image caption:

ਯੂਨੀਵਰਸਿਟੀ ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਆਰੋਪੀ ਕੁੜੀ ਨੂੰ ਫੌਜ ਦਾ ਜਵਾਨ ਕਰਦਾ ਸੀ ਬਲੈਕਮੇਲ

 ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ MMS ਕਾਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਜਿਸ ਕੁੜੀ ਨੇ ਵਿਦਿਆਰਥਣਾਂ ਦੀ ਵੀਡੀਓ ਬਣਾਈ ਸੀ ਉਸ ਨੂੰ ਭਾਰਤੀ ਫ਼ੌਜ ਦੇ ਜਵਾਨ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਉਕਤ ਵਿਅਕਤੀ ਵਿਦਿਆਰਥਣ ਨੂੰ ਦੂਜੀਆਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਲਈ ਮਜ਼ਬੂਰ ਕਰ ਰਿਹਾ ਸੀ । ਜਾਣਕਾਰੀ ਮੁਤਾਬਕ, ਮੁਲਜ਼ਮ ਵਿਦਿਆਰਥਣ ਦੇ ਪੁਰਾਣੇ ਦੋਸਤ ਨੇ ਉਸਦੀ ਅਸ਼ਲੀਲ ਵੀਡੀਓ ਇਸ ਜਵਾਨ ਨਾਲ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਜਵਾਨ ਉਸ ਵੀਡੀਓ ਨੂੰ ਲੀਕ ਕਰਨ ਦੀ ਧਮਕੀ ਦੇ ਕੇ ਦੂਜੀਆਂ ਵਿਦਿਆਰਥਣਾਂ ਦੀ ਵੀਡੀਓ ਬਣਾਉਣ ਲਈ ਮਜਬੂਰ ਕਰ ਰਿਹਾ ਸੀ।
ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਜਵਾਨ ਜੰਮੂ ਦਾ ਰਹਿਣ ਵਾਲਾ ਹੈ ਅਤੇ ਇਸਦਾ ਨਾਮ ਸੰਜੀਵ ਕੁਮਾਰ ਦੱਸਿਆ ਗਿਆ ਹੈ। ਫਿਲਹਾਲ ਇਹ ਅਰੁਣਾਚਲ ਪ੍ਰਦੇਸ਼ ਦੇ ਈਟਾ ਨਗਰ ਦੇ ਨੇੜੇ ਪੋਸਟਡ ਹੈ। ਹਾਲਾਂਕਿ ਪੁਲਿਸ ਦੇ ਮੁਤਾਬਕ ਮੁਲਜ਼ਮ ਕੁੜੀ ਹੋਸਟਲ ਦੀਆਂ ਕੁੜੀਆਂ ਦੀ ਕੋਈ ਵੀਡੀਓ ਨਹੀਂ ਬਣਾ ਸਕੀ ਸੀ। ਫੋਨ ਵਿੱਚ ਉਸਦੀਆਂ ਆਪਣੀਆਂ ਹੀ ਵੀਡੀਓਜ਼ ਸਨ। ਫੋਰੈਂਸਿਕ ਮਾਹਿਰਾਂ ਨੇ ਇਹ ਗੱਲ ਫੋਨ ਦੀ ਜਾਂਚ ਕਰਨ ਮਗਰੋਂ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿੱਚ ਹੁਣ ਪੁਲਿਸ ਫੌਜ ਦੇ ਜਵਾਨ ਸੰਜੀਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰੇਗੀ।