image caption: -ਰਜਿੰਦਰ ਸਿੰਘ ਪੁਰੇਵਾਲ

ਵਿਸ਼ਵ ਪਰਮਾਣੂ ਅਭਿਆਸ ਤੇ ਜੰਗ ਵਲ ਕਦਮ

ਯੂਕਰੇਨ ਵਿਚ ਜੰਗ ਕਾਰਨ ਵਧੇ ਤਣਾਅ ਦੇ ਮੱਦੇਨਜ਼ਰ ਨਾਟੋ ਨੇ ਉੱਤਰ-ਪੱਛਮੀ ਯੂਰੋਪ ਵਿਚ ਸਾਲਾਨਾ ਪਰਮਾਣੂ ਅਭਿਆਸ ਆਰੰਭ ਦਿੱਤਾ ਹੈ|ਇਸ ਨਾਲ ਵਿਸ਼ਵ ਜੰਗ ਦਾ ਖਤਰਾ ਮੰਡਰਾਉਣ ਲਗ ਪਿਆ ਹੈ| ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਮੁਲਕ ਦੇ ਖੇਤਰਾਂ ਦੀ ਰਾਖੀ ਲਈ ਕੋਈ ਵੀ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ| ਨਾਟੋ ਗੱਠਜੋੜ ਦੇ 30 ਮੈਂਬਰਾਂ ਵਿਚੋਂ 14 ਇਨ੍ਹਾਂ ਅਭਿਆਸਾਂ ਵਿਚ ਹਿੱਸਾ ਲੈਣਗੇ, ਤੇ ਇਸ ਵਿਚ 60 ਜਹਾਜ਼ ਸ਼ਾਮਲ ਹੋਣਗੇ| ਇਨ੍ਹਾਂ ਜਹਾਜ਼ਾਂ ਵਿਚ ਲੜਾਕੂ ਤੇ ਹੋਰ ਜਹਾਜ਼ ਸ਼ਾਮਲ ਹਨ| ਜ਼ਿਆਦਾਤਰ ਅਭਿਆਸ ਰੂਸੀ ਸਰਹੱਦਾਂ ਤੋਂ 1000 ਕਿਲੋਮੀਟਰ ਦੂਰ ਹੋਵੇਗਾ| ਇਸ ਵਿਚ ਅਮਰੀਕਾ ਦੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਬੀ-52 ਬੰਬਰ ਜਹਾਜ਼ ਵੀ ਹਿੱਸਾ ਲੈਣਗੇ| ਨਾਟੋ ਇਨ੍ਹਾਂ ਅਭਿਆਸਾਂ ਲਈ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ| ਨਾਟੋ ਅਨੁਸਾਰ ਜਹਾਜ਼ ਬੈਲਜੀਅਮ ਉਪਰੋਂ ਦੀ ਉਡਾਣ ਭਰਨਗੇ ਤੇ ਅਭਿਆਸ 30 ਅਕਤੂਬਰ ਤੱਕ ਜਾਰੀ ਰਹੇਗਾ| ਇਸ ਤੋਂ ਇਲਾਵਾ ਉੱਤਰ ਸਾਗਰ ਤੇ ਯੂਕੇ ਉਤੋਂ ਵੀ ਉਡਾਣਾਂ ਭਰੀਆਂ ਜਾਣਗੀਆਂ| ਇਸ ਅਭਿਆਸ ਵਿਚ ਉਹ ਜਹਾਜ਼ ਸ਼ਾਮਲ ਹਨ ਜੋ ਪਰਮਾਣੂ ਹਥਿਆਰ ਚੁੱਕ ਕੇ ਡੇਗਣ ਦੇ ਸਮਰੱਥ ਹਨ| ਹਾਲਾਂਕਿ ਅਭਿਆਸ ਵਿਚ ਕੋਈ ਅਸਲ ਬੰਬ ਸ਼ਾਮਲ ਨਹੀਂ ਹੋਵੇਗਾ| ਇਸ ਜੰਗੀ ਅਭਿਆਸ ਦੀ ਯੋਜਨਾ ਰੂਸ ਦੇ ਯੂਕਰੇਨ ਉਤੇ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ| ਮਾਸਕੋ ਵੱਲੋਂ ਵੀ ਇਸੇ ਮਹੀਨੇ ਜੰਗੀ ਅਭਿਆਸ ਕੀਤੇ ਜਾਣ ਦੀ ਸੰਭਾਵਨਾ ਹੈ| ਦੂਜੇ ਪਾਸੇ ਰੂਸ ਵੱਲੋਂ ਯੂਕਰੇਨ ਤੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਡਰੋਨਾਂ ਰਾਹੀਂ ਹਮਲੇ ਕੀਤੇ ਜਾ ਰਹੇ ਹਨ| ਕੀਵ ਵਿਚ ਇਸ ਕਾਰਨ ਕਈ ਇਮਾਰਤਾਂ ਤਬਾਹ ਹੋ ਚੁਕੀਆਂ ਹਨ| ਹਮਲਿਆਂ ਵਿਚ ਇਰਾਨ ਦੇ ਬਣੇ ਡਰੋਨ ਵੀ ਵਰਤੇ ਗਏ ਹਨ| ਇਸ ਤੋਂ ਪਹਿਲਾਂ ਰੂਸ ਜ਼ਿਆਦਾਤਰ ਮਿਜ਼ਾਈਲਾਂ ਨਾਲ ਹਮਲੇ ਕਰ ਰਿਹਾ ਸੀ| ਇਸ ਦੌਰਾਨ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ| ਇਸੇ ਦੌਰਾਨ ਯੂਨੀਸੈਫ ਦੀ ਖੇਤਰੀ ਡਾਇਰੈਕਟਰ ਨੇ ਦੱਸਿਆ ਹੈ ਕਿ ਜੰਗ ਕਾਰਨ ਰੂਸ ਤੇ ਯੂਕਰੇਨ ਵਿਚ ਬੱਚੇ ਕਾਫ਼ੀ ਪ੍ਰਭਾਵਿਤ ਹੋਏ ਹਨ| ਉਨ੍ਹਾਂ ਕਿਹਾ ਕਿ 40 ਲੱਖ ਤੋਂ ਵੱਧ ਬੱਚੇ ਗਰੀਬੀ ਵੱਲ ਧੱਕੇ ਗਏ ਹਨ|ਯੂਰੋਪੀ ਯੂਨੀਅਨ (ਈਯੂ) ਯੂਕਰੇਨ ਦੇ ਸੈਨਿਕਾਂ ਲਈ ਯੂਰੋਪ ਚ ਸਿਖਲਾਈ ਦੇਣ ਅਤੇ ਜੰਗ ਦੀ ਮਾਰ ਹੇਠ ਆਏ ਦੇਸ਼ ਨੂੰ ਹਥਿਆਰ ਖਰੀਦਣ &rsquoਵਿਚ ਮਦਦ ਲਈ 50 ਕਰੋੜ ਯੂਰੋ ਤੋਂ ਵੱਧ ਫੰਡ ਨੂੰ ਹਰੀ ਝੰਡੀ ਦੇ ਸਕਦਾ ਹੈ| ਈਯੂ ਦੇ ਹੈੱਡਕੁਆਰਟਰ ਨੇ ਕਿਹਾ ਕਿ ਮਿਸ਼ਨ ਦਾ ਮਕਸਦ ਯੂਕਰੇਨੀ ਹਥਿਆਰਬੰਦ ਦਸਤਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਫੌਜੀ ਮੁਹਿੰਮ ਚਲਾਉਣ ਦੀ ਇਜਾਜ਼ਤ ਦੇਣਾ ਹੈ ਤਾਂ ਜੋ ਯੂਕਰੇਨ ਆਪਣੀਆਂ ਕੌਮਾਂਤਰੀ ਪੱਧਰ ਦੀਆਂ ਮਾਨਤਾ ਪ੍ਰਾਪਤ ਸਰਹੱਦਾਂ ਅੰਦਰ ਆਪਣੀ ਖੇਤਰੀ ਅਖੰਡਤਾ ਦੀ ਰਾਖੀ ਕਰ ਸਕੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਪ੍ਰਭੂਸੱਤਾ ਦੀ ਵਰਤੋਂ ਕਰੇ ਤੇ ਆਪਣੇ ਨਾਗਰਿਕਾਂ ਦੀ ਰਾਖੀ ਕਰ ਸਕੇ| ਉਨ੍ਹਾਂ ਕਿਹਾ ਕਿ ਯੂਰੋਪੀ ਯੂਨੀਅਨ ਨਿੱਜੀ, ਸਮੂਹਿਕ ਤੇ ਵਿਸ਼ੇਸ਼ ਸਿਖਲਾਈ ਦੇਵੇਗਾ| ਜਿਹੜੇ ਮੁਲਕ ਬਲਾਕ ਦਾ ਹਿੱਸਾ ਨਹੀਂ ਹਨ ਉਨ੍ਹਾਂ ਨੂੰ ਵੀ ਸਿਖਲਾਈ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ| ਸ਼ੁਰੂਆਤ ਵਿਚ ਇਸ ਪ੍ਰੋਗਰਾਮ ਦਾ ਮਕਸਦ 15 ਹਜ਼ਾਰ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦੇਣਾ ਹੈ| ਉਮੀਦ ਜਤਾਈ ਜਾ ਰਹੀ ਹੈ ਕਿ ਇਸ ਸਿਖਲਾਈ ਪ੍ਰੋਗਰਾਮ ਮੱਧ ਨਵੰਬਰ ਤੋਂ ਸ਼ੁਰੂ ਹੋ ਸਕਦਾ ਹੈ| ਇਹ ਸਾਰੀਆਂ ਘਟਨਾਵਾਂ ਵਿਸ਼ਵ ਨੂੰ ਤਣਾਅ ਵਿਚ ਲੈ ਆਈਆਂ ਹਨ ਜਿਸ ਕਾਰਣ ਪੂਰੇ ਵਿਸ਼ਵ ਉਪਰ ਜੰਗ ਦਾ ਖਤਰਾ ਮੰਡਰਾਉਣ ਲਗ ਪਿਆ ਹੈ|
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪਾਕਿਸਤਾਨ ਨੂੰ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਦੇ ਪੱਖ ਤੋਂ ਦੁਨੀਆ ਦੇ ਸਭ ਤੋਂ ਖ਼ਤਰਨਾਕ ਦੇਸ਼ਾਂ ਵਿਚੋਂ ਇਕ ਦੱਸਿਆ ਹੈ| ਇਸ ਬਿਆਨ ਨੂੰ ਕੂਟਨੀਤਕ ਮਾਹਿਰ ਕਈ ਦ੍ਰਿਸ਼ਟੀਕੋਣਾਂ ਤੋਂ ਦੇਖ ਰਹੇ ਹਨ| ਇਕ ਦ੍ਰਿਸ਼ਟੀਕੋਣ ਅਨੁਸਾਰ ਅਮਰੀਕਾ ਦੀ ਵਿਦੇਸ਼ ਨੀਤੀ ਵਿਚ ਵੱਡਾ ਵਿਰੋਧਾਭਾਸ ਇਹ ਹੈ ਕਿ ਉਸ ਨੇ ਹੁਣੇ ਹੁਣੇ ਪਾਕਿਸਤਾਨ ਦੀ ਹਵਾਈ ਫ਼ੌਜ ਨੂੰ ਮਜ਼ਬੂਤ ਕਰਨ ਲਈ ਸਾਜ਼ੋ ਸਾਮਾਨ ਮੁਹੱਈਆ ਕਰਵਾਇਆ ਹੈ ਅਤੇ ਦੂਸਰੇ ਪਾਸੇ ਉਸ ਨੂੰ ਖ਼ਤਰਨਾਕ ਦੇਸ਼ ਦੱਸਿਆ ਹੈ| ਮਾਹਿਰ ਇਹ ਸਵਾਲ ਵੀ ਪੁੱਛ ਰਹੇ ਹਨ ਕਿ ਪਾਕਿਸਤਾਨ ਨੂੰ ਖ਼ਤਰਨਾਕ ਦੇਸ਼ ਬਣਾਇਆ ਕਿਸ ਨੇ ਹੈ ਪਾਕਿਸਤਾਨ ਵਿਚਲੇ ਮੌਜੂਦਾ ਹਾਲਾਤ ਲਈ ਅਮਰੀਕਾ ਖ਼ੁਦ ਵੀ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ|
ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਵਿਚ ਸਿਆਸੀ ਸਥਿਤੀ ਬਹੁਤ ਜਟਿਲ ਹੈ| ਕਹਿਣ ਨੂੰ ਤਾਂ ਇਹ ਜਮਹੂਰੀ ਮੁਲਕ ਹੈ ਪਰ ਅਸਲੀ ਤਾਕਤ ਫ਼ੌਜ ਕੋਲ ਹੈ| ਫ਼ੌਜ ਹੀ ਪ੍ਰਧਾਨ ਮੰਤਰੀ ਬਣਾਉਂਦੀ ਅਤੇ ਉਨ੍ਹਾਂ ਨੂੰ ਅਸਤੀਫ਼ੇ ਦੇਣ ਲਈ ਮਜਬੂਰ ਕਰਦੀ ਹੈ| ਫ਼ੌਜ ਅਤੇ ਦੇਸ਼ ਦੀ ਖ਼ੁਫ਼ੀਆ ਏਜੰਸੀ ਇੰਟਰ ਸਰਵਿਸਜ਼ ਇੰਟੈਲੀਜੈਂਸ (ਆਈਐੱਸਆਈ) ਦੀ ਹਕੂਮਤ ਤੇ ਪਕੜ ਏਨੀ ਮਜ਼ਬੂਤ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਕਦਮ ਨਹੀਂ ਚੁੱਕਿਆ ਜਾ ਸਕਦਾ| ਇਸੇ ਕਾਰਨ ਪਾਕਿਸਤਾਨ ਵਿਚ ਜਮਹੂਰੀ ਸੰਸਥਾਵਾਂ ਜਿਨ੍ਹਾਂ ਵਿਚ ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਹੋਰ ਅਦਾਰੇ ਸ਼ਾਮਿਲ ਹਨ, ਦੀ ਕੋਈ ਸਾਖ਼ ਨਹੀਂ ਬਣ ਸਕੀ| ਅਮਰੀਕਾ ਸ਼ੁਰੂ ਤੋਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਿੰਦਾ ਆਇਆ ਹੈ ਅਤੇ ਪਾਕਿਸਤਾਨ ਨੂੰ 1954 ਵਿਚ ਨਾਟੋ ਦੀ ਤਰਜ਼ ਤੇ ਬਣਾਈ ਗਈ ਫ਼ੌਜੀ ਸੰਸਥਾ ਸਾਊਥ ਈਸਟ ਏਸ਼ੀਆ ਟਰੀਟੀ ਆਰਗੇਨਾਈਜੇਸ਼ਨ (ਸੀਟੋ) ਦਾ ਮੈਂਬਰ ਬਣਾਇਆ ਗਿਆ|  ਅਮਰੀਕਾ ਸਾਰੀ ਦੁਨੀਆ ਵਿਚ ਆਪਣੇ ਆਪ ਨੂੰ ਜਮਹੂਰੀਅਤ ਦੇ ਰਖਵਾਲੇ ਵਜੋਂ ਪੇਸ਼ ਕਰਦਾ ਹੈ ਪਰ ਹਕੀਕਤ ਇਹ ਹੈ ਕਿ ਉਹ ਫ਼ੌਜੀ ਤੇ ਤਾਨਾਸ਼ਾਹ ਹਕੂਮਤਾਂ ਦੀ ਹਮਾਇਤ ਕਰਦਾ ਆਇਆ ਹੈ| ਅਮਰੀਕਾ ਦੁਆਰਾ ਸਿਖਲਾਈ ਪ੍ਰਾਪਤ ਜਹਾਦੀਆਂ ਵਿਚੋਂ ਤਾਲਿਬਾਨ, ਅਲ-ਕਾਇਦਾ ਅਤੇ ਹੋਰ ਦਹਿਸ਼ਤਗਰਦ ਜਥੇਬੰਦੀਆਂ ਕਾਇਮ ਹੋਈਆਂ| ਅਮਰੀਕਾ ਤੇ ਚੀਨ ਵਿਚ ਪਾਕਿਸਤਾਨ ਦੀ ਹਕੂਮਤ ਵਿਚ ਪ੍ਰਭਾਵ ਬਣਾ ਕੇ ਰੱਖਣ ਦੇ ਪੱਖ ਤੋਂ ਤਣਾਅ ਹੈ| ਅਮਰੀਕਾ ਭਾਰਤ ਨੂੰ ਇਕ ਬਹੁਤ ਵੱਡੀ ਮੰਡੀ ਵਜੋਂ ਦੇਖਦਾ ਹੈ ਉਹ ਭਾਰਤ ਨਾਲ ਮਿੱਤਰਤਾ ਕਾਇਮ ਕਰਨ ਦਾ ਚਾਹਵਾਨ ਵੀ ਹੈ ਪਰ ਉਹ ਪਾਕਿਸਤਾਨ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ| ਅਮਰੀਕਾ ਵਿਚ ਫ਼ੌਜੀ ਸਾਜ਼ੋ ਸਾਮਾਨ ਬਣਾਉਣ ਵਾਲੀ ਸਨਅਤ ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਟਕਰਾਓ ਬਣਾਈ ਰੱਖਣਾ ਚਾਹੁੰਦੀ ਹੈ| ਇਕ ਬਹੁਤ ਅਲੱਗ ਦ੍ਰਿਸ਼ਟੀਕੋਣ ਤੋਂ ਕੂਟਨੀਤਕ ਮਾਹਿਰ ਪਾਕਿਸਤਾਨ ਵਿਚ ਪ੍ਰਮਾਣੂ ਹਥਿਆਰ ਸੁਰੱਖਿਅਤ ਨਾ ਹੋਣ ਬਾਰੇ ਟਿੱਪਣੀ ਨੂੰ ਰੂਸ-ਯੂਕਰੇਨ ਜੰਗ ਵਿਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਪ੍ਰਮਾਣੂ ਹਥਿਆਰ ਵਰਤਣ ਦੀ ਧਮਕੀ ਨਾਲ ਵੀ ਜੋੜ ਕੇ ਦੇਖ ਰਹੇ ਹਨ| ਵਿਸ਼ਵ ਤਾਕਤ ਹੋਣ ਦੇ ਨਾਤੇ ਅਮਰੀਕਾ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਂਦਿਆਂ ਦੁਨੀਆ ਦੇ ਵੱਖ ਵੱਖ ਖ਼ਿੱਤਿਆਂ ਵਿਚ ਅਮਨ ਕਾਇਮ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ|ਵੈਸੇ ਇਹ ਜਿੰਮੇਵਾਰੀ ਰੂਸ ਤੇ ਚੀਨ ਦੀ ਵੀ ਹੈ|
-ਰਜਿੰਦਰ ਸਿੰਘ ਪੁਰੇਵਾਲ