image caption: ਕੁਲਵੰਤ ਸਿੰਘ ਢੇਸੀ

ਡਾਵਾਂਡੋਲ ਕੌਮਾਂਤਰੀ ਆਰਥਿਕਤਾ ਅਤੇ ਘੱਟ ਗਿਣਤੀਆਂ ਨੂੰ ਖਤਰੇ ਮਾਲੀ ਘਾਟੇ ਨੇ ਦੱਬ ਲਿਆ ਪੰਜਾਬ

 ਤੁਮਨੇ ਜਿਸ ਖੂਨ ਕੋ ਮਕਤਲ ਮੇ ਦਬਾਨਾ ਚਾਹਾ, ਆਜ ਵੋ ਕੂਚਾ&ndash ਓ- ਬਾਜ਼ਾਰ ਮੇਂ ਆ ਨਿਕਲਾ ਹੈ

ਪੰਜਾਬੀ ਦੁਨੀਆਂ ਵਿਚ ਜਿਥੇ ਮਰਜ਼ੀ ਰਹਿੰਦੇ ਹੋਣ ਪਰ ਉਹਨਾ ਦੀ ਨਜ਼ਰ ਪੰਜਾਬ ਵਲ ਰਹਿੰਦੀ ਹੈ। ਲੱਤਾਂ ਖਿੱਚਣ ਵਾਲੀ ਰਾਜਨੀਤੀ ਤੋਂ ਲਾ ਕੇ ਹਰ ਪੱਖ ਦੀਆਂ ਖਬਰਾਂ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਪੰਜਾਬੀਆਂ ਦਾ ਦੇਸ਼ ਪੰਜਾਬ ਹੁਣ ਕਰਜ਼ੇ ਵਿਚ ਡੁੱਬਦਾ ਜਾ ਰਿਹਾ ਹੈ। ਪੰਜਾਬ ਦਾ ਖਤਮ ਹੁੰਦਾ ਜਾ ਰਿਹਾ ਜ਼ਮੀਨ ਦੋਜ਼ ਪਾਣੀ ਭਾਵੇਂ ਸਭ ਤੋਂ ਵੱਧ ਚਿੰਤਾਜਨਕ ਮੁੱਦਾ ਰਿਹਾ ਹੈ ਪਰ ਹੁਣ ਸੂਬੇ ਦੇ ਸਿਰ ਚੜ੍ਹਦੀ ਜਾ ਰਹੀ ਕਰਜ਼ੇ ਦੀ ਪੰਡ ਵਧੇਰੇ ਗੰਭੀਰ ਮਾਮਲਾ ਹੁੰਦੀ ਜਾ ਰਹੀ ਹੈ। ਪਿਛਲੇ ਦਿਨੀ ਇੱਕ ਲੇਖ ਡਾ: ਬਿਕਰਮ ਸਿੰਘ ਦਾ ਲਿਖਿਆ ਪੜ੍ਹਿਆਂ ਜਿਸ ਵਿਚ ਇਹ ਜਿਕਰ ਕੀਤਾ ਗਿਆ ਸੀ ਕਿ ਪਿਛਲੇ ੨੫ ਸਾਲਾਂ ਦੌਰਾਨ ਵੱਖ ਵੱਖ ਸਰਕਾਰਾਂ ਦੇ ਰਾਜ ਕਾਲ ਸਮੇਂ ਮਾਲੀ ਪ੍ਰਾਪਤੀਆਂ ਨਾਲੋਂ ਮਾਲੀ ਖਰਚ ਵਧੇਰੇ ਹੁੰਦੇ ਰਹੇ ਹਨ ਜਿਸ ਨੂੰ ਆਮ ਤੌਰ ਤੇ ਘਾਟੇ ਵਾਲੇ ਬਜਟ ਕਿਹਾ ਜਾਂਦਾ ਹੈ। ਫਰਵਰੀ ੨੦੦੨ ਵਿਚ ਜਦੋਂ ਕੈਪਟਨ ਦੀ ਕਾਂਗਰਸ ਪਾਰਟੀ ਨੇ ਸੂਬੇ ਦੀ ਸਰਕਾਰ ਸੰਭਾਲੀ ਤਾਂ ਉਹਨਾ ਦਾ ਰੋਣਾ ਇਹੀ ਸੀ ਕਿ ਬਾਦਲਕੇ ਖਜ਼ਾਨਾ ਖਾਲੀ ਕਰ ਗਏ ਹਨ ਅਤੇ ਕਾਂਗਰਸ ਦੇ ਪੱਲੇ ਖਰਚ ਕਰਨ ਲਈ ਕੁਝ ਵੀ ਨਹੀਂ ਹੈ। ਕਾਂਗਰਸੀ ਅਤੇ ਅਕਾਲੀ/ਭਾਜਪਾ ਸਰਕਾਰਾਂ ਵਲੋਂ ਮੁਫਤ ਸਹੂਲਤਾਂ ਦੇਣ ਦਾ ਝਾਂਸਾ ਦੇ ਕੇ ਵੋਟ ਉਗਰਾਹੁਣ ਦੀ ਦੌੜ ਨੇ ਚੋਰੀ ਦਾ ਮਾਲ ਲਾਠੀਆਂ ਦੇ ਗਜ਼ ਦੇ ਹਿਸਾਬ ਖਰਚ ਕੀਤਾ ਗਿਆ ਅਤੇ ਹੁਣ ਪੰਜਾਬ ਗੰਭੀਰ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ।


ਮੁਫਤਖੋਰੀ ਕਰਕੇ ਦੀਵਾਲੀਆ ਹੋ ਰਿਹਾ ਪੰਜਾਬ

ਡਾ ਬਿਕਰਮ ਸਿੰਘ ਵਲੋਂ ਅਜੀਤ ਅਖਬਾਰ ਵਿਚ ਛਪ ਰਹੇ ਲੇਖਾਂ ਨੇ ਇਸ ਗੱਲ ਦਾ ਨਤੀਜਾ ਕੱਢਿਆ ਹੈ ਕਿ ਪੰਜਾਬ ਦੀਆਂ ਸਰਕਾਰਾਂ ਵਲੋਂ ਵੋਟ ਲੈਣ ਦੀ ਦੌੜ ਵਿਚ ਜੋ ਮੁਫਤ ਸਹੂਲਤਾਂ ਦੇਣ ਦੇ ਐਲਾਨ ਕੀਤੇ ਗਏ ਉਹਨਾ ਨੇ ਪੰਜਾਬ ਨੂੰ ਦੀਵਾਲੀਆਂ ਕਰਾਰ ਦੇਣ ਦੇ ਹਾਲਾਤ ਪੈਦਾ ਕੀਤੇ ਹਨ। ਸਹੂਲਤਾਂ ਦੇ ਨਾਮ &lsquoਤੇ ਕੀਤਾ ਜਾ ਰਿਹਾ ਖਰਚ ਸਰਕਾਰ ਦੀ ਕੁਲ ਆਮਦਾਨ ਦਾ ੪੩% ਤਕ ਲੈ ਜਾਂਦਾ ਹੈਇਸ ਖਰਚ ਵਿਚ ਜੇਕਰ ਕਰਜੇ ਦੀ ਕਿਸ਼ਤ ਅਤੇ ਸਬਸਿਡੀਆਂ ਸ਼ਾਮਲ ਕਰ ਲਈਆਂ ਜਾਣ ਤਾਂ ਇਸ ਖਰਚ ਦੀ ਦਰ ਸੂਬੇ ਦੇ ਬਜਟ ਦਾ ੬੮ ਫੀ ਸਦੀ ਬਣਦੀ ਹੈ। ਵਿੱਤੀ ਆਂਕੜਿਆਂ ਦਾ ਜਮ੍ਹਾਂ ਘਟਾਓ ਇਹ ਹੀ ਨਤੀਜੇ ਕੱਢਦਾ ਹੈ ਕਿ ਜੇਕਰ ਪੰਜਾਬ ਨੇ ਮੁਫਤਖੋਰੀ ਅਤੇ ਸਬਸਿਡੀਆਂ ਨੂੰ ਕਾਬੂ ਨਾ ਕੀਤਾ ਤਾਂ ਸੂਬੇ ਦੀ ਵਿੱਤੀ ਹਾਲਤ ਦੀਵਾਲੀਏ-ਪਨ ਨੂੰ ਪਹੁੰਚ ਸਕਦੀ ਹੈ। ਸਮਰਥਾ ਤੋਂ ਘੱਟ ਹੋ ਰਹੇ ਪੰਜਾਬ ਦੇ ਲੰਗੜੇ ਵਿਕਾਸ ਨੂੰ ਭਾਂਪਦਿਆਂ ਵਿਸ਼ਵ ਬੈਂਕ ਨੇ ਹੁਣੇ ਹੁਣੇ ਪੰਜਾਬ ਨੂੰ ੧੫ ਕਰੋੜ ਡਾਲਰ ਦੇ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਕਿ ਭਾਰਤੀ ੧੨੦੦ ਕਰੋੜ ਰੁਪਏ ਬਣਦਾ ਹੈ। ਵਿਸ਼ਵ ਬੈਂਕ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਵਿੱਤੀ ਜੋਖ਼ਮਾਂ ਦਾ ਪ੍ਰਬੰਧਨ ਕਰਨ ਅਤੇ ਟਿਕਾਊ ਵਿਕਾਸ ਦਾ ਸਮਰਥਨ ਕਰਨ ਲਈ ਰਾਜ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸਹਾਇਤਾ ਕਰੇਗਾ। ਇਹ ਕਰਜ਼ਾ ਪੰਜਾਬ ਨੂੰ ਕਿੰਨਾ ਕੁ ਲਾਹੇਬੰਦ ਸਿੱਧ ਹੋਵੇਗਾ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਬੇਮੌਸਮੇ ਮੀਂਹ ਅਤੇ ਝੱਖੜ ਨੇ ਵੀ ਪੰਜਾਬ ਦੀਆਂ ਫਸਲਾਂ ਦਾ ਚੋਖਾ ਨੁਕਸਾਨ ਕਰ ਦਿੱਤਾ ਹੈ।


ਬਰਤਾਨਵੀ ਪੌਂਡ ਵੀ ਡੋਲ ਗਿਆ

ਗ੍ਰੇਟ ਬ੍ਰਿਟੇਨ ਦੇ ਪੌਂਡ ਦੀ ਸਰਦਾਰੀ ਕਾਰਨ ਸਾਊਂਡ ਐਜ਼ ਏ ਪਾਊਂਡ ਦੀ ਕਹਾਵਤ ਮਸ਼ਹੂਰ ਰਹੀ ਹੈ ਪਰ ਸਮੇਂ ਨੇ ਕੁਝ ਇਸ ਅੰਦਾਜ਼ ਵਿਚ ਪਾਸਾ ਪਲਟਿਆ ਕਿ ਹੁਣ ਅਮਰੀਕੀਡ ਡਾਲਰ ਦੇ ਮੁਕਾਬਲੇ ਪਾਊਂਡ ਵੀ ਲੁੜਕਦਾ ਜਾ ਰਿਹਾ ਹੈ। ਬੀਅਰ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਜਿਸ ਵੇਲੇ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦੇ ਗੱਦੀ ਤੋਂ ਲਹਿਣ ਮਗਰੋਂ ਨਵੀ ਬਣੀ ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਰਾਜ ਕਾਲ ਤੋਂ ਕੁਝ ਉਮੀਦਾਂ ਕੀਤੀਆਂ ਜਾਂਦੀਆਂ ਸਨ ਪਰ ਕੇਵਲ ਤਿੰਨ ਹਫਤੇ ਦੇ ਰਾਜ ਕਾਲ ਵਿਚ ਜੋ ਮਿਨੀ ਬਜਟ ਪੇਸ਼ ਕੀਤਾ ਉਸ ਦੇ ਨਤੀਜੇ ਵੀ ਭਿਅੰਕਰ ਨਿਕਲਦੇ ਦਿਖਾਈ ਦੇ ਰਹੇ ਹਨ। ਸੰਨ ੧੯੮੫ ਮਗਰੋਂ ਡਾਲਰ ਦੇ ਮੁਕਾਬਲੇ ਪੌਂਡ ਦੀ ਹਾਲਤ ਏਨੀ ਹਲਕੀ ਹੋਈ ਹੈ। ੨੮ ਸਤੰਬਰ ਨੂੰ ਪੈਨਸ਼ਨ ਫੰਡ ਦੇ ਸੰਜੀਦਾ ਹੁੰਦੇ ਜਾ ਰਹੇ ਮਸਲੇ ਨੂੰ ਬੈਂਕ ਆਫ ਇੰਗਲੈਂਡ ਨੇ ੬੫ ਬਿਲੀਅਨ ਪੌਂਡ ਦੀ ਜ਼ਮਾਨਤ ਦੇ ਕੇ ਸੰਭਾਵੀ ਧਮਾਕੇ ਨੂੰ ਰੋਕਿਆ ਪਰ ਹੁਣ ਨਵੀਂ ਪ੍ਰਧਾਨ ਮੰਤਰੀ ਅਤੇ ਉਸ ਦੇ ਵਿੱਤ ਮੰਤਰੀ ਖਿਲਾਫ ਮੀਡੀਏ ਵਿਚ ਤੁਫਾਨ ਉੱਠ ਖੜ੍ਹਾ ਹੋਇਆ ਹੈ। ਵਿਰੋਧੀ ਧਿਰ ਲੇਬਰ ਦੇ ਆਗੂ ਕੀਅਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਲਿੱਜ਼ ਟਰੱਸ ਆਪਣਾ ਕੰਟਰੋਲ ਗਵਾ ਚੁੱਕੀ ਹੈ ਅਤੇ ਉਹ ਬਰਤਾਨਵੀ ਆਰਥਿਕਤਾ ਲਈ ਵੱਡਾ ਖਤਰਾ ਸਾਬਤ ਹੋ ਰਹੀ ਹੈ।

ਲਿਜ਼ ਟਰੱਸ ਨੇ ਅਮੀਰ ਵਰਗ ਦੇ ਲੋਕਾਂ ਨੂੰ ਟੈਕਸ ਛੋਟ ਦੇਣ ਦਾ ਜੋ ਐਲਾਨ ਕੀਤਾ ਸੀ ਉਸ ਨੇ ਤਾਂ ਉਸ ਦੇ ਆਪਣੇ ਐਮ ਪੀ ਵੀ ਉਸ ਦੇ ਖਿਲਾਫ ਕਰ ਦਿੱਤੇ ਹਨ ਅਤੇ ਮਾਈਕਲ ਗੋਵ ਵਰਗੇ ਮੰਤਰੀ ਸ਼ਰੇਆਮ ਵਿਰੋਧ &lsquoਤੇ ਆ ਗਏ। ਇਸ ਐਲਾਨ ਪਿੱਛੋਂ ਰਾਜਨੀਤੀ ਵਿਚ ਏਨੀ ਹਿਲਜੁਲ ਹੋ ਗਈ ਕਿ ਇਹ ਅੰਦਾਜ਼ੇ ਲਾਏ ਜਾਣ ਲੱਗ ਪਏ ਕਿ ਲਿਜ਼ ਟਰੱਸ ਕਰਿਸਮਿਸ ਤਕ ਕੁਰਸੀ ਤੋਂ ਲਾਂਭੇ ਹੋ ਸਕਦੀ ਹੈ। ਇਸ ਵਿਦਰੋਹ ਨੇ ਲਿਜ਼ ਟਰੱਸ ਨੂੰ ਯੂ ਟਰਨ ਲੈਣ ਲਈ ਵੀ ਮਜ਼ਬੂਰ ਕਰ ਦਿੱਤਾ ਹੈ ਜਦ ਕਿ ਉਸ ਨੇ ਆਪਣੇ ਚਾਂਸਲਰ ਕਵਾਸੀ ਕਵਾਰਟੇਂਗ ਦੀ ਹਾਲਤ ਬੜੀ ਤਰਸਯੋਗ ਕਰ ਦਿੱਤੀ ਹੈ।


ਦੇਸ਼ ਵਿਚ ਗੈਸ ਬਿਜਲੀ ਅਤੇ ਵਧਦੀ ਜਾ ਰਹੀ ਮਹਿੰਗਾਈ ਦਾ ਮੁੱਦਾ ਵੀ ਵਧੇਰੇ ਗੰਭੀਰ ਹੁੰਦਾ ਜਾ ਰਿਹਾ । ਵਧਦੀ ਜਾ ਰਹੀ ਵਿਆਜ ਦੀ ਦਰ ਕਾਰਨ ਵਿੱਤੀ ਅਦਾਰਿਆਂ ਨੇ ਘਰਾਂ ਦੇ ਕਰਜ਼ਿਆਂ ਦੀ ਵਿਕਰੀ &lsquoਤੇ ਹਾਲ ਦੀ ਘੜੀ ਰੋਕ ਦਿੱਤੀ ਹੈ। ਇਹਨਾ ਹਾਲਾਤਾਂ ਦੇ ਅੰਤਰਗਤ ਸਟੌਕ ਮਾਰਕਿਟ ਵਿਚ ਵੀ ਤੁਫਾਨ ਆਇਆ ਹੋਇਆ ਹੈ। ਜੇਕਰ ਹਾਲਾਤਾਂ ਵਿਚ ਕੋਈ ਸੁਖਾਵਾਂ ਮੋੜ ਨਹੀਂ ਆਉਂਦਾ ਤਾਂ ਬਰਤਾਨੀਆਂ ਵਿਚ ਚੋਣਾ ਦਾ ਬਿਗਲ ਵੀ ਵੱਜ ਸਕਦਾ ਹੈ। ਬਰਤਾਨਵੀ ਆਰਥਿਕਤਾ ਦੀ ਡਾਵਾਂਡੋਲ ਹਾਲਾਤ ਦੇ ਕਾਰਨ ਕੋਈ ਵੀ ਹੋਣ ਪਰ ਜੇਕਰ ਇਹ ਹਾਲਤ ਬਦ ਤੋਂ ਬਦਤਰ ਹੁੰਦੀ ਹੈ ਤਾਂ ਇਸ ਦਾ ਸਭ ਤੋਂ ਮਾਰੂ ਪ੍ਰਭਾਵ ਬਰਤਾਨੀਆਂ ਵਿਚ ਵਸ ਰਹੇ ਰੰਗਦਾਰ ਲੋਕਾਂ &lsquoਤੇ ਵੀ ਪੈ ਸਕਦਾ ਹੈ ਕਿਓਂਕਿ ਦੇਸ਼ ਵਿਚ ਆਰਥਿਕ ਤੰਗੀ ਕਾਰਨ ਬਹੁਗਿਣਤੀ ਦੀ ਨਜ਼ਰ ਵਿਚ ਰੰਗਦਾਰ ਲੋਕੀ ਰੜਕਣ ਲੱਗ ਪੈਂਦੇ ਹਨ

ਥਾਪੀਆਂ ਮਾਰਦਾ ਅਮਰੀਕੀ ਡਾਲਰ

ਜਦੋਂ ਕੌਮਾਂਤਰੀ ਆਰਥਿਕਤਾ ਡਾਵਾਂਡੋਲ ਹੋਵੇ ਤਾਂ ਨਿਵੇਸ਼ਕਾਂ ਵਲੋਂ ਅਮਰੀਕੀ ਡਾਲਰ ਖ੍ਰੀਦਣ ਦਾ ਰੁਝਾਨ ਵੱਧ ਜਾਂਦਾ ਹੈ ਕਿਓਕਿ ਅਮਰੀਕੀ ਆਰਥਿਕਤਾ ਵਿਸ਼ਾਲ ਹੋਣ ਕਾਰਨ ਵਧੇਰੇ ਮੁਹਲਤਸ਼ੁਦਾ ਅਤੇ ਸੁਰੱਖਿਅਤ ਸਮਝੀ ਜਾਂਦੀ ਹੈ। ਯੂਕਰੇਨ ਜੰਗ ਕਾਰਨ ਏਸ਼ੀਆ ਅਤੇ ਯੂਰਪ ਵਿਚ ਗੈਸ ਤੇਲ ਦੀਆਂ ਵਧਦੀਆਂ ਕੀਮਤਾ ਕਾਰਨ ਤਹਿਲਕਾ ਮਚਿਆ ਹੋਇਆ ਹੈ। ਅਮਰੀਕਾ ਵਿਚ ਇਸ ਗੱਲ ਦਾ ਕੋਈ ਬਹੁਤਾ ਅਸਰ ਨਹੀਂ ਪਿਆ। ਇੱਕ ਹੋਰ ਪੱਖ ਇਹ ਵੀ ਹੈ ਕਿ ਤੇਲ ਦੀ ਕੀਮਤ ਅਮਰੀਕੀ ਡਾਲਰ ਵਿਚ ਤਹਿ ਹੁੰਦੀ ਹੈ ਇਸ ਲਈ ਪੈਟਰੋਲ ਸਾਰੀ ਦੁਨੀਆਂ ਵਿਚ ਮਹਿੰਗਾ ਹੋ ਰਿਹਾ ਹੈ। ਬੀ ਬੀ ਸੀ ਪੰਜਾਬੀ ਵਿਚ ਛਪੇ ਇੱਕ ਲੇਖ ਮੁਤਾਬਕ ਕੀਨੀਆਂ ਵਿਚ ਤੇਲ ਦੀਆਂ ਕੀਮਤਾਂ ੪੦% ਵਧ ਗਈਆਂ ਹਨ ਅਤੇ ਅਰਜਨਟੀਨਾ ਵਰਗੇ ਦੇਸ਼ ਅਮਰੀਕੀ ਡਾਲਰ ਦੀ ਮਾਰ ਤੋਂ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ।

ਬੀ ਬੀ ਸੀ ਦੇ ਇਸ ਲੇਖ ਮੁਤਾਬਿਕ ਅਮਰੀਕੀ ਡਾਲਰ ਦੀ ਕੀਮਤ ਵਧਣ ਦਾ ਇੱਕ ਚੰਗਾ ਅਸਰ ਉਹਨਾ ਪ੍ਰਵਾਸੀ ਕਾਮਿਆਂ ਤੇ ਹੋਇਆ ਹੈ ਜੋ ਕਿ ਹਰ ਸਾਲ ਅੰਦਾਜ਼ਨ ੬੨੫ ਬਿਲੀਅਨ ਡਾਲਰ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ। ਇਹ ਪੈਸਾ ਜਿਸ ਦੇਸ਼ ਵਿਚ ਵੀ ਜਾਂਦਾ ਹੈ ਉਸ ਦੀ ਆਰਥਿਕਤਾ ਤੇ ਹਾਂ ਪੱਖੀ ਅਸਰ ਪਉਂਦਾ ਹੈ। ਭਾਰਤ ਲਈ ਇਹ ਰਾਸ਼ੀ ੧੧ ਬਿਲੀਅਨ ਡਾਲਰ ਦੀ ਬਣਦੀ ਹੈ। ਅਮਰੀਕੀ ਡਾਲਰ ਦੀ ਝੜਾਈ ਕਾਰਨ ਜਿਸ ਵੀ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੁੰਦੀ ਹੈ ਉਹ ਆਪਣੇ ਅਰਥਚਾਰੇ ਦੇ ਬਚਾਅ ਲਈ ਵਿਆਜ ਦੀਆਂ ਦਰਾਂ ਵਿਚ ਵਾਧਾ ਕਰਦੇ ਹਨ। ਅਮਰੀਕੀ ਡਾਲਰ ਦੀ ਝੜਾਈ ਕਾਰਨ ਯੂ ਕੇ ਦੀ ਟੋਰੀ ਸਰਕਾਰ ਨੇ ਵਧਦੀ ਜਾ ਰਹੀ ਮਹਿੰਗਾਈ ਨੂੰ ਥਿਰ ਕਰਨ ਲਈ ਜਿਓਂ ਹੀ ਵਿਆਜ ਦੀਆਂ ਦਰਾਂ ਵਿਚ ਵਾਧਾ ਕਰਨਾ ਸ਼ੁਰੂ ਕੀਤਾ ਕਿ ਦੇਸ਼ ਦੇ ਬੈਂਕਾਂ ਅਤੇ ਬਿਲਡਿੰਗ ਸੁਸਾਇਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਓਂ ਹੀ ਦੇਸ਼ ਦੇ ਵਸਨੀਕਾਂ ਨੇ ਆਪਣੇ ਘਰਾਂ ਦੇ ਕਰਜੇ ਦੀਆਂ ਕਿਸ਼ਤਾਂ ਨੂੰ ਸੀਮਤ ਕਰਨ ਲਈ ਬੈਂਕਾਂ ਬਿਲਡਿੰਗ ਸੁਸਾਇਟੀਆਂ ਨਾਲ ਡੀਲ ਕਰਨੀ ਸ਼ੁਰੂ ਕੀਤੀ ਤਾਂ ਇਹਨਾ ਵਿੱਤੀ ਅਦਾਰਿਆਂ ਨੇ ਆਰਜ਼ੀ ਤੌਰ &lsquoਤੇ ਡੀਲਿੰਗ ਬੰਦ ਕਰ ਦਿੱਤੀ। ਮੰਡੀ ਵਿਚ ਘਰਾਂ ਦੀਆਂ ਕੀਮਤਾਂ ਦੇ ਲੁੜਕ ਜਾਣ ਦਾ ਤਹਿਲਕਾ ਵੀ ਹੈ। ਮੁੱਕਦੀ ਗੱਲ ਇਹ ਹੈ ਕਿ ਅੱਜ ਦੇ ਦੌਰ ਵਿਚ ਪੂੰਜੀਪਤੀ ਸ਼ਕਤੀਆਂ ਵਸੀਹ ਤਾਕਤਾਂ ਦੀਆਂ ਮਾਲਕ ਹੋਣ ਕਾਰਨ ਵੱਡੇ ਖਤਰੇ ਦਾ ਸੰਕੇਤ ਹਨ।

ਵਿਸ਼ਵ ਦੇ ਪਹਿਲੇ ਦੋ ਯੁੱਧ ਵੀ ਇਹਨਾ ਸ਼ਕਤੀਆਂ ਦੀ ਆਰਥਿਕ ਖਿਚੋਤਾਣ ਦਾ ਨਤੀਜਾ ਸਨ। ਅੱਜ ਯੂਕਰੇਨ ਦੀ ਜੰਗ ਬਾਬਤ ਜਦੋਂ ਰੂਸ ਨਿਊਕਲਿਆਈ ਹਥਿਆਰ ਵਰਤਣ ਦੀ ਧਮਕੀ ਦਿੰਦਾ ਹੈ ਤਾਂ ਅਮਰੀਕਾ ਅਤੇ ਉਸ ਦੇ ਪਿੱਠੂ ਦੇਸ਼ ਇਸ ਨੂੰ ਸਿੱਧੀ ਧਮਕੀ ਸਮਝਦੇ ਹਨ। ਇਸ ਜੰਗ ਨੇ ਕੌਮਾਂਤਰੀ ਪੱਧਰ ਤੇ ਦੇਸ਼ਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ ਤੇ ਹੁਣ ਡਰ ਇਹ ਵੀ ਪੈਦਾ ਹੋ ਰਿਹਾ ਹੈ ਕਿ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਲੁੜਕਦੀ ਜਾ ਰਹੀ ਆਰਥਿਕਤਾ ਦੌਰਾਨ ਜਨਤਕ ਰੋਹ ਤੋਂ ਬਚਣ ਲਈ ਇਹਨਾ ਦੇਸ਼ਾਂ ਦੇ ਆਗੂ ਆਪੋ ਆਪਣੀਆਂ ਕੁਰਸੀਆਂ ਬਚਾਉਣ ਲਈ ਕਿਧਰੇ ਨੀਵੇਂ ਤੇ ਕਮੀਨੇ ਹਥਿਆਰਾਂ &lsquoਤੇ ਨਾ ਉਤਰ ਆਉਣ। ਭਾਰਤ ਵਿਚ ਰਾਜਨੀਤਕ ਤੌਰ ਤੇ ਹਾਵੀ ਧਿਰ ਕੋਲ ਲੋਕਾਂ ਦਾ ਧਿਆਨ ਵਰਗਲਾਉਣ ਲਈ ਸਭ ਤੋਂ ਮਾਰੂ ਹਥਿਆਰ ਫਿਰਕੂ ਨਫਰਤ ਦਾ ਹੈ ਜਿਸ &lsquoਤੇ ਇਸ ਵੇਲੇ ਕੌਮਾਂਤਰੀ ਚਿੰਤਕਾਂ ਦੀਆਂ ਨਜ਼ਰਾਂ ਵੀ ਹਨ।

ਭਾਰਤੀ ਘੱਟਗਿਣਤੀਆਂ ਤੇ ਮੰਡਰਾ ਰਹੇ ਖਤਰੇ

ਪਿਛਲੇ ਕੁਝ ਸਮੇਂ ਤੋਂ ਇੱਕ ਐਸੇ ਵਿਅਕਤੀ ਦੀ ਵੀਡੀਓ ਬੜੀ ਵੱਡੀ ਪੱਧਰ ਤੇ ਵਾਇਰਲ ਹੋਈ ਹੈ ਜਿਸ ਵਿਚ ਉਹ ਭਾਰਤ ਦੇ ਸਿੱਖਾਂ ਤੇ ਮੁਸਲਮਾਨਾਂ ਨੂੰ ਦੇਸ਼ ਦੇ ਗੱਦਾਰ ਦੱਸਦਾ ਹੋਇਆ ਬੜੀ ਹੀ ਬੇਬਾਕੀ ਨਾਲ ਇਹਨਾ ਦਾ ਸਰਬਨਾਸ਼ ਕਰਨ ਦਾ ਹੋਕਾ ਦੇ ਰਿਹਾ ਹੈ। ਹੁਣੇ ਹੁਣੇ ਕੋਈ ਜਾਗਰਣ ਸਮਰਾਟ ਧਮੇਂਦਰ ਪਾਂਡੇ ਦੇ ਨਾਮ ਹੇਠ ਜਾਰੀ ਹੋਈ ਵੀਡੀਓ ਵਿਚ ਇੱਕ ਭਗਵਾਂ ਬੰਦਾ ਹਜ਼ਾਰਾ ਦੀ ਜੁੜੀ ਭੀੜ ਨੂੰ ਭਾਸ਼ਣ ਦਿੰਦਾ ਹੋਇਆ ਇਹ ਕਹਿ ਰਿਹਾ ਹੈ ਕਿ, &lsquo ਜਾਗਰਣ ਸਮਰਾਟ ਮੈਂ ਆਪ ਕੋ ਬਤਾਤਾ ਹੂੰ ਕਿ ਆਪ ਨੇ ਕਰੋਨਾ ਮੇਂ ਥਾਲੀ ਵਜਾਈ ਕਿ ਨਹੀਂ ਵਜਾਈ? ਦੀਆ ਜਲਾਇਆ ਕਿ ਨਹੀਂ ਜਲਾਇਆ? ਅਬ ਕੀ ਵਾਰ ਮੋਦੀ ਜੀ ਨੇ ਕਹਾ ਕਿ ਅਪਨੇ ਘਰ ਪੇ ਤਿਰੰਗਾ ਲਗਾਓ, ਲਗਾਇਆ ਕਿ ਨਹੀਂ ਲਗਾਇਆ? ਇਸ ਕਾ ਮਤਲਬ ਯਹ ਹੈ ਕਿ ਆਪਕੇ ਪ੍ਰਧਾਨ ਮੰਤਰੀ ਬਿਨਾ ਲਾਜਿਕ ਕੇ ਆਪ ਸੇ ਥਾਲੀ ਵਿਜਵਾ ਸਕਤੇ ਹੈ! ਆਪ ਦੇ ਚਿਰਾਗ ਜਲਾ ਸਕਤੇ ਹੈ! ਪ੍ਰਧਾਨ ਮੰਤਰੀ ਜੀ ਅਪਨੇ ਲੋਗੋਂ ਕੋ ਪਰਖ ਰਹੇ ਹੈਂ ਕਿ ਕਲ ਕੋ ਇਸ ਦੇਸ਼ ਕੋ ਜ਼ਰੂਰਤ ਪੜ ਜਾਏ (ਥਾਪੀ ਮਾਰ ਕੇ ਕਹਿ ਰਿਹਾ ਹੈ) ਤੋ ਅਪਨੇ ਸਨਾਤਨੀ ਭਾਈਓਂ ਕੋ ਮੈਂ ਕਹੂੰ ਕਿ ਹਥਿਆਰ ਉਠਾਓ ਤੋ ਕੌਨ ਕੌਨ ਤਿਆਰ ਹੈਂ? (ਸਾਰੇ ਲੋਕ ਦੋ ਦੋ ਹੱਥ ਉਠਾ ਕੇ ਆਪਣੀ ਸਹਿਮਤੀ ਦਿੰਦੇ ਹਨ) ਇਸੀ ਲੀਏ ਇਟਵਾ ਕੇ ਲੋਕੋ ਨਾਰੀਅਲ ਪਾਨੀ ਕਭੀ ਪੀਏ ਹੋ? (ਲੋਕੀ ਹਾਂ ਵਿਚ ਸਿਰ ਹਿਲਾਉਂਦੇ ਹਨ) &ndashਵੋ ਜੋ ਕਾਟਨੇ ਵਾਲਾ ਹੋਤਾ ਹੈ ਅਪਨੇ ਘਰ ਮੇਂ ਲੇ ਕੇ ਰੱਖ ਲੋ। ਮਹਿਲਾਓਂ ਸੇ ਨਿਵੇਦਨ ਹੈ ਅਪਨੇ ਚਿਮਟੇ ਪੇ ਵੀ ਧਾਰ ਲਗਾ ਕੇ ਰੱਖ ਲੋ। ਹੋ ਸਕਤਾ ਹੈ ਕਿ ਮੋਦੀ ਕਿਸੀ ਵੀ ਸਮੇਂ ਆ ਕੇ ਕਹੇਂ ਕਿ ਮੈਂ ਭਾਰਤ ਕੋ ਹਿੰਦੂ ਰਾਸ਼ਟਰ ਘੋਸ਼ਿਤ ਕਰਤਾ ਹੂੰ...............&rsquo


ਜੇਕਰ ਭਾਰਤ ਵਿਚ ਭਾਜਪਾ ਰਹਿਤ ਸਰਕਾਰ ਹੁੰਦੀ ਤਾਂ ਇਸ ਕਿਸਮ ਦਾ ਪ੍ਰਚਾਰ ਕਰਨ ਵਾਲੇ ਲੋਕ ਸਲਾਖਾਂ ਪਿੱਛੇ ਹੁੰਦੇ ਪਰ ਅੱਜ ਦੇ ਭਾਰਤ ਵਿਚ ਇਸ ਤਰਾਂ ਦਾ ਜ਼ਹਿਰੀਲਾ ਪ੍ਰਚਾਰ ਕਰਨ ਵਾਲਿਆਂ ਨੂੰ ਸੱਤਾਧਾਰੀਆਂ ਵਲੋਂ ਐਮ ਐਲ ਏ ਜਾਂ ਐਮ ਪੀ ਦੀ ਟਿਕਟ ਵੀ ਦਿੱਤੀ ਜਾ ਸਕਦੀ ਹੈ। ਇਹੋ ਜਿਹਾ ਪ੍ਰਚਾਰ ਤਾਂ ਦੇਸ਼ ਦੇ ਜ਼ਿੰਮੇਵਾਰ ਭਾਜਪਾਈ ਆਗੂ ਆਮ ਹੀ ਕਰਦੇ ਹਨਇਸ ਸਬੰਧ ਵਿਚ ਜੈਨੋਸਾਈਡ ਵਾਚ(Genocide Watch) ਦੇ ਪ੍ਰਧਾਨ ਗਰੈਗ ਸਟੈਨਟਨ (Greg Stanton) ਦੀ ਇੱਕ ਵੀਡੀਓ ਬਹੁਤ ਧਿਆਨ ਮੰਗਦੀ ਹੈ। ਇਸ ਵੀਡੀਓ ਵਿਚ ਗਰੈਗ ਕਹਿੰਦਾ ਹੈ ਕਿ ਨਸਲਕੁਸ਼ੀ ਲਈ ਰਾਹ ਪਧਰਾ ਕਰਨ ਵਾਲੇ ਆਗੂ ਨਿਸ਼ਾਨੇ &lsquoਤੇ ਲਏ ਲੋਕਾਂ ਖਿਲਾਫ ਮੀਡੀਏ ਵਿਚ ਨਫਰਤ ਦਾ ਜ਼ਹਿਰ ਉਗਲਦੇ ਹੋਏ ਉਹਨਾ ਨੂੰ ਸਮਾਜ ਦਾ ਕੈਂਸਰ, ਗੱਦਾਰ ਅਤੇ ਦੇਸ਼ ਦੇ ਵੈਰੀ ਗਰਦਾਨਦੇ ਹਨ। (They do this by dehumanising the targeted group accusing them cancer of society or a danger to the society, traitors to the society) ਇਸ ਭਾਸ਼ਣ ਵਿਚ ਗਰੈਗ ਜਿਥੇ ਰਵਾਂਡਾ ਦੇ ਰੇਡੀਓ ਸਟੇਸ਼ਨਾ, ਟੈਲੀਵਿਯਨ ਸਟੇਸ਼ਨਾ ਅਤੇ ਅਖਬਾਰਾਂ ਦੀ ਕਰਤੂਤ ਨੂੰ ਨੰਗਿਆਂ ਕਰਦਾ ਹੈ ਉਥੇ ਇਸ ਤਰਾਂ ਦਾ ਜ਼ਹਿਰੀਲਾ ਪ੍ਰਚਾਰ ਕਰਨ ਵਾਲੇ ਸੰਭਾਵੀ ਨਸਲਕੁਸ਼ੀ ਲਈ ਰਾਹ ਪੱਧਰਾ ਕਰਨ ਵਾਲੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜ਼ਿਕਰ ਵੀ ਉਹ ਕਰਦਾ ਹੈ ਜਿਸ ਵਿਚ ਅਮਿਤ ਸ਼ਾਹ ਕਹਿੰਦਾ ਹੈ, ਦੇਸ਼ ਮੇਂ ਕਰੋੜੋਂ ਕੀ ਸੰਖਿਆ ਮੇਂ ਘੁਸਪੈਠੀਏ ਘੁਸੇ ਹੂਏ ਹੈਂ, ਦੀਮਕ ਕੀ ਤਰਹ ਚਾਟ ਗਏ ਹੈਂ ਦੇਸ਼ ਕੇ ਭਵਿੱਖ ਕੋ.....


ਜੈਨੋਸਾਈਡ ਵਾਚ ਦਾ ਪ੍ਰਧਾਨ ਗਰੈਗ ਸਟੈਂਟਨ ਕਹਿੰਦਾ ਹੈ ਕਿ ਭਾਰਤ ਦਾ ਹੋਮ ਮਨਿਸਟਰ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਦੀਮਕ / ਘੁਣ (Termites) ਕਹਿ ਰਿਹਾ ਹੈ ਜੋ ਕਿ ਰਵਾਂਡਾ ਨਸਲਕੁਸ਼ੀ ਵਾਲੀ ਤਰਜ਼ ਤੇ ਬੋਲੀ ਜਾਣ ਵਾਲੀ ਬੋਲੀ ਹੀ ਹੈ। ਗਰੈਗ ਕਹਿੰਦਾ ਹੈ ਕਿ ਨਸਲਕੁਸ਼ੀ ਦੋ ਗੱਲਾਂ ਤੇ ਨਿਰਭਰ ਹੁੰਦੀ ਹੈ ਜਿਹਨਾ ਵਿਚ ਇੱਕ ਤਾਂ ਆਮ ਵਿਸ਼ਵਾਸ ਜਾਂ ਧਾਰਨਾ ਦੀ ਗੱਲ ਹੁੰਦੀ ਹੈ ਜਿਸ ਵਿਚ ਕਿਸੇ ਖਾਸ ਲੋਕਾਂ ਦੇ ਸਮੂਹ ਖਿਲਾਫ ਨਫਰਤ ਅਤੇ ਈਰਖਾ ਫੈਲਾਉਣੀ ਹੁੰਦੀ ਹੈ ਅਤੇ ਦੂਜੀ ਗੱਲ ਹੁੰਦੀ ਹੈ ਆਗੂਆਂ ਦੀ ਲੋੜ ਦੀ। ਐਸੇ ਆਗੂ ਜਿਹੜੇ ਆਪਣੀ ਦਹਿਸ਼ਤ ਅਤੇ ਖੁਦਗਰਜ਼ੀ ਕਾਇਮ ਰੱਖਣ ਲਈ ਨਫਰਤ ਅਤੇ ਈਰਖਾ ਭਰੇ ਪ੍ਰਚਾਰ ਤੋਂ ਲਾਹਾ ਲੈਂਦੇ ਹਨ। ਇਹ ਦੋਵੇਂ ਗੱਲਾਂ ਸਾਨੂੰ ਅੱਜ ਦੇ ਭਾਰਤ ਵਿਚ ਦੇਖਣ ਨੂੰ ਸਾਖਸ਼ਾਤ ਮਿਲ ਰਹੀਆਂ ਹਨ।

ਭਾਰਤ ਵਿਚ ਪਹਿਲਾਂ ਤਾਂ ਸਿੱਖਾਂ ਦੇ ਅਕਾਲੀ ਆਗੂ ਭਾਵ ਕਿ ਬਾਦਲਕੇ ਭਾਜਪਾ ਦੇ ਪੇਟੇ ਪਏ ਰਹੇ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੇ ਤੰਗ ਰਾਜਸੀ ਲਾਹੇ ਲਈ ਭਾਜਪਾ ਦੀਆਂ ਤਲੀਆਂ ਚੱਟਦੇ ਦੇਖੇ ਜਾਂਦੇ ਹਨ ਜਦ ਕਿ ਇੱਕ ਆਮ ਸਿੱਖ ਭਾਜਪਾ ਦੇ ਖਤਰੇ ਤੋਂ ਭਲੀਭਾਂਤ ਜਾਣੂ ਹੈ। ਜੇਕਰ ਬਦੇਸ਼ਾਂ ਦੇ ਸਿੱਖ ਆਗੂਆਂ ਦੀ ਗੱਲ ਕਰਨੀ ਹੋਵੇ ਤਾਂ ਇਸ ਮਾਮਲੇ ਵਿਚ ਸੰਨ ਚੁਰਾਸੀ ਤੋਂ ਹੀ ਕੁਝ ਇੱਕ ਜ਼ਮੀਰ ਫਰਾਮੋਸ਼ਾਂ ਨੂੰ ਛੱਡ ਕੇ ਮੋਹਰਲੀਆਂ ਸਫਾਂ ਦੇ ਬਦੇਸ਼ੀ ਸਿੱਖ ਆਗੂ ਭਾਜਪਾ ਦੇ ਖਿਲਾਫ ਡੱਟ ਕੇ ਖੜ੍ਹੇ ਰਹੇ ਹਨ। ਇਹ ਗੱਲ ਬਹੁਤ ਗੌਰ ਕਰਨ ਵਾਲੀ ਹੈ ਕਿ ਭਾਰਤ ਦੀ ਰਾਜਨੀਤੀ ਤੇ ਹਾਵੀ ਭਾਜਪਾ ਨੇ ਕੁਝ ਇੱਕ ਪੂੰਜੀਪਤੀਆਂ ਦੇ ਹੱਥਾਂ ਵਿਚ ਦੇਸ਼ ਦੇ ਹਿੱਤਾਂ ਨੂੰ ਵੇਚ ਕੇ ਉਹਨਾ ਪੂੰਜੀਪਤੀਆਂ ਦੀ ਬਦੌਲਤ ਦੇਸ਼ ਦੇ ਮੀਡੀਏ ਨੂੰ ਆਪਣੇ ਹੱਥਾਂ ਵਿਚ ਲੈ ਕੇ ਲੋਕਤੰਤਰਾ ਦੀ ਚੌਥੀ ਲੱਤ ਕਰੀਬ ਕਰੀਬ ਨਕਾਰਾ ਕਰ ਦਿੱਤੀ ਹੈ ਅਤੇ ਹੁਣ ਜੇਕਰ ਦੇਸ਼ ਵਿਚ ਕਿਸੇ ਘੱਟ ਗਿਣਤੀ ਨਾਲ ਵਧੀਕੀਆਂ ਜਾਂ ਨਸਲਕੁਸ਼ੀ ਹੁੰਦੀ ਹੈ ਤਾਂ ਇਹ ਮੀਡੀਆ ਪੀੜਤ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਹਰ ਹੀਲੇ ਵਰਤਣ ਲਈ ਯਤਨਸ਼ੀਲ ਰਹੇਗਾ

ਕੁਲਵੰਤ ਸਿੰਘ ਢੇਸੀ