image caption: -ਰਜਿੰਦਰ ਸਿੰਘ ਪੁਰੇਵਾਲ

ਸੰਯੁਕਤ ਰਾਸ਼ਟਰ ਵਿਚ ਰੂਸ ਖ਼ਿਲਾਫ਼ ਮਤਾ ਪਾਸ ਨਾ ਹੋਣ ਕਾਰਣ ਅਮਰੀਕਾ ਭਾਰਤ ਤੋਂ ਖਫਾ

ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ ਤੇ ਅਲਬਾਨੀਆ ਵਲੋਂ ਰੂਸ ਖ਼ਿਲਾਫ਼ ਪੇਸ਼ ਕੀਤੇ ਗਏ ਉਸ ਨਿੰਦਾ ਮਤੇ ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਦੀ ਨਾਜਾਇਜ਼ ਰਾਇਸ਼ੁਮਾਰੀ ਅਤੇ ਯੂਕਰੇਨੀ ਖ਼ੇਤਰਾਂ ਤੇ ਉਸ ਦੇ ਕਬਜ਼ੇ ਦੀ ਨਿੰਦਾ ਕੀਤੀ ਗਈ| ਇਸ ਮਤੇ ਵਿਚ ਮੰਗ ਕੀਤੀ ਗਈ ਸੀ ਕਿ ਰੂਸ ਯੂਕਰੇਨ ਤੋਂ ਆਪਣੇ ਸੁਰੱਖਿਆ ਬਲਾਂ ਨੂੰ ਤੁਰੰਤ ਵਾਪਸ ਬੁਲਾਏ| ਸੰਯੁਕਤ ਰਾਸ਼ਟਰ ਸੁਰੱਖਿਆ ਦੇ ਸਥਾਈ ਮੈਂਬਰ ਰੂਸ ਵਲੋਂ ਇਸ ਮਤੇ ਤੇ ਵੀਟੋ ਕਰਨ ਕਰਕੇ ਇਹ ਮਤਾ ਪਾਸ ਨਹੀਂ ਹੋ ਸਕਿਆ| ਹਾਲਾਂਕਿ ਇਸ ਮਤੇ ਤੇ 15 ਮੈਂਬਰੀ ਪ੍ਰੀਸ਼ਦ ਵਿਚੋਂ 10 ਮੈਂਬਰਾਂ ਨੇ ਪੱਖ ਵਿਚ ਵੋਟ ਪਾਈ ਜਦਕਿ ਭਾਰਤ, ਚੀਨ ਗੈਬੋਨ ਅਤੇ ਬ੍ਰਾਜ਼ੀਲ ਨੇ ਵੋਟਿੰਗ ਤੋਂ ਦੂਰੀ ਬਣਾਈ ਰੱਖੀ| ਇਕ ਤਰਾਂ ਰੂਸ ਦੇ ਹਕ ਵਿਚ ਭੁਗਤ ਗਏ| ਵੋਟਿੰਗ ਤੋਂ ਬਾਅਦ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ ਤੇ ਰਾਜਦੂਤ ਰੁਚਿਰਾ ਕੰਬੋਜ ਨੇ ਕਿਹਾ ਸੀ ਕਿ ਯੂਕਰੇਨ ਚ ਹਾਲ ਹੀ ਵਿਚ ਹੋਏ ਘਟਨਾਕ੍ਰਮਾਂ ਨੂੰ ਲੈ ਕੇ ਭਾਰਤ ਕਾਫ਼ੀ ਪ੍ਰੇਸ਼ਾਨ ਹੈ ਅਤੇ ਭਾਰਤ ਨੇ ਹਮੇਸ਼ਾ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਮਨੁੱਖੀ ਜਾਨਾਂ ਦੀ ਕੀਮਤ ਤੇ ਕੋਈ ਵੀ ਹੱਲ ਨਹੀਂ ਹੋ ਸਕਦਾ| ਅਸੀਂ ਅਪੀਲ ਕਰਦੇ ਹਾਂ ਕਿ ਹਿੰਸਾ ਤੇ ਦੁਸ਼ਮਣੀ ਨੂੰ ਤੁਰੰਤ ਬੰਦ ਕਰਨ ਲਈ ਸੰਬੰਧਿਤ ਧਿਰਾਂ ਵਲੋਂ ਸਾਰੇ ਯਤਨ ਕੀਤੇ ਜਾਣ| ਉਨ੍ਹਾਂ ਕਿਹਾ ਕਿ ਮਤਭੇਦਾਂ ਤੇ ਝਗੜਿਆਂ ਨੂੰ ਸੁਲਝਾਉਣ ਲਈ ਗੱਲਬਾਤ ਹੀ ਇਕੋ ਇਕ ਜਵਾਬ ਹੈ ਭਾਵੇਂ ਕਿ ਉਹ ਇਸ ਸਮੇਂ ਕਿੰਨਾ ਵੀ ਮੁਸ਼ਕਿਲ ਕਿਉਂ ਨਾ ਹੋਵੇ| ਭਾਰਤ ਦਾ ਰੁਖ ਇਸ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਸਪੱਸ਼ਟ ਅਤੇ ਇਕਸਾਰ ਰਹਿਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਂਤੀ ਦੇ ਮਾਰਗ ਲਈ ਸਾਨੂੰ ਕੂਟਨੀਤੀ ਦੇ ਸਾਰੇ ਰਾਹ ਖੁੱਲ੍ਹੇ ਰੱਖਣ ਦੀ ਲੋੜ ਹੈ| ਬਿਆਨਬਾਜ਼ੀ ਜਾਂ ਤਣਾਅ ਵਧਾਉਣਾ ਕਿਸੇ ਦੇ ਹਿੱਤ ਵਿਚ ਨਹੀਂ ਹੈ|  ਗੱਲਬਾਤ ਦੀ ਮੇਜ਼ ਤੇ ਵਾਪਸੀ ਲਈ ਰਸਤੇ ਲੱਭਣਾ ਅਹਿਮ ਹੈ| ਅਮਰੀਕਾ ਭਾਰਤ ਇਸ ਨੀਤੀ ਕਾਰਣ ਔਖਾ ਜਾਪ ਰਿਹਾ ਹੈ| ਇਸੇ ਕਾਰਣ ਉਸਨੇ ਖਾਲਿਸਤਾਨ ਤੇ ਸਿਖ ਨਸਲਕੁਸ਼ੀ ਦੇ ਏਜੰਡੇ ਨੂੰ ਉਤਸ਼ਾਹਿਤ ਕੀਤਾ ਹੈ|
1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਾਲਾਂ ਵਿੱਚੋਂ ਇੱਕ ਦੱਸਦਿਆਂ ਅਮਰੀਕੀ ਸੈਨੇਟਰ ਨੇ ਸਿੱਖਾਂ ਤੇ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਤਾਂ ਜੋ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ| ਭਾਰਤ ਵਿੱਚ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ ਸੀ| ਇਸ ਹਿੰਸਾ ਵਿੱਚ ਪੂਰੇ ਭਾਰਤ ਵਿੱਚ 3,000 ਤੋਂ ਵੱਧ ਸਿੱਖ ਮਾਰੇ ਗਏ ਸਨ|
ਸੈਨੇਟਰ ਪੈਟ ਟੂਮੀ ਨੇ ਸੈਨੇਟ ਵਿੱਚ ਆਪਣੇ ਭਾਸ਼ਨ ਵਿੱਚ ਕਿਹਾ ਸੀ ਕਿ, ਸਾਲ 1984 ਆਧੁਨਿਕ ਭਾਰਤੀ ਇਤਿਹਾਸ ਵਿੱਚ ਸਭ ਤੋਂ ਕਾਲੇ ਸਾਲਾਂ ਵਿੱਚੋਂ ਇੱਕ ਹੈ| ਦੁਨੀਆ ਨੇ ਭਾਰਤ ਵਿੱਚ ਨਸਲੀ ਸਮੂਹਾਂ ਵਿਚਕਾਰ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਦੇਖੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਵਿਚ ਖਾਸ ਤੌਰ ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ| ਅੱਜ ਅਸੀਂ ਇੱਥੇ ਉਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ ਜੋ 1 ਨਵੰਬਰ 1984 ਨੂੰ ਭਾਰਤ ਦੇ ਪੰਜਾਬ ਸੂਬੇ ਵਿੱਚ ਸਿੱਖਾਂ ਅਤੇ ਕੇਂਦਰ ਸਰਕਾਰ ਦਰਮਿਆਨ ਕਈ ਦਹਾਕਿਆਂ ਦੇ ਜਾਤੀ ਤਣਾਅ ਤੋਂ ਬਾਅਦ ਵਾਪਰੀ ਸੀ| ਸੋ ਅਮਰੀਕਾ ਦੀ ਆਉਣ ਵਾਲੇ ਸਮੇਂ ਵਿਚ ਨੀਤੀ ਕੀ ਹੋਵੇਗੀ ਉਹ ਦਿਨੋ ਦਿਨ ਸਪਸ਼ਟ ਹੋਵੇਗੀ| ਪਰ ਜੇਕਰ 84 ਕਤਲੇਆਮ ਬਾਰੇ  ਅਮਰੀਕੀ ਦਬਾਅ ਕਾਰਣ ਭਾਰਤ ਸਰਕਾਰ ਸਿਖਾਂ ਨੂੰ ਨਿਆਂ ਦਿੰਦੀ ਹੈ ਇਹ ਵਡੀ ਗਲ ਹੋਵੇਗੀ| ਨਿਆਂ ਨਾ ਮਿਲਣ ਕਾਰਣ ਸਿਖਾਂ ਵਿਚ ਨਿਰਾਸ਼ਤਾ ਛਾ ਰਹੀ ਹੈ|ਇਸ ਕਾਰਣ ਭਾਰਤ ਦਾ ਅਕਸ ਠੀਕ ਨਹੀਂ ਬਣੇਗਾ|
-ਰਜਿੰਦਰ ਸਿੰਘ ਪੁਰੇਵਾਲ