image caption: -ਰਜਿੰਦਰ ਸਿੰਘ ਪੁਰੇਵਾਲ

ਕਾਰਪੋਰੇਟ ਯੁਗ, ਭਾਜਪਾ ਸਰਕਾਰ ਬਨਾਮ ਲੋਕਪਖੀ ਨੀਤੀ

ਭਾਰਤ ਨੂੰ ਕਾਰਪੋਰੇਟ ਦਾ ਵਿਕਾਸ ਕਰਨ ਦੀ ਥਾਂ ਪੂੰਜੀਵਾਦੀ ਸਿਸਟਮ ਦੇ ਵਿਕਾਸ ਵਲ ਵਧਣਾ ਚਾਹੀਦਾ ਹੈ| ਜੇਕਰ ਪੂੰਜੀਪਤੀਆਂ ਦੀ ਗਿਣਤੀ ਵਧ ਹੋਵੇਗੀ ਤਾਂ ਭਾਰਤ ਵਿਚ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ ਨੂੰ ਠਲ ਪਵੇਗੀ| ਕਹਿਣ ਤੋਂ ਭਾਵ ਕਾਰਪੋਰੇਟ ਉਪਰ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ ਹੈ ਨਾ ਕਿ ਕਾਰਪਰੇਟ ਦਾ ਸਰਕਾਰ ਉਪਰ| ਕਾਰਪੋਰੇਟ ਦੇ ਵਿਕਾਸ ਦੀ ਜੜ੍ਹ ਭਾਰਤੀ ਇਲੈਕਸ਼ਨ ਸਿਸਟਮ ਹੈ| ਇਸ ਵਿਚ ਕਾਰਪੋਰੇਟਾਂ ਦੇ ਫੰਡ, ਅਵਾਰਾ ਪੂੰਜੀ ਨੂੰ ਨਥ ਪੈਣੀ ਚਾਹੀਦੀ ਹੈ| ਪਰ ਕਾਰਪਰੇਟ ਦੀ ਅਵਾਰਾ ਪੂੰਜੀ ਕਾਰਣ ਭਾਰਤ ਦੀਆਂ ਸਤਾਧਾਰੀ ਪਾਰਟੀਆਂ, ਰਾਜਨੀਤਕ ਪਾਰਟੀਆਂ ਵਿਕਸਤ ਹੋ ਰਹੀਆਂ ਹਨ| ਭਾਜਪਾ ਦੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟਾਂ ਦੀ ਸਰਕਾਰ ਬਣ ਰਹੀ ਹੈ| ਕਾਰਪੋਰੇਟ ਭਾਜਪਾ ਨੂੰ ਦਿਲ ਖੋਲ੍ਹ ਕੇ ਚੋਣ ਚੰਦਾ ਦੇਣ ਬਦਲੇ ਸਰਕਾਰ ਨੂੰ ਆਪਣੀ ਇਛਾ ਤਹਿਤ ਵਰਤਦੇ ਹਨ, ਜਿਸ ਕਾਰਣ ਲੋਕ ਹਿਤ ਮਨਫੀ ਹੋ ਜਾਂਦੇ ਹਨ| 
ਹੁਣੇ ਜਿਹੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕਸ ਰਿਫਾਰਮਸ ਦੀ ਰਿਪੋਰਟ ਮੁਤਾਬਕ 2021-22 ਵਿੱਚ ਕਾਰਪੋਰੇਟਾਂ ਤੇ ਹੋਰ ਧਨ ਕੁਬੇਰਾਂ ਵੱਲੋਂ ਚੋਣ ਟਰੱਸਟ ਰਾਹੀਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ 487.06 ਕਰੋੜ ਰੁਪਏ ਦਿੱਤੇ ਗਏ ਸਨ| ਇਨ੍ਹਾਂ ਵਿੱਚ ਸਭ ਤੋਂ ਵੱਧ ਭਾਜਪਾ ਨੂੰ 351.50 ਕਰੋੜ ਰੁਪਏ ਦਿੱਤੇ ਗਏ, ਜੋ ਕੁੱਲ ਚੰਦੇ ਦਾ 72.17 ਫ਼ੀਸਦੀ ਬਣਦਾ ਹੈ| ਉਸ ਤੋਂ ਬਾਅਦ ਤੇਲੰਗਾਨਾ ਰਾਸ਼ਟਰ ਸਮਿਤੀ ਨੂੰ 40 ਕਰੋੜ ਰੁਪਏ, ਸਮਾਜਵਾਦੀ ਪਾਰਟੀ ਨੂੰ 27 ਕਰੋੜ ਰੁਪਏ, ਆਮ ਆਦਮੀ ਪਾਰਟੀ ਨੂੰ 21.12 ਕਰੋੜ ਰੁਪਏ, ਵਾਈ ਐੱਸ ਆਰ ਕਾਂਗਰਸ ਨੂੰ 20 ਕਰੋੜ ਰੁਪਏ ਤੇ ਕਾਂਗਰਸ ਪਾਰਟੀ ਨੂੰ 18.44 ਕਰੋੜ ਰੁਪਏ ਮਿਲੇ ਸਨ| ਇਸ ਤੋਂ ਬਿਨਾਂ ਅਕਾਲੀ ਦਲ ਨੂੰ 7 ਕਰੋੜ ਰੁਪਏ, ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਇੱਕ ਕਰੋੜ ਰੁਪਏ, ਗੋਆ ਫਾਰਵਰਡ ਪਾਰਟੀ ਨੂੰ 50 ਲੱਖ ਤੇ ਡੀ ਐੱਮ ਕੇ ਨੂੰ 50 ਲੱਖ ਚੰਦਾ ਮਿਲਿਆ ਸੀ| ਇਸ ਰਿਪੋਰਟ ਮੁਤਾਬਕ 475.80 ਕਰੋੜ ਦਾ ਚੰਦਾ 89 ਕਾਰਪੋਰੇਟਾਂ ਜਾਂ ਕਾਰੋਬਾਰੀ ਘਰਾਣਿਆਂ ਵੱਲੋਂ ਦਿੱਤਾ ਗਿਆ ਹੈ|
ਕਾਰਪੋਰੇਟ ਦੇ ਚੰਦੇ ਕਾਰਣ ਰਾਜਨੀਤਕ ਪਾਰਟੀਆਂ ਭ੍ਰਿਸ਼ਟ ਹੋ ਰਹੀਆਂ ਹਨ ਤੇ ਲੋਕ ਹਿਤ ਤਿਆਗਕੇ ਕਾਰਪਰੇਟ ਪਖੀ ਹੋ ਰਹੀਆਂ ਹਨ| ਜਦ ਕਿ ਜਨਤਾ ਦੇ ਚੰਦੇ ਨਾਲ ਇਲੈਕਸ਼ਨ ਲੜੀ ਜਾਣੀ ਚਾਹੀਦੀ ਹੈ ਤਾਂ ਜੋ ਸਰਕਾਰ ਜਨਤਾ ਨੂੰ ਜੁਆਬਦੇਹ ਹੋਵੇ ਤੇ ਕਾਰਪੋਰੇਟ ਸਰਕਾਰ ਤੇ ਜਨਤਾ, ਕਿਰਤੀਆਂ ਦਾ ਸ਼ੋਸ਼ਣ ਨਾ ਕਰ ਸਕੇ| ਭਾਰਤੀ ਇਲੈਕਸ਼ਨ ਪ੍ਰਬੰਧ ਬਹੁਤ ਸਸਤਾ ਬਣਾਇਆ ਜਾਣਾ ਚਾਹੀਦਾ ਹੈ, ਵੱਡੀਆਂ ਰੈਲੀਆਂ ਉਪਰ ਰੋਕ ਲੱਗਣੀ ਚਾਹੀਦੀ ਹੈ| ਇਸ ਨਾਲ ਹੀ ਕਾਰਪੋਰੇਟ ਦੀਆਂ ਸ਼ੋਸ਼ਣਕਾਰੀ ਨੀਤੀਆਂ ਨੂੰ ਨਥ ਪੈ ਸਕਦੀ ਹੈ| ਪਿਛਲੀ ਮੰਦੀ ਦੌਰਾਨ ਭਾਰਤ ਦੇ ਬਚੇ ਹੋਣ ਦਾ ਕਾਰਣ ਅਰਬਪਤੀਆਂ ਦੀ ਦੌਲਤ ਗਿਣਤੀ ਵਿਚ ਕਮੀ ਸੀ| ਪੂੰਜੀ ਦਾ ਵਿਕਾਸ ਤੇ ਸਰਕਲ ਪੂਰੀ ਜਨਤਾ ਵਿਚ ਘੁੰਮ ਰਿਹਾ ਸੀ| ਭਾਰਤ ਉਦੋਂ, ਗਰੀਬਾਂ, ਕਿਰਤੀਆਂ, ਛੋਟੇ ਦੁਕਾਨਦਾਰਾਂ ਤੇ ਛੋਟੇ ਉਦਯੋਗਪਤੀਆਂ ਦੇ ਪੂੰਜੀ ਵਿਕਾਸ ਕਾਰਣ ਬਚਿਆ| ਪਰ ਕਾਰਪੋਰੇਟ ਭਾਰਤ ਨੂੰ ਬਚਾਉਣ ਵਾਲੇ ਕਿਰਤੀਆਂ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ| ਇਸੇ ਕੰਟਰੋਲ ਨੀਤੀ ਕਾਰਣ ਅਮਰੀਕਾ ਵਿਚ ਭਾਰੀ ਮੰਦੀ ਆਈ ਸੀ ਤੇ ਬੈਂਕ ਫੇਲ ਹੋਏ ਸਨ| ਜੇਕਰ ਕੁਛ ਕਾਰਪੋਰੇਟਾਂ ਦੇ ਹਥ ਵਿਚ ਪੂੰਜੀ ਹੋਵੇਗੀ ਯਕੀਨੀ ਹੈ ਮੰਦੀ, ਬੇਰੁਜਗਾਰੀ ਫੈਲੇਗੀ| ਲਘੂ ਉਦਯੋਗ, ਸਵੈ ਰੁਜਗਾਰ ਤਬਾਹ ਹੋਵੇਗਾ|
ਹੁਣੇ ਜਿਹੇ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਭਾਰਤ ਦੁਨੀਆ ਭਰ ਦੇ ਅਰਬਪਤੀਆਂ ਲਈ ਨਿਵੇਸ਼ ਦਾ ਸਭ ਤੋਂ ਪਸੰਦੀਦਾ ਸਥਾਨ ਬਣ ਰਿਹਾ ਹੈ| ਇਹ ਗੱਲ ਯੂਬੀਐਸ ਬਿਲੀਨੇਅਰ ਐਮਬਿਸ਼ਨ ਰਿਪੋਰਟ 2022 ਵਿੱਚ ਸਾਹਮਣੇ ਆਈ ਹੈ| ਇਹ ਰਿਪੋਰਟ 75 ਦੇਸ਼ਾਂ ਦੇ 2,500 ਤੋਂ ਵੱਧ ਅਰਬਪਤੀਆਂ ਦੇ ਇੰਟਰਵਿਊ ਅਤੇ ਸਰਵੇਖਣਾਂ &rsquoਤੇ ਆਧਾਰਿਤ ਹੈ| ਇਸ ਸਰਵੇਖਣ ਵਿੱਚ ਸ਼ਾਮਲ ਅਰਬਪਤੀਆਂ ਵਿੱਚੋਂ 58% ਨੇ ਨਿਵੇਸ਼ ਲਈ ਭਾਰਤ ਨੂੰ ਚੁਣਿਆ ਹੈ, ਜਦੋਂ ਕਿ 42% ਚੀਨ ਨੂੰ ਇੱਕ ਬਿਹਤਰ ਬਦਲ ਮੰਨਦੇ ਹਨ| ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ 5 ਸਾਲਾਂ ਵਿੱਚ ਏਸ਼ੀਆ ਵਿੱਚ ਨਿਵੇਸ਼ ਦੀ ਅਥਾਹ ਸੰਭਾਵਨਾ ਹੈ ਅਤੇ ਊਰਜਾ ਖੇਤਰ ਇਸ ਵਿੱਚ ਸਭ ਤੋਂ ਵਧੀਆ ਹੈ|
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਮਕਾਜੀ ਨੌਜਵਾਨਾਂ ਦੀ ਆਬਾਦੀ ਦੇ ਆਧਾਰ ਤੇ ਆਰਥਿਕ ਵਿਕਾਸ ਦਰ ਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ| ਦੁਨੀਆ ਭਰ ਦੇ ਅਰਬਪਤੀ ਇਸ ਮਜ਼ਬੂਤ ਆਰਥਿਕ ਵਿਕਾਸ ਦਰ ਕਾਰਨ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ| ਇੰਨਾ ਹੀ ਨਹੀਂ ਦੁਨੀਆ ਜਿੱਥੇ ਅਰਬਪਤੀਆਂ ਦੀ ਗਿਣਤੀ ਘੱਟ ਰਹੀ ਹੈ| ਜਦਕਿ ਭਾਰਤ ਵਿੱਚ ਇਹ ਵੱਧ ਰਿਹਾ ਹੈ| ਇੱਥੇ ਅਰਬਪਤੀਆਂ ਦੀ ਗਿਣਤੀ 2021 ਦੇ ਮੁਕਾਬਲੇ 2022 ਵਿੱਚ 140 ਤੋਂ ਵੱਧ ਕੇ 166 ਹੋ ਗਈ ਹੈ| ਦੁਨੀਆ ਭਰ ਦੇ 42% ਅਰਬਪਤੀਆਂ ਦਾ ਮੰਨਣਾ ਹੈ ਕਿ ਸਰਕਾਰਾਂ ਨੂੰ ਸਮਾਰਟ ਖੇਤੀਬਾੜੀ, ਗਰੀਬੀ ਦੂਰ ਕਰਨ, ਪੀਣ ਵਾਲੇ ਸਾਫ਼ ਪਾਣੀ ਅਤੇ ਸੈਨੀਟੇਸ਼ਨ &rsquoਤੇ ਧਿਆਨ ਦੇਣਾ ਚਾਹੀਦਾ ਹੈ| ਪਰ ਮੋਦੀ ਸਰਕਾਰ ਨੂੰ ਕਾਰਪਰੇਟ ਉਪਰ ਸਰਕਾਰੀ ਕੰਟਰੋਲ ਕਰਨ ਦੀ ਲੋੜ ਹੈ ਤੇ ਖੇਤੀ ਇੰਡਸਟਰੀ, ਖੇਤੀ ਵਸਤਾਂ, ਖੇਤੀਬਾੜੀ, ਡੇਅਰੀ ਉਦਯੋਗ ਨੂੰ ਕਾਰਪੋਰੇਟ ਸਿਸਟਮ ਤੋਂ ਪਰੇ ਰਖਣ ਦੀ ਲੋੜ ਹੈ| ਇਸ ਉਪਰ ਸਰਕਾਰ ਦਾ ਕੰਟਰੋਲ ਚਾਹੀਦਾ ਹੈ ਤਾਂ ਜੋ ਭਾਰਤ ਵਿਚ ਭੁਖਮਰੀ ਨਾ ਫੈਲੇ ਤੇ ਜਰੂਰੀ ਵਸਤਾਂ ਦੀ ਕਮੀ ਨਾ ਆਵੇ|ਪੰਜਾਬ ਸਰਕਾਰ ਨੂੰ ਖੇਤੀ ਸਿਸਟਮ, ਇੰਡਸਟਰੀ, ਡੇਅਰੀ ਉਦਯੋਗ ਵਲ ਧਿਆਨ ਦੇਣ ਦੀ ਲੋੜ ਹੈ ਤੇ ਇਸ ਬਾਰੇ ਨੀਤੀ ਲੋਕ ਪਖੀ ਹੋਵੇ|
ਨਿਊ ਵਰਲਡ ਆਰਡਰ ਤਹਿਤ ਕਾਰਪੋਰੇਟ ਸੰਸਾਰ ਦੇ ਫੂਡ ਖੇਤੀਬਾੜੀ ਉਪਰ ਕਬਜਾ ਕਰ ਲਵੇਗਾ| ਜੇਕਰ ਪੰਜਾਬ ਦੇ ਲੋਕ ਖੇਤੀਬਾੜੀ ਨੂੰ ਕਾਰਪੋਰੇਟ ਤੋਂ ਬਚਾ ਗਏ ਤੇ ਉਹ ਨਿਊ ਵਰਲਡ ਆਰਡਰ ਦੇ ਬਦਲ ਵਜੋਂ ਗੁਰੂ ਨਾਨਕ ਸਾਹਿਬ ਦਾ ਵਿਸਮਾਦ ਜਿਸ ਵਿਚ ਭਾਈ ਲਾਲੋ ਦਾ ਬੋਲਬਾਲਾ ਹੈ, ਨੂੰ ਪ੍ਰਫੁਲਤ ਕਰ ਸਕੇ ਤਾਂ ਪੰਜਾਬ ਦੁਨੀਆਂ ਨੂੰ ਸੇਧ ਦੇਣ ਵਿਚ ਕਾਮਯਾਬ ਹੋਵੇਗਾ| ਪੰਜਾਬ ਕਦੇ ਭੁਖਾ ਨਹੀਂ ਮਰੇਗਾ| ਪੰਜਾਬ ਦੀ ਆਰਥਿਕਤਾ ਗੁਰੂ ਨਾਨਕ ਸਾਹਿਬ ਦੀ ਸੋਚ ਅਪਨਾਕੇ ਬਚੇਗੀ| ਬੇਰੁਜ਼ਗਾਰੀ ਇਸ ਮਿਸ਼ਨ ਉਪਰ ਪਹਿਰੇਦਾਰੀ ਨਾਲ ਖਤਮ ਹੋਵੇਗੀ| ਪੰਜਾਬੀਆਂ ਦਾ ਪਰਵਾਸ ਇਸ ਸੋਚ ਤਹਿਤ ਰੁਕੇਗਾ| ਕਿਰਤ, ਸਾਂਝੇ ਪਰਿਵਾਰ ਤੇ ਸਾਂਝੀਵਾਲਤਾ ਪੰਜਾਬ ਦੀ ਸ਼ਕਤੀ ਤੇ ਬਹਾਰ ਹਨ|
-ਰਜਿੰਦਰ ਸਿੰਘ ਪੁਰੇਵਾਲ