੇ ਰਹੇ ਹਨ| ਸਾਲ 2016 ਵਿੱਚ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਵੀ ਇਸੇ ਤਰ੍ਹਾਂ ਦਾ ਇਲਜ਼ਾਮ ਲਾਇਆ ਸੀ| ਹਰਿੰਦਰ ਸਿੰਘ ਖਾਲਸਾ ਨੇ ਤਤਕਾਲੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਚਿੱਠੀ ਲਿਖ ਕੇ ਇਲਜ਼ਾਮ ਲਾਇਆ ਕਿ ਮਾਨ ਦੇ ਕੋਲ ਵਾਲੀ ਸੀਟ ਉੱਤੇ ਬੈਠਣਾ ਬਹੁਤ ਔਖਾ ਹੈ ਕਿਉਂਕਿ ਉਨ੍ਹਾਂ ਕੋਲੋਂ ਸ਼ਰਾਬ ਦੀ ਬਦਬੂ ਆਉਂਦੀ ਹੈ| ਸਾਲ 2017 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਅੰਦਰ ਭਾਸ਼ਣ ਦੌਰਾਨ ਕਵੀ ਚਾਰਵਾਕ ਦਾ ਜਿਕਰ ਕਰਦਿਆਂ ਪੁਰਾਣੇ ਸਮਿਆਂ ਵਿੱਚ ਘਿਉ ਪੀਣ ਅਤੇ ਮੌਜੂਦਾ ਸਮੇ ਵਿੱਚ ਸ਼ਰਾਬ ਪੀਣ ਦੀ ਗੱਲ ਦੀ ਤੁਲਨਾ ਕੀਤੀ ਅਤੇ ਭਗਵੰਤ ਮਾਨ ਦਾ ਨਾਂ ਵੀ ਲੈ ਲਿਆ| ਭਗਵੰਤ ਮਾਨ ਇਸ ਗੱਲ ਉੱਤੇ ਖਾਸਾ ਨਰਾਜ਼ ਹੋਏ ਸਨ ਅਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਸਦਨ ਦੇ ਵੱਕਾਰ ਨੂੰ ਸੱਟ ਪਹੁੰਚਾਈ ਹੈ| ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਵਿੱਚ ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ ਵਿੱਚ ਦੋ ਸਿਖਾਂ ਦੀ ਸ਼ਹਾਦਤ ਹੋ ਗਈ| ਉਨ੍ਹਾਂ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਭਗਵੰਤ ਮਾਨ ਫਰੀਦਕੋਟ ਗਏ ਹੋਏ ਸਨ| ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਟੇਜ ਤੋਂ ਉਤਰਨ ਲਈ ਆਖ ਦਿੱਤਾ| ਸੋ ਭਗਵੰਤ ਮਾਨ ਨੂੰ ਆਪਣੀ ਸ਼ਰਾਬ ਪੀਣ ਦੀ ਆਦਤ ਬਦਲਣੀ ਚਾਹੀਦੀ ਹੈ ਤਾਂ ਜੋ ਉਹ ਜਿਸ ਅਹੁਦੇ ਉਪਰ ਬੈਠੇ ਹਨ ਉਸਦੀ ਮਰਿਯਾਦਾ ਬਣੀ ਰਹੇ|
ਕੈਪਟਨ ਤੇ ਬਾਦਲਾਂ ਦੇ ਹਵਾਈ ਸਫਰ &rsquoਤੇ ਸਵਾਲ ਚੁੱਕਣ ਵਾਲੇ 
ਸੀਐਮ ਮਾਨ ਖੁਦ ਗੁਜਰਾਤ ਫੇਰੀ ਦੌਰਾਨ ਖਰਚੇ 45 ਲੱਖ ਰੁਪਏ
ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਵਾਈ ਗੇੜੀਆਂ ਤੇ ਮੁੜ ਘਿਰ ਗਈ ਹੈ| ਕੈਪਟਨ ਤੇ ਬਦਲਾਂ ਦੇ ਹਵਾਈ ਸਫ਼ਰ ਤੇ ਸਵਾਲ ਚੁੱਕਣ ਵਾਲੇ ਭਗਵੰਤ ਮਾਨ ਹੁਣ ਖੁਦ ਸਵਾਲਾਂ ਦੇ ਘੇਰੇ ਵਿਚ ਹਨ| ਇੱਕ ਆਰਟੀਆਈ ਵਿਚ ਖੁਲਾਸਾ ਹੋਇਆ ਹੈ ਕਿ ਸੀਐਮ ਮਾਨ ਦੀ ਗੁਜਰਾਤ ਫੇਰੀ ਦੌਰਾਨ ਹਵਾਈ ਗੇੜੀਆਂ ਤੇ 44,85,267 ਰੁਪਏ ਖਰਚੇ ਗਏ ਹਨ| ਇਸ ਗਲ ਦੀ ਕਾਂਗਰਸ ਦੀ ਤਿਖੀ ਆਲੋਚਨਾ ਕੀਤੀ ਹੈ| ਮੁਖ ਮੰਤਰੀ ਭਗਵੰਤ ਮਾਨ ਨੇ ਮੁਖ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਭਗਤ ਸਿੰਘ ਦੇ ਰਾਹੇ ਤੁਰਨਗੇ| ਕੀ ਪੰਜਾਬ ਦੇ ਕਰਜੇ ਵਿਚ ਵਾਧਾ ਕਰਨਾ ਸ਼ਹੀਦ ਭਗਤ ਸਿੰਘ ਦਾ ਰਾਹ ਹੈ? ਆਮ ਪੰਜਾਬੀ ਮਹਿਸੂਸ ਕਰਦੇ ਹਨ ਕਿ ਆਪ ਸਰਕਾਰ ਦੀਆਂ ਨੀਤੀਆਂ ਪੰਜਾਬ ਨੂੰ ਉਜਾੜਨ ਵਾਲੀਆਂ ਹਨ| ਇਸ ਆਪ ਪਾਰਟੀ ਦੇ ਰਾਜ ਕਾਰਣ ਕੋਈ ਤਬਦੀਲੀ ਨਹੀਂ ਵਾਪਰੀ|
-ਰਜਿੰਦਰ ਸਿੰਘ ਪੁਰੇਵਾਲ