image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਤਿਗੁਰੂ ਨਾਨਕ ਪਾਸੋਂ ਚਰਨ-ਪਾਹੁਲ ਦੀ ਦੀਖਿਆ ਲੈ ਕੇ ਭਾਈ ਮਰਦਾਨਾ ਮੁਸਲਮਾਨ ਤੋਂ ਸਿੱਖ ਹੋ ਗਿਆ ਸੀ

ਇਨ੍ਹੀਂ ਦਿਨੀ ਸੋਸ਼ਲ ਮੀਡੀਏ ਤੇ ਮੁਸਲਮਾਨ ਤੋਂ ਸਿੱਖ ਬਣੇ ਭਾਈ ਮਰਦਾਨਾ ਬਾਰੇ ਇਕ ਵੀਡੀਉ ਵਾਇਰਲ ਹੋ ਰਹੀ ਹੈ । ਇਸ ਵੀਡੀਉ ਵਿੱਚ ਕੇਸ ਵਿਹੀਨ ਮਰਾਸੀ ਮੁਸਲਮਾਨ ਸਿੰਗਰ ਸਲੀਮ ਆਖ ਰਿਹਾ ਹੈ ਕਿ ਅਸੀਂ ਬਾਬਾ ਮਰਦਾਨਾ ਜੀ ਦੀ ਔਲਾਦ ਹਾਂ ਤੇ ਹੁਣ ਅਸੀਂ ਹਜ਼ਰਤ ਬਾਬਾ ਮਰਦਾਨਾ ਜੀ ਦੀ ਸ਼ਾਨਦਾਰ ਮਜ਼ਾਰ ਸ਼ਰੀਫ ਵਣਾਵਾਂਗੇ । ਭਾਈ ਮਰਦਾਨੇ ਦੀ ਸਤਾਰਵੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ॥॥ਸਿੰਘ ਨੇ ਯੂ।ਟਿਊਬ ਦੇ ਇਕ ਚੈਨਲ &lsquoਤੇ ਸਿੰਗਰ ਸਲੀਮ ਨੂੰ ਜੋ ਜੁਆਬ ਦਿੱਤਾ ਉਸ ਦਾ ਸਾਰ ਅੰਸ਼ ਹੇਠ ਲਿਖੇ ਅਨੁਸਾਰ ਹੈ :
ਭਾਈ ਮਰਦਾਨੇ ਦੀ ਸਤਾਵਰੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ ਸਿੰਘ ਨੇ ਕਿਹਾ ਕਿ ਸਾਡਾ ਵੱਡੇਰਾ ਭਾਈ ਮਰਦਾਨਾ ਗੁਰੂ ਨਾਨਕ ਦਾ ਸਿੱਖ ਸੀ ਅਸੀਂ ਉਸ ਦੀ ਮਜ਼ਾਰ ਕਤੱਈ ਵੀ ਨਹੀਂ ਬਣਨ ਦਿਆਂਗੇ । ਜਦੋਂ ਐਂਕਰ ਨੇ ਰਾਗੀ ਸਿੰਘ ਨੂੰ ਸੁਆਲ ਕੀਤਾ ਕਿ ਮਰਦਾਨਾ ਤਾਂ ਮਰਾਸੀ ਮੁਸਲਮਾਨ ਸੀ ? ਤਾਂ ਅੱਗਿਉਂ ਭਾਈ ਮਰਦਾਨੇ ਦੀ ਸਤਾਵਰੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ ਸਿੰਘ ਨੇ ਜੁਆਬ ਦਿੱਤਾ ਕਿ ਉਹ (ਭਾਈ ਮਰਦਾਨਾ) ਕਨਵਰਟ ਹੋ ਗਿਆ ਸੀ । ਤੇ ਜਦੋਂ ਉਹ ਮੁਸਲਮਾਨ ਤੋਂ ਸਿੱਖ ਬਣਿਆ ਤਾਂ ਮੁਸਲਿਮ ਬਰਾਦਰੀ ਨੇ ਉਸ ਨੂੰ ਕਾਫਰ ਆਖ ਕੇ ਛੇਕ ਦਿੱਤਾ ਸੀ । ਰਾਗੀ ਸਿੰਘ ਨੇ ਹੋਰ ਦੱਸਿਆ ਕਿ ਹੁਣ ਕਦੇ ਮੁਸਲਮਾਨ ਸਿੰਗਰ ਸਲੀਮ ਵਰਗੇ ਆਪਣੇ ਆਪ ਨੂੰ ਭਾਈ ਮਰਦਾਨੇ ਦੀ ਵੰਸ਼ ਦੱਸਦੇ ਹਨ ਤੇ ਕਦੇ ਯੂ।ਪੀ। ਦੇ ਮੁਸਲਮਾਨ ਆਪਣੇ ਆਪ ਨੂੰ ਭਾਈ ਮਰਦਾਨੇ ਦੀ ਵੰਸ਼ ਦੱਸਦੇ ਹਨ । ਰਾਗੀ ਸਿੰਘ ਨੇ ਬੋਲਦਿਆਂ ਹੋਰ ਕਿਹਾ ਕਿ ਬਾਬਾ ਮਰਦਾਨਾ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਤੇ ਅਸੀਂ ਨਨਕਾਣਾ ਸਾਹਿਬ ਤੋਂ ਆਏ ਹਾਂ ਤੇ ਅਸੀਂ ਉਨ੍ਹਾਂ ਦੀ ਵੰਸ਼ ਦੀ ਸਤਾਵਰੀਂ ਪੀੜ੍ਹੀ ਹਾਂ । ਸਾਡੇ ਬਜ਼ੁਰਗਾਂ ਨੇ ਵੀ ਜਦੋਂ ਅੰਮ੍ਰਿਤ ਛਕਿਆ ਤਾਂ ਉਨ੍ਹਾਂ ਨੂੰ ਕਾਫਰ ਆਖ ਕੇ ਮੁਸਲਮਾਨ ਆਪਣੇ ਖੂਹਾਂ ਤੋਂ ਪਾਣੀ ਨਹੀਂ ਸੀ ਭਰਨ ਦਿੰਦੇ, ਤਾਂ ਉਦੋਂ ਸਾਡੇ ਬਜ਼ੁਰਗਾਂ ਨੇ ਛਪੜਾਂ ਦਾ ਪਾਣੀ ਪੀ ਪੀ ਕੇ ਸਿੱਖੀ ਪਾਲੀ ਹੈ ਤੇ ਅਸੀਂ ਵੀ ਅੰਮ੍ਰਿਤ ਛੱਕ ਕੇ ਆਪਣੇ ਵਡੇਰੇ ਭਾਈ ਮਰਦਾਨਾ ਦੀ ਸਿੱਖੀ ਤੇ ਪਹਿਰਾ ਦੇ ਰਹੇ ਹਾਂ ਤੇ ਦਸ਼ਮੇਸ਼ ਪਿਤਾ ਦੇ ਖੰਡੇ ਦਾ ਅੰਮ੍ਰਿਤ ਛੱਕ ਕੇ ਕੀਰਤਨ ਦੀ ਸੇਵਾ ਨਿਭਾਉਂਦੇ ਹਾਂ । ਸਾਨੂੰ ਪੈਸੇ ਦਾ ਕੋਈ ਲਾਲਚ ਨਹੀਂ, ਗੁਰਬਾਣੀ ਦੇ ਕੀਰਤਨ ਨਾਲ ਪਿਆਰ ਹੈ । ਭਾਈ ਮਰਦਾਨੇ ਦੀ ਵੰਸ਼ ਦੀ ਸਤਾਰਵੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ ਸਿੰਘ ਨੇ ਹੋਰ ਵੀ ਮੁਸਲਮਾਨ ਰਬਾਬੀਆਂ ਦੇ ਖੁਲਾਸੇ ਕੀਤੇ, ਜਿਹੜੇ ਝੂਠ ਬੋਲ ਕੇ ਪੈਸਾ ਕਮਾਉਣ ਲਈ ਆਪਣੇ ਆਪ ਨੂੰ ਭਾਈ ਮਰਦਾਨੇ ਦੀ ਵੰਸ਼ ਦੱਸਦੇ ਹਨ । ਸਬੂਤ ਵਜੋਂ ਉਕਤ ਖੁਲਾਸੇ ਕਰਦੀ ਹੋਈ ਵੀਡੀਉ ਵੀ ਨਾਲ ਭੇਜ ਰਿਹਾ ਹਾਂ ਅਤੇ ਇਹ ਯੂ।ਟਿਊਬ ਤੇ ਵੀ ਵੇਖੀ ਜਾ ਸਕਦੀ ਹੈ । ਡਾ। ਤਿਰਲੋਚਨ ਸਿੰਘ ਦੀ ਇਕ ਪੁਸਤਕ, ਜੀਵਨ ਚਰਿਤ੍ਰ ਗੁਰੂ ਨਾਨਕ ਦੇਵ, ਦਿੱਲੀ ਸਿੱਖ ਗੁਰਦੁਆਰਾ ਬੋਰਡ ਨੇ ਜਨਵਰੀ 1972 ਵਿੱਚ ਛੱਪਵਾਈ ਸੀ । ਅੱਜ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਵੱਲੋਂ ਹਿੰਦੂ ਮੱਤ ਤੇ ਇਸਲਾਮ ਮੱਤ ਨਾਲੋਂ ਅਲੱਗ ਸਿੱਖ ਧਰਮ, ਅਲੱਗ ਤੀਸਰਾ ਪੰਥ ਤੇ ਮੁਸਲਮਾਨ ਤੋਂ ਸਿੱਖ ਬਣੇ ਭਾਈ ਮਰਦਾਨਾ ਜੀ ਬਾਰੇ ਅਨੇਕਾਂ ਭਰਮ ਭੁਲੇਖੇ ਪਾਏ ਜਾ ਰਹੇ ਹਨ । ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਦਾਸ ਉਕਤ ਪੁਸਤਕ ਵਿੱਚੋਂ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰੇਗਾ, ਵੈਸੇ ਇਹ ਪੁਸਤਕ 456 ਸਫ਼ੇ ਦੀ ਹੈ ਤੇ ਪ੍ਰਮਾਣਿਤ ਹਵਾਲਿਆਂ ਨਾਲ ਭਰਪੂਰ ਹੈ ।
ਡਾ। ਤਿਰਲੋਚਨ ਸਿੰਘ ਜੀ ਲਿਖਦੇ ਹਨ ਕਿ ਹੁਣ ਤੱਕ ਸਭ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਗੁਰੂ ਨਾਨਕ ਨੇ ਨਵਾਂ ਮੱਤ ਤੇ ਨਵਾਂ ਪੰਥ ਚਲਾ ਦਿੱਤਾ ਹੈ । ਮੁਸਲਮਾਨ ਵੀ ਉਨ੍ਹਾਂ ਦੇ ਚੇਲੇ ਬਣ ਰਹੇ ਸਨ ਅਤੇ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਸਭ ਚਹੁੰ ਵਰਣਾਂ ਦੇ ਹਿੰਦੂ ਵੀ ਚਰਨ-ਪਾਹੁਲ ਲੈ ਕੇ ਸਿੱਖ ਬਣ ਰਹੇ ਸਨ । ਜਿਹੜਾ ਵੀ ਗੁਰੂ ਨਾਨਕ ਦਾ ਸਿੱਖ ਬਣਦਾ ਸੀ, ਉਹ ਨਾ ਹਿੰਦੂ ਰਹਿੰਦਾ ਸੀ ਤੇ ਨਾ ਮੁਸਲਮਾਨ ਰਹਿੰਦਾ ਸੀ, ਉਹ ਚਰਨ-ਪਾਹੁਲ ਲੈ ਕੇ ਗੁਰੂ ਨਾਨਕ ਦਾ ਸਿੱਖ ਅਖਵਾਂਦਾ ਸੀ । ਬਾਬੇ ਨਾਨਕ ਦੀ ਸਿੱਖੀ ਤੇ ਬਾਬੇ ਨਾਨਕ ਦੇ ਮਾਰਗ ਨੂੰ ਲੋਕ ਗੁਰੂ-ਮੱਤ ਆਖਣ ਲੱਗ ਪਏ ਸਨ । ਬਾਬੇ ਨਾਨਕ ਦੇ ਪੰਥ ਨੂੰ ਨਿਰਮਲ ਪੰਥ ਤੇ ਸੱਚਾ ਪੰਥ ਆਖਣ ਲੱਗ ਪਏ ਸਨ । ਇਉਂ ਗੁਰੂ ਨਾਨਕ ਨੇ ਨਵੇਂ ਧਰਮ ਤੇ ਨਵੇਂ ਪੰਥ ਦੀ ਨੀਂਹ ਰੱਖੀ । ਇਸ ਨਵੇਂ ਪੰਥ ਤੇ ਨਵੇਂ ਮੱਤ ਨੂੰ ਧੁਰ ਕੀ ਬਾਣੀ ਦਿੱਤੀ । ਨਵੀਂ ਦੀਖਿਆ ਸਿੱਖਿਆ ਦੀ ਰਸਮ ਦਿੱਤੀ । ਨਵੀਂ ਰਹਿਤ ਬਹਿਤ ਦਿੱਤੀ, ਨਵਾਂ ਅਧਿਆਤਮਕ ਤੇ ਸਮਾਜਿਕ ਸਿਧਾਂਤ ਦਿੱਤਾ । ਗੁਰੂ ਨਾਨਕ ਦੇਵ ਦਾ ਸ਼ਬਦ-ਸਿਧਾਂਤ ਤੇ ਉਨ੍ਹਾਂ ਦਾ ਅੰਮ੍ਰਿਤ ਗਿਆਨ ਇਸ ਨਵੇਂ ਮੱਤ ਤੇ ਨਵੇਂ ਪੰਥ ਦਾ ਮੂਲ ਅਧਾਰ ਬਣਿਆ । 
ਹਿੰਦੂਆਂ, ਮੁਸਲਮਾਨਾਂ ਦੇ ਦਰਮਿਆਨ ਨੀਵੀਆਂ ਤੇ ਉੱਚੀਆਂ ਸ਼ੇ੍ਰਣੀਆਂ ਦੀਆਂ ਖੜ੍ਹੀਆਂ ਕੀਤੀਆਂ ਸਮਾਜ ਤੇ ਸੱਭਿਆਚਾਰ ਦੀਆਂ ਦੀਵਾਰਾਂ ਗੁਰੂ ਨਾਨਕ ਨੇ ਹੂੰਝ ਕੇ ਪਰੇ ਮਾਰੀਆਂ । ਇਨ੍ਹਾਂ ਦਿਨਾਂ ਵਿੱਚ ਹੀ ਉਨ੍ਹਾਂ ਨੇ ਆਪਣੇ ਨਵੇਂ ਗਿਆਨ ਦੀ ਦੀਖਿਆ ਦੇਣੀ ਆਰੰਭ ਕੀਤੀ । ਇਹ ਦੀਖਿਆ ਚਰਨ-ਪਾਹੁਲ ਅੰ੍ਰਿਮਤ ਦੀ ਦਾਤ ਦੇ ਕੇ ਤੇ ਨਾਮ ਦ੍ਰਿੜਾ ਕੇ ਦਿੱਤੀ ਜਾਂਦੀ ਸੀ । ਇਹ ਰਹਿਤ ਮਰਿਯਾਦਾ ਖ਼ਾਲਸੇ ਦੀ ਹੁਣ ਵੀ ਰਹਿਤ ਮਰਿਯਾਦਾ ਤੋਂ ਬਹੁਤੀ ਭਿੰਨ ਨਹੀਂ ਸੀ । ਆਪਣੀਆਂ ਉਦਾਸੀਆਂ ਵਿੱਚ ਵੀ ਗੁਰੂ ਨਾਨਕ ਨੇ ਕਈ ਸ਼੍ਰੇਸ਼ਟ ਪ੍ਰਾਣੀਆਂ ਨੂੰ ਚਰਨ-ਪਾਹੁਲ ਦੀ ਦੀਖਿਆ ਦੇ ਕੇ ਸਿੱਖ ਬਣਾਇਆ । ਜਨਮ ਸਾਖੀਆਂ ਵਿੱਚ ਇਸ ਗੱਲ ਦਾ ਕਈ ਥਾਵਾਂ &lsquoਤੇ ਸਪੱਸ਼ਟ ਜ਼ਿਕਰ ਹੈ ਕਿ ਜਦ ਮਰਦਾਨੇ ਨੂੰ ਚਰਨ-ਪਾਹੁਲ ਦੀ ਗੁਰ-ਦੀਖਿਆ ਮਿਲੀ ਤਾਂ ਉਸ ਨੂੰ ਵੀ ਇਹੀ ਰਹਿਤ ਦ੍ਰਿੜਾਈ ਗਈ ਸੀ ਕਿ ਕੇਸ ਕਤਲ ਨਹੀਂ ਕਰਾਉਣੇ, ਪਿਛਲੀ ਰਾਤ ਸਤਨਾਮ ਦਾ ਜਾਪ ਜਪਣਾ, ਲੋੜਵੰਦਾਂ ਦੀ ਮਦਦ ਕਰਨੀ, ਆਉਂਦੇ ਜਾਂਦੇ ਸਾਧ ਸੰਤ ਦੀ ਸੇਵਾ ਟਹਿਰ ਕਰਨੀ । ਉਕਤ ਹਵਾਲੇ ਅਨੁਸਾਰ ਸਪੱਸ਼ਟ ਹੋ ਜਾਂਦਾ ਹੈ ਕਿ ਮਰਦਾਨਾ ਚਰਨ-ਪਾਹੁਲ ਦੀ ਦੀਖਿਆ ਲੈ ਕੇ ਮੁਸਲਮਾਨ ਤੋਂ ਸਿੱਖ ਹੋ ਗਿਆ ਸੀ । ਸ਼੍ਰੀ ਲੰਕਾ ਦੀ ਪ੍ਰਚਾਰ ਯਾਤਰਾ (ਉਦਾਸੀ) ਸਮੇਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਾਜਾ ਸ਼ਿਵਨਾਭ ਨੂੰ ਸਿੱਖ ਸਜਾਉਣ ਬਾਰੇ ਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹਨ : ਪ੍ਰੇਮ ਵਿਨਯ ਸਨ ਬਾਨੀ ਸੁਨਕੇ । ਪਗ-ਪਾਹੁਲ ਦੀਨੀ ਸਿੱਖ ਗੁਨ ਕੈ ॥ ਇਸੇ ਤਰ੍ਹਾਂ ਹੀ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਦੇ ਪੰਨਾ 466 &lsquoਤੇ ਲਿਖਦੇ ਹਨ : ਜਾਤਿ ਅਭਿਮਾਨ ਦੂਰ ਕਰਨ ਤੇ ਨੇਮ੍ਰਤਾ ਦੇ ਪ੍ਰਚਾਰ ਲਈ ਚਰਨਾਮ੍ਰਿਤ ਦੀ ਰੀਤ ਚਲਾਈ ਸੀ । ਇਸੇ ਤਰ੍ਹਾਂ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 23ਵੀਂ ਪੌੜੀ ਵਿੱਚ ਲਿਖਦੇ ਹਨ :
ਸੁਣੀ ਪੁਕਾਰਿ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ ॥
ਚਰਣ ਧੋਇ ਰਹਰਾਸਿ ਕਰਿ ਚਰਣਾਮ੍ਰਿਤ ਸਿਖਾਂ ਪੀਲਾਇਆ ॥
ਪ੍ਰਾਰਬ੍ਰਹਮ ਪੂਰਨ ਬ੍ਰਹਮ ਕਲਿਯੁਗ ਅੰਦਰਿ ਇਕ ਦਿਖਾਇਆ ॥
ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨ ਕਰਾਇਆ ॥
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸੁ ਨਿਵਾਇਆ ॥
ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜਿ ਮੰਤ੍ਰ ਸੁਣਾਇਆ ॥
ਕਲਿ ਤਾਰਣਿ ਗੁਰੂ ਨਾਨਕ ਆਇਆ ॥
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ (1981 ਸੰਸਕਰਣ) ਦੇ ਪੰਨਾ 457 &lsquoਤੇ ਲਿਖਦੇ ਹਨ : ਨੌ ਸਤਿਗੁਰਾਂ ਵੇਲੇ ਸਿੱਖ ਧਰਮ ਵਿੱਚ ਲਿਆਉਣ ਲਈ ਚਰਣਾਮ੍ਰਿਤ ਪਿਆਇਆ ਜਾਂਦਾ ਸੀ । ਇਸ ਦਾ ਨਾਮ ਚਰਣ ਪਾਹੁਲ ਅਤੇ ਪਗ ਪਾਹੁਲ ਭੀ ਲਿਖਿਆ ਹੈ । ਕੁਝ ਹੋਰ ਪੁਰਾਤਨ ਇਤਿਹਾਸਕ ਪੁਸਤਕਾਂ ਵਿੱਚ ਅਤੇ ਮਗਰਲੇ ਇਤਿਹਾਸਕਾਰਾਂ ਦੀਆਂ ਪੁਸਤਕਾਂ ਵਿੱਚ ਵੀ ਚਰਣ ਪਾਹੁਲ/ਚਰਣਾਮ੍ਰਿਤ ਦੇ ਕੇ ਸਿੱਖ ਬਣਾਉਣ ਦਾ ਜ਼ਿਕਰ ਹੈ । ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੇ ਸਮੇਂ ਤੱਕ ਚਰਣਾਮ੍ਰਿਤ ਦੀ ਰਸਮ ਹੀ ਪ੍ਰਚੱਲਤ ਰਹੀ । 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਕੌਤਕ ਵਰਤਾ ਕੇ ਚਰਣ ਪਾਹੁਲ ਨੂੰ ਖੰਡੇ ਦੀ ਪਾਹੁਲ ਵਿੱਚ ਬਦਲ ਦਿੱਤਾ ਸੀ । ਇਸ ਕਰਕੇ ਹੀ ਸਿੱਖ ਰਹਿਤ ਮਰਿਯਾਦਾ ਵਿੱਚ ਦਰਜ ਹੈ ਕਿ : ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦੱਸ ਗੁਰੂ ਸਾਹਿਬਾਨ (ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੱਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ,
ਗੁਰੂ ਪੰਥ ਦਾ ਦਾਸ-ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।