ਹਰਿਆਣਾ ਗੁਰਦੁਆਰਾ ਕਮੇਟੀ ਦਾ ਵੱਖ ਹੋਣਾ ਪੰਥਕ ਸ਼ਕਤੀ ਨੂੰ ਖੋਰਾ

ਕੁਲਵੰਤ ਸਿੰਘ ਢੇਸੀ

ਯੇਹ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ

ਇਸ ਗੱਲ ਦਾ ਮੁਗਲਾਂ ਅਤੇ ਅੰਗ੍ਰੇਜ਼ਾਂ ਨੂੰ ਭਲੀ ਭਾਂਤ ਪਤਾ ਸੀ ਕਿ ਸਿੱਖ ਗੁਰਦੁਆਰੇ ਨਾ ਕੇਵਲ ਸਿੱਖਾਂ ਦੀ ਧਾਰਮਕ ਸ਼ਕਤੀ ਦਾ ਹੀ ਸ੍ਰੋਤ ਹਨ ਸਗੋਂ ਸਿੱਖਾਂ ਦੀ ਰਾਜਨੀਤਕ ਸ਼ਕਤੀ ਦਾ ਵੀ ਸ੍ਰੋਤ ਹਨ। ਇਹ ਹੀ ਕਾਰਨ ਸੀ ਕਿ ਅਬਦਾਲੀ ਵਰਗੇ ਧਾੜਵੀਆਂ ਨੇ ਦਰਬਾਰ ਸਾਹਿਬ ਨੂੰ ਢਾਹ ਕੇ ਅਮ੍ਰਿਤ ਸਰੋਵਰ ਨੂੰ ਪੂਰ ਦੇਣ ਤਕ ਦਾ ਪਾਪ ਕੀਤਾ । ਕਿਹਾ ਜਾਂਦਾ ਹੈ ਕਿ ਹਰਮੰਦਰ ਸਾਹਿਬ ਨੂੰ ਜਿਸ ਵੇਲੇ ਅਬਦਾਲੀ ਵਲੋਂ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ ਉਸ ਵੇਲੇ ਇੱਕ ਇੱਟ ਅਬਦਾਲੀ ਦੇ ਨੱਕ &lsquoਤੇ ਲੱਗੀ ਜੋ ਕਿ ਮਗਰੋਂ ਨਾਸੂਰ ਬਣ ਗਈ ਅਤੇ ਫਿਰ ਇਹ ਨਾਸੂਰ ਅਬਦਾਲੀ ਦੀ ਮੌਤ ਦਾ ਕਾਰਨ ਬਣਿਆ।

ਸੂਰਮੇ ਸਿੱਖਾਂ ਨੇ ਅਬਦਾਲੀ ਦੀਆਂ ਫੌਜਾਂ ਤੋਂ ਮੁੜ ਸਰੋਵਰ ਦੀ ਸਫਾਈ ਕਾਰਵਾ ਕੇ ਜਿਥੇ ਦਰਬਾਰ ਸਾਹਿਬ ਦੀ ਮੁੜ ਉਸਾਰੀ ਕੀਤੀ ਉਥੇ ਦਰਾ ਖੈਬਰ ਰਾਹੀ ਆਉਣ ਵਾਲੇ ਅਫਗਾਨ ਧਾੜਵੀਆਂ ਦਾ ਰਾਹ ਸਦਾ ਸਦਾ ਲਈ ਬੰਦ ਕਰ ਦਿੱਤਾ।


ਸੰਨ ੧੭੪੮ ਤੋਂ ੧੭੫੩ ਤਕ ਅਬਦਾਲੀ ਵਲੋਂ ਪੰਜਾਬ ਦਾ ਸੂਬੇਦਾਰ ਮੁਇਨ-ਉਲ-ਮੁਲਕ ਜਾਂ ਮੀਰ ਮੰਨੂੰ ਨੂੰ ਨਿਯੁਕਤ ਕੀਤਾ ਗਿਆ ਸੀ ਜਿਸ ਨੂੰ ਅੱਤ ਦੇ ਜ਼ਾਲਮ ਹਾਕਮ ਦੇ ਤੌਰ ਤੇ ਜਾਣਿਆ ਜਾਂਦਾ ਹੈ। ਮੀਰ ਮੰਨੂੰ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ। ਅੱਤ ਸਰਕਾਰੀ ਜਬਰ ਵਿਚ ਵੀ ਸਿੱਖਾਂ ਦੀ ਅਬਾਦੀ ਘਟਣ ਦੀ ਵਜਾਏ ਵਧਦੀ ਗਈ। ਉਸ ਵੇਲੇ ਇਹ ਅਖਾਣ ਬੜਾ ਪ੍ਰਸਿੱਧ ਹੋਇਆ ਸੀ ਕਿ &ndash

ਮੰਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ ।
ਜਿਉਂ-ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ

ਮੀਰ ਮੰਨੂੰ ਨੂੰ ਵੀ ਇਹ ਭੇਤ ਚੰਗੀ ਤਰਾਂ ਪਤਾ ਸੀ ਕਿ ਸਿੱਖ ਸ਼ਕਤੀ ਦਾ ਸ੍ਰੋਤ ਸਿੱਖ ਗੁਰੂਆਂ ਪ੍ਰਤੀ ਸਿੱਖਾਂ ਦਾ ਦ੍ਰਿੜ ਨਿਸ਼ਚਾ ਹੈ ਇਸ ਕਰਕੇ ਉਸ ਨੇ ਸਮਾਜ ਵਿਚ ਗੁੜ ਨੂੰ ਰੋੜੀ ਜਾਂ ਭੇਲੀ ਕਹਿ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿਓਂਕਿ ਉਸ ਨੂੰ ਡਰ ਸੀ ਕਿ ਗੁੜ ਕਹਿਣ ਨਾਲ ਸਿੱਖਾਂ ਨੂੰ ਗੁਰੂ ਚੇਤੇ ਆਉਂਦਾ ਹੈ। ਉਸ ਅੱਤ ਬਿਖੜੇ ਸਮੇਂ ਸਿੱਖਾਂ ਦੀ ਸ਼ਕਤੀ ਦਾ ਦਿਨੋ ਦਿਨ ਚੜ੍ਹਦੀ ਕਲਾ ਵਲ ਵਧਦੇ ਜਾਣ ਦਾ ਪ੍ਰਮੁਖ ਕਾਰਨ ਸਿੱਖਾਂ ਦਾ ਦਲ ਖਾਲਸਾ ਦੀ ਕੇਂਦਰੀ ਸ਼ਕਤੀ ਤਹਿਤ ਇੱਕ ਮੁੱਠ ਰਹਿਣਾ ਵੀ ਸੀ। ਕਹਿਣ ਦਾ ਭਾਵ ਇਹ ਹੈ ਕਿ ਅੱਤ ਔਖੇ ਹਾਲਾਤਾਂ ਵਿਚ ਵੀ ਸਿੱਖ ਇੱਕਮੁੱਠ ਰਹਿ ਕੇ ਜ਼ਾਲਮਾ ਨੂੰ ਪਛਾੜਨ ਵਿਚ ਕਾਮਯਾਬ ਹੋਏ ਅਤੇ ਅੱਜ ਆਲ ਇੰਡੀਆ ਗੁਰਦੁਆਰਾ ਐਕਟ ਦੇ ਹੁੰਦਿਆਂ ਹੋਇਆਂ ਵੀ ਭਾਰਤੀ ਸਰਕਾਰ ਸਿੱਖਾਂ ਦੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਵਿਚ ਕਾਮਯਾਬ ਹੁੰਦੀ ਪ੍ਰਤੀਤ ਹੁੰਦੀ ਨਜ਼ਰ ਆ ਰਹੀ ਹੈ ਜਿਸ ਦਾ ਪ੍ਰਮੁਖ ਕਾਰਨ ਬਾਦਲਾਂ ਨੇ ਜਿਸ ਤਰਾਂ ਨਾਲ ਸ਼੍ਰੋਮਣੀ ਕਮੇਟੀ ਨੂੰ ਆਪਣੇ ਤੰਗ ਰਾਜਨੀਤਕ ਹਿੱਤਾਂ ਲਈ ਵਰਤਣਾ ਅਰੰਭਿਆ ਹੋਇਆ ਹੈ ਉਸ ਨਾਲ ਕਮੇਟੀ ਦੇ ਵਿਕਾਰ ਨੂੰ ਵੱਡੀ ਸੱਟ ਲੱਗੀ ਹੈ ਅਤੇ ਆਮ ਸਿੱਖ ਹੀ ਬਾਦਲਾਂ ਦੀ ਕਮੇਟੀ ਤੋਂ ਔਖਾ ਹੈ। ਸਿੱਖ ਸ਼ਕਤੀ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵਿਕੇਂਦਰੀ ਕਰਨ ਦਾ ਪ੍ਰਮੁਖ ਕਾਰਨ ਬਾਦਲਾਂ ਵਲੋਂ ਇਸ ਕਮੇਟੀ ਨੂੰ ਆਪਣੇ ਹਿੱਤਾਂ ਲਈ ਵਰਤ ਕੇ ਆਮ ਸਿੱਖ ਨੂੰ ਨਿਰਾਸ਼ ਕਰਨਾ ਹੈ।


ਅੰਗ੍ਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ

ਕਿਹਾ ਜਾਂਦਾ ਹੈ ਕਿ ਅੰਗ੍ਰੇਜ਼ ਨੇ ਪੰਜਾਬ ਦਾ ਰਾਜ ਭਾਗ ਸੰਭਾਲਦਿਆਂ ਹੀ ਪੰਜਾਬ ਦੀ ਸ਼ਸਤਰ ਅਤੇ ਸ਼ਾਸਤਰ ਦੀ ਸ਼ਕਤੀ ਨੂੰ ਖੋਰਾ ਲਾਉਣ ਲਈ ਕੋਸ਼ਿਸ਼ਾਂ ਅਰੰਭ ਕਰ ਦਿੱਤੀਆਂ ਸਨ। ਪੰਜਾਬ ਨੂੰ ਵਿੱਦਿਆ ਤੋਂ ਵਾਂਝੇ ਕਰਨ ਲਈ ਉਸ ਨੇ ਜਿਥੇ ਪੰਜਾਬੀ ਕਾਇਦੇ ੬ ਆਨੇ ਪ੍ਰਤੀ ਕਾਇਦਾ ਦੇ ਕੇ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ ਉਥੇ ੩ ਆਨੇ ਪ੍ਰਤੀ ਹਥਿਆਰ ਦੇ ਕੇ ਹਥਿਆਰ ਵੀ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ।

ਅੰਗ੍ਰੇਜ਼ਾਂ ਦੀ ਸਿੱਖਾਂ ਪ੍ਰਤੀ ਦੋਗਲੀ ਨੀਤੀ ਸੀ। ਉਸ ਨੇ ਜਿਥੇ ਭਾਰਤੀ ਫੌਜ ਵਿਚ ਸਿੱਖ ਸ਼ਕਤੀ ਨੂੰ ਵਰਤਣ ਲਈ ਸਿੱਖ ਰਜਮੈਂਟਾਂ ਬਣਾ ਕੇ ਸਿੱਖ ਰਹਿਤ ਲਾਜ਼ਮੀ ਕਰਕੇ ਸਿੱਖ ਪਲਟਣ ਨਾਲ ਗੁਰੂ ਗ੍ਰੰਥ ਸਾਹਿਬ ਅਤੇ ਗ੍ਰੰਥੀ ਸਿੰਘ ਦਾ ਹੋਣਾ ਲਾਜ਼ਮੀ ਕਰ ਦਿੱਤਾ ਉਥੇ ਪੰਜਾਬ ਦੇ ਸਿੱਖਾਂ ਨੂੰ ਸਿੱਖ ਸ਼ਕਤੀ ਤੋਂ ਵਾਂਝੇ ਕਰਨ ਲਈ ਕੁਟਿਲ ਚਾਲਾਂ ਚੱਲਣੀਆਂ ਅਰੰਭ ਕਰ ਦਿਤਾ। ਇਹੀ ਕਾਰਨ ਸੀ ਕੀ ਉਸ ਨੇ ਆਪਣੇ ਟੋਡੀ ਮਹੰਤਾਂ ਨੂੰ ਸਿੱਖ ਗੁਰਦਿਆਰਿਆਂ ਵਿਚ ਬਿਠਾ ਦਿੱਤਾ ਜਿਹਨਾ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਤਕੜੇ ਅੰਦੋਲਨ ਕਰਨੇ ਪਏ।

ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਖੱਬੇ ਪਾਸੇ ਕੰਧ ਤੇ ਸ੍ਰੀ ਹਰਿਮੰਦ੍ਰ ਸਾਹਿਬ ਵਿਚ ਕੁਦਰਤੀ ਚਮਤਕਾਰ ਦੇ ਸਿਰਲੇਖ ਹੇਠ ਇੱਕ ਕਹਾਣੀ ਉਕਰੀ ਹੋਈ ਹੈ। ਇਹ ਵਾਕਿਆ ੩੦ ਅਪ੍ਰੈ਼ਲ ੧੮੭੭ ਦਾ ਹੈ ਜਦੋਂ ਅੰਮ੍ਰਿਤ ਵੇਲੇ ਸਾਢੇ ਚਾਰ ਵਜੇ ਸੰਗਤ ਕੀਰਤਨ ਸਰਵਣ ਕਰ ਰਹੀ ਦੀ ਕਿ ਰੌਸ਼ਨੀ ਦਾ ਇੱਕ ਗੋਲਾ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿਚੋਂ ਆਇਆ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਫਟ ਕੇ ਰੌਸ਼ਨੀ ਬਿਖੇਰਦਾ ਹੋਇਆ ਦੱਖਣੀ ਦਰਵਾਜ਼ੇ ਵਿਚੀਂ ਰੌਸ਼ਨੀ ਦੀ ਇੱਕ ਲੀਕ ਜਹੀ ਬਣ ਕੇ ਬਾਹਰ ਨਿਕਲ ਗਿਆ ਪਰ ਇਸ ਨਾਲ ਦਰਬਾਰ ਸਾਹਿਬ ਦਾ ਜਾਂ ਦਰਬਾਰ ਸਾਹਿਬ ਵਿਚ ਸੰਗਤ ਦਾ ਕੋਈ ਵੀ ਨੁਕਸਾਨ ਨਾ ਹੋਇਆ। ਕਿਹਾ ਜਾਂਦਾ ਹੈ ਕਿ ੧੮੭੨ ਨੂੰ ਕੂਕਾ ਲਹਿਰ ਦੇ ਪ੍ਰਚੰਡ ਹੋਣ &lsquoਤੇ ਫਿਰੰਗੀ ਲਗਾਤਾਰ ਇਸ ਸੰਸੇ ਵਿਚ ਸੀ ਕਿ ਸਿੱਖਾਂ ਦੀ ਸ਼ਕਤੀ ਦੇ ਕੇਂਦਰ ਨੂੰ ਜ਼ਬਤ ਕਰਕੇ ਉਸ ਦੀ ਰੂਪ ਰੇਖਾ ਇਸਾਈ ਮੱਤ ਅਨੁਸਾਰ ਕਰ ਦੇਵੇ। ਇਸ ਮਨਸ਼ਾ ਤਹਿਤ ਜਦੋਂ ਅੰਗ੍ਰੇਜ਼ ਸਾਜਸ਼ਾਂ ਬਣਾ ਰਿਹਾ ਸੀ ਤਾਂ ਇਹ ਚਮਤਕਾਰਾ ਵਾਪਰ ਗਿਆ ਜਿਸ ਤੋਂ ਮਗਰੋਂ ਉਹ ਭੈਭੀਤ ਹੋ ਕੇ ਦਰਬਾਰ ਸਾਹਿਬ ਨੂੰ ਜ਼ਬਤ ਕਰਨ ਦੀ ਸਾਜਸ਼ ਤੋਂ ਤਾਂ ਬਾਜ਼ ਆ ਗਿਆ ਪਰ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਰਬਰਾਹ ਨਿਯੁਕਤ ਕਰਨਾ ਸ਼ੁਰੁ ਕਰ ਦਿੱਤਾ ਤਾਂ ਕਿ ਸਿੱਖ ਸ੍ਰੀ ਅਕਾਲ ਤਖਤ ਤੋਂ ਕੋਈ ਰਾਜਨੀਤਕ ਘੋਲ ਨਾ ਵਿੱਢ ਸਕਣ। ਇਹੀ ਕਾਰਨ ਸੀ ਜਲਿਆਂ ਵਾਲੇ ਬਾਗ ਦਾ ਸਾਕਾ ਵਾਪਰਨ ਤੋਂ ਬਾਅਦ ਅਰੂੜ ਸਿੰਘ ਨਾਮ ਦੇ ਅੰਗ੍ਰੇਜ਼ਾਂ ਵਲੋਂ ਨਿਯੁਕਤ ਸਰਬਰਾਹ ਨੇ ਜਨਰਲ ਡਾਇਰ ਨੂੰ ਕਲੀਨ ਚਿੱਟ ਦੇਣ ਲਈ ਪੂਰੀ ਵਾਹ ਲਾਈ ਸੀ।

ਸਿੱਖਾਂ ਨੇ ਆਪਣੇ ਗੁਰਦੁਆਰੇ ਅੰਗ੍ਰੇਜ਼ਾਂ ਦੇ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਲਹੂ ਵੀਟਵੀਂ ਪਰ ਸ਼ਾਂਤ ਮਈ ਜੱਦੋ ਜਹਿਦ ਅਰੰਭ ਕਰ ਦਿੱਤੀ। ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਂਤਮਈ ਸਿੱਖਾਂ ਨੂੰ ਪੁਲਸ ਤੋਂ ਡਾਂਗਾਂ ਖਾਂਦਿਆਂ ਦੇਖ ਕੇ ਇੱਕ ਇਸਾਈ ਪਾਦਰੀ ਸੀ ਐਫ ਐਂਡਰਿਊ ਨੇ ਕਿਹਾ ਸੀ ਕਿ ਮੈਂ ਇੱਕ ਨਹੀਂ ਸਗੋਂ ਅਨੇਕਾਂ ਈਸਾਂ ਨੂੰ ਅੱਜ ਸੂਲੀ ਤੇ ਚੜ੍ਹਦੇ ਦੇਖ ਸਕਦੇ ਹਾਂ। ਮੈਂ ਆਪਣੇ ਜੀਵਨ ਵਿਚ ਏਨੀ ਦ੍ਰਿੜਤਾ ਨਾਲ ਕੋਈ ਹੋਰ ਸ਼ਾਂਤਮਈ ਅੰਦੋਲਨ ਨਹੀਂ ਦੇਖਿਆ। ਇਸ ਅੰਦੋਲਨ ਵਿਚ ੫੦੦ ਸਿੱਖ ਸ਼ਹੀਦ ਹੋਏ ਅਤੇ ੨੦ ਹਜ਼ਾਰ ਸਿੱਖ ਜੇਹਲੀਂ ਡੱਕੇ ਗਏ ਅਤੇ ਅਨੇਕਾਂ ਸਿੱਖਾਂ ਦੀਆਂ ਜਾਇਦਾਤਾਂ ਜ਼ਬਤ ਹੋਈਆਂ। ਚਾਬੀਆਂ ਦਾ ਮੋਰਚਾ ਫਤਹਿ ਹੋਣ &lsquoਤੇ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਤਾਰ ਦੇ ਕੇ ਕਿਹਾ ਸੀ ਕਿ ਭਾਰਤ ਦੀ ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ।

ਅੰਗ੍ਰੇਜ਼ਾ ਨੇ ਗੁਰਦਆਰਾ ਸੁਧਾਰ ਲਹਿਰ ਨੂ ਕੁਚਲਣ ਲਈ ਹਰ ਸਾਜਸ਼ ਵਰਤੀ। ੧੫ ਨਵੰਬਰ ੧੯੨੦ ਨੂੰ ਦਸ ਹਜ਼ਾਰ ਸਿੱਖਾਂ ਦੇ ਇਕੱਠ ਨੇ ੧੭੫ ਮੈਂਬਰੀ ਵਿਸ਼ਾਲ ਕਮੇਟੀ ਬਣਾ ਕੇ ਅੰਗ੍ਰੇਜ਼ੀ ਚਾਲਾਂ ਨੂੰ ਅਸਫਲ ਕਰ ਦਿੱਤਾ ਤਾਂ ਅਖੀਰ ਅੰਗ੍ਰੇਜ਼ ਨੇ ੧੨ ਅਕਤੂਬਰ ੧੯੨੩ ਨੂੰ ਇਸ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਅੰਗ੍ਰੇਜ਼ ਚਹੁੰਦਾ ਸੀ ਕਿ ਸਿੱਖ ਜੋ ਵੀ ਕਮੇਟੀ ਬਨਾਉਣ ਉਸ ਵਿਚ ਸਰਕਾਰ ਦੀ ਦਖਲ ਅੰਦਾਜ਼ੀ ਲਈ ਅਸਰ ਰਸੂਖ ਰਖਣ ਵਾਲੇ ਸਰਕਾਰੀ ਮੈਂਬਰ ਬਹੁ ਗਿਣਤੀ ਵਿਚ ਹੋਣ। ਜਿਸ ਵੇਲੇ ਨਨਕਾਣਾ ੨੧ ਫਰਵਰੀ ੧੯੨੧ ਨੂੰ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਸੀ ਤਾਂ ਉਸ ਤੋਂ ਮਗਰੋਂ ਸਿੱਖਾਂ ਦਾ ਰੋਹ ਵਧਦਾ ਹੀ ਗਿਆ ਸੀ। ਜਿਸ ਵੇਲੇ ਅੰਗ੍ਰੇਜ਼ ਨੂੰ ਇਸ ਗੱਲ ਦਾ ਚੰਗੀ ਤਰਾਂ ਗਿਆਨ ਹੋ ਗਿਆ ਕਿ ਸੁਧਾਰ ਲਹਿਰ ਨਾਲ ਭਾਰਤ ਦੀ ਅਜ਼ਾਦੀ ਦੀ ਲਹਿਰ ਨੇ ਵੀ ਪ੍ਰਚੰਡ ਹੁੰਦੇ ਜਾਣਾ ਹੈ ਤਾਂ ਅਖੀਰ ਤੇ ਉਸ ਨੂੰ ਸਿੱਖ ਗੁਰਦੁਆਰਾ ਐਕਟ &ndash ੧੯੨੫ ਬਨਾਉਣਾ ਪਿਆ ਸੀ। ਇਸ ਐਕਟ ਵਿਚ ੨੪੧ ਗੁਰਦੁਆਰੇ ਸ਼ਾਮਲ ਕੀਤੇ ਗਏ ਜਿਹਨਾ ਵਿਚੋਂ ੬੫ ਗੁਰਦੁਆਰੇ ਬਟਵਾਰੇ ਦੌਰਾਨ ਪਾਕਿਸਤਾਨ ਵਿਚ ਚਲੇ ਗਏ ਜਿਹਨਾ ਦੇ ਖੁਲ੍ਹੇ ਦਰਸ਼ਨ ਦਿਦਾਰਿਆਂ ਲਈ ਪੰਥ ਲਗਾਤਾਰ ਅਰਦਾਸਾਂ ਕਰਦਾ ਆ ਰਿਹਾ ਹੈ। ਪੰਜਾਬ ਪੁਨਰ-ਗਠਨ ੧੯੬੬ ਦੀ ਧਾਰਾ ੭੨ ਤਹਿਤ ਗੁਰਦੁਆਰਾ ਐਕਟ ੧੯੨੫ ਨੂੰ ਅੰਤਰ ਰਾਜੀ ਐਕਟ ਕਰਾਰ ਦਿੱਤਾ ਗਿਆ। ਇਸ ਦਾ ਵੱਡਾ ਅਸਰ ਇਹ ਹੋਇਆ ਕਿ ਗੁਰਦੁਆਰਾ ਐਕਟ ੧੯੨੫ ਵਿਚ ਕਿਸੇ ਸੋਧ ਦਾ ਅਧਿਕਾਰ ਸੂਬੇ ਦੀ ਵਿਧਾਨ ਸਭਾ ਦੀ ਬਜਾਏ ਦੇਸ਼ ਦੀ ਪਾਰਲੀਮੈਂਟ ਕੋਲ ਚਲਾ ਗਿਆ।


ਸਾਡੇ ਸਿੱਖਾਂ ਵਿਚ ਇਹ ਗੱਲ ਮਸ਼ਹੂਰ ਹੈ ਕਿ ਅਸੀਂ ਕੌਮੀ ਘਟਨਾਵਾਂ ਦੇ ਨਾਲ ਕਦੀ ਵੀ ਸਮੇਂ ਨਾਲ ਨਹੀਂ ਨਜਿੱਠਿਆ ਸਗੋਂ ਸਮਾਂ ਬੀਤ ਜਾਣ ਤੇ ਉਸ ਦੇ ਨਤੀਜੇ ਸਾਹਮਣੇ ਆਉਣ &lsquoਤੇ ਪ੍ਰਤੀਕਰਮ ਕਰਦੇ ਹਾਂ। ਮੁੱਦਾ ਸਿਰਫ ਇਹ ਹੀ ਨਹੀਂ ਹੈ ਕਿ ਹਰਿਆਣੇ ਦੇ ਸਿੱਖ ਪੰਖਤ ਗੁਰਦੁਆਰਿਆਂ ਤੇ ਬਾਦਲਾਂ ਦੀ ਮਲਕੀਅਤ ਤੋਂ ਨਾਖੁਸ਼ ਹੋਣ ਕਾਰਨ ਆਪਣੇ ਸੂਬੇ ਦੇ ਗੁਰਦੁਆਰਿਆਂ ਦੀ ਅਜ਼ਾਦੀ ਲਈ ਅਵਾਜ਼ ਉਠਾਉਂਦੇ ਹਰੇ ਹਨ ਸਗੋਂ ਅਸਲ ਮੁੱਦਾ ਇਹ ਹੈ ਕਿ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਨਾ ਕਵੇਲ ਸਰਕਾਰੀ ਸਰਪ੍ਰਸਤੀ ਦੇ ਰਹਿਮ &lsquoਤੇ ਹੈ ਸਗੋਂ ਜਦੋਂ ਕੋਈ ਵੀ ਟਕਰਾਅ ਹੁੰਦ ਹੈ ਤਾਂ ਇਸ ਸਬੰਧੀ ਆਖਰੀ ਫੈਸਲਾ ਦੇਸ਼ ਦੀ ਪਾਰਲੀਮੈਂਟ ਦੇ ਹੱਥ ਹੈ। ਹੁਣ ਅੰਮ੍ਰਿਤਸਰ ਵਾਲੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ਤੇ ਮੁੜ ਨਜ਼ਰਸਾਨੀ ਕਰਨ ਲਈ ਪਟੀਸ਼ਨ ਪਾ ਕੇ ਮਹਿਜ਼ ਆਪਣਾ ਜਨਤਕ ਚਿਹਰਾ ਬਚਾਉਣ ਦੀ ਕੋਸ਼ਿਸ਼ ਵਿਚ ਹੈ।

ਉਧਰ ਹਰਿਆਣੇ ਦੇ ਸਿੱਖ ਆਪਣੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਰਪਾਨਾ ਦੇ ਸਿਰੋਪੇ ਭੇਂਟ ਕਰਕੇ ਖੁਸ਼ੀ ਵਿਚ ਫੁੱਲੇ ਨਹੀਂ ਸਮਾਉਂਦੇ । ਚੇਤੇ ਰਹੇ ਕਿ ਹਰਿਆਣੇ ਦੇ ਗੁਰਦਿਆਰਿਆਂ ਦੇ ਪ੍ਰਬੰਧ ਦੀ ਖਿੱਚੋਤਾਣ ਸੰਨ ੨੦੧੪ ਤੋਂ ਅਰੰਭ ਹੈ ਜਦੋਂ ਭੁਪਿੰਦਰ ਸਿੰਘ ਹੁੱਡਾ ਦੀ ਕਾਂਗਰਸੀ ਸਰਕਾਰ ਨੇ ਆਪਣੀ ਵਿਧਾਨ ਸਭਾ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਪਾਸ ਕਰਕੇ ਹਰਿਆਣੇ ਦੇ ਗੁਰਦੁਆਰਿਆਂ ਨੂੰ ਗੁਰਦੁਆਰਾ ਐਕਟ ੧੯੨੫ ਵਿਚੋਂ ਖਿਸਕਾਉਣ ਲਈ ਰਾਹ ਪੱਧਰਾ ਕਰ ਦਿੱਤਾ ਸੀ। ਭਾਰਤ ਵਿਚ ਸਰਕਾਰੀ ਹਾਕਮ ਭਾਵੇਂ ਕਾਂਗਰਸ ਦੇ ਹੋਣ ਜਾਂ ਭਾਜਪਾ ਦੇ ਉਹ ਤਾਂ ਸਿੱਖ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਸਾਜਸ਼ਾਂ ਕਰਦੇ ਹੀ ਰਹਿਣਗੇ। ਇਹ ਤਾਂ ਸਿੱਖਾਂ ਨੂੰ ਸੋਚਣਾ ਪੈਣਾ ਹੈ ਕਿ ਉਹਨਾ ਨੇ ਆਪਣੀ ਪੰਥਕ ਸ਼ਕਤੀ ਨੂੰ ਭਾਰਤ ਭਰ ਵਿਚ ਕਿਵੇਂ ਇੱਕ ਮੁੱਠ ਰੱਖਣਾ ਹੈ। ਸਰਕਾਰੀ ਦਖਲ ਅੰਦਾਜ਼ੀ ਅਤੇ ਸਰਪ੍ਰਸਤੀ ਦਾ ਅਸਰ ਏਨਾ ਹੈ ਕਿ ਸਰਕਾਰ ਚਾਹੇ ਤਾਂ ਸ਼੍ਰੋਮਣੀ ਗੁਰਦਆਰਾ ਕਮੇਟੀ ਦੀਆਂ ਚੋਣਾ ਹੁੰਦੀਆਂ ਹਨ ਅਤੇ ਜੇ ਨਾ ਚਾਹੇ ਤਾਂ ਨਹੀਂ ਹੁੰਦੀਆਂ। ਸਰਕਾਰਾਂ ਚੋਣਾਂ ਵਿਚ ਉਸ ਵੇਲੇ ਕਰਵਾਉਂਦੀਆਂ ਹਨ ਜਦੋਂ ਉਹਨਾ ਨੂੰ ਅੰਗ੍ਰੇਜ਼ਾਂ ਵਾਂਗ ਹੀ ਯਕੀਨ ਹੋਵੇ ਕਿ ਸਰਕਾਰੀ ਇਸ਼ਾਰਿਆਂ ਤੇ ਚੱਲਣ ਵਾਲੇ ਸਿੱਖ ਇਹਨਾ ਗੁਰਦੁਆਰਿਆਂ ਦੀ ਕਮੇਟੀ ਦੇ ਮੁਖੀ ਬਣਨਗੇ। ਕਦੀ ਸਰ ਸਿਕੰਦਰ ਹਯਾਤ ਖਾਨ ਨੇ ਆਲ ਇੰਡੀਆ ਗੁਰਦੁਆਰਾ ਐਕਟ ਦੇ ਸੰਭਾਵੀ ਖਤਰਿਆਂ ਸਬੰਧੀ ਮੌਕੇ ਦੇ ਸਿੱਖ ਆਗੂਆਂ ਨੂੰ ਖਬਰਦਾਰ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਕਾਸ਼ ਸਾਡੇ ਆਗੂ ਏਨੇ ਦੂਰ ਅੰਦੇਸ਼ ਹੁੰਦੇ ਕਿ ਉਹ ਲਮਹੋਂ ਨੇ ਖਤਾ ਕੀ, ਸਦਿਓਂ ਨੇ ਸਜ਼ਾ ਪਾਈ ਦੇ ਸੱਚ ਨੂੰ ਸਮਝ ਸਕਦੇ।

ਲੇਖਕ: ਕੁਲਵੰਤ ਸਿੰਘ ਢੇਸੀ