image caption: ਕੁਲਵੰਤ ਸਿੰਘ ਢੇਸੀ

ਮੁਖ ਮੰਤਰੀ ਪੰਜਾਬ ਦਾ ਖਾਧਾ ਪੀਤਾ, ਕੈਪਟਨ ਨੇ ਮਾਰੀ ਟਪੂਸੀ, ਲੈਸਟਰ ਦੇ ਦੰਗੇ , ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਖਾਧਾ ਪੀਤਾ ਨਉਲਿਆ

 ਚੀਲਾਂ, ਗਿਰਝਾਂ, ਉੱਲੂ, ਕਾਂ ਤੇ ਮੋਰ ਛੁਪਾਏ ਹੋਏ ਨੇ, ਇੱਕ ਚਿਹਰੇ ਨੇ ਕਿੰਨੇ ਆਦਮਖੋਰ ਛੁਪਾਏ ਹੋਏ ਨੇ

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਰਤ ਦੇ ਕੇਂਦਰੀ ਨਾਗਰਿਕ ਅਤੇ ਅਵਾਬਾਜ਼ੀ ਮੰਤਰੀ ਸ੍ਰੀ ਸਿੰਧੀਆ ਨੂੰ ਚਿੱਠੀ ਲਿਖ ਕੇ ਮੁਖ ਮੰਤਰੀ ਪੰਜਾਬ ਦੇ ਜਰਮਨੀ ਦੌਰੇ ਮਗਰੋਂ ਜਹਾਜ਼ ਵਿਚੋਂ ਉਤਾਰੇ ਜਾਣ ਦੇ ਚਰਚਿਆਂ &lsquoਤੇ ਸਵਾਲ ਚੁੱਕੇ ਹਨ। ਚਿੱਠੀ ਵਿਚ ਉਹਨਾ ਜੋ ਕੁਝ ਲਿਖਿਆ ਹੈ ਉਸ ਦਾ ਸਾਰਅੰਸ਼ ਇਹ ਬਣਦਾ ਹੈ- ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖ਼ਬਰਾਂ ਹਨ ਕਿ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ਉੱਤੇ ਫਲਾਈਟ ਨਹੀਂ ਲੈਣ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਯਾਤਰਾ ਕਰਨ ਦੀ ਹਾਲਤ ਵਿੱਚ ਨਹੀਂ ਸਨ। ਕਿਰਪਾ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ

ਇਸ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ &ndash ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਤੋਂ ਵਾਪਸੀ ਸਮੇਂ ਲੁਫਥਾਂਸਾ ਫਲਾਈਟ ਤੋਂ ਇਸ ਕਰਕੇ ਹੇਠਾਂ ਲਾਹ ਦਿੱਤਾ ਗਿਆ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ ਤੇ ਚੱਲਣ ਵਿੱਚ ਵੀ ਅਸਮਰਥ ਸਨ। ਫਲਾਈਟ ਵੀ ਚਾਰ ਘੰਟੇ ਲੇਟ ਹੋ ਗਈ। ਇਹਨਾਂ ਰਿਪੋਰਟਾਂ ਕਾਰਨ ਸਾਰੀ ਦੁਨੀਆਂ ਚ ਪੰਜਾਬੀਆਂ ਨੂੰ ਨਮੋਸ਼ੀ ਝੱਲਣੀ ਪਈ ਹੈ&rsquo

ਹੁਣ ਇਹ ਮਾਮਲਾ ਕੌਮੀ ਮਾਨ ਸਨਮਾਨ ਦਾ ਮੁੱਦਾ ਬਣਦਾ ਜਾ ਰਿਹਾ ਹੈ। ਜਦੋਂ ਲਫਥਾਂਸਾ ਏਅਰਲਾਈਨ ਨੂੰ ਇਸ ਸਬੰਧੀ ਸਵਾਲ ਪੁੱਛੇ ਗਏ ਤਾਂ ਲਫਥਾਂਸਾ ਦੇ ਬੁਲਾਰੇ ਨੇ ਕਿਹਾ ਕਿ ਜਹਾਜ ਦੀ ਬਦਲੀ ਕਾਰਨ ਫਲਾਈਟ ਲੇਟ ਹੋਈ ਪਰ ਉਹਨਾ ਨੇ ਭਗਵੰਤ ਸਿੰਘ ਮਾਨ ਬਾਰੇ ਕੁਝ ਵੀ ਦੱਸਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਯਾਤਰੀ ਦੇ ਡੇਟਾ ਪ੍ਰੋਟੈਕਸ਼ਨ ਬਾਰੇ ਕਾਨੂੰਨ ਇਹ ਇਜਾਜ਼ਤ ਨਹੀਂ ਦਿੰਦੇ ਕਿ ਕਿਸੇ ਯਾਤਰੀ ਬਾਰੇ ਕੋਈ ਜਾਣਕਾਰੀ ਜਨਤਕ ਕਰੀਏ

ਸ਼ਰਾਬ ਪੀ ਕੇ ਕਿਸੇ ਵੀ ਖੁਸ਼ੀ ਗਮੀ ਦੇ ਸਮਾਗਮ ਵਿਚ ਜਾਂ ਸਾਂਸਦ ਵਿਚ ਜਾਣ ਦੇ ਇਲਜ਼ਾਮ ਤਾਂ ਭਗਵੰਤ ਮਾਨ ਤੇ ਪਹਿਲਾਂ ਵੀ ਲੱਗਦੇ ਰਹੇ ਹਨ। ਸੰਨ ੨੦੧੫ ਦੌਰਾਨ ਆਮ ਆਦਮੀ ਦੇ ਆਪਣੇ ਹੀ ਮੈਂਬਰ ਯਾਦਵਿੰਦਰ ਸਿੰਘ ਨੇ ਭਗਵੰਤ ਸਿੰਘ ਮਾਨ ਤੇ ਸਾਂਸਦ ਵਿਚ ਸ਼ਰਾਬ ਪੀ ਕੇ ਜਾਣ ਦੇ ਇਲਜ਼ਾਮ ਲਾਏ ਸਨ ਅਤੇ ਫਿਰ ਸੰਨ ੨੦੧੬ ਵਿਚ ਆਮ ਆਦਮੀ ਪਾਰਟੀ ਦੇ ਹੀ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਵੀ ਇਸੇ ਕਿਸਮ ਦਾ ਇਲਜ਼ਾਮ ਲਾਇਆ ਸੀ। ਸ: ਖਾਲਸਾ ਨੇ ਉਸ ਸਮੇ ਦੇ ਸਪੀਕਰ ਸੁਮਿਤਰਾ ਮਹਾਜਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਸੀ ਕਿ ਮਾਨ ਦੇ ਨਾਲ ਵਾਲੀ ਸੀਟ &lsquoਤੇ ਬੈਠਣਾ ਬਹੁਤ ਔਖਾ ਹੈ ਕਿਓਂਕਿ ਉਸ ਕੋਲੋਂ ਸ਼ਰਾਬ ਦੀ ਬਦਬੂ ਆਉਂਦੀ ਹੈ।

ਸੰਨ ੧੯੧੫ ਨੂੰ ਜਦੋਂ ਬਹਿਬਲ ਕਲਾਂ ਗੋਲੀ ਕਾਂਡ ਵਿਚ ਸ਼ਹੀਦ ਹੋਏ ਭਾਈ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੇ ਭੋਗ ਸਮੇਂ ਭਗਵੰਤ ਮਾਨ ਦੇ ਮੂੰਹ ਵਿਚੋਂ ਸ਼ਰਾਬ ਦੀ ਆ ਰਹੀ ਬਦਬੂ ਦਾ ਮਾਮਲ ਉਸ ਸਮੇਂ ਭੜਕ ਪਿਆ ਸੀ ਜਦੋਂ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਸ ਨੂੰ ਸਟੇਜ ਤੋਂ ਉਤਰਨ ਲਈ ਕਹਿ ਦਿੱਤਾ ਸੀ। ਆਮ ਆਦਮੀ ਪਾਰਟੀ ਇਸ ਮਾਮਲੇ ਵਿਚ ਮਾਨ ਨੂੰ ਬਰੀ ਕਰ ਦਿੱਤਾ ਸੀ। ਸੰਨ ੧੯੧੬ ਨੂੰ ਅਸਟ੍ਰੇਲੀਆ ਵਿਚ ਨਸਲੀ ਹਿੰਸਾ ਦੇ ਵਿਚ ਮਾਰੇ ਗਏ ਮਨਮੀਤ ਅਲੀ ਸ਼ੇਰ ਦੇ ਅੰਤਮ ਸਸਕਾਰ ਸਮੇਂ ਸ਼ਾਮਲ ਭਗਵੰਤ ਮਾਨ ਨੂੰ ਵੀ ਪਰਿਵਾਰ ਨੇ ਉਥੋਂ ਜਾਣ ਲਈ ਕਹਿ ਦਿੱਤਾ ਸੀ ਕਿਓਂਕਿ ਉਸ ਦੇ ਮੂੰਹ ਵਿਚੋਂ ਸ਼ਰਾਬ ਦੀ ਬਦਬੂ ਆਉਂਦੀ ਸੀ।

ਸੰਨ ੨੦੧੯ ਨੂੰ ਬਰਨਾਲਾ ਰੈਲੀ ਵਿਚ ਜਿਸ ਵੇਲੇ ਭਗਵੰਤ ਸਿੰਘ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ ਤਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਨੂੰ &lsquoਮਹਾਨ ਬਲੀਦਾਨ&rsquo ਦਾ ਨਾਮ ਦਿੱਤਾ ਸੀ। ਹੁਣ ਵਾਲੇ ਮਾਮਲੇ ਵਿਚ ਮਾਨ ਕਹਿੰਦਾ ਹੈ ਕਿ ਵਿਰੋਧੀ ਲੋਕ ਉਸ ਦੀ ਕਿਰਦਾਰ ਕੁਸ਼ੀ ਲਈ ਐਸੇ ਇਲਜ਼ਾਮ ਲਾਉਂਦੇ ਰਹੇ ਹਨ ਕਿਓਂਕਿ ਉਹਨਾ ਕੋਲ ਮਾਨ ਖਿਲਾਫ ਹੋਰ ਕੁਝ ਵੀ ਨਹੀਂ ਹੈ।

ਜਰਮਨੀ ਵਾਲੀ ਖਬਰ ਨੂੰ ਸਭ ਤੋਂ ਪਹਿਲਾਂ ਇੰਡੀਅਨ ਨਰੇਟਿਵ ਡੌਟ ਕੌਮ ਤੇ ਨਰਿੰਦਰ ਸਿੰਘ ਤੱਘੜ ਨੇ ਛਾਪਿਆ ਸੀ। ਤੱਘੜ ਆਪਣੇ ਆਪ ਨੂੰ ਭਾਵੇਂ ਭਗਵੰਤ ਸਿੰਘ ਮਾਨ ਦਾ ਸ਼ੁਭਚਿੰਤਕ ਦਸਦਾ ਹੈ ਪਰ ਉਹ ੧੮ ਸਤੰਬਰ ਐਤਵਾਰ ਨੂੰ ਛਪੀ ਆਪਣੀ ਖਬਰ ਨੂੰ ਸੋਲਾਂ ਆਨੇ ਸੱਚ ਕਹਿੰਦਾ ਹੈ। ਇਸ ਤੋਂ ਬਾਅਦ ਦਾ ਹਿੰਦੂ ਨੇ ਇਸੇ ਖਬਰ ਨੂੰ ਆਪਣੇ ਹਿਸਾਬ ਨਾਲ ਛਾਪਿਆ ਕਿ ਮੁਖ ਮੰਤਰੀ ਨੇ ਆਪਣੀ ਫਲਾਈਟ ਰੀ ਸ਼ਿਡਊਲ ਕਰ ਲਈ ਭਾਵ ਮਾਨ ਨੇ ਫਲਾਈਟ ਛੱਡ ਦਿੱਤੀ। ਫਿਰ ਫਲਾਈਟ ਵਿਚ ਦੇਰੀ ਦਾ ਕਾਰਨ ਦਸਦਾ ਹੈ ਕਿ ਇਨ ਬਾਊਂਡ ਫਲਾਈਟ ਬਦਲਣ ਕਰਕੇ ਫਲਾਈਟ ਡਿਲੇ ਹੋ ਗਈ ਅਤੇ ਜਹਾਜ਼ ਬਦਲ ਦਿੱਤਾ ਗਿਆ। ਅਖਬਾਰ ਨੇ ਇਹ ਵੀ ਲਿਖਿਆ ਹੈ ਕਿ ਫਲਾਈਟ ਵਿਚ ਕੁਝ ਯਾਤਰੀਆਂ ਅਤੇ ਕੈਬਿਨ ਕਰੂ ਦੀ ਗਰਮ ਬਹਿੰਸ ਹੋਈ ਅਤੇ ਚਾਰ ਪੰਜ ਵਿਅਕਤੀ ਜਹਾਜ ਤੋਂ ਥੱਲੇ ਉਤਰੇ ਜਿਸ ਵਿਚ ਇੱਕ ਕੁੜਤੇ ਪਜਾਮੇ ਵਾਲੇ ਵਿਅਕਤੀ ਦੀ ਸ਼ਕਲ ਭਗਵੰਤ ਮਾਨ ਨਾਲ ਮਿਲਦੀ ਸੀ। ਇਸੇ ਸਬੰਧ ਵਿਚ ਇਹ ਵੀ ਲਿਖਿਆ ਹੈ ਕਿ ਪਾਈਲਟ ਨੇ ਯਾਤਰੀਆਂ ਦੇ ਨਾਮ ਆਪਣੀ ਅਨਾਊਂਸਮੈਂਟ ਵਿਚ ਕਿਹਾ ਕਿ ਕੁਝ ਯਾਤਰੀਆਂ ਨੂੰ ਜਹਾਜ਼ ਵਿਚੋ ਲਾਹ ਦਿੱਤਾ ਗਿਆ ਹੈ। ਪਾਈਲਟ ਨੇ ਇਹ ਵੀ ਕਿਹਾ ਕਿ ਫਲਾਈਟ ਕੁਝ ਲੇਟ ਹੋਵੇਗੀ ਕਿਓਂਕਿ ਸਬੰਧਤ ਵਿਅਕਤੀਆਂ ਦਾ ਸਮਾਨ ਜਹਾਜ ਵਿਚੋਂ ਲਹੁਣਾ ਪਵੇਗਾ। ਸ: ਤੱਘੜ ਮੁਤਾਬਿਕ ਜਿਸ ਯਾਤਰੀ ਨੇ ਉਸ ਨੂੰ ਜਾਣਕਾਰੀ ਦਿੱਤੀ ਹੈ ਉਹ ਪੰਜਾਬ ਪਿਛੋਕੜ ਦਾ ਹੈ ਪਰ ਜਾਹਰ ਨਹੀਂ ਹੋਣਾ ਚਹੰਦਾ। ਇਸ ਯਾਤਰੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਸ਼ਰਾਬ ਕੀਤੀ ਹੋਈ ਸੀ ਜਦ ਕਿ ਦਾ ਹਿੰਦੂ ਅਖਬਾਰ ਨੂੰ ਜਾਣਕਾਰੀ ਦੇਣ ਵਾਲਾ ਯਾਤਰੀ ਕਿਸੇ ਕੰਪਨੀ ਦਾ ਸੀਨੀਅਰ ਐਗਜੇਕਟਿਵ ਇਕ ਮਦਰਾਸੀ ਸੀ। ਆਮ ਆਦਮੀ ਪਾਰਟੀ ਦੇ ਮੀਡੀਆ ਕਾਮਨੀਕੇਸ਼ਨ ਡਾਇਰੈਕਟਰ ਚੰਦਰ ਸੁਧਾ ਡੋਗਰਾ ਨੇ ਇਸ ਮਾਮਲੇ ਦਾ ਕਾਰਨ ਮੁਖ ਮੰਤਰੀ ਪੰਜਾਬ ਦੀ ਢਿੱਲੀ ਸਿਹਤ ਦੱਸਿਆ ਹੈ।


ਕੈਪਟਨ ਨੇ ਭਾਜਪਾ ਨੂੰ ਜਾ ਸਲੂਟ ਮਾਰਿਆ

ਭਾਰਤੀ ਰਾਜਨੀਤਕ ਆਗੂਆਂ ਵਿਚ ਦਲ ਬਦਲੀ ਆਮ ਗੱਲ ਹੈ। ਇਹ ਆਗੂ ਕਿਸੇ ਸਿਧਾਂਤ ਜਾਂ ਆਦਰਸ਼ ਨੂੰ ਲੈ ਕੇ ਰਾਜਨੀਤੀ ਵਿਚ ਆਏ ਨਹੀਂ ਜਾਪਦੇ ਸਗੋਂ ਸਿਆਸੀ ਚੌਧਰ ਲਈ ਜਾਂ ਆਪਣੀ ਪੈਂਠ ਅਤੇ ਪੈਸੇ ਪਦਾਰਥ ਲਈ ਰਾਜਨੀਤੀ ਨੂੰ ਸੰਦ ਵਾਂਗ ਵਰਤਦੇ ਹਨ। ਜਦੋਂ ਕਿਸੇ ਸਿਆਸੀ ਦਲ ਵਿਚ ਇਹਨਾ ਦੇ ਹੰਕਾਰ ਨੂੰ ਸੱਟ ਵੱਜਦੀ ਹੈ ਤਾਂ ਇਹ ਦਲ ਬਦਲਦੇ ਅੱਗਾ ਪਿੱਛਾ ਨਹੀਂ ਦੇਖਦੇ ਭਾਵੇਂ ਕਿ ਰਾਜਨੀਤਕ ਤੌਰ ਤੇ ਅਜੇਹੀ ਸੱਟ ਇਹਨਾ ਆਗੂਆਂ ਦੀ ਆਪਣੀ ਨਾਕਾਮੀ ਕਰਕੇ ਲੱਗੀ ਹੋਵੇ। ੧੮ ਸਤੰਬਰ ੨੦੨੧ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰੀ ਕਾਗਰਸ ਦੇ ਜ਼ੋਰ ਦੇਣ ਤੇ ਮੁਖ ਮੰਤਰੀ ਵਜੋਂ ਅਸਤੀਫਾ ਦੇਣਾ ਪਿਆ ਸੀ ਤਾਂ ਉਸ ਵੇਲੇ ਇਹ ਗੱਲ ਆਮ ਲੋਕਾਂ ਦੀ ਜ਼ੁਬਾਨ ਤੇ ਸੀ ਕਿ ਗੁਰਬਾਣੀ ਦੇ ਪਾਵਨ ਗੁਟਕੇ ਹੱਥਾਂ ਵਿਚ ਲੈ ਕੇ ਜੋ ਕਸਮਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਸਨਮੁਖ ਸੰਨ ੧੯੧੭ ਦੋਰਾਨ ਕੁਰਸੀ ਹਥਿਆਉਣ ਲਈ ਖਾਧੀਆਂ ਸਨ, ਉਹ ਉਹਨਾ ਕਸਮਾਂ ਤੇ ਪੂਰਾ ਨਹੀਂ ਉਤਰਿਆ। ਉਸੇ ਵੇਲੇ ਤੋਂ ਹੀ ਕੈਪਟਨ ਵਲੋਂ ਬਾਗੀ ਸੁਰ ਜਾਰੀ ਸੀ ਅਤੇ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਉਹ ਕਿਸੇ ਸਮੇਂ ਵੀ ਸੋਨੀਆਂ ਗਾਂਧੀ ਦੀ ਕਾਂਗਰਸ ਤੋਂ ਪਿੱਠ ਮੋੜ ਕੇ ਭਾਜਪਾ ਦੇ ਰੱਥ ਤੇ ਚੜ੍ਹ ਸਕਦਾ ਹੈਹੁਣ ਇੱਕ ਸਾਲ ਬਾਅਦ ਇਹ ਭਵਿੱਖਬਾਣੀ ਸੱਚ ਸਾਬਤ ਹੋਈ ਜਦੋਂ ਕਿ ਕੈਪਟਨ ਨੇ ਆਪਣੀ ਡੁੱਬ ਰਹੀ ਰਾਜਨੀਤਕ ਸਾਖ ਨੂੰ ਬਚਾਉਣ ਲਈ ਭਾਜਪਾ ਦੇ ਰੱਥ ਦਾ ਆਸਰਾ ਲਿਆ ਹੈ।


ਪਟਿਆਲਾ ਦੇ ਮਹਾਂਰਾਜਾ ਸਰ ਯਾਦਵਿੰਦਰਾ ਸਿੰਘ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਨੇ ਸੰਨ ੧੯੬੩ ਤੋਂ ੧੯੬੬ ਤਕ ਭਾਰਤੀ ਸੈਨਾ ਵਿਚ ਸੇਵਾ ਕੀਤੀ । ਸੰਨ ੧੯੮੦ ਵਿਚ ਉਸ ਨੇ ਪਹਿਲੀ ਵਾਰ ਲੋਕ ਸਭਾ ਦੀ ਸੀਟ ਜਿੱਤੀ ਸੀ ਪਰ ਸੰਨ ੧੯੮੪ ਨੂੰ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੇ ਰੋਸ ਵਜੋਂ ਕੈਪਟਨ ਨੇ ਸਾਂਸਦ ਤੋਂ ਅਸਤਫਾ ਦੇ ਦਿੱਤਾ ਅਤੇ ਕਾਗਰਸ ਛੱਡ ਕੇ ਅਕਾਲੀ ਦਲ ਵਿਚ ਜਾ ਸ਼ਾਮਲ ਹੋਇਆ ਪਰ ਫਿਰ ਪ੍ਰਕਾਸ਼ ਸਿੰਘ ਬਾਦਲ ਨਾਲ ਨਰਾਜ਼ ਹੋ ਕੇ ਅਕਾਲੀ ਦਲ ਪੰਥਕ ਨਾਮ ਦਾ ਵੱਖਰਾ ਅਕਾਲੀ ਦਲ ਬਣਾ ਲਿਆ ਪਰ ਸੰਨ ੧੯੯੭ ਵਿਚ ਮੁੜ ਕਾਂਗਰਸ ਵਿਚ ਸ਼ਰਨ ਲੈ ਲਈ ਸੀ। ਸੰਨ ੨੦੦੨ ਤੋਂ ੨੦੦੭ ਤਕ ਉਸ ਨੂੰ ਪੰਜਾਬ ਦੇ ਮੁਖ ਮੰਤਰੀ ਹੋਣ ਦਾ ਮੁਕਟ ਪ੍ਰਾਪਤ ਹੋਇਆ। ਕੈਪਟਨ ਦੀ ਪਤਨੀ ਮਹਾਂਰਾਣੀ ਪ੍ਰਨੀਤ ਕੌਰ ੨੦੦੯ ਤੋਂ ਅਕਤੂਬਰ ੨੦੧੨ ਤਕ ਵਿਦੇਸ਼ ਮੰਤਰਾਲੇ ਵਿਚ ਰਾਜ ਮੰਤਰੀ ਰਹੇ। ਕੈਪਟਨ ਦੇ ਭੂਤਪੂਰਵ ਸ੍ਰੀ ਰਾਜੀਵ ਗਾਂਧੀ ਨਾਲ ਦੋਸਤਾਨਾ ਸਬੰਧ ਰਹੇ ਸਨ ਅਤੇ ਇਸੇ ਕਰਕੇ ਉਹ ਸੋਨੀਆਂ ਗਾਂਧੀ ਦੇ ਨੇੜੇ ਰਹੇ ਪਰ ਜਿਵੇਂ ਕਿ ਕਿਹਾ ਵੀ ਜਾਂਦਾ ਹੈ ਕਿ ਰਾਜਨੀਤੀ ਵਿਚ ਕੋਈ ਨਾ ਤਾਂ ਪੱਕਾ ਦੋਸਤ ਹੁੰਦਾ ਹੈ ਨਾ ਹੀ ਕੋਈ ਪੱਕਾ ਦੁਸ਼ਮਣ ਹੁੰਦਾ ਹੈ। ਜਿਸ ਵੇਲੇ ਕੇਂਦਰੀ ਕਾਗਰਸ ਨੇ ਕੈਪਟਨ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਮੁਕਟ ਖੋਹ ਕੇ ਨਵਤੋਜ ਸਿੰਘ ਦੇ ਸਿਰ ਤੇ ਰੱਖ ਦਿੱਤਾ ਸੀ ਤਾਂ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਨਾਮ ਦੀ ਆਪਣੀ ਪਾਰਟੀ ਬਣਾ ਲਈ ਅਤੇ ਸੰਨ ੨੦੨੨ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਰਲ ਕੇ ਲੜੀਆਂ। ਜਦੋਂ ਇਸ ਨਵੀਂ ਪਾਰਟੀ ਦੇ ਪੈਰ ਰਾਜਨੀਤੀ ਵਿਚ ਨਾ ਲੱਗੇ ਅਤੇ ਉਸ ਦੇ ਆਪਣੇ ਕਰੀਬੀ ਰਾਣਾ ਗੁਰਮੀਤ ਸਿੰਘ ਸੋਢੀ, ਬਲਵੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ ਅਤੇ ਰਾਜ ਕੁਮਾਰ ਵੇਰਕਾ ਵਰਗੇ ਭਾਜਪਾ ਦੇ ਰੱਥ ਵਿਚ ਬਹਿ ਗਏ ਤਾਂ ਇਹਨਾ ਹਾਲਾਤਾਂ ਵਿਚ ਕੈਪਟਨ ਨੇ ਵੀ ਭਾਜਪਾ ਦੇ ਰੱਥ ਦਾ ਸਹਾਰਾ ਜਾ ਲਿਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕੈਪਟਨ ਜਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਨ ੧੯੮੪ ਬਾਰੇ, ਕਿਸਾਨ ਕਰਜ਼ਿਆ ਬਾਰੇ ਅਤੇ ਕੁਰਤਾਰਪੁਰ ਲਾਂਘੇ ਬਾਰੇ ਝੂਠਾ ਕਹਿੰਦੇ ਰਹੇ ਹਨ ਹੁਣ ਉਹ ਉਸੇ ਨਰਿੰਦਰ ਮੋਦੀ ਤਹਿਤ ਭਾਜਪਾ ਵਿਚ ਸ਼ਾਮਲ ਕਿਵੇਂ ਹੋ ਗਿਆ

੮੫ ਸਾਲ ਦੀ ਉਮਰ ਦੇ ਜੀਵਨ ਦੇ ਢਲ ਰਹੇ ਸੂਰਜ ਵਿਚ ਕੈਪਟਨ ਦੁਬਾਰਾ ਰਾਜਨੀਤੀ ਵਿਚ ਉੱਭਰ ਸਕੇ ਇਸ ਦੀ ਕੋਈ ਖਾਸ ਉਮੀਦ ਨਜ਼ਰ ਨਹੀਂ ਅਉਂਦੀ।


ਲੈਸਟਰ ਵਿਚ ਕ੍ਰਿਕਟ ਮੈਚ ਨੂੰ ਲੈ ਕੇ ਖੁੜਦੰਭ

ਜਿਸ ਵੇਲੇ ਬਰਤਾਨੀਆਂ ਦੀ ਮਹਾਂਰਾਣੀ ਦੇ ਸਸਕਾਰ ਦੀਆਂ ਅੰਤਮ ਰਸਮਾ ਵਿਚ ਸਾਰਾ ਦੋਸ਼ ਸੋਗੀ ਮਹੌਲ ਵਿਚ ਸੀ ਉਸ ਵੇਲੇ ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਫੈਲੇ ਦੰਗਿਆਂ ਨੇ ਮਹੌਲ ਨੂੰ ਬੁਰੀ ਤਰਾਂ ਨਾਲ ਦੂਸ਼ਿਤ ਕਰ ਦਿੱਤਾ। ੧੮ ਅਗਸਤ ਨੂੰ ਭਾਰਤ ਪਾਕਿਸਤਾਨ ਦਰਮਿਆਨ ਹੋਏ ਏਸ਼ੀਆ ਕੱਪ ਕ੍ਰਿਕਟ ਮੈਚ ਮਗਰੋਂ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਸਨੀਵਾਰ ੧੭ ਸਤੰਬਰ ਨੂੰ ਹਿੰਦੂਆਂ ਅਤੇ ਮੁਸਲਮਾਨਾ ਦਰਮਿਆਨ ਭੜਕੇ ਦੰਗੇ ਸੁਰਖੀਆਂ ਵਿਚ ਹਨ। ਇਸ ਸਬੰਧੀ ੪੭ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਕ ਵਿਅਕਤੀ ਨੂੰ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿਚ ੧੦ ਮਹੀਨਿਆਂ ਦੀ ਕੈਦ ਵੀ ਹੋਈ ਹੈ। ੧੫ ਵਿਅਕਤੀਆ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਹੈ। ਹਿੰਸਾ ਨੂੰ ਰੋਕਣ ਦੀ ਜੱਦੋ ਜਹਿਦ ਵਿਚ ੨੭ ਪੁਲਸੀਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ। ਇਸ ਸਬੰਧੀ ਹਿੰਦੂ ਅਤੇ ਮੁਸਲਮਾਨ ਆਗੂਆਂ ਨੇ ਦਹਿਸ਼ਤਗਰਦਾਂ ਨੂੰ ਸ਼ਾਂਤ ਹੋਣ ਦੀਆ ਅਪੀਲਾਂ ਕੀਤੀਆਂ ਹਨ।

ਇਸ ਗੜਬੜ ਦਾ ਮੁਖ ਕਾਰਨ ਸ਼ਨਿਚਰਵਾਰ ਨੂੰ ਪੂਰਵੀ ਲੈਸਟਰ ਵਿਚ ਗਿਣ ਮਿਥ ਕੇ ਕੀਤਾ ਗਿਆ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ। ਐਤਵਾਰ ਨੂੰ ਭਾਵੇਂ ੧੦੦ ਵਿਅਕਤੀਆ ਦਾ ਇੱਕ ਹੋਰ ਪ੍ਰਦਰਸ਼ਨ ਹੋਇਆ ਪਰ ਸੋਮਵਾਰ ਰਾਤ ਤਕ ਕਿਸੇ ਮੁੱਠ ਭੇੜ ਦੀ ਖਬਰ ਨਹੀਂ ਆਈਬੀ ਬੀ ਸੀ ਪੰਜਾਬੀ ਨੇ ਆਪਣੀ ਇੰਟਰਵਿਊ ਵਿਚ ਯਾਸਮੀਨ, ਧਰਮੇਸ਼ ਅਤੇ ਅਹਿਮਦ ਨਾਮੀ ਜਿਹਨਾ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ ਉਹਨਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹਨਾ ਦੰਗਿਆਂ ਦਾ ਕਾਰਨ ਕ੍ਰਿਕਟ ਨਹੀਂ ਸਗੋਂ ਆਰ ਐਸ ਐਸ ਅਤੇ ਹਿੰਦੁਤਵਾ ਦੀ ਭਾਰਤੀ ਰਾਜਨੀਤੀ ਹੈ।

ਯੂ ਕੇ ਵਿਚ ਭਾਰਤੀ ਸਫਾਰਤਖਾਨੇ ਵਲੋਂ ਇਹਨਾ ਘਟਨਾਵਾਂ ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਅਤੇ ਭਾਰਤੀ ਅੰਬੈਸਡਰ ਵਲੋਂ ਇਹ ਬਿਆਨ ਦਿੱਤੇ ਗਏ ਹਨ &ndash

ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਨੇ ਕਿਹਾ, ਅਸੀਂ ਲੈਸਟਰ ਵਿੱਚ ਭਾਰਤੀ ਭਾਈਚਾਰੇ ਵਿਰੁੱਧ ਕੀਤੀ ਗਈ ਹਿੰਸਾ ਅਤੇ ਹਿੰਦੂ ਧਰਮ ਦੇ ਸਥਾਨਾਂ ਅਤੇ ਪ੍ਰਤੀਕਾਂ ਦੀ ਤੋੜਫੋੜ ਦੀ ਸਖ਼ਤ ਨਿੰਦਾ ਕਰਦੇ ਹਾਂ।

ਬਿਆਨ ਵਿੱਚ ਅੱਗੇ ਕਿਹਾ ਗਿਆ, ਅਸੀਂ ਇਸ ਮਾਮਲੇ ਨੂੰ ਯੂਕੇ ਦੇ ਅਧਿਕਾਰੀਆਂ ਕੋਲ ਚੁੱਕਿਆ ਹੈ ਅਤੇ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਸੀਂ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕਰਦੇ ਹਾਂ।

ਲੈਸਟਰ ਸ਼ਹਿਰ ਵਿਚ ੩੭ ਫੀ ਸਦੀ ਲੋਕ ਦੱਖਣੀ ਏਸ਼ੀਆ ਮੂਲ ਦੇ ਹਨ ਜਿਹਨਾ ਵਿਚ ਵੱਡੀ ਗਿਣਤੀ ਭਾਰਤੀ ਭਾਈਚਾਰਿਆਂ ਦੀ ਹੈ। ਲੰਬੇ ਸਮੇਂ ਤੋਂ ਇਹ ਭਾਈਚਾਰੇ ਸੁੱਖ ਸ਼ਾਂਤੀ ਨਾਲ ਰਹਿੰਦੇ ਆਏ ਹਨ ਪਰ ਹੁਣ ਇਸ ਗੱਲ ਦੀ ਗੰਭੀਰ ਛਾਣਬੀਣ ਹੋਣੀ ਚਾਹਿਦੀ ਹੈ ਕਿ ਉਹ ਕਿਹੜੇ ਅੰਸਰ ਹਨ ਜੋ ਦੋ ਭਾਈਚਾਰਿਆਂ ਵਿਚ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਹਨ ਜਿਸ ਕਾਰਨ ਦੇਸ਼ ਵਿਚ ਏਸ਼ਿਅਨ ਲੋਕਾਂ ਦਾ ਪ੍ਰਤੀਬਿੰਬ ਸਮੂਹਕ ਤੌਰ ਤੇ ਖਰਾਬ ਹੋ ਰਿਹਾ ਹੈ।

ਲੇਖਕ: ਕੁਲਵੰਤ ਸਿੰਘ ਢੇਸੀ