image caption:

Fifa World Cup : ਈਰਾਨ ਦੀ ਟੀਮ ਨੇ ਰਾਸ਼ਟਰੀ ਗੀਤ ਗਾਉਣ ਤੋਂ ਕੀਤਾ ਇਨਕਾਰ

ਈਰਾਨ ਵਿਚ ਸਰਕਾਰ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਈਰਾਨੀ ਫੁੱਟਬਾਲ ਟੀਮ ਨੇ ਅਲ ਰਿਆਨ ਵਿਚ ਇੰਗਲੈਂਡ ਖ਼ਿਲਾਫ਼ ਖੇਡੇ ਗਏ ਫੀਫਾ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਰਾਸ਼ਟਰੀ ਗੀਤ ਨਹੀਂ ਗਾਇਆ। ਖ਼ਲੀਫ਼ਾ ਸਟੇਡੀਅਮ ਵਿਚ ਮੈਚ ਤੋਂ ਪਹਿਲਾਂ ਜਦ ਈਰਾਨ ਦਾ ਰਾਸ਼ਟਰੀ ਗੀਤ ਵੱਜਿਆ ਤਾਂ ਸਾਰੇ ਖਿਡਾਰੀ ਚੁੱਪ ਖੜ੍ਹੇ ਰਹੇ। ਖਿਡਾਰੀ ਜਦ ਮੈਚ ਲਈ ਮੈਦਾਨ 'ਤੇ ਉਤਰੇ ਤਾਂ ਸਾਰੇ ਗੰਭੀਰ ਮੁਦਰਾ ਵਿਚ ਸਨ ਤੇ ਕਾਫੀ ਭਾਵੁਕ ਸਨ। ਈਰਾਨ ਵਿਚ ਮਹਸਾ ਅਮੀਨੀ ਨਾਂ ਦੀ ਇਕ ਮਹਿਲਾ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਜਨਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ। ਅਮੀਨੀ 'ਤੇ ਸਖ਼ਤ ਇਸਲਾਮਿਕ ਡਰੈੱਸ ਕੋਡ ਦਾ ਪਾਲਣ ਨਾ ਕਰਨ ਦਾ ਦੋਸ਼ ਸੀ। ਡਰੈੱਸ ਕੋਡ ਮੁਤਾਬਕ ਅਮੀਨੀ ਨੇ ਹਿਜਾਬ ਨਹੀਂ ਪਹਿਨਿਆ ਸੀ ਜੋ ਉਥੇ ਮਹਿਲਾਵਾਂ ਲਈ ਜ਼ਰੂਰੀ ਹੈ। ਈਰਾਨ ਵਿਚ ਦਰਜਨਾਂ ਹਸਤੀਆਂ, ਅਥਲੀਟਾਂ ਤੇ ਕਲਾਕਾਰਾਂ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁਟਤਾ ਦਿਖਾਈ ਸੀ ਪਰ ਇਹ ਪਹਿਲੀ ਵਾਰ ਸੀ ਜਦ ਰਾਸ਼ਟਰੀ ਫੁੱਟਬਾਲ ਟੀਮ ਨੇ ਅਜਿਹਾ ਕੀਤਾ। ਈਰਾਨ ਦੇ ਟੈਲੀਵੀਜ਼ਨ ਬਰਾਡਕਾਸਟਰਾਂ ਨੇ ਖਿਡਾਰੀਆਂ ਨੂੰ ਰਾਸ਼ਟਰੀ ਗੀਤ ਲਈ ਖੜ੍ਹੇ ਹੁੰਦੇ ਨਹੀਂ ਦਿਖਾਇਆ।