image caption: -ਰਜਿੰਦਰ ਸਿੰਘ ਪੁਰੇਵਾਲ

ਸਿੱਖ ਫੌਜੀਆਂ ਲਈ ਬਣਾਏ ਜਾ ਰਹੇ ਹੈਲਮੈਟ ਬਾਰੇ ਖਾਲਸਾ ਪੰਥ ਦੇ ਪ੍ਰਤੀਕਰਮ ਬਾਰੇ ਭਾਰਤ ਸਰਕਾਰ ਦੀ ਚੁਪੀ

ਬੀਤੇ ਦਿਨੀ ਭਾਰਤ ਸਰਕਾਰ ਵੱਲੋਂ ਸਿੱਖ ਫੌਜੀਆਂ ਲਈ ਬਣਵਾਏ ਜਾ ਰਹੇ ਖ਼ਾਸ ਹੈਲਮੇਟਾਂ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ, ਸ੍ਰੋਮਣੀ ਕਮੇਟੀ ਤੇ ਹੋਰਨਾਂ ਸਿਖ ਆਗੂਆਂ ਨੇ ਇਤਰਾਜ਼ ਪ੍ਰਗਟਾਇਆ ਸੀ| ਪਰ ਭਾਰਤ ਸਰਕਾਰ ਦੀ ਚੁਪੀ ਦਰਸਾ ਰਹੀ ਹੈ ਕਿ ਉਹ ਫੈਸਲਾ ਸਿਖਾਂ ਦੀ ਸਹਿਮਤੀ ਤੋਂ ਬਿਨਾਂ ਕਰਨਾ ਚਾਹੁੰਦੀ ਹੈ| ਇਸ ਸਬੰਧੀ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਾਡੀ ਪਹਿਚਾਣ ਦੀ ਪ੍ਰਤੀਕ ਦਸਤਾਰ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ, ਇਹ ਸਾਡੀ ਪਹਿਚਾਣ ਨੂੰ ਖ਼ਤਮ ਕਰਨ ਦੇ ਯਤਨ ਵਜੋਂ ਦੇਖਿਆ ਜਾਵੇਗਾ ਤੇ ਨਾ ਹੀ ਪੰਥ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰੇਗਾ| ਉਨ੍ਹਾਂ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਅਜਿਹੇ ਯਤਨ ਅੰਗਰੇਜ਼ ਸਰਕਾਰ ਨੇ ਵੀ ਸਿੱਖ ਫੌਜੀਆਂ ਲਈ ਕੀਤੇ ਸਨ| ਉਸ ਸਮੇਂ ਸਿੱਖ ਫੌਜੀਆਂ ਨੇ ਅੰਗਰੇਜ਼ ਹਕੂਮਤ ਦੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ| ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖਾਂ ਨੇ ਦਸਤਾਰਾਂ ਸਜਾ ਕੇ ਆਪਣੀ ਬਹਾਦੁਰੀ ਦਿਖਾਈ| 1965, 1962 ਤੇ 71 ਦੀਆਂ ਜੰਗਾਂ ਵਿਚ ਵੀ ਸਿੱਖ ਸਿਪਾਹੀਆਂ ਨੇ ਦਸਤਾਰਾਂ ਸਜਾ ਕੇ ਵੈਰੀਆਂ ਨੂੰ ਜਵਾਬ ਦਿੱਤਾ, ਪਰ ਲੋਹ ਟੋਪ ਜਾਂ ਹੈਲਮੇਟ ਬਿਲਕੁਲ ਨਹੀਂ ਪਹਿਨਿਆ| ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਮੰਦਭਾਗੀ ਗੱਲ ਹੈ ਕਿ ਕੁਝ ਸੰਸਥਾਵਾਂ ਵੀ ਹੈਲਮੇਟ ਪਹਿਨਣ ਨੂੰ ਪ੍ਰਮੋਟ ਕਰ ਰਹੀਆਂ ਹਨ| ਉਨ੍ਹਾਂ ਆਖਿਆ ਕਿ ਇਸ ਬਾਰੇ ਇੱਕ ਵੈੱਬਸਾਈਟ ਬਣਾ ਦਿੱਤੀ ਗਈ ਹੈ ਜੋ ਕਿ ਸਿੱਖਾਂ ਵਿਚਕਾਰ ਹੈਲਮੈਟ ਨੂੰ ਪ੍ਰਮੋਟ ਕਰਨ ਦਾ ਯਤਨ ਕਰ ਰਹੀ ਹੈ ਤੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਅਕਾਲ ਤਖ਼ਤ ਜਥੇਦਾਰ ਨੇ ਕਿਹਾ ਸੀ ਕਿ ਭਾਰਤ ਸਰਕਾਰ ਤੇ ਭਾਰਤੀ ਫੌਜ ਦੇ ਅਫ਼ਸਰਾਂ ਨੂੰ ਇਸ ਮਸਲੇ &rsquoਤੇ ਗੌਰ ਕਰਨਾ ਚਾਹੀਦਾ ਹੈ|
ਬੀਤੇ ਦਿਨੀਂਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਸੀ| ਉਨ੍ਹਾਂ ਕਿਹਾ ਸੀ ਕਿ ਸਿੱਖ ਫ਼ੌਜੀਆਂ ਨੂੰ ਲੋਹ ਟੋਪ ਪਾਉਣ ਵਾਲਾ ਫੈਸਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਵੱਡੀ ਸੱਟ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵਖ ਵਖ ਬਿਆਨਾਂ ਰਾਹੀਂ ਭਾਰਤੀ ਫੌਜ ਵਿਚ ਸ਼ਾਮਿਲ ਸਿੱਖ ਰੈਜਮੈਂਟਾਂ ਨੂੰ ਹੈਲਮੈਟ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਨਿੰਦਾ ਕੀਤੀ ਸੀ| ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਮਾਮਲੇ ਵਿਚ ਆਪ ਦਖਲ ਦੇ ਕੇ ਇਹ ਫੈਸਲਾ ਵਾਪਸ ਕਰਵਾਉਣ|
ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖ ਫੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਯੋਜਨਾ ਨਾਲ ਵੱਡੀ ਗਿਣਤੀ ਵਰਗ ਸਹਿਮਤ ਨਹੀਂ ਹਨ| ਇਸ ਯੋਜਨਾ ਖ਼ਿਲਾਫ਼ ਹੁਣ ਸਾਬਕਾ ਫੌਜੀ ਵੀ ਨਿੱਤਰ ਆਏ ਹਨ| ਸੇਵਾਮੁਕਤ ਕਰਨਲ ਦਰਸ਼ਨ ਸਿੰਘ ਬਾਵਾ (ਪਿੰਗਲਵਾੜੇ ਦੇ ਪ੍ਰਸ਼ਾਸਕ) ਨੇ ਕਿਹਾ ਕਿ ਗੁਰੂਕਾਲ ਤੋਂ ਹੀ ਸਿੱਖ ਫੌਜੀ ਦਸਤਾਰਾਂ ਪਹਿਨ ਕੇ ਜੰਗ ਲੜਦੇ ਆਏ ਹਨ| ਮੁਗਲ ਕਾਲ ਤੋਂ ਅੰਗਰੇਜ਼ਾਂ ਦੇ ਰਾਜ ਤਕ, ਵਿਸ਼ਵ ਜੰਗ ਤੇ ਫਿਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਈਆਂ ਜੰਗਾਂ ਵਿੱਚ ਵੀ ਸਿੱਖ ਫੌਜੀਆਂ ਨੇ ਦਸਤਾਰਾਂ ਬੰਨ੍ਹ ਕੇ ਹੀ ਲੜਾਈਆਂ ਲੜੀਆਂ ਹਨ| ਇਹ ਸਮਝ ਤੋਂ ਬਾਹਰ ਹੈ ਕਿ ਇਸ ਯੋਜਨਾ ਪਿੱਛੇ ਕਿਸ ਦਾ ਹੱਥ ਹੈ| ਉਨ੍ਹਾਂ ਦੱਸਿਆ ਕਿ ਕਿਸੇ ਵੀ ਸਿੱਖ ਰੈਜੀਮੈਂਟ ਵੱਲੋਂ ਇਸ ਸਬੰਧੀ ਮੰਗ ਨਹੀਂ ਕੀਤੀ ਗਈ| ਸੇਵਾਮੁਕਤ ਕਰਨਲ ਐਚ ਪੀ ਸਿੰਘ ਨੇ ਕਿਹਾ ਕਿ ਹੈਲਮੇਟ ਸਿਰਫ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਫੌਜੀਆਂ ਲਈ ਹੋਣਾ ਚਾਹੀਦਾ ਹੈ| ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਦਸਤਾਰ ਨਾਲੋਂ ਹੈਲਮੇਟ ਵਧੇਰੇ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ| ਇਹ ਸਿੱਖ ਫੌਜੀਆਂ ਦੀ ਵਰਦੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸ਼ਾਂਤੀ ਵਾਲੇ ਇਲਾਕਿਆਂ ਵਿੱਚ ਡਿਊਟੀ ਨਿਭਾ ਰਹੇ ਫੌਜੀਆਂ ਲਈ ਲਾਜ਼ਮੀ ਹੋਣਾ ਚਾਹੀਦਾ ਹੈ| ਜਥੇਬੰਦੀ ਯੂਨਾਈਟਿਡ ਸਿੱਖ ਇੰਡੀਆ ਦੇ ਡਾਇਰੈਕਟਰ ਅਤੇ ਗਲੋਬਲ ਸਿੱਖ ਕੌਂਸਲ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ| ਸਰਕਾਰ ਸਿੱਖ ਫੌਜੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਅਜਿਹਾ ਫੈਸਲਾ ਕਿਵੇਂ ਲੈ ਸਕਦੀ ਹੈ| ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿੱਚ ਸਿੱਖ ਫੌਜੀਆਂ ਨੂੰ ਦਸਤਾਰ ਪਹਿਨਣ ਦੀ ਆਗਿਆ ਦਿੱਤੀ ਗਈ ਹੈ| ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਵੇਰਕਾ ਦਾ ਵਿਚਾਰ ਹੈ ਕਿ ਹੈਲਮੇਟ ਸਿੱਖ ਫ਼ੌਜੀਆਂ ਲਈ ਲਾਜ਼ਮੀ ਨਹੀਂ ਹੋਣਾ ਚਾਹੀਦਾ ਪਰ ਇਕ ਵਿਕਲਪ ਹੋ ਸਕਦਾ ਹੈ| ਇਹ ਵਿਕਲਪ ਅੰਮ੍ਰਿਤਧਾਰੀ ਫੌਜੀ ਦੀ ਆਪਣੀ ਮਰਜ਼ੀ &rsquoਤੇ ਨਿਰਭਰ ਹੋਣਾ ਚਾਹੀਦਾ ਹੈ| ਜੇਕਰ ਕੋਈ ਫੌਜੀ ਪਾਉਣਾ ਚਾਹੇ ਤਾਂ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਸ ਨੂੰ ਪਹਿਨ ਸਕਦਾ ਹੈ|
ਪੰਥਕ ਆਗੂਆਂ ਤੋਂ ਵਖਰੀ ਰਾਇ ਦਿੰਦਿਆਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਜਦੋਂ ਵੀ ਸਿੱਖਾਂ ਨੂੰ ਪੱਗ ਉਤਾਰ ਕੇ ਹੈਲਮੈਟ ਪਾਉਣ ਲਈ ਕਿਹਾ ਗਿਆ ਸੀ ਤਾਂ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਹੈ| ਜੋ ਹੈਲਮੈਟ ਆ ਰਿਹਾ ਹੈ, ਉਹ ਸਿੱਖਾਂ ਨੂੰ ਦਸਤਾਰ ਦੇ ਉਪਰ ਦੀ ਪਾਉਣ ਲਈ ਕਿਹਾ ਜਾ ਰਿਹਾ ਹੈ| ਇਸ ਹੈਲਮੈਟ ਲਈ ਤੁਸੀਂ ਦਸਤਾਰ ਉਤਾਰਨੀ ਨਹੀਂ ਹੈ| ਇਹ ਕੋਸ਼ਿਸ਼ ਗਲਤ ਨਹੀਂ ਹੈ|
ਦੱਸ ਦੇਈਏ ਕਿ ਭਾਰਤ ਵਿੱਚ ਇੱਕ ਕੰਪਨੀ ਵੱਲੋਂ ਵਿਸ਼ੇਸ਼ ਤੌਰ ਉੱਤੇ ਸਿੱਖ ਫੌਜੀਆਂ ਲਈ ਜੰਗਜੂ ਹੈਲਮੇਟ ਡਿਜ਼ਾਈਨ ਕੀਤੇ ਗਏ ਸਨ, ਜਿਸ ਦੇ ਲਈ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਕੰਪਨੀ ਨੂੰ ਕਰੀਬ 12 ਹਜ਼ਾਰ ਅਜਿਹੇ ਹੈਲਮੇਟਾਂ ਲਈ ਆਰਡਰ ਵੀ ਦੇ ਦਿੱਤਾ ਸੀ| ਭਾਰਤ ਵਿੱਚ ਪਿਛਲੇ ਸਾਲ 2022 ਵਿੱਚ ਕਾਨਪੁਰ ਆਧਾਰਿਤ ਐੱਮਕੇਯੂ ਕੰਪਨੀ ਨੇ ਸਿੱਖ ਫੌਜੀਆਂ ਦੇ ਸਿਰਾਂ ਤੇ ਪਾਉਣ ਲਈ ਹੈੱਡਗੇਅਰ ਬਣਾਉਣ ਦਾ ਦਾਅਵਾ ਕੀਤਾ ਸੀ| ਇਹ ਕੰਪਨੀ ਡਿਫੈਂਸ ਨਾਲ ਜੁੜੇ ਸਾਜੋ ਸਮਾਨ ਤਿਆਰ ਕਰਦੀ ਹੈ| ਉਨ੍ਹਾਂ ਦੀ ਵੈਬਸਾਈਟ ਮੁਤਾਬਕ, ਕੰਪਨੀ ਨੇ ਸਮਾਰਟ ਡਿਜ਼ਾਈਨ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ, Kavro S38 ੧੧੧ T ਇੱਕ ਵਿਸ਼ੇਸ਼ ਬੈਲਿਸਟਿਕ ਹੈਲਮੇਟ ਹੈ ਜੋ ਸਿੱਖ ਫੌਜੀਆਂ ਵੱਲੋਂ ਡਿਊਟੀ ਵੇਲੇ ਪਹਿਨਣ ਲਈ ਤਿਆਰ ਕੀਤਾ ਗਿਆ ਹੈ| ਇਸ ਦੀ ਖ਼ਾਸੀਅਤ ਇਹ ਹੈ ਕਿ ਹਰ ਤਰ੍ਹਾਂ ਦੇ ਜੰਗਜੂ ਮਾਹੌਲ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ| ਇਸ ਨੂੰ ਸਿਰ ਦੇ ਆਕਾਰ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ| ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਹੈਲਮੇਟ 40 ਫੀਸਦੀ ਦਿਮਾਗ਼ੀ ਸੱਟ ਨੂੰ ਘਟਾ ਸਕਦਾ ਹੈ| ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਮਸਲਾ ਪੰਥਕ ਧਿਰਾਂ ਤੇ ਸਿਖ ਫੌਜੀਆਂ ਦੀ ਸਹਿਮਤੀ ਨਾਲ ਕਰੇ|
-ਰਜਿੰਦਰ ਸਿੰਘ ਪੁਰੇਵਾਲ