image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਜਗਤ ਗੁਰੂ, ਗੁਰੂ ਨਾਨਕ ਸਾਹਿਬ ਦੀ ਪਦ-ਪਦਵੀ ਬਾਰੇ ਫੈਲਾਈਆਂ ਜਾ ਰਹੀਆਂ ਬੇ-ਬੁਨਿਆਦ ਤੇ ਗੁੰਮਰਾਹਕੁੰਨ ਅਫਵਾਹਾਂ ਤੋਂ ਗੁਰੂ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ !

ਇਕ ਸ਼ਰੀਅਤ ਕਟ ਦਾਹੜੀ (ਮੁੱਛਾਂ ਮੁੰਨੀਆਂ ਹੋਈਆਂ ਦਾਹੜੀ ਰੱਖੀ ਹੋਈ) ਵਾਲੇ ਵਿਅਕਤੀ ਵੱਲੋਂ ਸੋਸ਼ਲ ਮੀਡੀਏ ਤੇ ਪਾਈ ਇਕ ਵੀਡੀਉ ਕਲਿੱਪ ਮੇਰੇ ਇਕ ਸੱਜਣ ਨੇ ਮੇਰੇ ਵੱਟਸ ਐੱਪ ਤੇ ਭੇਜੀ ਹੈ ਅਤੇ ਨਾਲ ਹੀ ਇਸ ਦਾ ਜੁਆਬ ਲਿਖਣ ਲਈ ਕਿਹਾ ਹੈ । ਸ਼ਰੀਅਤ ਕਟ ਦਾਹੜੀ ਵਾਲਾ ਵਿਅਕਤੀ ਉਸ ਵੀਡੀਉ ਕਲਿੱਪ (ਉਹ ਵੀਡੀਉ ਸਬੂਤ ਵਜੋਂ ਲੇਖ ਦੇ ਨਾਲ ਹੀ ਭੇਜ ਰਿਹਾ ਹਾਂ) ਵਿੱਚ ਜੋ ਉਰਦੂ ਵਿੱਚ ਬੋਲ ਰਿਹਾ ਹੈ, ਉਸ ਦਾ ਸਾਰ ਅੰਸ਼ ਹੇਠ ਲਿਖੇ ਅਨੁਸਾਰ ਹੈ : ਸਿੱਖਾਂ ਔਰ ਮੁਸਲਮਾਨਾਂ ਦਰਮਿਆਨ ਏਕ ਕੌਂਟਰਵਰਸੀ (ਚੂਞਥੜੂÍੲੜਸ਼ਯ) ਚੱਲ ਰਹੀ ਹੈ ਕਿ ਗੁਰੂ ਨਾਨਕ ਮੁਸਲਮਾਨ ਹੋਇ ਜਾਂ ਨਹੀਂ ? ਸਿੱਖੋਂ ਦਾ ਦਾਅਵਾ ਹੈ ਕਿ ਉਹ ਮੁਸਲਮਾਨ ਨਹੀਂ ਹੋਏ, ਮੁਸਲਮਾਨੋਂ ਕਾ ਦਾਅਵਾ ਹੈ ਕਿ ਉਹ ਮੁਸਲਮਾਨ ਹੋ ਗਏ ਥੇ (ਨੋਟ ਸ਼ਰੀਅਤ ਦਾਹੜੀ ਵਾਲੇ ਵਿਅਕਤੀ ਨੇ ਗੁਰੂ ਨਾਨਕ ਦੇ ਮੁਸਲਮਾਨ ਹੋਣ ਦਾ ਕੋਈ ਲਿਖਤੀ ਸਬੂਤ ਨਹੀਂ ਦਿੱਤਾ, ਉਹ ਕੇਵਲ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਹੀ ਬੋਲ ਰਿਹਾ ਹੈ) ਅੱਗੇ ਚੱਲਕੇ ਉਹ ਵਿਅਕਤੀ ਆਖ ਰਿਹਾ ਹੈ ਕਿ : ਹੋਆ ਇਹ ਕਿ ਉਹ ਮੱਕਾ ਮਦੀਨੇ ਗਏ ਹੀ ਮੁਸਲਮਾਨ ਹੋਨੇ ਕੇ ਬਾਅਦ, ਕਿਉਂਕਿ ਗੈਰ-ਮੁਸਲਮਾਨ ਮੱਕੇ-ਮਦੀਨੇ ਮੇਂ ਦਾਖਲ ਨਹੀਂ ਹੋ ਸਕਦਾ । (ਨੋਟ-ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਨਾਨਕ ਵੇਸ ਭੂਸ਼ਾ ਵਿੱਚ ਵਿਸ਼ਵਾਸ਼ ਨਹੀਂ ਸੀ ਰੱਖਦੇ, ਲੋੜ ਅਨੁਸਾਰ ਵਸਤਰ ਪਹਿਨ ਲੈਂਦੇ ਸਨ) ਗੱਲ ਤਾਂ ਇਹ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮੱਕੇ-ਮਦੀਨੇ ਗਏ ਤਾਂ ਉਦੋਂ ਉਥੇ ਗੈਰ-ਮੁਸਲਮਾਨ ਨੂੰ ਜਾਣ ਦੀ ਮਨਾਹੀ ਨਹੀਂ ਸੀ । ਦੂਸਰਾ ਮੱਕਾ ਸ਼ਹਿਰ ਹੈ ਤੇ ਮੂਕਦਸ ਕਾਅਬਾ ਮੱਕੇ ਸ਼ਹਿਰ ਦੇ ਅੰਦਰ ਸਥਿਤ ਹੈ । ਗੁਰੂ ਨਾਨਕ ਦੀ ਕਾਜ਼ੀਆਂ ਨਾਲ ਗੋਸ਼ਟਿ ਕਾਅਬੇ ਤੋਂ ਬਾਹਰ ਮੱਕੇ ਸ਼ਹਿਰ ਦੀ ਉਸ ਮਸਜਿਦ ਵਿੱਚ ਹੋਈ, ਜਿਥੇ ਮੱਕੇ ਸ਼ਹਿਰ ਵਿੱਚ ਬਾਹਰੋਂ ਆਉਣ ਵਾਲੇ ਯਾਤਰੂ ਠਹਿਰਦੇ ਸਨ । ਮੱਕੇ ਮਦੀਨੇ ਦੀ ਗੋਸ਼ਟਿ ਦਾ ਜ਼ਿਕਰ ਅੱਗੇ ਚੱਲਕੇ ਕਰਾਂਗੇ । ਸ਼ਰਈਕਟ ਦਾਹੜੀ ਵਾਲਾ ਹੋਰ ਕਹਿੰਦਾ ਹੈ ਕਿ ਉਹ (ਗੁਰੂ ਨਾਨਕ) ਮੱਕੇ ਮਦੀਨੇ ਮੇਂ ਮੁਸਲਮਾਨ ਹੋਨੇ ਕੇ ਬਾਅਦ ਬਗ਼ਦਾਦ ਆਏ, ਬਗ਼ਦਾਦ ਮੇਂ ਉਨ ਕਾ ਇੰਤਕਾਲ (ਦੇਹਾਂਤ) ਹੋ ਗਿਆ ਔਰ ਬਗ਼ਦਾਦ ਮੇਂ ਹੀ ਉਨਕੀ ਕਬਰ ਹੈ । ਇਸ ਤਰੀਖੀ ਹਕੀਕਤ ਜੋ ਸਿੱਖ ਹੈ ਉਹ ਛੁਪਾਤੇ ਹੈ, ਯਹੀ ਵਜ੍ਹਾ ਹੈ ਕਿ ਕਰਤਾਰਪੁਰ ਜੋ ਜਗਹ ਹੈ ਵਹਾਂ ਸਿੱਖੋਂ ਔਰ ਮੁਸਲਮਾਨੋਂ ਕਾ ਝਗੜਾ ਹੂਆ ਥਾ, ਸਿੱਖੋਂ ਨੇ ਕਹਾ ਹਮ ਜਲਾਏਂਗੇ, ਮੁਸਲਮਾਨੋਂ ਨੇ ਕਹਾ ਹਮ ਜਨਾਜ਼ਾ ਪੜਾਏਂਗੇ, ਜਬ ਦੋਨੋਂ ਜਮਾਤੇਂ ਆਪਸ ਵਿੱਚ ਲੜ ਰਹੀ ਥੀਂ, ਤੋ ਯਹਾਂ ਜਨਾਜ਼ਾ ਪੜਾ ਥਾ ਚਾਦਰ ਹਟਾ ਕੇ ਦੇਖਾ ਤੋ ਵਹਾਂ ਫੂਲੋਂ ਦਾ ਢੇਰ ਪੜ੍ਹਾ ਥਾ ਤੋ ਸਰੀਰ ਗਾਇਬ, ਉਹ ਫੂਲ ਬਨ ਗਏ, ਉਨਕਾ ਵਜੂਦ ਅਲਾਹ ਨੇ ਗਾਇਬ ਕਰ ਦੀਆ ਤਾਂ ਕਿ ਝਗੜਾ ਖ਼ਤਮ ਹੋ ਜਾਏ, ਸ਼ਰਈਕਟ ਦਾਹੜੀ ਵਾਲੇ ਵਿਅਕਤੀ ਦਾ ਉੱਪਰ ਦੱਸੀ ਕਹਾਣੀ ਦਾ ਆਪਣੇ ਆਪ ਵਿੱਚ ਝੂਠ ਨੰਗਾ ਹੋ ਕੇ ਸੱਚ ਸਾਹਮਣੇ ਆ ਜਾਂਦਾ ਹੈ, ਕਿਉਂਕਿ ਜੇ ਗੁਰੂ ਨਾਨਕ ਦੇ ਪੰਜ ਭੌਤਿਕ ਸਰੀਰ ਨੂੰ ਜਲਾਉਣ ਜਾਂ ਜਨਾਜ਼ਾ ਪੜ੍ਹਾਉਣ ਬਾਰੇ ਸਿੱਖਾਂ ਤੇ ਮੁਸਲਮਾਨਾਂ ਦਾ ਝਗੜਾ ਕਰਤਾਰਪੁਰ ਵਿਖੇ ਹੋਇਆ ਤਾਂ ਫਿਰ ਗੁਰੂ ਨਾਨਕ ਦੇ ਪੰਜ ਭੌਤਿਕ ਸਰੀਰ ਦੀ ਕਬਰ ਬਗ਼ਦਾਦ ਵਿੱਚ ਕਿਵੇਂ ਬਣ ਗਈ ? ਦੂਸਰਾ ਵਿਚਾਰਨ ਯੋਗ ਤੱਥ ਇਹ ਹੈ ਕਿ ਜਿਹੜਾ ਇਹ ਵਿਅਕਤੀ ਇਹ ਕਹਿ ਰਿਹਾ ਹੈ ਕਿ ਯਹਾਂ ਜਨਾਜ਼ਾ ਪੜਾ ਥਾ ਵਹਾਂ ਫੂਲੋਂ ਕਾ ਢੇਰ ਮਿਲਾ, ਉਹ ਫੂਲ ਬਨ ਗਏ, ਉਨਕਾ ਵਜੂਦ ਅਲਾਹ ਨੇ ਗਾਇਬ ਕਰ ਦੀਆ ਤਾਂ ਕਿ ਝਗੜਾ ਖ਼ਤਮ ਹੋ ਜਾਏ, ਇਹ ਦੇਹ ਦੇ ਫੁੱਲ ਬਣਨ ਵਾਲੀ ਕਹਾਣੀ ਨਾਲ ਗੁਰੂ ਨਾਨਕ ਦਾ ਕੋਈ ਨੇੜ ਤੇੜ ਦਾ ਵੀ ਸਬੰਧ ਨਹੀਂ ਹੈ, ਕਿਉਂਕਿ ਗੁਰੂ ਨਾਨਕ ਦੇ ਪੰਜ ਭੌਤਿਕ ਸਰੀਰ ਦਾ ਕਰਤਾਰਪੁਰ ਵਿਖੇ ਗੁਰੂ ਅੰਗਦ, ਬਾਬਾ ਬੁੱਢਾ ਜੀ, ਕਰਤਾਰਪੁਰ ਦੇ ਹੋਰ ਮੁਖੀ ਸਿੱਖਾਂ ਤੇ ਗੁਰੂ ਨਾਨਕ ਦੇ ਪਰਿਵਾਰ ਨੇ ਸਸਕਾਰ ਕੀਤਾ ਸੀ ਅਤੇ ਉਸ ਦਿਨ ਉਥੇ ਕੋਈ ਝਗੜਾ ਨਹੀਂ ਹੋਇਆ । ਦੇਹ ਦੇ ਫੁੱਲ ਬਣਨ ਵਾਲੀ ਕਹਾਣੀ ਦਾ ਸਬੰਧ ਭਗਤ ਕਬੀਰ ਜੀ ਦੇ ਦੇਹਾਂਤ ਨਾਲ ਹੈ ਕਿਉਂਕਿ ਹਿੰਦੂ ਕਹਿੰਦੇ ਸੀ ਕਿ ਭਗਤ ਕਬੀਰ ਹਿੰਦੂ ਹੈ, ਮੁਸਲਮਾਨ ਕਹਿੰਦੇ ਸੀ ਉਹ ਮੁਸਲਮਾਨ ਹੈ । ਪੂਰੀ ਕਹਾਣੀ ਇਸ ਪ੍ਰਕਾਰ ਹੈ : ਕਬੀਰ ਪੰਥੀਆਂ ਦੇ ਕਥਨ ਅਨੁਸਾਰ ਜਿਸ ਕੋਠੜੀ ਵਿੱਚ ਕਬੀਰ ਜੀ ਬਿਰਾਜੇ ਸਨ, ਉਥੋਂ ਅਵਾਜ਼ ਆਈ ਕਿ : ਹਿੰਦੂ ਕਹੇਂ ਹਮ ਲੈ ਜਾਰੇ, ਤੁਰਕ ਕਹੇ ਹਮਾਰੋ ਪੀਰ । ਆਪਸ ਮੇਂ ਦੋਨੋਂ ਮਿਲ ਝਗੜੇ ਰਾਢੋ ਦੇਖਹਿ ਹੰਸ ਕਬੀਰ । ਕਬੀਰ ਕਸੌਟੀ ਵਿੱਚ ਲਿਖਿਆ ਹੈ ਕਿ ਕਬੀਰ ਜੀ ਨੇ ਅੰਤ ਸਮੇਂ ਕੰਵਲ ਫੁੱਲ ਤੇ ਦੋ ਚਾਦਰਾਂ ਮੰਗਵਾਈਆਂ ਤੇ ਲੇਟ ਗਏ । ਕਬੀਰ ਜੀ ਨੇ ਇਹ ਦੋ ਚੀਜ਼ਾਂ ਮੰਗਵਾ ਕੇ ਕੌਤਕ ਵਰਤਾਇਆ ਤੇ ਸਮਾਅ ਗਏ । ਜਦ ਦੋਹਾਂ ਧਿਰਾਂ ਨੇ ਖੱਫਣ ਚੁੱਕ ਕੇ ਵੇਖਿਆ ਤਾਂ ਥਲਿਉਂ ਕੰਵਲ ਫੁੱਲ ਨਿਕਲੇ, ਦੇਹ ਕਿਸੇ ਨੂੰ ਨਾ ਲੱਭੀ, ਇਸ ਤਰ੍ਹਾਂ ਹਿੰਦੂ ਮੁਸਲਮਾਨਾਂ ਦਾ ਝਗੜਾ ਮੁੱਕ ਗਿਆ । (ਹਵਾਲਾ-ਭਗਤ ਦਰਸ਼ਨ, ਲੇਖਕ ਗਿਆਨੀ ਪਰਤਾਪ ਸਿੰਘ, ਪ੍ਰਕਾਸ਼ਕ ਸਿੰਘ ਬ੍ਰਦਰਜ਼ ਅੰਮ੍ਰਿਤਸਰ, ਪੰਨਾ 68-69) ਹੁਣ ਆਉ ਗੁਰੂ ਨਾਨਕ ਦੀ ਮੱਕੇ ਦੀ ਯਾਤਰਾ ਦੇ ਦਰਸ਼ਨ ਕਰੀਏ । ਗੁਰੂ ਨਾਨਕ ਨੇ ਤਾਂ ਮੁਸਲਮਾਨ ਕੀ ਹੋਣਾ ਸੀ, ਮੱਕੇ ਦਾ ਕਾਜ਼ੀ ਰੁਕਨਦੀਨ ਗੁਰੂ ਨਾਨਕ ਦਾ ਸਿੱਖ ਹੋ ਗਿਆ ਸੀ । ਗੁਰੂ ਨਾਨਕ ਦੀ ਮੱਕੇ ਦੀ ਯਾਤਰਾ ਬਾਰੇ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 32ਵੀਂ, 33ਵੀਂ ਤੇ 34ਵੀਂ ਪੌੜੀ ਵਿੱਚ ਵਿਸਥਾਰ ਨਾਲ ਬਿਆਨ ਕਰਦੇ ਹਨ । ਮੱਕੇ ਦੀ ਯਾਤਰਾ ਦੇ ਸਿਰਲੇਖ ਹੇਠ ਭਾਈ ਗੁਰਦਾਸ ਜੀ ਲਿਖਦੇ ਹਨ :
ਬਾਬਾ ਫਿਰ ਮੱਕੇ ਗਇਆ ਨੀਲ ਬਸਤ੍ਰ ਭਾਰੇ ਬਨਵਾਰੀ । ਆਸਾ ਹਥਿ ਕਿਤਾਬਕਛਿ ਕੂਜਾ ਬਾਂਗ ਮੁਸਲਧਾਰੀ । ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹਜਿ ਗੁਜਾਰੀ । ਬਾਬਾ ਸੁਤਾ ਰਾਤ ਨੋ ਵਲਿ ਲਤਾਂ ਵਲ ਖੁਦਾਇਦੇ ਕਿਉ ਕਰਿ ਪਇਆ ਹੋਇ ਬਜਿਗਾਰੀ ॥
ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ । ਹੋਇ ਹੈਰਾਨੁ ਕਰੇਨਿ ਜੁਹਾਰੀ ॥ 
ਤੇਤੀਵੀਂ ਪੌੜੀ ਕਾਜੀਆਂ ਮੁਲਾਂ ਨਾਲ ਪ੍ਰਸ਼ਨੋਤਰ ਦੇ ਸਿਰਲੇਖ ਹੇਠ ਭਾਈ ਗੁਰਦਾਸ ਜੀ ਲਿਖਦੇ ਹਨ : 
ਪੁਛਨਿ ਗਲ ਈਮਾਨ ਦੀ ਕਾਜ਼ੀ ਮੁੱਲਾਂ ਇਕਠੇ ਹੋਈ ।
ਵੱਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ । (ਭਾਵ-ਫਿਰਿਆ ਮੱਕਾ ਕਲਾ ਦਿਖਾਰੀ) 
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ।
ਬਾਬਾ ਆਖੇ ਹਾਜੀਆਂ, ਸ਼ੁਭਿ ਅਮਲਾਂ ਬਾਝਹੁ ਦੋਨੋਂØ ਰੋਈ ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਿਨ ਨ ਢੋਈ ।
ਕਚਾ ਰੰਗੁ ਕੁਸੁੰਭ ਦਾ ਪਾਣੀ ਧੋਤੇ ਥਿਰੁ ਨ ਰਹੋਈ ।
ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਇਕ ਥਾਇ ਖਲੋਈ ।
ਰਾਹ ਸ਼ੈਤਾਨੀ ਦੁਨੀਆਂ ਗੋਈ ॥ 
ਅਤੇ ਪਹਿਲੀ ਵਾਰ ਦੀ 34ਵੀਂ ਪੌੜੀ ਮੱਕੇ ਦੀ ਦਿਗ ਬਿਜਯ ਦੇ ਸਿਰਲੇਖ ਹੇਠ ਭਾਈ ਗੁਰਦਾਸ ਜੀ ਲਿਖਦੇ ਹਨ :
ਧਰੀ ਨੀਸਾਣੀ ਕਉਸ ਦੀ ਮਕੇ ਅੰਦਰਿ ਪੂਜ ਕਰਾਈ ।
ਜਿਥੇ ਜਾਇ ਜਗਤਿ ਵਿਵਿ ਬਾਬੇ ਬਾਝੁ ਨ ਖਾਲੀ ਜਾਈ ।
ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ ।
ਛਪੇ ਨਹਿ ਛੁਪਾਇਆ ਚੜਿਆ ਸੂਰਜ ਜਗੁ ਰੁਸਨਾਈ ।
ਬੁਕਿਆ ਸਿੰਘ ਉਜਾੜ ਵਿਚ ਸਭਿ ਮਿਰਗਾਵਲਿ ਭੰਨੀ ਜਾਈ ।
ਚੜਿਆ ਚੰਦ ਨਾ ਲੁਕਈ ਕਢਿ ਕੁਨਾਲੀ ਜੋਤਿ ਛਪਾਈ ।
ਉਗਵਿਣ ਤੇ ਆਥਵਣੋ ਨਉ ਖੰਡ ਪ੍ਰਿਥਮੀ ਸਭਾ ਝੁਕਾਈ । ਜਗ ਅੰਦਰਿ ਕੁਦਰਤ ਵਰਤਾਈ ।
ਭਾਈ ਗੁਰਦਾਸ ਜੀ ਦੀ ਇਹ ਪੰਗਤੀ : ਟੰਗੋ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ ਵੀ ਵਿਚਾਰਨ ਯੋਗ ਹੈ ਕਿਉਂਕਿ ਭਾਈ ਗੁਰਦਾਸ ਜੀ ਨੇ ਕਰਾਮਾਤ ਦਿਖਾਰੀ ਨਹੀਂ ਲਿਖਿਆ ਕਲਾ ਦਿਖਾਰੀ ਲਿਖਿਆ ਹੈ, ਗੁਰਬਾਣੀ ਵਿੱਚ ਕਲਾ ਦੀ ਵਰਤੋਂ ਬਾਰੇ ਲਿਖਿਆ ਹੈ : ਨਿਰਗੁਨੁ ਆਪਿ ਸਰਗੁਨੁ ਭੀ Eਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ ॥ 
ਗੁਰੂ ਨਾਨਕ ਸਾਹਿਬ ਬੇਅੰਤ ਕਲਾਵਾਂ ਦੇ ਮਾਲਕ ਹਨ ਅਰਥਾਤ : ਸੋਲਹ ਕਲਾ ਸੰਪੂਰਨ ਫਲਿਆ ॥ ਅਨਤ ਕਲਾ ਹੋਇ ਠਾਕੁਰੁ ਚੜਿਆ ॥ (ਗੁ: ਗ੍ਰੰ: ਸਾ: ਪੰਨਾ 1080) 
ਕਲਾ ਵਰਤਣਾ ਗੁਰੂ ਦੇ ਸਹਿਜ ਵਿਗਾਸ ਦਾ ਹਿੱਸਾ ਹੈ, ਇਸ ਨੂੰ ਵਰਤਾਉਣ ਲਈ ਗੁਰੂ ਨੂੰ ਕਿਸੇ ਉਚੇਚ ਦੀ ਜਰੂਰਤ ਨਹੀਂ, ਇਸੇ ਕਰਕੇ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ ਕਲਾ ਵਾਹਿਗੁਰੂ ਜੀ ਦੀ ਵਰਤੇ । ਮੱਕਾ ਗੁਰੂ ਨਾਨਕ ਦੀ ਕਲਾ ਨਾਲ ਫਿਰਿਆ ਤੇ ਫਿਰ ਕਾਜ਼ੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਆਲ ਪੁੱਛਣੇ ਸ਼ੁਰੂ ਕੀਤੇ, ਇਸ ਮੁਕਾਮ ਸਮੇਂ ਮੱਕੇ ਦੇ ਮੌਲਵੀ ਬਹਾਵਦੀਨ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਬਾਬਾ ਨਾਨਕ, ਬਿਨਾਂ ਸ਼ਰਾ (ਇਸਲਾਮੀ ਮਰਿਯਾਦਾ) ਨੂੰ ਮੰਨਣ ਦੇ ਇਨਸਾਨ ਪਾਕ-ਪਵਿੱਤਰ ਨਹੀਂ ਹੋ ਸਕਦਾ ਅਤੇ ਬਿਨਾਂ ਸੁੰਨਤ ਦੇ ਇਨਸਾਨ ਰੱਬ ਦੀ ਦਰਗਾਹ ਵਿੱਚ ਅਸਥਾਨ ਨਹੀਂ ਪਾ ਸਕਦਾ, ਮੌਲਵੀ ਬਹਾਵਦੀਨ ਦੇ ਕਹਿਣ ਮੁਤਾਬਕ : 
ਆਖੇ ਪੀਰ ਬਹਾਵਦੀਨ ਸੁਣਹੋ ਨਾਨਕ ਸ਼ਾਹ - ਲਿਖਿਆ ਵਿਚ ਕਤੇਬ ਦੇ
ਕਹਿਆ ਰਸੂਲ ਖੁਦਾਇ । ਬਾਂਝੋ ਰਾਹਿ ਸਰਾਅ ਤੇ ਬੰਦੇ ਪਾਕਿ ਨ ਹੋਇ ।
ਬਾਝੋਂ ਸੁਨਤਿ ਆਦਮੀ ਦਰਗਹ ਲਹਿਨ ਨਾ ਢੋਇ ।
ਇਸਲਾਮ ਦੇ ਗੜ੍ਹ ਵਿੱਚ ਸਰ੍ਹਾ ਨੂੰ ਲਾਗੂ ਕਰਾਉਣ ਵਾਲਿਆਂ ਦੇ ਵਿੱਚਕਾਰ ਬੈਠਕੇ ਗੁਰੂ ਨਾਨਕ ਸਾਹਿਬ ਨੇ ਜੋ ਜੁਆਬ ਦਿੱਤਾ, ਮੱਕੇ ਦੀ ਗੋਸ਼ਟਿ ਦੇ ਲਿਖਾਰੀ ਨੇ ਦੱਸਿਆ ਹੈ ਕਿ ਸੂਰਮੇ ਬਾਬੇ ਨਾਨਕ ਨੇ ਜਬਾਬ ਦਿੱਤਾ ਕਿ ਐ ਮੋਮਨੋ ! ਜੋ ਸੁੰਨਤ ਤੁਸੀਂ ਮੰਨੀ ਬੈਠੇ ਹੋ ਹਕੀਕਤ ਵਿੱਚ ਇਹ ਨਹੀਂ ਹੈ । ਬਲਕਿ ਸੱਚੀ ਸੁੰਨਤ ਤਾਂ ਮੋਇ (ਕੇਸ) ਹਨ ਜੋ ਅਕਾਲ ਪੁਰਖ ਦੀ ਅਮਾਨਤ ਵਜੋਂ ਇਨਸਾਨ ਜਨਮ ਦੇ ਨਾਲ ਲੈ ਕੇ ਆਉਂਦਾ ਹੈ । ਐਸੇ ਪੁਰਖ ਦਾ ਸਤਿਕਾਰ ਕਰੋ ਜੋ ਅੱਲਾ ਪਾਕ ਦੀ ਬਖ਼ਸ਼ਿਸ਼ ਕੀਤੀ, ਇਸ ਸੱਚੀ ਸੁੰਨਤ ਕੇਸਾਂ ਨੂੰ ਸਦਾ ਆਪਣੇ ਸੀਸ &lsquoਤੇ ਸਜਾ ਕੇ ਰੱਖਦਾ ਹੈ । ਐਸਾ ਪੁਰਖ ਜੇਕਰ ਹਿੰਦੂ ਹੈ ਤਾਂ ਮਹਾਂਰਿਸ਼ੀ ਅਤੇ ਜੇਕਰ ਮੁਸਲਮਾਨ ਹੈ ਤਾਂ ਸੱਯਦ ਦਾ ਸਤਿਕਾਰ ਯੋਗ ਰੁਤਬਾ ਪਾਏਗਾ : ਜੁਆਬ ਨਾਨਕ ਸ਼ਾਹ ਸੂਰਾ :
ਸਚੀ ਸੁਨਿਤ ਰੱਬ ਦੀ ਮੋਇਆ ਲੈ ਆਇਆ ਨਾਲ ।
ਜੋ ਰਖੇ ਮੂਏ ਅਮਾਨਤੀ ਖਾਸਾ ਬੰਦਾ ਭਾਲਿ ।
ਅਵਲ ਸੁੰਨਤ ਮੂਇ ਹੈ ਸਿਰ ਪਰ ਰਖੇ ਕੋਇ ।
ਪਾਵੇ ਮਰਾਤਬ ਸਯਦੀ ਬਡਾ ਰਿਖੀਸਰੁ ਹੋਇ । (ਮੱਕੇ ਮਦੀਨੇ ਦੀ ਗੋਸ਼ਟਿ ਪੰਨਾ 144)
ਗੁਰੂ ਨਾਨਕ ਸਾਹਿਬ ਨੇ ਹੋਰ ਫੁਰਮਾਇਆ ਕਿ ਕੇਸ ਦਰਅਸਲ ਖੁਦਾ ਦਾ ਸਿਰੋਪਾਉ ਹੈ ਜੋ ਹਰ ਇਨਸਾਨ ਆਪਣੇ ਨਾਲ ਲੈ ਕੇ ਆਉਂਦਾ ਹੈ । ਇਸ ਲਈ ਹਰ ਇਕ ਦਾ ਫਰਜ਼ ਹੈ ਕਿ ਰੱਬ ਦੀ ਇਹ ਬਖ਼ਸ਼ਿਸ਼ ਕੇਸਾਂ ਰੂਪੀ ਸਿਰੋਪਾਉ ਨੂੰ ਸੰਭਾਲ ਕੇ ਵਾਪਸ ਰੱਬ ਦੀ ਦਰਗਾਹ ਵਿੱਚ ਲੈ ਕੇ ਜਾਵੇ । 
ਮੂਇ ਲਫ਼ਜ਼ ਫਾਰਸੀ ਦਾ ਹੈ ਜਿਸ ਦਾ ਅਰਥ ਹੈ ਵਾਲ, ਭਾਵ ਕੇਸ । ਗੁਰੂ ਨਾਨਕ ਸਾਹਿਬ ਨੇ ਤਾੜਨਾ ਵੀ ਕੀਤੀ ਕਿ ਰੱਬ ਦੀ ਇਸ ਪਾਵਨ ਸੁੰਨਤ ਕੇਸਾਂ ਨੂੰ ਭੰਨਣ ਵਾਲੇ ਦਰਅਸਲ ਅਮਾਨਤ ਵਿੱਚ ਖਿਆਨਤ ਕਰਨ ਵਾਲੇ ਬੇਈਮਾਨ ਹਨ । ਦਰਹਕੀਕਤ ਇਸਲਾਮੀ ਹਦੀਮ ਮੁਤਾਬਕ ਵੀ ਕਯਾਮਤ ਉਨ੍ਹਾਂ ਲਈ ਹੈ, ਜੋ ਅਮਾਨਤ ਨਹੀਂ ਸਾਂਭਦੇ :
ਮੂਇ ਸਿਰਪਾਉ ਖੁਦਾਇਦਾ ਲੈ ਆਇਆ ਬੰਦਾ ਨਾਲ ।
ਨਾਨਕ ਆਖੇ ਪੀਰ ਜੀ ਫਿਰ ਲੈ ਜਾਇ ਨਾਲ ।
ਫਿਰ ਗਇਆ ਦਰਗਹ ਵਿਚਿ ਅਕੇ ਰਖਿ ਨੀਸਾਨ ।
ਸਾਬਤਿ ਸੁੰਨਤਿ ਰਬ ਦੀ ਭੰਨਨ ਬੇਈਮਾਨ । (ਮੱਕੇ ਮਦੀਨੇ ਦੀ ਗੋਸ਼ਟਿ ਪੰਨਾ 144)
(ਨੋਟ, ਕਾਸ਼ ਕਿਤੇ ਗੁਰੂ ਨਾਨਕ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਐਵੇਂ ਊਲ ਜਲੂਲ ਦਲੀਲਾਂ ਰਾਹੀਂ ਮੁਸਲਮਾਨ ਦਰਸਾਉਣ ਵਾਲਾ, ਇਹ ਸ਼ਰਈਕਟ ਦਾਹੜੀ ਵਾਲਾ ਵਿਅਕਤੀ ਮੱਕੇ ਮਦੀਨੇ ਦੀ ਗੋਸ਼ਟਿ ਪੜ੍ਹ ਲੈਂਦਾ ਤਾਂ ਉਹ ਕੇਸ ਕਟਾਉਣ ਦੀ ਗਲਤੀ ਨਾ ਕਰਦਾ)
ਗੁਰੂ ਗ੍ਰੰਥ ਸਾਹਿਬ ਦੇ ਪੰਨਾ 1083-84 &lsquoਤੇ ਦਰਜ ਹੈ :
ਕਾਇਆ ਕਿਰਦਾਰ ਅਉਰਤ ਯਕੀਨ ॥ ਰੰਗ ਤਮਾਸੇ ਮਾਣਿ ਹਕੀਨਾ ॥
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ॥
ਅੰਤ ਵਿੱਚ ਮੱਕੇ ਦੇ ਕਾਜ਼ੀ ਰੁਕਨਦੀਨ ਅਤੇ ਬਾਬਾ ਨਾਨਕ ਵਿੱਚਕਾਰ ਗੋਸ਼ਟੀ ਹੋਣ ਲੱਗੀ । ਬਾਬਾ ਨਾਨਕ ਨੇ ਕਾਜ਼ੀ ਰੁਕਨਦੀਨ ਨੂੰ ਕੋਈ ਸੁਆਲ ਨਹੀਂ ਪੁੱਛਿਆ, ਪਰ ਕਾਜ਼ੀ ਰੁਕਨਦੀਨ ਵੱਲੋਂ ਬਾਬਾ ਨਾਨਕ ਨੂੰ 360 ਸੁਆਲ ਪੁੱਛੇ ਗਏ । ਕਾਜ਼ੀ ਰੁਕਨਦੀਨ ਨੇ ਕੁਰਾਨ ਖੋਲ੍ਹ ਲਈ ਅਤੇ ਕੁਰਾਨ ਵਿੱਚੋਂ ਵੇਖ ਵੇਖ ਕੇ ਸੁਆਲ ਪੁੱਛਦਾ ਰਿਹਾ । ਬਾਬਾ ਨਾਨਕ ਨੇ ਕਾਜ਼ੀ ਰੁਕਨਦੀਨ ਦੇ ਹਰ ਸੁਆਲ ਦਾ ਜੁਆਬ ਕੁਰਾਨ ਵਿੱਚੋਂ ਹੀ ਇਸਲਾਮ ਦੇ ਆਸ਼ੇ ਅਨੁਸਾਰ ਤਰਕ ਸੰਗਤ ਦਿੱਤਾ । 360 ਸੁਆਲ ਪੁੱਛ ਕੇ ਕਾਜ਼ੀ ਰੁਕਨਦੀਨ ਲਾ-ਸੁਆਲ ਹੋ ਗਿਆ । ਕਾਜ਼ੀ ਰੁਕਨਦੀਨ ਬਾਬਾ ਨਾਨਕ ਦੇ ਚਰਨਾਂ &lsquoਤੇ ਢੇਰੀ ਹੋ ਗਿਆ ਅਤੇ ਚਰਨ ਪਾਹੁਲ ਦੀ ਮੰਗ ਕੀਤੀ । ਰੁਕਨਦੀਨ ਨੂੰ ਬਾਬਾ ਨਾਨਕ ਦੇ ਚਰਨ ਪਾਹੁਲ ਦੀ ਪ੍ਰਾਪਤੀ ਹੋ ਗਈ ਅਤੇ ਉਹ ਗੁਰੂ ਨਾਨਕ ਦਾ ਸਿੱਖ ਹੋ ਗਿਆ । ਮੱਕੇ ਦਾ ਇਮਾਮ ਜਾਫ਼ਰ ਅਤੇ ਬਹੁਤ ਸਾਰੇ ਪੀਰ ਫਕੀਰ ਜਿਹੜੇ ਹੁਣ ਤੱਕ ਕਾਜ਼ੀ ਰੁਕਨਦੀਨ ਦੀ ਵਿਦਵਤਾ ਦਾ ਮਾਣ ਕਰੀ ਬੈਠੇ ਸਨ ਅਤੇ ਕਾਜ਼ੀ ਰੁਕਨਦੀਨ ਦੀ ਜਿੱਤ ਦੀ ਆਸ ਲਾਈ ਬੈਠੇ ਸਨ, ਸਾਰੇ ਬਾਬਾ ਨਾਨਕ ਦੇ ਚਰਨਾਂ ਉੱਤੇ ਢਹਿ ਪਏ । ਮੱਕੇ ਦੇ ਆਲਮ ਫਾਜ਼ਲ ਕਾਜ਼ੀ ਰੁਕਨਦੀਨ ਦੀ ਹਿੰਦ ਦੇ ਪੀਰ ਨਾਨਕ ਹੱਥੋਂ ਹਾਰ ਦੀ ਖ਼ਬਰ ਸ਼ਾਮ ਤੱਕ ਜੰਗਲ ਦੀ ਅੱਗ ਵਾਂਗ ਘਰ ਘਰ ਫੈਲ ਗਈ । ਰੁਕਨਦੀਨ ਦੇ ਵਿਰੋਧੀਆਂ ਨੇ ਮੱਕੇ ਦੇ ਅਮੀਰ ਨੂੰ ਜਾ ਦੱਸਿਆ । ਅਮੀਰ ਦੇ ਹੁਕਮ ਨਾਲ ਨਵੇਂ ਕਾਜ਼ੀ ਵੱਲੋਂ ਰੁਕਨਦੀਨ ਵਿਰੁੱਧ ਇਸਲਾਮ ਦੀ ਤੌਹੀਨ ਕਰਨ ਦਾ ਫਤਵਾ ਲਾ ਕੇ ਉਸ ਨੂੰ ਸੰਗਸਾਰ ਕਰਨ ਦਾ ਹੁਕਮ ਸੁਣਾ ਦਿੱਤਾ । ਸੰਗਸਾਰ ਭਾਵ ਵਿਅਕਤੀ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ । ਸੰਗਸਾਰ ਸਮੇਂ ਰੁਕਨਦੀਨ ਨੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਲਿਆ । ਰੁਕਨਦੀਨ ਨੇ ਬਾਬਾ ਨਾਨਕ ਦੀ ਸਿੱਖੀ ਨੂੰ ਸਰੀਰ ਅਤੇ ਆਤਮਾ ਉੱਤੇ ਕਸ਼ਟ ਸਹਿ ਕੇ ਵੀ ਪੂਰਾ ਪੂਰਾ ਪੁਗਾਇਆ ਅਤੇ ਬਾਬਾ ਨਾਨਕ ਦੀ ਸਿੱਖੀ ਲਈ ਕੁਰਬਾਨੀ ਦਿੱਤੀ, ਨਿਰ ਸੰਦੇਹ ਰੁਕਨਦੀਨ ਸਿੱਖ ਧਰਮ ਦਾ ਪਹਿਲਾ ਸ਼ਹੀਦ ਸੀ । ਰੁਕਨਦੀਨ ਦੀ ਸ਼ਹੀਦੀ ਦੀ ਖ਼ਬਰ ਮੁਸਲਿਮ ਦੇਸ਼ਾਂ ਸਹਿਤ ਸਾਰੀ ਦੁਨੀਆਂ ਦੇ ਦੇਸ਼ਾਂ ਵਿੱਚ ਅੱਗ ਵਾਂਗ ਫੈਲ ਗਈ ਕਿ ਰੁਕਨਦੀਨ ਨੇ ਇਲਸਾਮ ਤਿਆਗ ਕੇ ਬਾਬਾ ਨਾਨਕ ਦਾ ਸਿੱਖ ਧਰਮ ਕਬੂਲ ਕਰ ਲਿਆ ਸੀ, ਇਸ ਕਰਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ । 
ਤਾਰੀਖ-ਏ ਅਰਬ ਦੇ ਲੇਖਕ ਅਤੇ ਇਤਿਹਾਸਕਾਰ ਖਵਜ਼ਾ ਜੈਨ-ਉਲ-ਆਬਦੀਨ ਨੇ ਰੁਕਨਦੀਨ ਵਾਲਾ ਦ੍ਰਿਸ਼ ਅੱਖੀਂ ਦੇਖਿਆ ਅਤੇ ਤਾਰੀਖ-ਏ-ਅਰਬ ਵਿੱਚ ਲਿਖਿਆ । ਇਸ ਤੋਂ ਬਿਨਾਂ ਸਿਅਹਤੋ ਬਾਬਾ ਨਾਨਕ ਫਕੀਰ ਇਕ ਹੱਥ ਲਿਖਤ ਖਰੜਾ (ਜਿਹੜਾ 1930 ਤੱਕ ਮਦੀਨੇ ਦੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਸੀ) ਦੇ ਲਿਖਾਰੀ ਤਾਜਦੀਨ ਨੇ ਵੀ ਇਹ ਦ੍ਰਿਸ਼ ਅੱਖੀਂ ਦੇਖਿਆ ਅਤੇ ਖਰੜਾ ਲਿਖਿਆ, ਉਕਤ ਇਤਿਹਾਸਕ ਤੱਥ ਇਹ ਸਿੱਧ ਕਰਦੇ ਹਨ ਕਿ ਮੱਕੇ ਜਾ ਕੇ ਗੁਰੂ ਨਾਨਕ ਮੁਸਲਮਾਨ ਨਹੀਂ ਸੀ ਹੋਏ, ਸਗੋਂ ਮੁਸਲਮਾਨ ਕਾਜ਼ੀ ਰੁਕਨਦੀਨ ਨੇ ਇਸਲਾਮ ਮਤ ਤਿਆਗ ਕੇ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਸੀ । ਸਿੱਖੀ ਦੀ ਅੱਡਰੀ ਪਛਾਣ ਨੂੰ ਖ਼ਤਮ ਕਰਕੇ ਸਿੱਖ ਧਰਮ ਨੂੰ ਬੇ-ਸਿਰ ਪੈਰੇ ਹਿੰਦੂ ਧਰਮ ਦੇ ਖਾਰੇ ਸਾਗਰ ਵਿੱਚ ਡਬੋ ਦੇਣ ਲਈ ਹਿੰਦੂਤਵੀ ਤਾਕਤਾਂ ਦਾ ਵੀ ਜੋਰ ਲੱਗਾ ਹੋਇਆ ਹੈ । ਸਿੱਖੀ ਦੀ ਅੱਡਰੀ ਪਛਾਣ ਬਾਰੇ ਪਾਏ ਜਾ ਰਹੇ ਭੁਲੇਖਿਆਂ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਨਾਨਕ ਦੇ ਆਸ਼ੇ ਮੁਤਾਬਕ ਇਸ ਤਰ੍ਹਾਂ ਦੂਰ ਕੀਤਾ ਤਾਂ ਕਿ ਕਿਸੇ ਨੂੰ ਇਸ ਬਾਰੇ ਕੋਈ ਵੀ ਭੁਲੇਖਾ ਲੱਗਣ ਦੀ ਗੁੰਜਾਇਸ਼ ਹੀ ਨਾ ਰਹਿ ਜਾਵੇ । ਆਪਣੇ ਇਕ ਸ਼ਬਦ ਵਿੱਚ ਉਨ੍ਹਾਂ ਨੇ ਐਲਾਨੀਆ ਫੁਰਮਾਇਆ :
ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸ ਸੇਵੀ ਜੋ ਰਖੈ ਨਿਦਾਨਾ ॥ ਏਕੁ ਗੁਸਾਈ, ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾ ਨੇ ਬੇਰਾ ॥ ਰਹਾਉ ॥ ਹਜ ਕਾਬੇ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਦੂਜਾ ॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡ ਪਰਾਨ ॥ (ਭੈਰੋ ਮਹਲਾ ਪੰਜਵਾਂ, ਸ੍ਰੀ ਗੁ: ਗ੍ਰੰ: ਸਾ: ਪੰਨਾ 1136)
ਗੁਰੂ ਨਾਨਕ ਸਾਹਿਬ ਨੂੰ ਕਿਸੇ ਵੀ ਹੋਰ ਗੈਰ-ਸਿੱਖ ਧਰਮ ਨਾਲ ਜੋੜ ਕੇ ਵੇਖਿਆ ਹੀ ਨਹੀਂ ਜਾ ਸਕਦਾ । ਸਿੱਖ ਧਰਮ ਵਿਰੋਧੀ ਸ਼ਕਤੀਆਂ ਦਾ ਜੋਰ ਲੱਗਾ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਬਾਕੀ ਨੌਂ ਸਿੱਖ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਅਲੱਗ ਕਰਕੇ ਉਨ੍ਹਾਂ ਦਾ ਬਿੰਬ ਆਪਣੀ ਮਰਜ਼ੀ ਨਾਲ ਸਿਰਜਿਆ ਜਾਵੇ ਜੋ ਕਿ ਸਿੱਖ ਕੌਮ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਹੈ : ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ ॥ (ਅੰਗ 966) ਜਗਤ ਗੁਰੂ, ਗੁਰੂ ਨਾਨਕ ਸਾਹਿਬ ਦੀ ਪੱਦ-ਪਦਵੀ ਬਾਰੇ ਫੈਲਾਈਆਂ ਜਾ ਰਹੀਆਂ ਬੇ-ਬੁਨਿਆਦ ਗੁੰਮਰਾਹ ਕੁੰਨ ਅਫਵਾਹਾਂ ਤੋਂ ਗੁਰੂ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ