image caption: -ਰਜਿੰਦਰ ਸਿੰਘ ਪੁਰੇਵਾਲ

ਆਪ ਸਰਕਾਰ ਦੇ ਬੰਦੂਕ ਸਭਿਆਚਾਰ ਬਾਰੇ ਜਥੇਦਾਰ ਅਕਾਲ ਤਖਤ ਦਾ ਢੁਕਵਾਂ ਸਟੈਂਡ

ਬੀਤੇ ਐਤਵਾਰ ਨੂੰ ਕਪੂਰਥਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਬੰਦੂਕ ਕਲਚਰ ਨੂੰ ਨਿਰਾਸ਼ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਫ਼ਰਤ ਭਰੇ ਭਾਸ਼ਣ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ| ਪੰਜਾਬੀਆਂ ਵਿੱਚ ਸ਼ੁਰੂ ਤੋਂ ਹੀ ਹਥਿਆਰ ਰੱਖਣ ਦਾ ਸ਼ੌਕ ਚਲਦਾ ਆ ਰਿਹਾ ਹੈ ਅਤੇ ਇਹ ਸਿਖ ਸਭਿਆਚਾਰ ਦਾ ਅੰਗ ਵੀ ਰਿਹਾ ਹੈ| ਪਰ ਪੰਜਾਬ ਸਰਕਾਰ  ਲਾਇਸੰਸੀ ਹਥਿਆਰਾਂ ਨੂੰ ਪੰਜਾਬ ਦੇ ਕਰਾਈਮ ਲਈ ਜਿੰਮੇਵਾਰ ਮੰਨਕੇ ਸਖਤੀ ਕਰਕੇ ਲੋਕਾਂ ਦੀ ਸੁਰਖਿਆ ਲਈ ਖਤਰਾ ਬਣ ਰਹੀ ਹੈ| ਇਹ ਜਿਆਦਾਤਰ ਛਾਪੇਮਾਰੀ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਕੀਤੀ ਗਈ ਹੈ| 
ਯਾਦ ਰਹੇ ਕਿ ਬਹੁਤੀ ਸਿਖ ਵਸੋਂ ਪੇਂਡੂ ਇਲਾਕਿਆਂ ਵਿਚ ਰਹਿੰਦੀ ਹੈ| ਇਥੋਂ ਤਕ ਸਿਖ ਇਲਾਕਿਆਂ ਵਿਚੋਂ ਰਵਾਇਤੀ ਸ਼ਸਤਰ ਬਰਾਮਦ ਕੀਤੇ ਹਨ, ਜਿਸਦਾ ਅਧਿਕਾਰ ਸੰਵਿਧਾਨ ਵਲੋਂ ਸਿਖਾਂ ਨੂੰ ਦਿਤਾ ਗਿਆ ਹੈ| ਇਸ ਦਾ ਭਾਈ ਅੰਮ੍ਰਿਤ ਪਾਲ ਸਿੰਘ ਨੇ ਤਿਖਾ ਵਿਰੋਧ ਕੀਤਾ ਹੈ| ਉਸਨੇ ਕਿਹਾ ਹੈ ਕਿ ਜੂਨ 84  ਬਾਅਦ ਸਿਖਾਂ ਨੂੰ ਹਥਿਆਰਾਂ ਰਹਿਤ ਕਰਕੇ ਨਸਲਕੁਸ਼ੀ ਕੀਤੀ ਗਈ ਸੀ| ਜਰਮਨ ਵਿਚ ਹਿਟਲਰ ਨੇ ਯਹੂਦੀਆਂ ਦੀ ਨਸਲਕੁਸ਼ੀ ਪਹਿਲਾਂ ਯਹੂਦੀਆਂ ਨੂੰ ਹਥਿਆਰਾਂ ਰਹਿਤ ਕੀਤਾ ਸੀ| ਅੰਮ੍ਰਿਤ ਪਾਲ ਸਿੰਘ ਦਾ ਸ਼ੱਕ ਠੀਕ ਨਾ ਵੀ ਹੋਵੇ ਤਾਂ ਆਪ ਸਰਕਾਰ ਤੋਂ ਪੁਛਿਆ ਜਾਣਾ ਚਾਹੀਦਾ ਹੈ ਕਿ ਸਰਕਾਰ ਲੋਕਾਂ ਨਾਲ ਅਪਰਾਧੀਆਂ ਵਾਂਗ ਕਿਉਂ ਨਿਬੜ ਰਹੀ ਹੈ| ਦਹਿਸ਼ਤ ਕਿਉਂ ਪਾ ਰਹੀ ਹੈ? ਕੀ ਪੂਰੇ ਭਾਰਤ ਵਿਚ ਕਿਸੇ ਸਟੇਟ ਨੇ ਆਪਣੇ ਲੋਕਾਂ ਉਪਰ ਅਜਿਹੀ ਕਾਰਵਾਈ ਕੀਤੀ ਹੈ?
ਪਿਛਲੇ  ਸਮੇਂ ਦੌਰਾਨ ਪੰਜਾਬ ਵਿੱਚ ਨਸ਼ਾ ਮਾਫੀਆ, ਨਾਜਾਇਜ ਅਸਲੇ ਦੀ ਬਰਾਮਦਗੀ ਦੇ ਕੇਸਾਂ ਵਿੱਚ ਹੋਇਆ ਵਾਧਾ ਇਹ ਦੱਸਦਾ ਹੈ ਕਿ ਪੁਲਿਸ ਇਸ ਸੰਬੰਧੀ ਕਾਰਵਾਈ ਕਰਨ ਤੋਂ ਅਸਫਲ ਰਹੀ ਹੈ| ਇਹ ਠੀਕ ਹੈ ਜੋ ਲਾਇਸੰਸੀ ਹਥਿਆਰ ਰਖਕੇ ਕਨੂੰਨ ਦੀ ਉਲੰਘਣਾ ਕਰਦੇ ਹਨ ਉਹਨਾਂ ਉਪਰ ਕਾਰਵਾਈ ਹੋਣੀ ਚਾਹੀਦੀ ਹੈ| ਪਰ ਇਸ ਦਾ ਮਤਲਬ ਨਹੀਂ ਕਿ ਸਮੂਹ ਪੰਜਾਬ ਉਪਰ ਪੁਲਿਸ ਦੀਆਂ ਧਾੜਾਂ ਚੜ੍ਹਾ ਦਿਤੀਆਂ ਜਾਣ|
ਚਾਹੀਦਾ ਤਾਂ ਇਹ ਹੈ ਕਿ ਹਥਿਆਰਾਂ ਦੀ ਹੋੜ ਨੂੰ ਘੱਟ ਕਰਨ ਲਈ ਉਪਰਾਲੇ ਕੀਤੇ ਜਾਣ ਅਤੇ ਲੋਕਾਂ ਅਤੇ ਮੈਰਿਜ ਪੈਲਿਸਾਂ ਵਿੱਚ ਹਥਿਆਰ ਲੈ ਕੇ ਜਾਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਥੇ ਹਥਿਆਰਾਂ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ| ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਅਤੇ ਸਿੱਖਾਂ ਬਾਰੇ ਝੂਠੇ ਬਿਆਨ ਅਤੇ ਧਾਰਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ| ਉਹਨਾਂ ਨੇ ਦਾਅਵਾ ਕੀਤਾ ਕਿ ਆਪ ਸਰਕਾਰ ਦੇ ਹਥਿਆਰ ਸਭਿਆਚਾਰ ਦੇ ਬਿਰਤਾਂਤ ਨੂੰ ਪੇਸ਼ ਕਰਕੇ ਪੰਜਾਬ ਤੇ ਸਮਾਜ ਦੇ ਅਸਲ ਮੁੱਦਿਆਂ ਤੋਂ ਪਾਸੇ ਕਰ ਰਹੀ ਹੈ ਅਤੇ ਆਪਣੇ ਖਤਰਨਾਕ ਏਜੰਡੇ ਨੂੰ ਅੱਗੇ ਵਧਾਉਣ ਵਲ ਧੱਕ  ਰਹੀ ਹੈ| 
ਜਥੇਦਾਰ ਨੇ ਕਿਹਾ : (ਪੰਜਾਬੀ ਗਾਇਕ ਸ਼ੁਭਦੀਪ ਸਿੰਘ) ਸਿੱਧੂ ਮੂਸੇ ਵਾਲਾ ਨੂੰ ਪੰਜਾਬ ਤੋਂ ਬਾਹਰਲੇ ਗੈਂਗਸਟਰਾਂ ਨੇ ਵਿਦੇਸ਼ੀ ਹਥਿਆਰਾਂ ਨਾਲ ਮਾਰਿਆ ਸੀ, ਪਰ ਸਰਕਾਰ ਵਲੋਂ ਪੰਜਾਬ ਦੇ ਬੰਦੂਕ ਸੱਭਿਆਚਾਰ ਬਾਰੇ ਇੱਕ ਝੂਠਾ ਬਿਰਤਾਂਤ ਸਿਰਜਿਆ ਗਿਆ ਸੀ| ਕਈ ਹੋਰ ਰਾਜਾਂ ਵਿੱਚ ਬੰਦੂਕ ਦੀ ਹਿੰਸਾ ਪੰਜਾਬ ਤੋਂ ਵੱਧ ਹੈ, ਪਰ ਤੁਸੀਂ ਕਦੇ ਨਹੀਂ ਸੁਣਦੇ ਕਿ ਉਥੇ ਬੰਦੂਕ ਸਭਿਆਚਾਰ ਹੈ| ਜਿਵੇਂ ਕਿ ਪੰਜਾਬ ਦੇ ਹਾਈ-ਪ੍ਰੋਫਾਈਲ ਅਪਰਾਧ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਵਰਤੇ ਜਾਂਦੇ ਹਨ, ਪਰ ਸਾਨੂੰ ਸਾਡੇ ਲਾਇਸੰਸਸ਼ੁਦਾ ਹਥਿਆਰਾਂ ਨੂੰ ਸੌਂਪਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਸਰਹੱਦੀ ਰਾਜ ਨੂੰ ਆਪਣੀ ਸੁਰੱਖਿਆ ਲਈ ਰੱਖਣੇ ਚਾਹੀਦੇ ਹਨ|
ਯਾਦ ਰਹੇ ਕਿ ਜਥੇਦਾਰ ਅਕਾਲ ਤਖਤ ਨੇ ਪਿਛਲੇ ਜੂਨ ਵਿੱਚ ਕਿਹਾ ਸੀ  ਸੀ ਕਿ ਗੁਰਦੁਆਰਿਆਂ ਵਿੱਚ ਸ਼ੂਟਿੰਗ ਰੇਂਜਾਂ ਹੋਣੀਆਂ ਚਾਹੀਦੀਆਂ ਹਨ| ਜਥੇਦਾਰ ਨੇ ਕਿਹਾ: ਪਰ ਹੁਣ ਹਥਿਆਰਾਂ ਨਾਲ ਖਿੱਚੀਆਂ ਤਸਵੀਰਾਂ ਅਤੇ ਬੰਦੂਕਾਂ ਬਾਰੇ ਗੀਤਾਂ ਨਾਲ ਰਿਕਾਰਡ ਕੀਤੇ ਵੀਡੀਓ ਪੋਸਟ ਕਰਨ ਲਈ ਵੀ ਸਰਕਾਰ ਵਲੋਂ ਲੋਕਾਂ &rsquoਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ: ਗੰਨ ਕਲਚਰ ਦਾ ਲੇਬਲ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਦੀ ਤਸਵੀਰ ਬਣਾਉਂਦਾ ਹੈ| ਉਹਨਾਂ ਨੇ ਖਿਡੌਣੇ ਵਾਲੀ ਬੰਦੂਕ ਨਾਲ ਤਸਵੀਰ ਪੋਸਟ ਕਰਨ ਲਈ 11 ਸਾਲ ਦੇ ਬੱਚੇ ਦੇ ਖਿਲਾਫ ਅਸਲਾ ਐਕਟ ਦੇ ਕੇਸ ਦੀ ਨਿੰਦਾ ਕੀਤੀ ਸੀ ਅਤੇ  ਕਿਹਾ : ਇਹ ਸਿੱਖਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ| ਫਿਰਕੂ ਤੌਰ ਤੇ ਪੰਜਾਬ ਸਥਿਰ ਹੈ, ਪਰ ਜਾਣ ਬੁਝਕੇ ਪੰਜਾਬ ਵਿਚ ਫਿਰਕੂਵਾਦ ਪੈਦਾ ਕੀਤਾ ਜਾ ਰਿਹਾ ਹੈ| ਇਸ ਸਰਕਾਰੀ ਝੂਠੇ ਪ੍ਰਚਾਰ ਨੇ ਸਿੱਖਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਨੂੰ ਹਵਾ ਦਿੱਤੀ ਹੈ| ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਸਾਡੇ ਵਿਰੁੱਧ ਅਜਿਹਾ ਹੀ ਪ੍ਰਚਾਰ ਕੀਤਾ ਗਿਆ ਸੀ ਤਾਂ ਜੋ ਫੌਜ ਦੀ ਕਾਰਵਾਈ ਲਈ ਜ਼ਮੀਨ ਤਿਆਰ ਕੀਤੀ ਜਾ ਸਕੇ| ਜਥੇਦਾਰ ਅਕਾਲ ਤਖਤ ਸਾਹਿਬ ਦਾ ਆਪ ਸਰਕਾਰ ਦੇ ਗੰਨ ਕਲਚਰ ਬਾਰੇ ਸਟੈਂਡ ਪੰਜਾਬ ਦੇ ਹਿਤ ਵਿਚ ਹੈ| ਉਹਨਾਂ ਦੀ ਅਜਿਹੀ ਅਗਵਾਈ ਦੀ ਸਭ ਨੂੰ ਹਮਾਇਤ ਕਰਨੀ ਚਾਹੀਦੀ ਹੈ| ਪੰਜਾਬ ਨੂੰ ਖਤਰਾ ਨਸ਼ਾ ਮਾਫੀਆ ਤੇ ਨਾਜਾਇਜ਼ ਹਥਿਆਰਾਂ ਤੋਂ ਹੈ, ਜਿਸ ਨੂੰ ਸਰਕਾਰ ਕੰਟਰੋਲ ਕਰਨ ਤੋਂ ਅਸਮਰਥ ਹੈ|