image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਪੰਜਾਬੀ ਵਿਰਸਾ ਤੇ ਸੱਭਿਆਚਾਰ ਬਨਾਮ ਸਿੱਖੀ ਵਿਰਸਾ ਤੇ ਸਭਿਆਚਾਰ ਅਜੋਕੇ ਪੰਜਾਬੀ ਸੱਭਿਆਚਾਰ ਨੇ ਸਿੱਖ ਨੌਜੁਆਨਾਂ ਦੇ ਸਿਰਾਂ ਤੋਂ ਦਸਤਾਰਾਂ ਅਤੇ ਸਿੱਖ ਮੁਟਿਆਰਾਂ ਦੇ ਸਿਰਾਂ ਤੋਂ ਚੁੰਨੀਆਂ ਲੁਹਾ ਦਿੱਤੀਆਂ !

ਭਾਈ ਕਾਹਨ ਸਿੰਘ ਜੀ ਨਾਭਾ ਵਿਰਸੇ ਬਾਰੇ ਲਿਖਦੇ ਹਨ ਕਿ : ਇਹਦਾ ਭਾਵ ਹੈ, ਜੱਦੀ ਹੱਕ । ਜੋ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਸਿੱਖ ਗੁਰੂਆਂ ਨੇ ਪੰਜਾਬ ਦੇ ਲੋਕਾਂ &lsquoਤੇ ਪਰਉਪਕਾਰ ਕੀਤੇ ਨੇ ਉਹ ਸਰਦਾਰੀਆਂ ਕਾਇਮ ਰੱਖਣ ਦਾ ਸਾਡਾ ਜੱਦੀ ਹੱਕ ਹੈ । ਨਾ ਕਿ ਗਿੱਧਾ ਭੰਗੜਾ ਪਾ ਕੇ ਅਤੇ ਡੀ।ਜੇ। ਲਾ ਕੇ ਢੋਲ ਢਮਕਾ ਕਰੀ ਜਾਨਾ ਅਤੇ ਸ਼ਰਾਬਾਂ ਵਰਤਾਈ ਜਾਣੀਆਂ । ਪੰਜਾਬ ਦੇ ਅਸਲੀ ਵਾਰਿਸ ਨੇ ਉਹ ਸਿੱਖ ਜਿਨ੍ਹਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਕੇ ਦੁਸ਼ਮਣ ਨਾਲ ਜੂਝਣਾ ਸਿੱਖ ਲਿਆ । ਅੰਗ੍ਰੇਜ਼ੀ ਰਾਜ ਤੋਂ ਪਹਿਲਾਂ ਇਤਿਹਾਸ ਵਿੱਚੋਂ ਇਹੋ ਜਿਹੀ ਕੋਈ ਵੀ ਮਿਸਾਲ ਨਹੀਂ ਮਿਲਦੀ ਜਿਸ ਤੋਂ ਸਾਬਤ ਹੋ ਸਕੇ ਕਿ ਪੰਜਾਬੀਆਂ ਨੇ ਕਦੇ ਬਤੌਰ ਪੰਜਾਬੀ ਕੋਈ ਸਾਂਝਾ ਮਿਸ਼ਨ ਅਪਨਾਇਆ ਹੋਵੇ । (ਨੋਟ - 1849 ਤੋਂ ਪਹਿਲਾਂ ਪੰਜਾਬ ਅੱਜ ਵਾਲੇ ਭਾਰਤ ਦਾ ਹਿੱਸਾ ਨਹੀਂ ਸੀ, ਇਹ ਇਕ ਵੱਖਰਾ ਦੇਸ਼ ਸੀ ਤੇ ਹੈ, ਭਾਰਤ ਦੀਆਂ ਹਿੰਦੂ ਸਮੁਦਾਇ ਨੇ ਅੰਗ੍ਰੇਜ਼ਾਂ ਦਾ ਸਾਥ ਦੇ ਕੇ ਸਿੱਖ ਰਾਜ ਖ਼ਤਮ ਕੀਤਾ) ਮੁਗਲ ਕਾਲ ਦੌਰਾਨ ਪੰਜਾਬ ਦੀ ਅੱਧੀ ਤੋਂ ਵੱਧ ਵੱਸੋਂ ਮੁਸਲਮਾਨ ਬਣ ਚੁੱਕੀ ਸੀ, ਜਿਨ੍ਹਾਂ ਦੇ ਧਾਰਮਿਕ ਜਜ਼ਬਾਤ ਉਨ੍ਹਾਂ ਨੂੰ ਮੁਗਲ ਹਕੂਮਤ ਪ੍ਰਤੀ ਵਫ਼ਾਦਾਰ ਹੋਣ ਲਈ ਪ੍ਰੇਰਿਤ ਕਰਦੇ ਸਨ ਅਤੇ ਹਿੰਦੂ ਰਾਜਸੀ ਪੱਖ ਤੋਂ ਮੁਰਦਾ ਹੋ ਚੁੱਕੇ ਸਨ । ਇਸ ਕਰਕੇ ਉਨ੍ਹਾਂ ਸਥਿਤੀਆਂ ਅੰਦਰ ਸਿੱਖਾਂ ਤੋਂ ਬਿਨਾਂ ਪੰਜਾਬ ਦੇ ਹੋਰ ਕਿਸੇ ਵੀ ਵਰਗ ਅੰਦਰ ਕੌਮ ਪ੍ਰਸਤੀ ਦਾ ਜਜ਼ਬਾ ਪੈਦਾ ਨਹੀਂ ਸੀ ਹੋਇਆ । ਇਹ ਸਿੱਖ ਹੀ ਸਨ ਜਿਨ੍ਹਾਂ ਨੇ ਦੱਰਾ ਖੈਬਰ ਦੇ ਉਹ ਰਸਤੇ ਹਮੇਸ਼ਾ ਲਈ ਬੰਦ ਕਰ ਦਿੱਤੇ ਜਿਨ੍ਹਾਂ ਰਾਹੀਂ ਵਿਦੇਸ਼ੀ ਧਾੜਵੀਆਂ ਨੇ ਹਿੰਦ ਅੰਦਰ ਆ ਕੇ ਆਪਣਾ ਰਾਜ ਸਥਾਪਤ ਕੀਤਾ ਅਤੇ ਸਦੀਆਂ ਭਰ ਹਿੰਦੂਆਂ ਨੂੰ ਗੁਲਾਮ ਬਣਾ ਕੇ ਰੱਖਿਆ । ਇਹ ਸਿੱਖ ਹੀ ਸਨ ਜਿਨ੍ਹਾਂ ਨੇ ਮੁਗਲਾਂ ਤੇ ਪਠਾਣਾਂ ਦੀਆਂ ਦੋ ਸ਼ਹਿਨਸ਼ਾਹੀਆਂ ਦੀਆਂ ਗੌਡਣੀਆਂ ਲੁਆ ਕੇ ਪੰਜਾਬ ਦੇਸ਼ &lsquoਤੇ ਰਾਜ ਕੀਤਾ, ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਖ਼ਤਮ ਕਰਨ ਲਈ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਆੜ ਹੇਠ ਕੇਵਲ ਸਤਾਰਵੀਂ, ਅਠਾਰਵੀਂ ਸਦੀ ਦਾ ਸਿੱਖ ਇਤਿਹਾਸ ਹੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਰਿਹਾ, ਸਗੋਂ ਪੰਜਾਬੀ ਸੱਭਿਆਚਾਰ ਵਿੱਚੋਂ ਸਿੱਖ ਸ਼ਬਦ ਹੀ ਅਲੋਪ ਕਰਨ ਦੇ ਭਰਪੂਰਨ ਯਤਨ ਹੋ ਰਹੇ ਹਨ । ਹਿੰਦ ਵਾਸੀਆਂ ਨੂੰ ਸਦੀਆਂ ਤੋਂ ਗੁਲਾਮ ਬਣਾਉਣ ਲਈ ਇਥੋਂ ਦੀਆਂ ਕੋਮਲ ਕਲਾਵਾਂ, ਭਾਵ ਨਾਚ, ਗਾਉਣਾ ਤੇ ਐਸ਼ਪ੍ਰਸਤੀ ਲਈ ਮੁੱਜਰੇ ਕਰਾਉਣ ਦੀਆਂ ਭਾਵਨਾਵਾਂ ਵੀ ਜ਼ਿੰਮੇਵਾਰ ਹਨ । ਅਤੇ ਉਹ ਹਰ ਕਲਾ ਜਿਸ ਵਿੱਚ ਜੂਝਣ ਦੀ ਭਾਵਨਾ ਹੀ ਨਾ ਹੋਵੇ, ਅਜੋਕੇ ਸਮੇਂ ਵਿੱਚ ਗਿੱਧਾ, ਭੰਗੜਾ ਜਾਂ ਡੀ।ਜੇ। ਕਲਚਰ ਵੀ ਕੇਵਲ ਮਨ ਪਰਚਾਵੇ ਦਾ ਸਾਧਨ ਬਣਕੇ ਰਹਿ ਗਿਆ ਹੈ । ਅਜੋਕੀ ਪੰਜਾਬੀ ਗਾਇਕੀ ਨੇ ਸਿੱਖ ਸਮਾਜ ਨੂੰ ਗੁਰਮਤਿ ਤੋਂ ਕੋਹਾਂ ਦੂਰ ਕਰ ਦਿੱਤਾ ਹੈ ਤੇ ਇਸ ਪੰਜਾਬੀ ਗਾਇਕੀ ਦੇ ਕਲਚਰ ਨੇ ਪੰਜਾਬੀਆਂ ਦੇ ਅੰਦਰੋਂ ਪੰਜਾਬ ਦੀ ਅਣਖ, ਗੈਰਤ ਅਤੇ ਪੰਜਾਬ ਦੇ ਹੱਕਾਂ ਲਈ ਸਿਰ ਤਲੀ &lsquoਤੇ ਰੱਖ ਕੇ ਜੂਝਣ ਦਾ ਜਜ਼ਬਾ ਹੀ ਖ਼ਤਮ ਕਰ ਦਿੱਤਾ ਹੈ । ਦਰਅਸਲ ਜਿਸ ਮਨੁੱਖ ਵਿੱਚੋਂ ਜੂਝਣ ਦੀ ਭਾਵਨਾ ਹੀ ਮੁੱਕਜੇ, ਉਹ ਮਨੁੱਖ ਨਾ ਆਪਣਾ ਭਵਿੱਖ ਸੁਆਰ ਸਕਦਾ ਹੈ ਤੇ ਨਾ ਹੀ ਦੂਸਰਿਆਂ ਦੇ ਹੱਕਾਂ ਲਈ ਲੜ ਸਕਦਾ ਹੈ । ਉਸ ਦਾ ਜੀਵਨ ਤਾਂ ਉਸ ਦਰਿਆ ਦੇ ਪਾਣੀ ਵਰਗਾ ਹੈ ਜੋ ਸਿਰਫ਼ ਸਾਉਣ ਦੇ ਮਹੀਨੇ ਵਿੱਚ ਹੀ ਪਾਣੀ ਨਾਲ ਭਰਦਾ ਹੈ ਤੇ ਸਮਾਂ ਪਾ ਕੇ ਸੁੱਕ ਜਾਂਦੈ । ਪਰ ਜੋ ਦਰਿਆ ਬਾਰਾਂ ਮਹੀਨੇ ਹੀ ਭਰੇ ਰਹਿੰਦੇ ਹਨ, ਉਹ ਦਰਿਆਵਾਂ ਦਾ ਪਾਣੀ ਲੱਖਾਂ ਮੁਸ਼ਕੱਤਾਂ ਤੋਂ ਬਾਅਦ ਵੀ ਆਪਣਾ ਸਫਰ ਤੈਅ ਕਰਕੇ ਸਮੁੰਦਰ ਵਿੱਚ ਜਾ ਮਿਲਦਾ ਹੈ, ਪਰ ਜਿਨ੍ਹਾਂ ਸਿੱਖ ਸੱਭਿਆਚਾਰ ਦਾ ਤਿਆਗ ਕਰਕੇ ਕੇਵਲ ਗਿੱਧਾ, ਭੰਗੜਾ ਤੇ ਡੀ।ਜੇ। ਦੇ ਸੰਗੀਤ &lsquoਤੇ ਸਿਰਫ ਨੱਚਣਾ, ਗਾਉਣਾ ਹੀ ਆਪਣਾ ਸ਼ੌਕ ਬਣਾਇਆ ਹੋਇਆ ਹੈ, ਉਨ੍ਹਾਂ ਨੂੰ ਗੁਰੂ ਨਾਨਕ ਦੀਆਂ ਗੱਲਾਂ ਕਦੋਂ ਸਮਝ ਆਉਣੀਆਂ । ਗੁਰੂ ਨਾਨਕ ਸਾਹਿਬ ਨੇ ਤਾਂ ਕਰੀਬ ਪੰਜ ਸੌ ਸਾਲ ਪਹਿਲਾਂ ਸਮਾਜਿਕ ਜੀਵਨ ਵਿੱਚ ਆਏ ਨਿਘਾਰ ਬਾਰੇ ਹੇਠ ਲਿਖੇ ਸ਼ਬਦ ਰਾਹੀਂ ਚਿੰਤਾ ਜਾਹਿਰ ਕੀਤੀ ਸੀ : 
ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਏ ਸਈਆਦ ॥ 
ਸੀਲ ਸੰਜਮੁ ਸੁਚੁ ਭੰਨੀ, ਖਾਣਾ ਖਾਜੁ ਅਹਾਜੂ ॥ 
ਸਰਮੁ ਗਇਆ ਘਰ ਆਪਣੇ, ਪਤਿ ਉਠਿ ਚਲੀ ਨਾਲਿ ॥ 
ਨਾਨਕ ਸਚਾ ਏਕੁ ਹੈ, ਅਉਰ ਨ ਸਚਾ ਭਾਲਿ ॥ (ਗੁ: ਗ੍ਰੰ: ਸਾ: ਪੰਨਾ 1243)
ਇਸ ਕਰਕੇ ਹੀ ਗੁਰੂ ਨਾਨਕ ਸਾਹਿਬ ਨੇ ਸਿੱਖ ਸੱਭਿਆਚਾਰ ਦੀ ਵਿਆਖਿਆ ਵੀ ਇਸ ਪ੍ਰਕਾਰ ਕੀਤੀ ਹੈ ਕਿ :-
ਬਾਬਾ ਹੋਰੁ ਖਾਣਾ ਖੁਸੀ ਖੁਆਰ, ਜਿਸ ਖਾਧੇ ਤਨੁ ਪੀੜੀਐ ਮਨ ਸਹਿ ਚਲਹਿ ਵਿਕਾਰ ॥
ਬਾਬਾ ਹੋਰੁ ਪੈਨਣ ਖੁਸੀ ਖੁਆਰ, ਜਿਤੁ ਪੈਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥
ਬਾਬਾ ਹੋਰ ਚੜਣਾ ਖੁਸੀ ਖੁਆਰ ॥ ਜਿਤ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ (ਸ੍ਰੀ ਗੁ: ਗ੍ਰੰ: ਸਾ: ਪੰਨਾ 16)
ਗੁਰਮਤਿ ਸਿੱਖ ਨੂੰ ਸ਼ਰਾਬ ਪੀਣ ਦੀ ਆਗਿਆ ਬਿਲਕੁੱਲ ਨਹੀਂ ਦਿੰਦੀ, ਅਰਥਾਤ,
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥ (ਆਸਾ ਮਹਲਾ ਪੰਜਵਾਂ, ਸ੍ਰੀ ਗੁ: ਗ੍ਰੰ: ਸਾ: ਪੰਨਾ 114)
ਇਤ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ - (ਸ੍ਰੀ ਗੁ: ਗ੍ਰੰ: ਸਾ: ਪੰਨਾ 553)
ਅਤੇ - 
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੇ ਸਜਾਇ ॥ (ਸ੍ਰੀ ਗੁ: ਗ੍ਰੰ: ਸਾ: ਪੰਨਾ 554)
ਗੁਰਮਤਿ ਦੇ ਬਿਲਕੱੁਲ ਉਲਟ ਅਜੋਕੀ ਪੰਜਾਬੀ ਗਾਇਕੀ ਵਿੱਚ ਸ਼ਰਾਬ ਦੀ ਵਰਤੋਂ ਨੂੰ ਸਹੀ ਦੱਸਣ ਵਾਲੇ ਭਾਵ ਪੈੱਗ ਲਾਉਣ ਵਾਲੇ ਕਈ ਗੀਤ ਗਾਏ ਜਾ ਚੁੱਕੇ ਹਨ, ਵਿਸਥਾਰ ਦੇਣ ਲੱਗੇ ਤਾਂ ਲੇਖ ਬਹੁਤ ਲੰਬਾ ਹੋ ਜਾਵੇਗਾ । ਗੁਰਬਾਣੀ ਵਿੱਚੋਂ ਕੁਝ ਉਦਾਹਰਣਾਂ ਦਾਸ ਨੇ ਇਸ ਕਰਕੇ ਦਿੱਤੀਆਂ ਹਨ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਮਨੁੱਖ ਨੂੰ ਨਸ਼ਿਆਂ ਰਹਿਤ ਸਾਦਾ ਜੀਵਨ ਜੀਣ ਦਾ ਉਪਦੇਸ਼ ਦਿੱਤਾ ਹੈ, ਪਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਇਕ ਪੰਜਾਬੀ ਅਖ਼ਬਾਰ ਵਿੱਚ ਛਪੀ ਇਕ ਖ਼ਬਰ ਦਾ ਹਵਾਲਾ ਦੇਣਾ ਕੁਥਾਂ ਨਹੀਂ ਹੋਵੇਗਾ, ਜਿਸ ਦਾ ਸਿਰਲੇਖ ਸੀ, ਆਹ ਪੰਜਾਬ ਕਲਾ ਪ੍ਰੀਸ਼ਦ ਦੇ ਕਰਤੇ ਧਰਤੇ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਮਨੁੱਖਤਾ ਨੂੰ ਕੀ ਸੁਨੇਹਾ ਦੇ ਰਹੇ ਹਨ ? ਕੀ ਇਸ ਅਵੱਗਿਆ ਸਬੰਧੀ ਪਾਤਰ ਸਾਬ੍ਹ ਸਿੱਖ ਕੌਮ ਨੂੰ ਜਵਾਬ ਦੇਣਗੇ ? ਸ: ਬਘੇਲ ਸਿੰਘ ਧਾਲੀਵਾਲ ਤੇ ਸ: ਮੇਜਰ ਸਿੰਘ ਮੋਹਾਲੀ ਪੱਤਰਕਾਰਾਂ ਦੇ ਲਿਖਣ ਅਨੁਸਾਰ ਇਸ ਖ਼ਬਰ ਦਾ ਸਾਰ ਅੰਸ਼ ਇਸ ਪ੍ਰਕਾਰ ਹੈ ਕਿ : ਪਿਛਲੇ ਦਿਨੀਂ ਪੰਜਾਬੀ ਕਾਵਿ ਸਾਹਿਤ ਵਿੱਚ ਵੱਡੇ ਹਸਤਾਖਰ ਵਜੋਂ ਜਾਣੇ ਜਾਂਦੇ ਪੰਜਾਬ ਕਲਾ ਮੰਚ ਦੇ ਚੇਅਰਮੈਨ ਸੁਰਜੀਤ ਪਾਤਰ ਹੋਰਾਂ ਦੀ ਸਰਪ੍ਰਸਤੀ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਆ ਰਹੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਪ੍ਰੋਗਰਾਮ ਵਿੱਚ ਅਜਿਹੀ ਗੁਸਤਾਖ਼ੀ ਕੀਤੀ ਗਈ ਹੈ, ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ । ਇਸ ਤਸਵੀਰ ਵਿੱਚ ਜੋ ਸਨਮਾਨ ਚਿੰਨ੍ਹ ਪਾਤਰ ਸਾਹਿਬ ਲੈ ਰਹੇ ਹਨ ਜਾਂ ਦੇ ਰਹੇ ਹਨ ਉਹਦੇ ਉੱਤੇ ਸ਼ਰਾਬ ਦੀ ਬੋਤਲ ਅਤੇ ਪਿਆਲੇ ਵਿੱਚ ਸ਼ਰਾਬ ਦਾ ਪੈੱਗ ਬਣਾ ਕੇ ਦਿਖਾਇਆ ਗਿਆ ਹੈ, ਅਤੇ ਪਿੱਛੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦਾ ਬੈਨਰ ਵੀ ਦਿਖਾਈ ਦਿੰਦਾ ਹੈ, ਜਿਸ &lsquoਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲਿਖ ਕੇ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਤੇ ਗੁਰੂ ਨਾਨਕ ਦੇ ਸਿੱਖੀ ਸਿਧਾਂਤਾਂ ਦਾ ਮਜਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਕ ਗੱਲ ਹੋਰ ਵੀ ਅਫਸੋਸਜਨਕ ਹੈ ਕਿ ਇਸ ਅਵੱਗਿਆ ਵਿੱਚ ਨੰਗੇ ਸਿਰ ਖੜ੍ਹੀਆਂ ਬੀਬੀਆਂ ਵੀ ਬਰਾਬਰ ਦੀਆਂ ਭਾਗੀਦਾਰ ਹਨ । (ਨੋਟ-ਇਥੇ ਇਹ ਵੀ ਦੱਸਣਯੋਗ ਹੈ ਕਿ ਚੁੰਨੀ ਔਰਤ ਦੇ ਸ਼ਰਮ ਹਯਾ ਦੀ ਪ੍ਰਤੀਕ ਹੈ, ਉਪਰੋਕਤ ਜਿਸ ਖ਼ਬਰ ਦਾ ਦਾਸ ਨੇ ਜ਼ਿਕਰ ਕੀਤਾ ਹੈ ਉਹ ਸਬੂਤ ਵਜੋਂ ਫੋਟੋ ਸਮੇਤ ਆਪ ਜੀ ਨੂੰ ਲੇਖ ਦੇ ਨਾਲ ਹੀ ਭੇਜ ਰਿਹਾ ਹਾਂ) ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਨੂੰ ਸਮਰਪਿਤ 23-11-2019 ਨੂੰ ਬਰਮਿੰਘਮ, ਸਮੈਦਿਕ ਵਿਖੇ ਵੀ ਇਕ ਕਵੀ ਦਰਬਾਰ ਕਰਵਾਇਆ ਗਿਆ ਸੀ, ਜਿਸ ਵਿੱਚ ਸ਼ਬਦ ਨੂੰ ਰਬਾਬ ਨਾਲੋਂ ਤੋੜ ਕੇ ਤੂੰਬੀ ਨਾਲ ਜੋੜਿਆ ਗਿਆ ਸੀ । ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਇਹ ਅਰਥ ਵੀ ਨਹੀਂ ਬਣਦਾ ਕਿ ਗੁਰੂ ਨਾਨਕ ਦੇ ਗੁਰਮੱੁਖੀ ਵਿੱਚ ਲਿਖੇ ਸਿੱਖੀ ਸਿਧਾਂਤਾਂ ਨੂੰ ਹੀ ਪਿੱਠ ਦੇ ਦਿੱਤੀ ਜਾਵੇ ।
ਪੰਜਾਬ ਦੇ ਬਹੁਗਿਣਤੀ ਨੌਜੁਆਨ ਮੁੰਡੇ ਕੁੜੀਆਂ ਨੇ ਨੱਚ ਗਾ ਕੇ ਪੈਸੇ ਕਮਾਉਣ ਦਾ ਕਿੱਤਾ ਅਪਣਾ ਲਿਆ ਹੈ, ਸ਼ੁਹਰਤ ਤੇ ਪੈਸਾ ਕਮਾਉਣ ਦੀ ਦੌੜ ਵਿੱਚ ਅਜੋਕੀ ਨੌਜੁਆਨ ਪੀੜ੍ਹੀ ਨੇ ਪੰਜਾਬੀ ਸਿੱਖ ਵਿਰਸੇ ਦੀਆਂ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਕੀਤੀ ਹੋਈ ਹੈ । ਪੰਜਾਬੀ ਗੀਤਾਂ ਦੀਆਂ ਵੀਡੀਉ ਫਿਲਮਾਂ ਵਿੱਚ ਕੁੜੀਆਂ ਦੇ ਕਈ ਸੀਨ ਐਸੇ ਫਿਲਮਾਏ ਜਾਂਦੇ ਹਨ ਕਿ ਗੈਰਤ-ਮੰਦ ਪੰਜਾਬੀ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ । ਇਨ੍ਹਾਂ ਪੰਜਾਬੀ ਗੀਤਾਂ ਦੀਆਂ ਵੀਡੀਉ ਫਿਲਮਾਂ ਵਿੱਚ ਇਕ ਹੋਰ ਵਰਤਾਰਾ ਵੀ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਗੀਤਕਾਰ ਅਤੇ ਗਾਇਕ ਵੀਡੀਉ ਫਿਲਮ ਬਣਾਉਣ ਵੇਲੇ ਮੁੰਨੀ ਹੋਈ ਦਾੜ੍ਹੀ ਤੇ ਮੁੰਨੇ ਹੋਏ ਸਿਰ &lsquoਤੇ ਪੱਗ ਬੰਨ ਲੈਂਦੇ ਹਨ ਪਰ ਅੱਗੋਂ ਪਿੱਛੋਂ ਤਾਂ ਨੰਗੇ ਸਿਰ ਹੀ ਵਿਚਰਦੇ ਹਨ ਜਾਂ ਪੁੱਠੀਆਂ ਸਿੱਧੀਆਂ ਟੋਪੀਆਂ ਵੀ ਲੈ ਲੈਂਦੇ ਹਨ । ਚਿੰਤਾ ਇਸ ਗੱਲ ਦੀ ਹੈ ਅਜੋਕੀ ਨੌਜੁਆਨ ਪੀੜ੍ਹੀ ਅਜਿਹੇ ਬਹੁ-ਰੂਪੀਏ ਕਲਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਪਈ ਹੈ । ਗੈਂਗਸਟਰ ਕਲਚਰ ਨੂੰ ਇਨ੍ਹਾਂ ਬਹੁ-ਰੂਪੀਏ ਕਲਾਕਾਰਾਂ ਨੇ - ਸਾਨੂੰ ਸ਼ੋਕ ਹੱਥਿਆਰਾਂ ਦਾ, ਵਰਗੇ ਗੀਤ ਗਾ ਕੇ ਜਨਮ ਦਿੱਤਾ ਹੈ ।
ਪੰਜਾਬ ਦੀ ਅਜੋਕੀ ਨੌਜੁਆਨ ਪੀੜ੍ਹੀ ਵਿੱਚੋਂ ਬਹੁਤਿਆਂ ਨੇ ਸ਼ੁਹਰਤ ਤੇ ਪੈਸਾ ਕਮਾਉਣ ਅਤੇ ਚੰਦ ਦਿਨਾਂ ਦੀ ਬੱਲੇ ਬੱਲੇ ਲਈ ਸਿੱਖੀ ਸਰੂਪ ਤੇ ਪੰਜਾਬੀ ਸਿੱਖ ਪਹਿਰਾਵੇ ਨੂੰ ਤਿਆਗ ਦਿੱਤਾ ਹੈ ਅਤੇ ਆਪਣੇ ਆਪ ਨੂੰ ਮੋਸਟ ਮਾਡਰਨ ਤੇ ਅਪ-ਟੂ-ਡੇਟ ਦੱਸਦੇ ਹਨ, ਪਰ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਅਸਲੀ ਸੁੰਦਰਤਾ ਸਾਬਤ-ਸੂਰਤ ਚਿਹਰੇ ਅਤੇ ਉੱਚੇ ਆਚਰਣ ਵਿੱਚ ਹੁੰਦੀ ਹੈ । ਸੀਲ, ਸੰਜਮ ਤੇ ਸਾਦਾ ਪਹਿਰਾਵਾ ਮਨੁੱਖੀ ਆਚਰਣ ਦੇ ਵਿਸ਼ੇਸ਼ ਅੰਗ ਹਨ । ਅੱਜ ਵੀ ਗੁਰੂ ਨਾਨਕ ਦੀ ਇਹ ਬਾਣੀ ਸੱਚ ਸਾਬਤ ਹੋ ਰਹੀ ਹੈ, ਸੀਲੁ ਸੰਜਮ ਸੁਚੁ ਭੰਨੀ, ਖਾਣਾ ਖਾਜੁ ਅਹਾਜੁ ॥ ਸਰਮ ਗਇਆ ਘਰਿ ਆਪਣੇ ਪਤਿ ਉਠਿ ਚਲੀ ਨਾਲਿ ॥ ਆਉ ਸਾਰੇ ਰੱਲ ਕੇ ਗੁਰਮਤਿ ਨਾਲੋਂ ਟੁੱਟ ਚੁੱਕੇ ਸਿੱਖ ਸਮਾਜ ਨੂੰ ਗੁਰਮਤਿ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ।
ਭੁੱਲਾਂ ਚੁੱਕਾਂ ਦੀ ਖਿਮਾਂ,
ਗੁਰੂ ਪੰਥ ਦਾ ਦਾਸ,
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।