image caption:

671 ਕਿੱਲੋ ਗੈਰਕਾਨੂੰਨੀ ਡਰੱਗਜ਼ ਬਰਾਮਦ ਕਰਨ ਵਿੱਚ ਟੋਰਾਂਟੋ ਪੁਲਿਸ ਨੂੰ ਮਿਲੀ ਸਫਲਤਾ

ਟੋਰਾਂਟੋ-ਟੋਰਾਂਟੋ ਪੁਲਿਸ ਸਰਵਿਸ ਨੂੰ 671 ਕਿੱਲੋ ਗੈਰਕਾਨੂੰਨੀ ਡਰੱਗਜ਼ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਇਨ੍ਹਾਂ ਵਿੱਚ 520 ਕਿੱਲੋ ਕ੍ਰਿਸਟਲ ਮੈਥਾਮਫੈਟਾਮਾਈਨ ਤੇ 151 ਕਿੱਲੋ ਕੋਕੀਨ ਸ਼ਾਮਲ ਹੈ। ਇੱਕ ਦਿਨ ਵਿੱਚ ਨਸਿ਼ਆਂ ਦੀ ਐਨੀ ਵੱਡੀ ਖੇਪ ਫੜ੍ਹਨ ਦਾ ਸਰਵਿਸ ਦੇ ਇਤਿਹਾਸ ਦਾ ਇਹ ਸੱਭ ਤੋਂ ਵੱਡਾ ਮਾਮਲਾ ਹੈ।
ਅੱਜ ਇੱਕ ਨਿਊਜ਼ ਕਾਨਫਰੰਸ ਵਿੱਚ ਸਪੈਸ਼ਲਾਈਜ਼ਡ ਆਪਰੇਸ਼ਨਜ਼ ਦੇ ਡਿਪਟੀ ਚੀਫ ਪੌਲੀਨ ਗ੍ਰੇਅ ਤੇ ਯੂਨਿਟ ਕਮਾਂਡਰ ਆਫ ਦਾ ਡਰੱਗ ਸਕੁਐਡ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਸਿ਼ਆਂ ਦੀ ਕੀਮਤ 58 ਮਿਲੀਅਨ ਡਾਲਰ ਹੈ।ਟੋਰਾਂਟੋ ਪੁਲਿਸ ਵੱਲੋਂ ਟੋਰਾਂਟੋ ਦੇ ਅਜਿਹੇ ਦੋ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਜਿੱਥੇ ਇਹ ਨਸੇ਼ ਰੱਖੇ ਜਾ ਰਹੇ ਸਨ। ਚਾਰ ਹਫਤਿਆਂ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੋ ਥਾਂਵਾਂ ਲਈ ਸਰਚ ਵਾਰੰਟ ਜਾਰੀ ਕੀਤੇ ਗਏ। ਤਿੰਨ ਗੱਡੀਆਂ ਲੈ ਕੇ 5 ਅਕਤੂਬਰ, 2022 ਨੂੰ ਇਨ੍ਹਾਂ ਥਾਂਵਾਂ ਉੱਤੇ ਛਾਪੇ ਮਾਰੇ ਗਏ ਤੇ ਨਸਿ਼ਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ।
ਇਨ੍ਹਾਂ ਨਸਿ਼ਆਂ ਦੀ ਸਮਗਲਿੰਗ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਇੱਕ ਵਾਰੀ ਇਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਸਮਗਲਿੰਗ ਦੇ ਇਰਾਦੇ ਨਾਲ ਕੋਕੀਨ ਤੇ ਕ੍ਰਿਸਟਲ ਮੈਥਾਮਫੈਟਾਮਾਈਨ ਰੱਖਣ ਲਈ ਚਾਰਜ ਕੀਤਾ ਜਾਵੇਗਾ ਤੇ ਇਨ੍ਹਾਂ ਦੇ ਨਾਂ ਵੀ ਉਦੋਂ ਜਾਰੀ ਕੀਤੇ ਜਾਣਗੇ।
ਟੋਰਾਂਟੋ ਪੁਲਿਸ ਸਰਵਿਸ ਦੇ ਨਾਲ ਡਰੱਗ ਸਕੁਐਡ ਮੇਜਰ ਪ੍ਰੋਜੈਕਟ ਸੈਕਸ਼ਨ ਤੇ ਏਸ਼ੀਅਨ ਆਰਗੇਨਾਈਜ਼ਡ ਕ੍ਰਾਈਮ ਟਾਸਕ ਫੋਰਸ ਵੱਲੋਂ ਰਲ ਕੇ ਇਨ੍ਹਾਂ ਨਸਿ਼ਆਂ ਨੂੰ ਬਰਾਮਦ ਕੀਤਾ ਗਿਆ।ਓਨਟਾਰੀਓ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਫੰਡਾਂ ਸਦਕਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਫ ਓਨਟਾਰੀਓ ਨੇ ਵੀ ਜਾਂਚ ਵਿੱਚ ਟੋਰਾਂਟੋ ਪੁਲਿਸ ਸਰਵਿਸ ਦੀ ਮਦਦ ਕੀਤੀ।