image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰਬਾਣੀ ਦੀ ਅਧੂਰੀ ਪੰਗਤੀ, ਧੰਨ ਲੇਖਾਰੀ ਨਾਨਕਾ ਦੇ ਨਾਂਅ ਹੇਠ ਕੀਤਾ ਗਿਆ ਸੋਲੋ ਨਾਟਕ ਜਿਥੇ ਗੁਰਬਾਣੀ ਦਾ ਨਿਰਾਦਰ ਹੈ, ਉਥੇ ਸਿੱਖ ਧਰਮ ਉੱਤੇ ਗਿਣ-ਮਿੱਥ ਕੇ ਕੀਤਾ ਗਿਆ ਸਿਧਾਂਤਕ ਹਮਲਾ ਵੀ ਹੈ ।

ਪਿਛਲੇ ਹਫ਼ਤੇ ਦੇ ਡਰਬੀ ਤੋਂ ਛੱਪਦੇ ਪੰਜਾਬ ਟਾਈਮਜ਼ ਦੇ ਅੰਕ 2945 ਦੇ ਸਫ਼ਾ 18 ਉੱਤੇ, ਗਲਾਸਗੋ ਵਿੱਚ ਧੰਨ ਲੇਖਾਰੀ ਨਾਨਕਾ ਨਾਟਕ ਦੀ ਸਫਲ ਪੇਸ਼ਕਾਰੀ ਦੇ ਸਿਰਲੇਖ ਹੇਠ ਖ਼ਬਰ ਛਪੀ ਹੈ ਜਿਸ ਦਾ ਸਾਰ ਅੰਸ਼ ਹੈ ਕਿ ਨਾਟਕ ਦਾ ਪਾਤਰ ਕੋਈ ਸਾਹਿਬ ਸਿੰਘ ਦੇ ਨਾਂਅ ਦਾ ਨੰਗੇ ਸਿਰ ਵਾਲਾ ਵਿਅਕਤੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੀ ਦਾਸਤਾਨ ਛੇੜਦਾ ਹੋਇਆ ਬਾਬੇ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਸੀਹਤਾਂ ਨਜਿੱਠਣ ਦੀ ਗੱਲ ਕਰਦਾ ਹੈ । ਉਹ ਬਾਬੇ ਨੂੰ ਤਸਵੀਰਾਂ ਵਿੱਚੋਂ ਕੱਢ ਕੇ ਦਿਲ ਵਿੱਚ ਵਸਾਉਣ ਦੀ ਗੱਲ ਕਰਦਾ ਹੈ । ਉਹ ਅੱਗੇ ਸਮਾਜ ਵਿੱਚ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਕਿਰਤੀ ਕਿਸਾਨ, ਮਜ਼ਦੂਰ ਦੇ ਦਰਦ ਦੀ ਗੱਲ ਕਰਦਾ ਹੋਇਆ ਜੱਲਿਆਂਵਾਲਾ ਬਾਗ ਦੇ ਸਾਕੇ ਤੋਂ ਲੈ ਕੇ ਦਿੱਲੀ ਦੇ ਕਤਲੇਆਮ ਨੂੰ ਪਿੰਡੇ &lsquoਤੇ ਪਾਏ ਟਾਇਰਾਂ ਰਾਹੀਂ ਬਿਆਨ ਕਰਦਾ ਹੈ ।
ਇਸੇ ਤਰ੍ਹਾਂ ਪਿੱਛਲੇਰੇ ਪੰਜਾਬ ਟਾਈਮਜ਼ ਦੇ ਅੰਕ ਨੰ: 2944 ਦੇ ਸਫ਼ਾ 49 ਉੱਤੇ ਧੰਨ ਲਿਖਾਰੀ ਨਾਨਕਾ ਦੇ ਨਾਟਕ ਦੇ ਲਿਖਾਰੀ, ਨਿਰਦੇਸ਼ਕ, ਅਦਾਕਾਰ ਅਤੇ ਕਲਾਕਾਰ ਦੀ ਪ੍ਰਸ਼ੰਸਾ ਹਿੱਤ ਇਕ ਕਵਿਤਾ ਵੀ ਛੱਪੀ ਹੈ, ਜਿਸ ਦੇ ਹੇਠ ਲਿਖੇ ਦੋ ਅੰਤਰੇ ਵੀ ਵਿਚਾਰਨ ਯੋਗ ਹਨ ।
ਧਰਮਾਂ ਨੇ ਜੋ ਵੰਡੀਆਂ ਪਾਈਆਂ, ਨਾਟਕ ਵਿੱਚ ਤੈਂ ਵਰਨਣ ਕੀਤਾ ।
ਜਨੂੰਨੀਆਂ ਦੀ ਤੂੰ ਮਿੱਟੀ ਪੁੱਟਦਾ ਨਾ ਥੱਕ-ਟੁੱਟ ਕੇ ਬਹਿੰਦਾ ।
ਅਤੇ - ਬਾਬੇ ਦੀ ਗੱਲ ਕਰਦਾ ਕਰਦਾ ਯਾਦ ਕਰੇਂਦਾ ਨਾਨਕ ਤਾਂਈ,
ਪਾਪ ਦੀ ਜੰਝ ਨੂੰ ਨਿੰਦੇ ਭੰਡੇ ਸਿਧਾਂਤ ਨਾ ਜੁੜਿਆ ਰਹਿੰਦਾ ।
ਕੀ ਗੁਰੂ ਨਾਨਕ ਦਾ ਸਥਾਪਤ ਕੀਤਾ ਸਿੱਖ ਧਰਮ ਵੀ ਧਰਮਾਂ ਵਿੱਚ ਵੰਡੀਆਂ ਪਾਉਣ ਵਾਲਾ ਹੈ ? ਇਸ ਬਾਰੇ ਵੀ ਅਤੇ ਗੁਰਬਾਣੀ ਦੀ ਅਧੂਰੀ ਪੰਗਤੀ ਵਾਲੇ ਧੰਨ ਲੇਖਾਰੀ ਨਾਨਕਾ ਦੇ ਸੋਲੋ ਨਾਟਕ ਬਾਰੇ ਵੀ ਹੱਥਲੇ ਲੇਖ ਵਿੱਚ ਵਿਚਾਰ ਚਰਚਾ ਕਰਾਂਗੇ । ਗੁਰਬਾਣੀ ਦੀ ਪੂਰੀ ਪੰਗਤੀ ਹੈ :
ਧੰਨ ਸੁ ਕਾਗਦੁ ਕਲਮ ਧੰਨ ਧੰਨ ਭਾਂਡਾ ਧਨ ਮਸੁ ॥ (ਭਾਂਡਾ-ਦੁਆਤ, ਮਸੁ-ਸਿਆਹੀ)
ਧੰਨ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥ (ਸਲੋਕ ਪਹਿਲੀ ਪਾਤਸ਼ਾਹੀ, ਗੁ: ਗ੍ਰੰ: ਸਾ: ਪੰਨਾ 1291)
ਭਾਵ - ਕਾਗਦੁ ਕਲਮ, ਦੁਆਤ ਤੇ ਸਿਆਹੀ ਧੰਨ ਹੈ । ਅਤੇ ਗੁਰੂ ਨਾਨਕ ਜੀ ਫੁਰਮਾਉਂਦੇ ਹਨ ਕਿ ਉਹੀ ਧੰਨ ਹੈ ਜੋ ਸਚੇ ਨਾਮੁ ਨੂੰ ਲਿਖਦਾ ਹੈ ਅਤੇ ਨਾਮੁ ਦਾ ਭਾਵ ਹੈ : ਸਰਬ-ਵਿਆਪੀ ਆਤਮਾ । ਉਹ ਨਿਰਾਕਾਰ ਹੈ, ਨਿਰੋਲ ਪ੍ਰਾਣ ਹੈ । ਨਾਮੁ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਅਰਥਾਤ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਅਗਾਸ ਪਤਾਲ ॥ ਨਾਮ ਕੇ ਧਾਰੇ ਸਗਲ ਅਕਾਰ ॥ (ਸੁਖਮਨੀ ਸਾਹਿਬ) ਦੂਜੇ ਭਾਰਤੀ ਦਰਸ਼ਨ ਅਨੁਸਾਰ ਹਰ ਕੋਈ ਨਾਮ ਤੇ ਰੂਪ ਦਾ ਸੁਮੇਲ ਹੈ ਪਰ ਸਿੱਖ ਧਰਮ ਦੇ ਮੰਗਲਾਚਰਣ (ਮੂਲ ਮੰਤਰ) ਅਨੁਸਾਰ ਉਸ ਦਾ ਰੂਪ ਮਿੱਥਿਆ ਨਹੀਂ ਜਾ ਸਕਦਾ । ਰੂਪ ਵਿੱਚੋਂ ਕੱਢਣ ਲਈ ਨਾਮ ਦਾ ਸ਼ਬਦ ਵਰਤਿਆ । ਉਸ ਦੇ ਨੂਰ ਦੇ ਤੱਤ ਨੂੰ ਗੁਰਬਾਣੀ ਵਿੱਚ ਨਾਮੁ ਕਿਹਾ ਹੈ । ਹਾਜਰਾ ਹਜੂਰ, ਜ਼ਾਹਰਾ ਜਹੂਰ, ਸਰਬਕਲਾ ਭਰਪੂਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਗੁਰੂ ਨਾਨਕ ਨੂੰ ਨਾਮ, ਬਾਕੀ ਨੌਂ ਗੁਰੂਆਂ, ਗੁਰੂ ਗ੍ਰੰਥ, ਗੁਰੂ ਪੰਥ ਨਾਲੋਂ ਅਲੱਗ ਕਰਕੇ ਵੇਖਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਭਾਵ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਉਪਦੇਸ਼, ਬਾਨੀ ਨੌਂ ਗੁਰੂਆਂ ਤੇ ਗੁਰੂ ਗ੍ਰੰਥ, ਗੁਰੂ ਪੰਥ ਨਾਲੋਂ ਅਲੱਗ ਨਹੀਂ ਹਨ । ਇਕ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ । ਅੰਗ-646 ਗੁ: ਗ੍ਰੰ: ਸਾ: ਪੰਨਾ 1136 ਉੱਤੇ ਸਪੱਸ਼ਟ ਦਰਜ ਹੈ ਕਿ ਨਾਨਕ ਦੇ ਘਰ ਕੇਵਲ ਨਾਮੁ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਨਾਮ ਨਾ ਮੰਨਣ ਵਾਲੇ ਨੂੰ ਮੂਰਖ ਕਿਹਾ ਹੈ, ਅਰਥਾਤ ਮੂਰਖਾ ਸਿਰਿ ਮੂਰਖ ਹੈ ਜਿ ਮੰਨੇ ਨਾਹੀ ਨਾਉ ॥ (ਗੁ: ਗ੍ਰੰ: ਸਾ: ਪੰਨਾ 1015) ਸਿੱਖ ਧਰਮ ਦੇ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਤ੍ਰੀ ਉਪਦੇਸ਼, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀਆਂ ਲੀਹਾਂ &lsquoਤੇ ਆਧਾਰਿਤ ਹਨ । ਜੇ ਕਿਸੇ ਨੇ ਨਾਨਕ ਦੇ ਸਰੂਪ ਤੇ ਤਿੰਨਾਂ ਉਪਦੇਸ਼ਾਂ ਵਿੱਚੋਂ ਨਾਮ ਜਪੋ ਦੇ ਸਿਧਾਂਤ ਨੂੰ ਮਨਫ਼ੀ ਕਰਕੇ ਨਾਟਕ ਕਰਨੇ ਹਨ ਤਾਂ ਉਸ ਨੂੰ ਨਾਨਕ ਦਾ ਨਾਂ ਨਹੀਂ ਵਰਤਣਾ ਚਾਹੀਦਾ । ਕਿਉਂਕਿ ਅਜਿਹੇ ਨਾਟਕ ਅਗਿਆਨੀ ਸਿੱਖਾਂ ਨੂੰ ਬੁੱਧੂ ਬਣਾਉਣ ਅਤੇ ਸਿੱਖ ਧਰਮ ਨੂੰ ਢਾਹ ਲਾਉਣ ਲਈ ਕੀਤੇ ਜਾਂਦੇ ਹਨ । ਧਰਮ ਬਾਰੇ ਆਧੁਨਿਕ ਵਾਦੀ ਦ੍ਰਿਸ਼ਟੀਕੋਣ ਨੂੰ ਇਸ ਰੌਸ਼ਨੀ ਵਿੱਚ ਰੱਖ ਕੇ ਦੇਖਿਆ ਜਾਵੇ ਤਾਂ ਇਸ ਦਾ ਥੋਥ ਸਾਫ ਉਜਾਗਰ ਹੋ ਜਾਂਦੈ । ਧਰਮ ਬਾਰੇ ਬਣੀਆਂ ਇਹ ਆਮ ਧਾਰਨਾਵਾਂ ਕਿ ਇਹ ਇਕ ਪਿਛਾਂਹ ਖਿੱਚੂ ਫਲਸਫਾ ਏ ਅਤੇ ਇਹ ਮਨਾਂ ਅੰਦਰ ਤੰਗ-ਨਜ਼ਰੀ ਤੇ ਅਸਹਿਣਸ਼ੀਲਤਾ ਦੇ ਭਾਵ ਪੈਦਾ ਕਰਦਾ ਏ ਅਤੇ ਇਹ ਲੋਕਾਂ ਵਿੱਚਕਾਰ ਨਫ਼ਰਤ ਤੇ ਦੁਸ਼ਮਣੀ ਦੇ ਬੀ ਬੀਜਦਾ ਏ, ਆਦਿ, ਇਹ ਕੋਈ ਅੱਕਟ ਸੱਚਾਈਆਂ ਨਹੀਂ ਸਨ ਤੇ ਨਾ ਹੀ ਹੁਣ ਹਨ । ਇਹ ਇਕ ਫਰਜੀ ਮਨੌਤ ਸੀ ਜਿਹੜੀ ਪੱਛਮੀ ਯੂਰਪ ਦੇ ਵਿਸ਼ੇਸ਼ ਪ੍ਰਸੰਗ ਵਿੱਚ ਉੱਚਿਤ ਤੇ ਫਾਇਦੇਮੰਦ ਸੀ । ਪਰ ਇਸ ਦੇ ਉਲਟ ਸਿੱਖ ਧਰਮ ਤਾਂ ਸਿਖਾਉਂਦਾ ਹੈ ਕਿ ਸਭ ਕੋ ਮੀਤ ਹਮ ਆਪਨ ਕੀਨ । ਹਮ ਸਭਨਾ ਕੇ ਸਾਜਨ ਅਤੇ ਸਭੇ ਸਾਝੀਂਵਾਲ ਸਦਾਇਨ ਕੋਇ ਨਾ ਕਿਸੇ ਬਾਹਰਾ ਜੀਉ ਅਤੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ । ਸਿੱਖ ਧਰਮ ਨੂੰ ਪਿਛਾਂਹ ਖਿੱਚੂ ਅਤੇ ਧਰਮਾਂ ਵਿੱਚ ਵੰਡੀਆਂ ਪਾਉਣ ਵਾਲਾ ਕਹਿਣ ਦਾ ਕੋਈ ਅਧਾਰ ਹੀ ਨਹੀਂ ਬਣਦਾ । ਨਾਨਕ ਦਾ ਨਾਂਅ ਆਪਣੇ ਆਪ ਵਿੱਚ ਹੀ ਸਿੱਖ ਧਰਮ ਦੀ ਵਿਆਖਿਆ ਹੈ । ਗੁਰੂ ਨਾਨਕ ਨੇ ਕੇਵਲ ਧਰਮ ਹੀ ਨਹੀਂ ਚਲਾਇਆ ਸਗੋਂ ਇਕ ਰਾਜਸੀ ਕੌਮ ਦੇ ਬੀਜ ਵੀ ਬੀਜੇ ਅਤੇ ਉਸ ਕੌਮ ਦਾ ਸਰੂਪ-ਸੰਕਲਪ ਅਤੇ ਸਿਧਾਂਤ ਗੁਰਬਾਣੀ ਅਨੁਸਾਰ ਸਿਰਜੇ ਗਏ । ਗੁਰਬਾਣੀ ਕੋਈ ਫਲਸਫਾ ਨਹੀਂ ਹੈ ਬਲਕਿ ਫਲਸਫੇ ਤਾਂ ਗੁਰਬਾਣੀ ਦੇ ਅਧੀਨ ਚੱਲਦੇ ਹਨ । ਗੁਰਬਾਣੀ ਇਲਹਾਮ ਹੈ ਜਿਸ ਦਾ ਪ੍ਰਕਾਸ਼ ਗੁਰੂ ਸਾਹਿਬਾਨ ਦੇ ਜ਼ਰੀਏ ਇਸ ਧਰਤੀ &lsquoਤੇ ਹੋਇਆ । ਨਾਟਕਾਂ ਵਿੱਚਲੇ ਫਲਸਫੇ ਤਾਂ ਇੰਦਰੀਆਂ ਰਾਹੀਂ ਜਾਣਕਾਰੀ ਹਾਸਲ ਕਰਕੇ ਦਿਮਾਗੀ ਚਿੰਤਨ ਦੇ ਸਦਕਾ ਆਪਣੀ ਹੋਂਦ ਬਣਾਉਂਦੇ ਹਨ, ਪਰ ਗੁਰਬਾਣੀ ਕੋਈ ਦਿਮਾਗੀ ਚਿੰਤਨ ਰਾਹੀਂ ਹਾਸਲ ਹੋਇਆ ਗਿਆਨ ਨਹੀਂ ਹੈ, ਇਹ ਤਾਂ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਸ਼ਬਦ ਦੇ ਰੂਪ ਵਿੱਚ ਇਸ ਧਰਤੀ &lsquoਤੇ ਪ੍ਰਗਟ ਹੋਇਆ ਅਕਾਲੀ ਸੱਚ ਹੈ, ਜਗਤ ਗੁਰੂ, ਗੁਰੂ ਨਾਨਕ ਦੀ ਧੁਰ ਕੀ ਬਾਣੀ ਜੁੱਗੋ ਜੁਗ, ਅਟਲ ਹੈ ਅਤੇ ਇਹ ਮਨੁੱਖ ਦੀ ਆਤਮਾ ਨੂੰ ਸੰਬੋਧਤ ਹੈ । ਪ੍ਰੋ: ਪੂਰਨ ਸਿੰਘ ਨੇ ਅਮੂਰਤ ਵਿਚਾਰਧਾਰਾ ਦੀਆਂ ਸੀਮਾਵਾਂ ਉਜਾਗਰ ਕਰਦੇ ਹੋਏ ਦੱਸਿਆ ਹੈ ਕਿ ਵਿਚਾਰਧਾਰਾ ਤਾਂ ਨਿਰੋਲ ਬੱੁਧੀ ਦੀ ਦੇਣ ਹੈ । ਬੁੱਧੀ ਦੀ ਕੋਈ ਉਪਜ ਆਤਮਾ ਵਿੱਚ ਚਮਕ ਨਹੀਂ ਲਿਆ ਸਕਦੀ । ਆਤਮਿਕ ਬਲ ਕਿਸੇ ਕਿਸਮ ਦੀ ਦੁਨਿਆਵੀ ਵਿੱਦਿਆ ਨਾਲ ਪੈਦਾ ਨਹੀਂ ਹੁੰਦਾ । ਇਹ ਦੈਵੀ ਪ੍ਰੇਰਨਾ ਨਾਲ ਪੈਦਾ ਹੁੰਦਾ ਏ । ਕੋਈ ਕਿੱਡਾ ਵੀ ਬੁੱਧੀਵੇਤਾ (ਆਲਮ ਫ਼ਾਜ਼ਲ) ਕਿਉਂ ਨਾ ਹੋਵੇ, ਨਿਰੋਲ ਬੱੁਧੀ ਦੇ ਆਸਰੇ ਉਹ ਸਮਾਜ ਅੰਦਰ ਕੋਈ ਨੈਤਿਕ ਇਨਕਲਾਬ ਨਹੀਂ ਲਿਆ ਸਕਦਾ । ਉਹ ਮਨੁੱਖ ਦੀਆਂ ਸ਼ਕਤੀਆਂ ਤੇ ਉਸ ਦੇ ਮਨੋ-ਵੇਗਾਂ ਦਾ ਮੁਹਾਵ ਨਹੀਂ ਬਦਲ ਸਕਦਾ । ਸਿੱਖ ਧਰਮ ਅੰਦਰ ਸਦਾਚਾਰ ਨੂੰ ਵੱਡਾ ਮਹੱਤਵ ਦਿੱਤਾ ਗਿਆ ਹੈ : ਸਚਹੁ Eਰੈ ਸੱਭ ਕੋ ਉਪਰਿ ਸੱਚੁ ਅਚਾਰ - ਅਰਥਾਤ ਸਦਾਚਾਰੀ ਮਨੁੱਖ ਉਹ ਨਹੀਂ ਹੈ ਜਿਸ ਨੂੰ ਸਦਾਚਾਰ ਦੀ ਵਾਕਫੀਅਤ ਹੈ ਸਗੋਂ ਉਹ ਹੈ ਜੋ ਇਸ ਨੂੰ ਅਮਲ ਰੂਪ ਵਿੱਚ ਰੂਪਮਾਨ ਕਰਦਾ ਹੈ । ਗੁਰਬਾਣੀ ਨੇ ਸਮੁੱਚੀ ਮਨੁੱਖਤਾ ਨੂੰ ਸਾਬਤ ਸੂਰਤ ਦਸਤਾਰ ਸਿਰਾ ਹੋਣ ਦਾ ਆਦੇਸ਼ ਦਿੱਤਾ ਹੈ । ਕੋਈ ਸੋਲੋ ਨਾਟਕਾਂ ਰਾਹੀਂ ਲੱਖ ਡਰਾਮੇ ਕਰਕੇ ਦੱਸੇ ਕਿ ਗੁਰੂ ਸੱਭ ਦੇ ਸਾਂਝੇ ਹਨ, ਪਰ ਗੁਰੂ ਨਾਨਕ ਉਸਦੇ ਹੀ ਹਨ ਜਿਹੜਾ ਉਨ੍ਹਾਂ ਵੱਲੋਂ ਦਿੱਤੇ ਹੋਏ ਸਮੁੱਚੇ ਸਿੱਖੀ ਦੇ ਸਿਧਾਂਤਾਂ ਨੂੰ ਪ੍ਰਵਾਨ ਕਰਦਾ ਹੈ ਅਤੇ ਸੀਸ ਤਲੀ &lsquoਤੇ ਰੱਖ ਕੇ ਉਨ੍ਹਾਂ ਨੂੰ ਅਮਲੀ ਰੂਪ ਦਿੰਦਾ ਹੈ । 1469 ਤੋਂ 1708 ਦਾ ਗੁਰ ਇਤਿਹਾਸ ਆਪਣੇ ਆਪ ਵਿੱਚ ਇਕ ਇਨਕਲਾਬੀ ਦੌਰ ਸੀ । ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇ ਮਨੁੱਖ ਦੀ ਸੋਚ ਨੂੰ ਬਦਲ ਸੁੱਟਿਆ । ਗੁਰੂ ਨਾਨਕ ਦੇ ਧਰਮ-ਯੁੱਧ ਨੇ ਮਾਨਵਵਾਦੀ ਅਧਿਕਾਰਾਂ ਬਾਰੇ ਨਵੀਂ ਚੇਤਨਤਾ ਪੈਦਾ ਕੀਤੀ । ਅਤੇ ਗੁਰੂ ਨਾਨਕ ਨੇ ਲੋਕਾਈ ਨੂੰ ਰਾਜਸੀ ਚਿੰਤਨ ਦਾ ਇਹ ਅੱਣਮੁਲਾ ਵਿਚਾਰ ਦਿੱਤਾ ਕਿ ਪਰਜਾ ਦੇ ਵੀ ਹੱਕ ਹੁੰਦੇ ਹਨ ਅਤੇ ਉਨ੍ਹਾਂ ਹੱਕਾਂ ਦੀ ਰਾਖੀ ਲਈ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਜੂਝ ਮਰਨਾ ਜਿਊਂਦੇ ਰਹਿਣ ਨਾਲੋਂ ਵਧੇਰੇ ਸੋਭਨੀਕ ਹੁੰਦਾ ਹੈ ਅਰਥਾਤ : ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ (ਗੁ: ਗ੍ਰੰ: ਸਾ: ਵੱਡਹੰਸ ਮਹਲਾ ਪੰਨਾ 580) ਇਸ ਨਾਲ ਮਾਨਵਵਾਦੀ ਅਧਿਕਾਰਾਂ ਬਾਰੇ ਨਵੀਂ ਚੇਤਨਤਾ ਪੈਦਾ ਹੋਈ ਅਤੇ ਇਸ ਚੇਤਨਤਾ ਵਿੱਚੋਂ ਨਵਾਂ ਵਿਅਕਤੀ, ਨਵਾਂ ਸਮਾਜ, ਨਵਾਂ ਫਲਸਫਾ, ਨਵੇਂ ਸਿਧਾਂਤ ਪੈਦਾ ਹੋਏ । ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਅਧੋਗਤੀ ਨੂੰ ਅਨੁਭਵ ਕਰਕੇ ਇਸ ਨੂੰ ਦੂਰ ਕਰਨ ਦਾ ਭਰਪੂਰ ਯਤਨ ਕੀਤਾ । ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਨ੍ਹਾਂ ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ॥ ਥਾਪਿਆ ਲਹਿਣਾ ਜੀਵਦੇ ਗੁਰਆਈ ਸਿਰਿ ਛਤਰ ਫਿਰਾਇਆ ॥ ਇਹ ਨਿਰਮਲ ਪੰਥ ਨਿਰੋਲ ਇਕ ਅਧਿਆਤਮਕ ਲਹਿਰ ਹੀ ਨਹੀਂ ਸੀ ਸਗੋਂ ਇਹ ਆਦਿ ਅਰੰਭ ਤੋਂ ਹੀ ਭਗਤੀ ਸ਼ਕਤੀ ਨੂੰ ਇਕ ਦੂਸਰੇ ਦੀ ਹੋਂਦ ਲਈ ਜਰੂਰੀ ਮੰਨਦਾ ਹੈ । ਸਿਧਾਂਤ ਰੂਪ ਵਿੱਚ ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿਣਾ ਇਸ ਦਾ ਪਹਿਲਾ ਪ੍ਰਮਾਣ ਸੀ । ਗੁਰੂ ਨਾਨਕ ਸਾਹਿਬ ਨੇ ਆਪਣੇ ਦੈਵੀ ਆਪੇ ਨੂੰ ਦਸਾਂ ਜਾਮਿਆਂ ਵਿੱਚ ਪਲਟਿਆ । ਗੁਰੂ ਨਾਨਕ ਸਾਹਿਬ ਨੇ ਰਾਜੇ ਸ਼ੀਹ ਮੁਕਦਮ ਕੁਤਿਆਂ ਦੇ ਜਬਰ, ਜੁਲਮ ਵਿਰੁੱਧ ਸੀਸ ਤਲੀ &lsquoਤੇ ਰੱਖ ਕੇ ਧਰਮ-ਯੁੱਧ ਲੜਨ ਨੂੰ ਕਿਹਾ ਸੀ ਨਾ ਕਿ ਮਦਾਰੀਆਂ ਵਾਂਗੂੰ ਧੰਨ ਲੇਖਾਰੀ ਨਾਨਕਾ ਦੇ ਨਾਂਅ ਹੇਠ ਨਾਟਕ ਕਰਨ ਨੂੰ ਕਿਹਾ ਸੀ । ਅੱਜ ਜਦੋਂ ਗੁਰੂ ਨਾਨਕ ਦੇ ਸਥਾਪਤ ਕੀਤੇ ਸੰਪੂਰਣ, ਵਿਲੱਖਣ ਤੇ ਸੁਤੰਤਰ ਸਿੱਖ ਧਰਮ ਉੱਤੇ ਅੰਦਰੋਂ ਬਾਹਰੋਂ ਸਿਧਾਂਤਕ ਹਮਲੇ ਹੋ ਰਹੇ ਹਨ ਤਾਂ ਸਾਡੀਆਂ ਸਿੱਖ ਸਭਾਵਾਂ, ਕੌਂਸਲਾਂ ਆਦਿ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ । ਸਿੱਖ ਧਰਮ ਵਿੱਚ ਧਰਮ ਨੂੰ ਰਾਜਨੀਤੀ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਕਿਉਂਕਿ ਧਰਮ, ਰਾਜਨੀਤੀ ਨੂੰ ਕੁਰਾਹੇ ਪੈਣ ਤੋਂ ਰੋਕਦਾ ਹੈ । ਹਉਮੈ ਅਤੇ ਨਿੱਜਵਾਦ ਵਿੱਚ ਗ੍ਰਸੇ ਹੋਏ ਧਰਮ ਛੱਡ ਚੁੱਕੇ ਅਕਾਲੀ ਦਲ ਬਾਦਲ ਵਰਗੇ ਮੌਜੂਦਾ ਸਿੱਖ ਆਗੂਆਂ ਦੀਆਂ ਕਮਜ਼ੋਰੀਆਂ ਨੂੰ ਸਿੱਖ ਧਰਮ ਦੀਆਂ ਕਮਜ਼ੋਰੀਆਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ । 
ਇਹ ਲੇਖ ਲਿਖਣ ਨਾਲ ਕਿਸੇ ਵੀਰ, ਭੈਣ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਦਾਸ ਖਿਮਾਂ ਦਾ ਜਾਚਕ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ,
ਗੁਰੂ ਪੰਥ ਦਾ ਦਾਸ,
ਜਥੇਦਾਰ ਮਹਿੰਦਰ ਸਿੰਘ ਖਹਿਰਾ
ਯੂ।ਕੇ।