image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੰਥ ਦਰਦੀ ਭੀ ਹੁਣ ਵੇਲੇ ਦੇ ਦਰਦੀ ਬਣ ਗਏ ਹਨ, ਬੀਰਤਾ ਤਾਂ ਮਨੁੱਖਤਾ ਤੋਂ ਨਿਕਲ ਚੁੱਕੀ ਹੈ,

ਵਿਸ਼ੇ ਕਈ :- ਦੇਈਂ ਵੇ ਬਾਬਲਾ ਉਸ ਘਰੇ ਜਿਥੇ ਸੱਸੀ ਦੇ ਬਾਹਲੜੇ ਪੁੱਤ, ਇਕ ਮੰਗਾਂ ਇਕ ਵਿਆਹਾਂ ਮੈਂ ਸ਼ਾਦੀਆਂ ਦੇਖਾਂ ਨਿੱਤ
ਪਹਿਲਾ ਵਿਸ਼ਾ ਪਹਿਲਾ ਪ੍ਰਕਾਸ਼ ਪੁਰਬ ਮਨਾ ਕੇ ਸਿੱਧ ਕੀ ਕੀਤਾ ? ਲੋੜ ਕੀ, ਕਿਉਂ ਤੇ ਫੇਰ ਫੋਲਾ ਫਾਲੀ ਨੂੰ ਰਾਹ ਖੋਹ ਲਿਆ, ਕੀ ਇਸ ਪ੍ਰਕਾਸ਼ ਕੀਤੀ ਪੋਥੀ ਹੈ, ਬੀੜ ਹੈ, ਆਦਿ ਗ੍ਰੰਥ ਹੈ, ਜਾਂ ਕੀ ਨਉਂ ਨਾਲ ਸੁਸ਼ੋਭਤ ? ਗੁਰੂ ਅਰਜਨ ਦੇਵ ਜੀ ਨੇ ਚਹੇਤੇ ਭਾਈ ਗੁਰਦਾਸ ਨੂੰ ਕਿਸੇ ਮੁਕਾਬਲੇ ਕਰਕੇ ਲਾਇਆ ਫੇਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ, ਪਰ ਸਹੀ, ਮਾਨਤ, ਪ੍ਰਵਾਨਤ ਗੁਰੂ ਗ੍ਰੰਥ ਸਾਹਿਬ ਜੋ ਅੱਜ ਸਾਰੇ ਸਿੱਖ ਜਗਤ ਲਈ ਅਦੇਸ਼ੀ, ਉਪਦੇਸ਼ੀ ਅਤੇ ਹਦਾਇਤੀ ਹੈ, ਕੀ ਮੇਰੇ ਵਰਗੇ ਸਿਰ ਫਿਰੇ ਨੂੰ ਇਹ ਜਾਨਣ ਦੀ ਲੋੜ ਹੈ ਕਿ ਪਹਿਲਾ ਪ੍ਰਕਾਸ਼ ਮਨਾ ਕੇ ਉਸ ਪੋਥੀ ਨੂੰ ਪਾਲਕੀ ਵਿੱਚ ਰੱਖਿਆ ਹੈ ਜਾਂ ਗੁਰੂ ਗ੍ਰੰਥ, ਕੀ ਹੁਣ ਬਾਕੀ ਦੇ ਸਿੱਖ ਉਸ ਦਾ ਅਧਿਅਣ ਕਰਨ, ਮੰਨਣ ਜਾਂ ਬੱਸ ਅਲੋਚਕਾਂ, ਖੋਜੀਆਂ ਲਈ ਇਹ ਮਹੱਤਵ ਪੂਰਵ ਵਿਸ਼ਾ ਹੈ, ਸੁੱਚੇ ਇਤਿਹਾਸਕਾਰ ਜਰੂਰ ਲੱਭਣਗੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ, ਸਮਾਂ ਹੁਣ ਜੋ ਆਖ ਦਿਉ ਉਹ ਹੀ ਸੱਚ ਮੰਨਣ ਦਾ ਨਹੀਂ, ਦੁਨੀਆਂ ਅਸਮਾਨਾਂ &lsquoਤੇ ਵੱਸਣ ਜਾਣ ਲੱਗੀ ਹੈ, ਸੁਰਤ ਵਿੱਚ ਆਉ, ਮੇਰਾ ਨਿਰਣਾ ਅੱਜ ਸਿੱਖ ਧਰਮ ਵਿੱਚ ਘੁਸਪੈਠ ਹੈ । 
ਕਾਰਨ :- (1) ਦੂਸਰੇ ਧਰਮਾਂ ਵਾਲੇ ਹਰਿਮੰਦਰ ਸਾਹਿਬ ਵਿੱਚ ਸੇਵਾ ਆਪਣੇ ਇਸ਼ਟ ਅਨੁਸਾਰ ਕਰ ਰਹੇ ਹਨ, ਰਿਵਾਜ਼ ਬਣ ਗਿਆ, ਸ਼ਹਿਰੀ ਵਪਾਰੀ ਤਬਕਾ ਭਾਰੂ ਹੋ ਗਿਆ, ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਬੇਬੱਸ, ਆਹ ਵਿਹਲੜ ਲਾਣਾ ਸਤਿਕਾਰ ਢਕੌਂਸਲੇ ਤੋਂ ਵਰਜਿਆ, ਇਹ ਹੋਰ ਮੁੱਦੇ ਘੜ ਲੈਂਦੇ ਹਨ, ਇਨ੍ਹਾਂ ਨੂੰ ਧਰਮ ਦੀਆਂ ਮੁੱਢਲੀਆਂ ਗੁਰਮਤ ਪਰੰਪਰਾਵਾਂ ਦਾ ਗਿਆਨ ਨਹੀਂ, ਭਾਵੇਂ ਕਿ ਗੁਰੂ ਕਾਲ ਵੇਲੇ ਭੀ ਇਹ ਹੀ ਹਾਲ ਸੀ, ਹਾਲੇ ਹੁਣ ਤਾਂ ਫੇਰ ਬਹੁਤ ਕੁਝ ਮਰਿਯਾਦਾ ਨਾਲ ਕੀਤਾ ਜਾਂਦਾ ਹੈ, ਅੱਡੋ ਅੱਡ ਸੰਪਰਦਾਵਾਂ, ਜਥੇ ਭੀ ਕਾਰਨ ਹਨ, ਡੇਰੇਵਾਦ ਦਾ ਤਾਂ ਕਹਿਣਾ ਹੀ ਕੀ ਹੈ, ਸਾਡੇ ਬਹੁਤੇ ਜਥੇਦਾਰ ਡੇਰਿਆਂ ਤੋਂ ਪ੍ਰਸਿੱਧੀ ਹਾਸਲ ਕਰਕੇ ਜਦੋਂ ਉਥੇ ਦਾਲ ਨਹੀਂ ਗੱਲਦੀ ਤਾਂ ਗੁਰੂ ਨਾਲ ਜੁੜਕੇ ਉੱਚੀ ਉੱਚੀ ਪ੍ਰਚਾਰਦੇ ਹਨ  । 
ਦੂਜਾ ਵਿਸ਼ਾ ਹੈ ਕਿ :- ਪਰਿਵਾਰਵਾਦ ਨੂੰ ਮਹੱਤਤਾ ਗੁਰੂਆਂ ਵੇਲੇ ਵੱਲੋਂ ਦਿੱਤੀ ਗਈ ਹੈ ਕਿੰਨੇ ਗੁਰੂ ਸਾਹਿਬ ਪਰਿਵਾਰਾਂ ਵਿੱਚੋਂ ਹਨ, ਗੁਰ ਗੱਦੀਆਂ ਲਈ ਵੈਰ ਵਿਰੋਧ, ਝਗੜੇ ਆਦਿ, ਸੱਚ ਹਨ, ਅੱਜ ਭੀ ਸੰਸਾਰ ਪੱਧਰ &lsquoਤੇ ਪਰਿਵਾਰਾਂ ਦੀ ਜੜੁੱਤ &lsquoਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਕੀ ਕਾਰਨ ਹੈ ਕਿ ਅਸੀਂ ਗੁਰੂਆਂ ਦੇ ਪੈਂਤੜੇ ਨਹੀਂ ਮੰਨ ਰਹੇ ਅਤੇ ਪਰਿਵਾਰਵਾਦ ਨੂੰ ਸਿਆਸਤ ਵਿੱਚ ਨਿਖਿੱਧ ਪ੍ਰਚਾਰ ਰਹੇ ਹਾਂ, ਜਦੋਂ ਕਿ ਸਭ ਤੋਂ ਵਫ਼ਾਦਾਰ, ਪਿਆਰ, ਮਾਣ ਸਤਿਕਾਰ ਤੁਹਾਡਾ ਆਪਣਾ ਕਰ ਸਕਦਾ ਹੈ (ਹਾਂ ਕਾਂਗ ਅੰਗਿਆਰੀਆਂ ਹੁੰਦੀਆਂ ਹਨ) ਮੇਰਾ ਨਿਚੋੜ ਹੈ ਕਿ ਅਸੀਂ ਜਿਥੇ ਸਾਨੂੰ ਫਿੱਟ ਬੈਠਦੀ ਹੈ ਅਸੀਂ ਗੁਰੂ ਦੀ ਮੱਤ ਨੂੰ ਸੁਮੱਤ ਮੰਨ ਲੈਂਦੇ ਹਾਂ, ਜਿਥੇ ਆਪਣਾ ਪਲੜਾ ਭਾਰੀ ਨਾ ਦਿਸੇ ਤਾਂ ਮਨਮੱਤ ਭੀ ਗੁਰਮੱਤ, ਅੱਜ ਅਸੀਂ ਭੀ ਦੂਜੇ ਬੜੇ ਬੜੇ ਧਰਮਾਂ ਦੀ ਰੀਸ ਕਰਨ ਲੱਗ ਪਏ ਹਾਂ, ਉਹ ਤਾਂ ਹੁਣ ਪੱਕੇ ਹਨ, ਦੇਸ਼ ਹਨ, ਹਲਾ ਨਹੀਂ ਸਕਦਾ ਕੋਈ ।
ਇਸ ਹਫ਼ਤੇ ਸਾਡੇ ਦੇਸ਼ ਵਿੱਚ ਬਦਲ ਆਇਆ ਹੈ ਇਸਤਰੀ ਪ੍ਰਧਾਨ ਮੰਤਰੀ ਬਣੀ ਹੈ, ਹਾਂ ਮੈਂ ਬੌਰਿਸ ਜੌਹਨਸਨ ਦੇ ਦੂਰ ਅੰਦੇਸ਼ੀ ਅਤੇ ਕਈ ਸੁਧਾਰੂ ਮਨਸ਼ਿਆਂ ਦੀ ਸਮਰਥੱਕ ਸੀ, ਦਫ਼ਤਰੀ ਬਾਬੂ ਦੇਸ਼ ਚਲਾ ਰਹੇ ਸਨ, ਕਾਨੂੰਨਦਾਨ ਹੀ ਸਰਕਾਰ ਵਿੱਚ ਦਖਲ ਅੰਦਾਜ਼ ਅਤੇ ਯੂਨੀਅਨਾਂ ਦਾ ਦਬਦਬਾ, ਭਾਵੇਂ ਕਿ ਮਾਰਗਰੇਟ ਥੈਚਰ ਸਵਰਗਵਾਸੀ ਪ੍ਰਧਾਨ ਮੰਤਰੀ ਨੇ ਜੂਲ੍ਹਾ ਗਲੋਂ ਲਾਹਿਆ ਸੀ, ਕੰਮਿੰਗ ਕੋਲ ਸਕੀਮਾਂ ਤਾਂ ਸਨ ਪਰ ਬਹੁਤਾ ਚਤਰ ਤੇ ਖੁਦਗਰਜ਼ ਸੀ, ਬੌਰਿਸ ਨੂੰ ਲਾਹ ਕੇ ਹੀ ਹਟਿਆ, ਮੂਰਖ ਟੋਰੀ ਐੱਮ।ਪੀ। ਭੀ ਭੂਤਰ ਗਏ, ਹੁਣ ਕਈ ਤਾਂ ਟਿਕਟ ਤੋਂ ਵਾਂਝੇ ਰਹਿਣ ਲਈ ਭੀ ਚਿੰਤਕ ਹਨ, ਬਾਕੀ ਕਈਆਂ ਨੂੰ ਵਜ਼ੀਰੀਆਂ ਤੋਂ ਹੱਥ ਧੋਣੇ ਪੈਣਗੇ, ਕੁਝ ਭੀ ਹੋਵੇ ਸਮਾਂ ਮੰਗਿਆਈ ਕਰਕੇ ਸਿਹਤ ਵਿਭਾਗ ਵਿੱਚ ਧਨਾਡੀ ਧੌਂਸ, ਲੋਕਾਂ ਨੂੰ ਦਵਾਈਆਂ ਨਾ ਦਿਉ ਆਪ ਬੋਰ ਭਰੋ ਸਿਹਤਾਂ &lsquoਤੇ ਅਸਰ, ਅੰਤ ਦੇਸ਼ ਤੇ ਭਾਰ, ਹਸਪਤਾਲਾਂ ਦਾ ਮੰਦਾ ਹਾਲ, ਚਲੋ ਗੈਸ ਬਿਜਲੀ ਤਾਂ ਸੰਸਾਰੀ ਸੰਕਟ ਹੈ, ਇਕ ਬੜੀ ਦਿਲਚਸਪ ਵਾਰਤਾ ਸਾਂਝੀ ਕਰਾਂ ਸਾਡੀ ਏਸ਼ੀਅਨ ਤੇ ਪੰਜਾਬੀ ਵਿਰਤੀ ਦੀ ਪਿਛਲੇ ਹਫ਼ਤੇ ਸਿੱਖਾਂ ਦੇ ਚੈਨਲ ਤੇ ਪ੍ਰੀਜੈਂਟਰ ਸਿੱਖ ਤੇ ਤਿੰਨ ਹੋਰ ਭੀ ਸਿੱਖ ਲੇਬਰ ਪਾਰਟੀ ਕੌਂਸਲਰ, ਸਾਬਕਾ ਤੇ ਡਾਕਟਰ ਬਹਿਸ ਸੁਣੋ ਜੀ, ਰਿਸ਼ੀ ਸੁਨੇਕ ਪ੍ਰਧਾਨ ਮੰਤਰੀ ਬਣੂ ਮੈਂ ਲੱਡੂਆਂ ਦਾ ਡੱਬਾ ਦੇਣ ਜਾਊਂ, ਜੀ ਬੜਾ ਦਮਾਗੀ ਹੈ ਬੱਸ ਜੀ ਵੱਟ &lsquoਤੇ ਹੈ ਬਨਣਾ ਚਾਹੀਦਾ ਹੈ, ਖਚਰੀਆਂ ਜਿਹੀਆਂ ਹਾਸੀਆਂ ਭੀ ਹੱਸਣ ਪਰ ਇਕ ਕੌਂਸਲਰ ਨੇ ਪੂਰਨ ਤੱਥ ਦੱਸੇ, ਉਹ ਕਹਿੰਦਾ ਛੁਰੇ ਮਾਰਨੇ ਨੂੰ ਕੋਈ ਨੀ ਪੁੱਛਦਾ ਹੁੰਦਾ ਕਈ ਉਦਾਹਰਣਾਂ ਦਿੱਤੀਆਂ ਨਾਲ ਇਹ ਜਰੂਰ ਆਖ ਤਾ ਜੀ ਪੰਜਾਬੀ ਹੈ, ਬਨਣਾ ਚਾਹੀਦਾ ਹੈ, ਮੈਂ ਸੋਚਾਂ ਕਿ ਅਸੀਂ ਕਿਵੇਂ ਨਸਲਵਾਦ ਦੇ ਝੰਡੇ ਚੁੱਕਦੇ ਹਾਂ, ਪਰ ਆਪ ਤਾਂ ਸਾਡੇ ਤੋਂ ਦੌੜ ਵਿੱਚ ਕੋਈ ਅੱਗੇ ਲੰਘਿਆ ਹੀ ਨਹੀਂ, ਮੈਂ ਲੇਬਰ ਦੇ ਢਕੌਂਸਲੇ ਨਾਲ ਤਾਂ ਹੀ ਕਦੀ ਸਹਿਮਤ ਨਹੀਂ ਹੁੰਦੀ ਕਿ ਕਦੀ ਇਨਸਾਫ ਦੀ ਨੀਤੀ ਤਾਂ ਨੇੜੇ ਦੀ ਨੀ ਲੰਘੀ, ਸਭ ਕੁਝ ਸਾਨੂੰ ਸਿੱਖ ਪਰੰਪਰਾ ਲੰਗਰ ਦੀ ਉੱਤਮ ਕਰਕੇ ਅਸੀਂ ਸੰਸਾਰੀ ਤਖ਼ਤੇ &lsquoਤੇ ਨਾਮਣਾ ਖੱਟ ਰਹੇ ਹਾਂ, ਜਾਂ ਸਾਧਾਰਨ ਸਿੱਖ ਜੋ ਧਰਮ ਨੂੰ ਮੰਨਦੇ ਹਨ ਤੇ ਮਨੁੱਖਤਾ ਨੂੰ ਅਪਨਾਉਂਦੇ ਹਨ, ਭਾਵੇਂ ਕਈ ਤਾਂ ਦੇਸ਼ਾਂ ਦੀਆਂ ਏਜੰਸੀਆਂ ਤੋਂ ਧੰਨ ਲੈ ਕੇ ਹੀ ਵੰਡਦੇ ਹਨ, ਪਰ ਚਲੋ ਪੋਤੇ ਤਾਂ ਦਾਦੇ ਦੇ ਵੱਜਦੇ ਹਨ ।
ਸਾਡੇ ਦੇਸ਼ ਵਿੱਚ ਇਸ ਵੇਲੇ ਸਵ: ਮਹਾਰਾਣੀ ਦੇ ਅੰਤਮ ਰਸਮਾਂ ਸਰਕਾਰੀ ਅਤੇ ਸ਼ਾਹੀ ਪਰੰਪਰਾਵਾਂ ਪੂਰਨ ਕੀਤੀਆਂ ਜਾਣਗੀਆਂ ਅਤੇ 19 ਸਤੰਬਰ ਛੁੱਟੀ ਹੋਇਆ ਕਰੇਗੀ, ਭਾਵੇਂ ਕੁਝ ਨੁਕਤਾਚੀਨੀ ਭੀ ਹੈ ਕਿ ਕਿਵੇਂ ਮੀਡੀਆ, ਪੱਤਰਕਾਰ ਅਤੇ ਕਈ ਲੇਖਕ ਇਸ ਦੁੱਖ ਦੀ ਘੜੀ ਵਿੱਚ ਘਰਾਣੇ ਦੇ ਮੈਂਬਰਾਂ ਅਤੇ ਨਵੇਂ ਬਣੇ ਰਾਜਾ (ਸਪੁੱਤਰ) ਨੂੰ ਘੜੀਸੀ ਫਿਰਦੇ ਹਨ, ਦੁੱਖ ਦੀ ਘੜੀ ਵਿੱਚ ਸੋਗ ਵਿੱਚ ਬੈਠਣ ਦੀ ਥਾਂ ਐਥੇ, ਔਥੇ ਭਜਾਈ ਫਿਰਦੇ ਹਨ, ਕੀ ਕਰਨ ਵਿਚਾਰੇ ਰਿਵਾਜ਼ ਤਾਂ ਹੈ ਮ੍ਰਿਤਕ ਦੇ ਪਰਿਵਾਰ ਕੋਲ ਅਫ਼ਸੋਸ ਕਰਨਾ ਜਾਣਾ ਹੁੰਦਾ ਹੈ, ਪਰ ਇਹ ਆਪ ਉਥੇ ਪਹੁੰਚਦੇ ਹਨ, ਹਾਲੇ ਸ਼ਾਹੀ ਹਨ, ਚਲੋ ਠੀਕ ਹੈ । ਉਧਰ ਭਾਰਤ ਦਾ ਅੰਦਰਲਾ ਬਾਹਰ ਸਾਨੂੰ ਕੋਹਿਨੂਰ ਹੀਰਾ ਮੋੜੋ, ਭਲਾ ਤੁਸੀਂ ਮਾਮੇ ਲੱਗਦੇ ਹੋ ਹੀਰੇ ਦੇ, ਅਖੇ ਕੱਲ੍ਹ ਜੰਮੀ ਗਿੱਦੜੀ ਤੇ ਅੱਜ ਉਹਦਾ ਵਿਆਹ, ਭਾਜਪਾ ਦੀ ਹੋਂਦ ਕਦੋਂ ਤੋਂ ਹੈ ? ਹੀਰੇ &lsquoਤੇ ਹੱਕ ਲਈ ਤਾਂ ਅਫ਼ਗਾਨਿਸਤਾਨ, ਪਾਕਿਸਤਾਨ ਸਿੱਖ ਹੱਕ ਜਤਾਉਂਦੇ ਹਨ, ਦੁੱਖ ਤਾਂ ਇਸ ਗੱਲ ਦਾ ਹੈ ਕਿ ਹਾਂ ਹਾਂ ਸਾਡੇ ਰਿਸ਼ੀ ਸੁਨੇਕ ਨੂੰ ਪ੍ਰਧਾਨ ਮੰਤਰੀ ਨਾ ਬਣਾਇਆ, ਕੀ ਭਾਰਤ ਘੱਟ ਗਿਣਤੀ ਲਈ ਚਿੰਤਕ ਹੈ ? ਪਰ ਹੱਠ ਦਾ ਕੋਈ ਅੰਤ ਹੈ, ਨਾਲੇ ਹੁਣ ਪ੍ਰੀਤੀ ਭੀ ਪਰ੍ਹਾਂ ਕਰ ਦਿੱਤੀ, ਚਲੋ ਸਿੱਖ ਖੁਸ਼ ਹਨ ਪਰ ਬੇਨਤੀ ਹੈ ਕਿ ਹੁਣ ਅਧੀ ਸਦੀ ਟੱਪ ਚੁੱਕੇ ਹਾਂ, ਦੇਸ਼ ਨੂੰ ਆਪਣਾ ਦੇਸ਼ ਸਮਝੋ, ਸਾਡੇ ਬੱਚਿਆਂ ਨੇ ਸਾਡੀਆਂ ਲੀਹਾਂ &lsquoਤੇ ਨਹੀਂ ਚੱਲਣਾ, ਨਾਲੇ ਇਹ ਜੀਵਨ ਲਈ ਸਾਰਥਿਕ ਨਹੀਂ ਹੋਵੇਗਾ, ਥੋੜ੍ਹੇ ਜਿਹੇ ਗਿਣਤੀ ਦੇ ਪੁਰਾਣੇ ਮੋਹ ਵੱਸ ਸਿੱਖ ਨਾਲੇ ਤਾਂ ਉਥੇ ਦੇ ਢਾਂਚੇ ਨੂੰ ਬੇੜਾ ਗਰਕ, ਕੰਗਲਾ, ਪੰਜਾਬ, ਲੁੱਟ ਲਿਆ ਆਦਿ ਭਾਸ਼ਾ ਦੀ ਵਰਤੋਂ ਕਰਦੇ ਹਨ, ਦੂਜੇ ਪਾਸੇ ਸਾਰਾ ਸਮਾਂ ਉਥੇ ਹੀ ਵੜੇ ਰਹਿੰਦੇ ਹਨ, ਹਾਲਾਂਕਿ ਪੰਜਾਬ ਸਭ ਤੋਂ ਵੱਧ ਖੁਸ਼ਹਾਲ ਖਿੱਤਾ ਹੈ, ਬਦਨਾਮ ਕਰਨ ਵਾਲੇ ਮਾਨਸਿਕਤਾ ਪੱਖੋਂ ਅਰੋਗ ਨਹੀਂ ਹਨ, ਇਸ ਤਰ੍ਹਾਂ ਦੀ ਭਾਸ਼ਾ ਵਰਤਣੀ ਤਾਂ ਸਿੱਖ ਧਰਮ ਦੇ ਭੀ ਅਨੁਕੂਲ ਨਹੀਂ, ਅਸੀਂ ਪੜ੍ਹੀਦਾ ਹੈ ਬਹੁਤਾ ਕਹੀਏ ਬਹੁਤਾ ਹੋਵੇ, ਸਿੱਫਤ ਨੀਵੀ ਆਦਿ ਪਰ ਪਤਾ ਨਹੀਂ ਇਹ ਮੁੱਠੀ ਭਰ ਲੇਖਕ, ਬੁਲਾਰੇ ਸੋਸ਼ਲ ਮੀਡੀਏ ਦੀਆਂ ਮਸ਼ਕਰੀਆਂ ਭਰੀਆਂ ਬੁਤੁਕੀਆਂ ਨੂੰ ਕਿਉਂ ਅਪਣਾ ਰਹੇ ਹਨ, ਸੱਭਿਅਕ ਭਾਸ਼ਾ ਸਾਡਾ ਵਿਰਸਾ ਅਮੀਰ ਕਰੇਗੀ, ਨਹੀਂ ਤਾਂ ਇਹ ਇਤਿਹਾਸ ਕੀ ਸਿੱਧ ਕਰੂ ਕਿ ਆਹ ਸੀ ਸਿੱਖ ਬੁੱਧੀ ? ਕੀ ਫੇਰ ਸਾਹਿਤ ਵਿੱਚ ਇਹ ਭਾਸ਼ਾ ਅੰਕਤ ਹੋ ਕੇ ਚਾਰ ਚੰਨ ਲਾਵੇਗੀ, ਮੈਂ ਮੰਨਦੀ ਹਾਂ ਕਿ ਅੱਜ ਪੰਥ ਨੂੰ ਨੀਮਾਂ ਕਰਨ ਲਈ ਬੜੇ ਯਤਨ ਹੋ ਰਹੇ ਹਨ, ਪਰ ਸਾਡੀਆਂ ਆਪਣੀਆਂ ਜਥੇਬੰਦੀਆਂ ਭੀ ਪੰਥਕ ਮਖੌਟੇ ਪਾ ਕੇ ਬਗਲੀਆਂ ਫੜੀ ਪ੍ਰਚਾਰਕ ਬਣੇ ਫਿਰਦੇ ਹਨ, ਪਤਾ ਨਹੀਂ ਸਾਡੇ ਤੇ ਕਿਉਂ ਸਾਡੇ ਮਾਲਕ ਦੀ ਕਰੋਪੀ ਹੈ ।
ਪੰਥ ਦਰਦੀ ਭੀ ਹੁਣ ਵੇਲੇ ਦੇ ਦਰਦੀ ਬਣ ਗਏ ਹਨ, ਬੀਰਤਾ ਤਾਂ ਮਨੁੱਖਤਾ ਤੋਂ ਨਿਕਲ ਚੁੱਕੀ ਹੈ, ਸਿਆਸਤ ਨੇ ਐਸੀ ਸ਼ੈਤਾਨ ਦੀ ਮੱਤ ਪ੍ਰਸਾਰਨ ਕਰ ਧਰੀ ਕਿ ਸੂਝਤਾ ਨਾਲ ਤਾਂ ਕੋਈ ਭੀ ਵਿਚਰ ਨਹੀਂ ਰਿਹਾ, ਸੰਸਾਰ ਭਮੱਤਿਆ ਪਿਆ ਹੈ, ਪਰ ਆਪਾਂ ਨੂੰ ਤਾਂ ਆਪਣਾ ਹੀ ਵਿਚਾਰਨਾ ਹੈ, ਪੰਜਾਬ ਵਿੱਚ ਭੈਰਮੀ ਚੁੱਕੀ ਪਈ ਹੈ, ਮਨ ਸੁਣ ਕੇ ਵਿਆਕੁਲ ਹੋ ਰਿਹਾ ਹੈ ਕਿ ਕਿਵੇਂ ਕਾਮਾਂ ਰੌਲੀ ਪਾਈ ਜਾ ਰਹੇ ਹਨ ਜੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਆ ਪਹੁੰਚਿਆ, ਹੁਣ ਤਾਂ ਗਜ਼ ਬੰਨੇ ਤੇ ਸਿਆਸੀ ਵਾਲਾ ਸੰਘਰਸ਼ ਤੇਜ ਕਰੂ, ਇਕੱਠ ਕਰਕੇ ਧੂੰਆਂ ਧਾੜ ਤਕਰੀਰਾਂ, ਵਾਰਸ ਪੰਜਾਬ ਦੇ ਦੋ ਧੜੇ, ਸਟੂਡੈਂਟਸ ਫੈਡਰੇਸ਼ਨ ਦੋ ਤਕਰੀਰਾਂ ਬਸ ਬਾਦਲਕਿਆਂ ਦਾ ਹੀ ਮੁੱਦਾ ਹੈ ਨਿਆਣਾ ਭੀ ਸਮਝ ਸਕਦਾ ਹੈ ਕਿ ਇਹ ਬੇਅਦਬੀ ਦਾ ਦੁੱਖ ਹੈ ਜਾਂ ਕੇਵਲ ਬਾਦਲਾਂ ਦਾ ਚੁਰਾਸੀ ਕੀਤਾ ਗੱਲ ਨਹੀਂ ਕਰਦੇ, ਕਾਂਗਰਸ ਦਾ ਥਾਪੜਾ ਹੈ ਪਰ ਆਪ ਦੇ ਭੀ ਹੱਕ ਹੈ ਰੌਲਾ ਪਵੇ ਧਿਆਨ ਲਾਂਭੇ, ਬੜਾ ਹੀ ਅਸਚਰਜਤਾ ਦੇਖੋ ਇਕ ਮੁਸਲਮਾਨ ਭਰਾ ਕਿਵੇਂ ਸਾਹੋ ਸਾਹੀ ਹੋਇਆ ਸਿਮਰਨਜੀਤ ਸਿੰਘ ਮਾਨ ਦੇ ਗੁਣ ਗਾਵੇ ਤੇ ਆਖੇ ਬੱਸ ਇਕੋ ਇਕ ਨੇਤਾ ਹੈ, ਬਾਹਰਲੀਆਂ ਏਜੰਸੀਆਂ ਦਾ ਜੋਰ ਲੱਗਾ ਪਿਆ ਪਤਾ ਨਹੀਂ ਕੀ ਕੀ ਭਾਣਾ ਵਰਤਾਉਣ, ਉਧਰ ਭਗਵੰਤ ਮਾਨ ਨੂੰ ਬੜਾ ਹੀ ਈਮਾਨਦਾਰ ਆਖਣਾ, ਕੀ ਜਰਮਨੀ ਵਿੱਚ ਬੀ। ਐੱਮ। ਡਬਲਯੂ। ਦਾ ਡਰਾਮਾ ਇਹਨੇ ਨਹੀਂ ਕੀਤਾ, ਭਾਈ ਖੁਦਾ ਜਬ ਹੁਸਨ ਦੇਤਾ ਹੈ, ਨਜ਼ਾਕਤ ਆ ਹੀ ਜਾਤੀ ਹੈ, ਸੁਰਮਾਂ ਪਾਇਆਂ ਤਾਂ ਮਟਕਾਉਣਾ ਹੀ ਹੈ, ਉਮਰ ਨਾਲ ਸੁਰਤ ਭੀ ਬੌਂਦਲ ਜਾਂਦੀ ਹੈ, ਕਈਆਂ ਨੂੰ ਤਾਂ ਮੱਤ ਆ ਜਾਂਦੀ ਹੈ, ਪਰ ਆਹ ਦੇਖੋ ਕਪਤਾਨ ਸਾਹਬ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਨਿੰਦਦੇ ਸੀ ਬਾਦਲਾਂ ਨੂੰ ਉਹ ਤਾਂ ਭਾਈਵਾਲੀ ਵਿੱਚ ਸਨ, ਜੀ ਬੱਸ ਅਮਸਾਨ ਧਰਤੀ ਤੇ ਆ ਵੱਸਿਆ ਹੈ ਪੰਜਾਬ ਦਾ ਤਾਂ ਰੱਬ ਹੀ ਰਾਖਾ, ਹਫ਼ੜੀ ਦਫੜੀ ਮਚਾਈ ਜਾ ਰਹੇ ਹਨ, ਚੰਗਾ ਬਦਲਾਅ ਲਿਆਂਦਾ, ਉਥੇ ਕੋਈ ਕਾਰੋਬਾਰ ਨਹੀਂ ਹੋ ਰਹੇ ਤੇ ਕੋਈ ਵਰਗ ਭੀ ਤਰੱਕੀ ਤੇ ਨਹੀਂ, ਆਪ ਵਿਧਾਇਕ ਵਜ਼ੀਰ ਸੋਚਦੇ ਹਨ ਪਤਾ ਨਹੀਂ ਕਦੋਂ ਤੱਕ ਹਾਂ, ਕਰੋ ਘਰ ਪੂਰੇ ।
ਵਿਸ਼ੇਸ਼ ਪੰਨਾ :- ਮਲਕਾ ਰਾਣੀ ਦਾ ਅੰਤਮ ਸਫਰ, ਲੋਕੀ ਅਣਗਿਣਤ ਅਰਦੁਲ ਵਿੱਚ ਸੋਮਵਾਰ ਸਭ ਕਿਰਿਆ ਕਰਮ ਪਰ ਇਹ ਤਾਂਤਾ ਤਾਂ ਮੀਡੀਏ ਦਾ ਲੱਗਾ ਹੀ ਰਹੇਗਾ, ਚਲੋ ਆਪਾਂ ਤਾਂ ਕੁਝ ਆਪਣੀ ਸ਼ਰਧਾਂਜਲੀ ਵਿੱਚ ਅੱਖਰ ਲਿਖਣੇ ਹਨ, ਕੋਈ ਸ਼ੱਕ ਨਹੀਂ ਕਿ ਉਹ ਇਕ ਦੇਵੀ ਸਰੂਪ ਇਸਤਰੀ ਸੀ, ਕੌੜੇ, ਤੋਵੇ ਬਚਨ ਸੁਣ ਕੇ ਭੀ ਮੁਸਕਰਾਹਟ ਹੀ ਦਿੱਤੀ, ਮੁੱਖੋ ਬੋਲ ਨਾਂ ਕੱਢੇ, ਕਿੰਨੇ ਦੇਸ਼ਾਂ ਦੇ ਮੁਖੀਆਂ ਨਾਲ ਵਿਚਰੀ ਪਰ ਕਿਸੇ ਤੋਂ ਉਲ੍ਹਾਮਾਂ ਨਾ ਖੱਟਿਆ, ਭਾਵੇਂ ਤਾਕਤ ਤਾਂ ਕੋਈ ਹੈ ਨਹੀਂ ਸੀ, ਪਰ ਸੁੱਘੜਤਾ ਸੀ ਤਾਂ ਹੀ ਤਾਂ ਸਹਾਰੀ ਗਈ, ਸਾਧਾਰਨ ਪਰਿਵਾਰਾਂ ਵਾਂਗੂੰ ਸੁੱਖ ਭੀ ਬੜਾ ਮਾਣਿਆ ਪਰ ਕਸ਼ਟੀ ਜੀਵਨ ਭੀ ਹੰਡਾਇਆ, ਚਾਰ ਵਿੱਚੋਂ ਤਿੰਨ ਦੇ ਤਲਾਕ, ਨੂੰਹ ਨੇ ਜੱਖਣਾ ਪੱਟੀ, ਪੁੱਤ ਦਾ ਭੀ ਕੀ ਕੁਝ ਸੁਣਿਆ, ਪੋਤੇ ਨੇ ਤਾਂ ਘੁੰਟਰ ਪਾ ਤਾ, ਅੰਤ ਜੀਵਨ ਸਾਥੀ ਜੋ ਹਰ ਵੇਲੇ ਹੀ ਨਾਲ ਨਾਲ ਰਿਹਾ, ਬੜਾ ਨਿਭਾਇਆ, ਪੂਰਨ ਮਿੱਤਰ ਸੀ, ਵਿਛੋੜਾ ਸਾਲ ਭੀ ਨਾ ਸਹਿ ਸਕੀ, ਰਹੀ ਗੱਲ ਹੁਣ ਰਾਜੇ ਦੀ, ਨਾ ਤਾਂ ਭਵਿੱਖ ਵਿੱਚ ਪਜੰਤਰ ਸਾਲ ਕੋਈ ਰਹੂ ਤੇ ਨਾ ਹੀ ਸ਼ਾਇਦ ਉਹ ਸਹਿਣਸ਼ੀਲਤਾ ਤੇ ਸੂਝਤਾ ਦੀ ਕੋਈ ਭੀ ਆਸ ਰੱਖੀ ਜਾ ਸਕਦੀ ਹੈ, ਚਾਰਲਸ ਸ਼ਾਇਦ ਕੁਝ ਨੇੜੇ ਤੇੜੇ ਰਹਿ ਸਕੇ ਪਰ ਮਗਰੋਂ ਦੇਖੋ ਹੁਣ ਦੇ ਨੌਜਵਾਨ ਆਪਣੇ ਭੀ ਕਿੰਨੇ ਕੁ ਫਰਮਾਬਰਦਾਰ ਹਨ, ਜਵਾਨ ਜਵਾਨ ਹੀ ਹੁੰਦੇ ਹਨ ਕਿਸੇ ਘਰਾਣੇ ਦੇ ਜਾਂ ਵਰਗ ਦੇ ਹੋਣ ਨਾਲੇ ਸਮਾਂ ਹੁਣ ਤੁਰ ਨਹੀਂ ਭੱਜ ਰਿਹਾ ਹੈ, ਅੱਗੋਂ ਤਾਂ ਸ਼ਾਇਦ ਉੱਡਣ ਹੀ ਲੱਗ ਜਾਵੇ, ਕੌਣ ਕੀਹਨੂੰ ਰਾਜਾ ਮੰਨੂ ਪਤਾ ਨਹੀਂ, ਮਨੁੱਖੀ ਨਸਲ ਭੀ ਕਿਹੋ ਜਿਹੀ ਹੋ ਜਾਣੀ ਹੈ, ਵਾਤਾਵਰਣ ਪੌਣ ਪਾਣੀ, ਖਾਦ, ਖੁਰਾਕ, ਦਾਰੂ ਬੂਟੀਆਂ, ਵਿਗਿਆਨ ਨੂੰ ਕਿਹੋ ਜਿਹੇ ਰੰਗ ਦਿਖਾ ਦੇਣੇ ਹਨ, ਸੋ ਹੁਣ ਦੀ ਫਸੀ ਨਿਬੇੜੀਏ ।
ਲਿਖਣਾ ਬਣਦਾ ਹੈ ਕਿ ਮੇਰੇ ਸ਼ਹਿਰ ਭੀ ਗੁਰੂ ਘਰ ਲਈ ਘੋਲ ਹੈ, ਮੈਂ 50 ਸਾਲਾਂ ਤੋਂ ਜੁੜੀ ਕਰਕੇ ਨਾਲੇ, ਘੋਲ ਮਧੋਲ, ਦੰਗਲ ਸੰਗਲ, ਪਲਟਣ ਸਭ ਵਿੱਚ ਹੀ ਭਾਗੀ ਰਹੀ ਹਾਂ, ਖੂਨ ਖੋਲ੍ਹਦਾ ਹੈ, ਸੰਖੇਪ ਮੈਂ ਰੇਡੀਉ &lsquoਤੇ ਬੋਲ ਰਹੇ ਗੁਰਮੇਲ ਸਿੰਘ ਮੱਲ੍ਹੀ ਨੂੰ ਸੁਝਾਉ ਦਿੱਤਾ ਸੀ ਕਿ ਤਜਰਬੇ ਲਈ ਸੂਬੇਦਾਰ ਪਾਸੇ ਕਰਕੇ ਕੁਝ ਪੜ੍ਹੇ ਲਿਖੇ ਰਿਟਾਇਰਡ ਸੱਜਣ ਤੇ ਕੁਝ ਚਲੋ ਧੜਿਆਂ ਵਿੱਚੋਂ ਲੈ ਕਮੇਟੀ ਬਣਾ ਕੇ ਤਜਰਬਾ ਕਰ ਦੇਖੋ, ਉੱਤਰ ਵਿੱਚ ਕਹਿਣ ਲੱਗੇ ਸੰਭਵ ਤਾਂ ਨਹੀਂ ਪਰ ਚਲ ਤੂੰ ਕਰ ਲੈ ਉਪਰਾਲਾ, ਮੇਰਾ ਮੰਨਣਾ ਸੀ ਕਿ ਮੈਂਬਰਸ਼ਿੱਪ ਤੋਂ ਪਹਿਲਾਂ ਕਿਉਂਕਿ ਫੇਰ ਕੋਈ ਕਾਨੂੰਨੀ ਨੁਕਤਾ ਬਣ ਜਾਵੇ, ਖੈਰ ਕੀਹਨੂੰ ਭਉਂਦੀ ਸੀ ਸਕੀਮ, ਮਗਰੋਂ ਤਿੰਨ ਧੜਿਆਂ ਨੇ ਮਿਲਣਾ ਸੀ ਤਾਂ ਲੱਗੇ ਦੁਹਾਈ ਪਾਉਣ, ਜੀ ਬੈਠ ਕੇ ਬਣਾਈਏ, ਤਾਂ ਹਿੰਮਤ ਸਿੰਘ ਸੋਹੀ ਨੇ ਮੈਨੂੰ ਦੋ ਵਾਰ ਗੁਰੂ ਘਰ ਵਿੱਚ ਵਿਸ਼ਵਾਸ਼ ਦਿਵਾਇਆ ਕਿ ਮੈਂ ਨਹੀਂ ਖੜਨਾ, ਮੈਂ ਆਪਣੇ ਆਲੇ ਦੁਆਲੇ ਨੂੰ ਇਹ ਦਾਅਵਾ ਕਰ ਧਰਿਆ, ਹੁਣ ਮੈਂ ਸਮਝਦੀ ਹਾਂ ਕਿ ਕਿਧਰੇ ਉਹ ਲੋਕ ਮੈਨੂੰ ਝੂਠ ਬੋਲਦੀ ਨਾ ਸੋਚਣ ਤੇ ਮੈਂ ਆਪਣੀ ਜਮੀਰ &lsquoਤੇ ਬੋਝ ਸਮਝ ਕੇ ਸਪੱਸ਼ਟ ਕਰ ਰਹੀ ਹਾਂ ਕਿ ਭਾਈ ਮੈਨੂੰ ਝੂਠੀ ਨਾ ਮੰਨੋ, ਮੈਂ ਯਕੀਨ &lsquoਤੇ ਬੋਲਦੀ ਸੀ, ਖਿਮਾਂ ਕਰੋ, ਬਾਕੀ ਵੋਟਾਂ ਜੀਹਨੂੰ ਮਰਜ਼ੀ ਪਾਵੋ, ਧੜਿਆਂ ਦੀਆਂ ਵੋਟਾਂ ਹਨ, ਹਾਂ ਮੈਂ ਆਪਣੇ ਸਮਰਥੱਕਾਂ ਨੂੰ ਜੇਕਰ ਮੇਰੀ ਰਾਇ ਸਲਾਹ ਮੰਗਣਗੇ ਜਰੂਰ ਆਪਣਾ ਪੱਖ ਦੱਸੂੰਗੀ, ਇਹ ਹਰ ਇਕ ਦਾ ਹੱਕ ਹੈ ਮੇਰਾ ਭੀ ਮੈਂ ਆਪਣੀ ਸੋਚ ਅਨੁਸਾਰ ਹੀ ਵੋਟਾਂ ਪਾਊਂਗੀ, ਹਾਂ ਆਸ ਕਰਦੀ ਹਾਂ ਕਿ ਪ੍ਰਬੰਧ ਸੰਗਤਾਂ ਦੀਆਂ ਲੋੜਾਂ, ਸਹੂਲਤਾਂ ਵੱਲ ਧਿਆਨ ਦੇਵੇਗਾ, ਗੋਲ੍ਹਕ ਦੀ ਦੁਰਵਰਤੋਂ ਵੱਲ ਨਹੀਂ, ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇਣ ਤੇ ਆਪਹੁਦਰੀਆਂ ਨਹੀਂ ਚੱਲਣਗੀਆਂ, ਜਿਹੜੇ ਭੀ ਗਰੁੱਪ ਵਿੱਚ ਖੜ੍ਹੇ ਹੋ ਵੋਟਾਂ ਲਈਆਂ ਉਹਦੇ ਜਰੂਰ ਵਫ਼ਾਦਾਰ ਰਿਹੋ, ਟਪੂਸੀ ਮਾਰ ਅਸਾਈਲਮ ਸੀਕੋਡ ਨਹੀਂ ਬਣੋ ।
ਵਿਸ਼ੇਸ਼ ਪੰਨਾ ਪੰਜਾਬ ਟਾਈਮਜ਼ ਵਿੱਚ ਅੰਕਤ ਵਿਚਾਰਾਂ ਪ੍ਰਤੀ :-
ਪੰਥਕ ਇਕੱਠ ਜਾਂ ਜਨਤਕ ਇਕੱਠ :-ਅੱਜ ਸਭ ਏਕ ਹਨ ਹਫ਼ਤਾ ਦਫੜੀ ਵਿੱਚ ਥਾਪੇ ਅਕਾਲ ਤਖ਼ਤ ਦੇ ਜਥੇਦਾਰ, ਸੱਚੀ ਹੀ ਸਮਝ ਬੈਠਿਆ ਕਿ ਮੈਂ ਤਾਂ ਸਿੱਖਾਂ ਦਾ ਪੋਪ ਹਾਂ, ਦਬਕਾ, ਜੇਕਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਈਆਂ, ਸੰਘਰਸ਼ ਕਰੂ ਭਾਈ ਪਹਿਲਾਂ ਹੋਰਾਂ ਦਾ ਅੱਡ ਪੰਥ ਤਾਂ ਹਟਾ ਲੈ, ਜਾਤ ਬਰਾਦਰੀ ਤੇ ਧਰਮ ਸੰਸਥਾਵਾਂ, ਕੰਮ ਕੌਮ ਵਿਰੋਧੀਆਂ ਦੇ ਕਰਨੇ ਤਾਂ ਬਨਣਾ ਪੰਥਕ :- ਆਪ ਸਰਕਾਰ ਦਾ ਪੰਥ ਵਿਰੋਧੀ ਸਟੈਂਡ, ਕਸੂਰ ਕੀਹਦਾ ? ਉੱਲ੍ਹਰ ਕੇ ਵੋਟਾਂ ਪਾਈਆਂ, ਸ਼ੱਕ ਨਹੀਂ ਕਿ ਕਾਂਗਰਸ ਉੱਭਰ ਰਹੀ ਹੈ, ਹੱਕ ਹੈ ਜਰੂਰ ਦੂਜੀਆਂ ਪਾਰਟੀਆਂ ਰੱਲ੍ਹ ਜਾਣ ਤਾਂ ਚੈਲਿੰਜ ਤਾਂ ਤਕੜਾ ਹੋਵੇਗਾ ਭਾਜਪਾ ਨੂੰ, ਪਰਚੇ ਵਿੱਚ ਗੁਰੂ ਘਰਾਂ ਦੀਆਂ ਚੋਣਾਂ ਦੇ ਇਸ਼ਤਿਹਾਰ ਦੇਖ ਪੜ੍ਹ ਲੱਗਦਾ ਹੈ ਚੋਣਾਂ ਦੀ ਰੁੱਤ ਹੈ, ਦਮਗਜੇ, ਡੀਂਗਾਂ, ਵਾਅਦੇ ਅਤੇ ਬੜੇ ਬੜੇ ਮੈਨੀਫੈਸਟੋ, ਭਾਈ ਦਲੀਲਾਂ ਦਾ ਕੜਾਹ ਕਰਨਾ ਹੈ ਤਾਂ ਚਾਸ਼ਣੀ ਦਾ ਭੁੱਖਾ ਕਾਹਨੂੰ ਰੱਖਣਾ ਹੈ । ਹੋਰ ਬਾਲਟੀਆਂ ਸਿੱਟੋ ਪਾਣੀ ਦੀਆਂ, ਭੁੱਲੋ ਨਾ ਕਿ ਇਹ ਚੋਣਾਂ ਸੰਗਤਾਂ ਦੀਆਂ ਨਹੀਂ ਹੁੰਦੀਆਂ, ਵੋਟਰਾਂ ਦੀਆਂ ਹੁੰਦੀਆਂ ਹਨ, ਸਹੂਲਤਾਂ ਤਾਂ ਸੰਗਤਾਂ ਨੇ ਮਾਨਣੀਆਂ ਹਨ ਜੇਕਰ ਪ੍ਰਦਾਨ ਹੋਣ, ਬਹੁਤੇ ਵੋਟਰ ਤਾਂ ਕਦੀ ਕਦਾਈਂ ਦਿਨ ਤਿਹਾਰ ਜਾਂ ਨਿੱਜੀ ਸਮਾਗਮਾਂ ਤੇ ਹੀ ਪਧਾ੍ਹਰਦੇ ਹਨ ਆਏ ਤੇ ਗਏ, ਕੌਣ ਦੇਖਦਾ ਹੈ ਕਿ ਕੀਤੇ ਪ੍ਰਣ, ਕੌਲ, ਕਰਾਰ, ਕਿਤੇ ਪੂਰੇ ਕੀਤੇ ਹਨ, ਨਾਲੇ ਵੋਟਰ ਤਾਂ ਧੜਿਆਂ ਨੇ ਬਣਾਏ ਹੁੰਦੇ ਹਨ, ਉਨ੍ਹਾਂ ਨੂੰ ਤਾਂ ਆਪਣੇ ਧੜਿਆਂ ਦੀ ਹਕੂਮਤ ਦਾ ਮੰਤਵ ਹੈ, ਜਰੂਰੀ ਨਹੀਂ ਕਿ ਲਾਹੇ ਖੱਟਣ ਲਈ ਹੋਵੇ, ਕਈ ਤਾਂ ਬੱਸ ਮਿੱਤਰਤਾ ਲਈ ਝਗੜੇ ਝਮੇਲੇ ਕਰ ਲੈਂਦੇ ਹਨ, ਰੱਬ ਸੁੱਖ ਰੱਖੇ ਲਿਖਣਾ ਬਣਦਾ ਹੈ ਕਿ ਵਰਤਮਾਨ ਕਾਲ ਵਿੱਚ ਪੁਰਾਤਨ ਧਰਮ ਤਾਂ ਛੁਪਦਾ ਜਾਂਦਾ ਹੈ, ਚਰਾਸੀ ਦਾ ਧਰਮ ਪ੍ਰਚੱਲਤ ਹੈ, ਆਪਣੇ ਆਪਣੇ ਮਹਾਨ ਸ਼ਹੀਦ, ਪੁਰਸ਼ ਜਰਨੈਲ ਅਮਰ ਸ਼ਹੀਦ ਹਨ, ਗੁਰੂ ਘਰਾਂ ਵਿੱਚ ਭੀ ਗੁਰੂ ਗ੍ਰੰਥ ਨੂੰ ਮੱਥਾ ਟੇਕਣ ਤੋਂ ਪਹਿਲਾਂ ਉਨ੍ਹਾਂ ਨੂੰ ਸਿਰ ਨੀਮਾਂ ਕਰਨਾ ਮਜਬੂਰੀ ਬਣ ਗਈ ਹੈ, ਕੋਈ ਪੁਰਾਣਾ ਗੁਰਮੁਖ ਭੀ ਇਸ ਰੀਤ ਨੂੰ ਨਿਕਾਰਨ ਲਈ ਅੱਗੇ ਨਹੀਂ ਆਉਂਦਾ, ਮੇਰੇ ਵਰਗੇ ਕੀਹਦਾ ਸਾਥ ਦੇਣ, ਜਦੋਂ ਪੰਥਕ ਰਹਿ ਚੁੱਕੇ ਭੀ ਚੈਨਲ ਤੇ ਕਾਂਗਰਸੀ ਪੱਖੀਆਂ ਨਾਲ ਕੇਵਲ ਉਥੇ ਬਿਰਾਜਮਾਨ ਹੋਣ ਲਈ ਥਾਂ ਮੱਲ ਲੈਂਦੇ ਹਨ ਤੇ ਪੰਥ ਦੇ ਹੀ ਵਿਰੁੱਧ ਬੋਲਣ ਲੱਗ ਜਾਂਦੇ ਹਨ, ਭਰੋਸਾ ਉੱਠ ਗਿਆ ਹੈ, ਕੇਵਲ ਬਿਆਨਾਂ ਤੱਕ ਹੀ ਸੀਮਤ ਹੈ ਪੰਥਕ ਹਿੱਤ, ਅੱਜ ਕਰਨੀ ਦੇ ਸੂਰੇ ਰਹੇ ਹੀ ਨਹੀਂ । 
-ਬਲਵਿੰਦਰ ਕੌਰ ਚਾਹਲ ਸਾਊਥਾਲ