image caption:

ਜ਼ੀਰੋ ਬਿੱਲ ਦੇ ਚੱਕਰ ‘ਚ ਇਕੋ ਘਰ ‘ਚ ਲੱਗਣ ਲੱਗੇ 3-3 ਮੀਟਰ

ਜਦੋਂ ਤੋਂ ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਦੋਂ ਤੋਂ ਜ਼ੀਰੋ ਬਿਲ ਲਿਆਉਣ ਦੇ ਚੱਕਰ ਵਿਚ ਇਕ ਹੀ ਘਰ ਵਿਚ 3-3 ਮੀਟਰ ਲੱਗਣੇ ਸ਼ੁਰੂ ਹੋ ਗਏ ਹਨ। ਪਿਛਲੇ 7 ਮਹੀਨਿਆਂ ਵਿਚ 2.95 ਲੱਖ ਅਰਜ਼ੀਆਂ ਨਵੇਂ ਮੀਟਰ ਲਗਾਉਣ ਪਾਵਰਕਾਮ ਨੂੰ ਮਿਲੀਆਂ ਹਨ।

ਦੱਸ ਦੇਈਏ ਕਿ ਮਾਨ ਸਰਕਾਰ ਵੱਲੋਂ ਮੁਫਤ ਬਿਜਲੀ ਦੀ ਸਕੀਮ 1 ਜੁਲਾਈ ਤੋਂ ਲਾਗੂ ਕੀਤੀ ਗਈ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ 2.95 ਲੱਖ ਨਵੇਂ ਕੁਨੈਕਸ਼ਨਾਂ ਲਈ ਅਰਜ਼ੀਆਂ ਹਾਸਲ ਹੋ ਚੁੱਕੀਆਂ ਹਨ। ਜਦੋਂ ਕਿ ਪਿਛਲੇ ਸਾਲ ਇਨ੍ਹਾਂ ਮਹੀਨਿਆਂ ਵਿਚ ਇਹ ਗਿਣਤੀ 2.20 ਲੱਖ ਸੀ। ਇਸ ਤੋਂ ਸਾਫ਼ ਹੈ ਕਿ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ ਵਿਚ 75 ਹਜ਼ਾਰ ਦਾ ਵਾਧਾ ਹੋ ਗਿਆ ਹੈ।

ਸਤੰਬਰ 2022 ਵਿੱਚ 34 ਹਜ਼ਾਰ ਲੋਕਾਂ ਨੇ ਨਵੇਂ ਮੀਟਰ ਲਗਵਾਉਣ ਲਈ ਸੰਪਰਕ ਕੀਤਾ, ਜਦੋਂ ਕਿ ਸਤੰਬਰ 2021 ਵਿਚ ਇਹ ਅੰਕੜਾ 27778 ਸੀ। ਸਤੰਬਰ ਵਿਚ 10,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪਾਵਰਕੌਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਜੇਕਰ ਇੱਕੋ ਘਰ ਵਿਚ ਦੂਸਰੀ ਰਸੋਈ ਦਾ ਪ੍ਰਬੰਧ ਹੈ ਤਾਂ ਨਵਾਂ ਕੁਨੈਕਸ਼ਨ ਖਪਤਕਾਰ ਲੈ ਸਕਦੇ ਹਨ। ਹੈਰਾਨੀ ਭਰਿਆ ਰੁਝਾਨ ਹੈ ਕਿ ਲੋਕ ਹੁਣ ਜ਼ੀਰੋ ਬਿੱਲ ਦੇ ਲਾਲਚ ਵਿਚ ਖੇਤਾਂ ਵਿਚ ਵੀ ਘਰੇਲੂ ਕੁਨੈਕਸ਼ਨ ਵਾਸਤੇ ਅਪਲਾਈ ਕਰਨ ਲੱਗੇ ਹਨ। ਮੁਫਤ ਬਿਜਲੀ ਕਾਰਨ ਪਰਿਵਾਰ ਵੰਡੇ ਜਾ ਰਹੇ ਹਨ। ਹਰ ਕੋਈ ਵੱਖਰਾ ਮੀਟਰ ਲਗਾਉਣ ਦੀ ਦੌੜ ਵਿਚ ਲੱਗਾ ਹੋਇਆ ਹੈ ਤਾਂ ਜੋ ਉਹ ਮੁਫਤ ਬਿਜਲੀ ਦਾ ਫਾਇਦਾ ਲੈ ਸਕੇ।