image caption:

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੀ ਅੱਜ ਹੋ ਸਕਦੀ ਹੈ ਗ੍ਰਿਫਤਾਰੀ

 ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਧਾਨ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸਲਾਮਾਬਾਦ ਪੁਲਿਸ ਉਸ ਨੂੰ ਹੈਲੀਕਾਪਟਰ ਰਾਹੀਂ ਗ੍ਰਿਫ਼ਤਾਰ ਕਰਨ ਆਈ ਸੀ, ਪਰ ਇਮਰਾਨ ਖ਼ਾਨ ਦੀ ਚੋਣ ਰੈਲੀ ਕਾਰਨ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਹਾਲਾਂਕਿ, ਇਸਲਾਮਾਬਾਦ ਦੀਆਂ ਅਦਾਲਤਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਇਸਲਾਮਾਬਾਦ ਪੁਲਿਸ ਸਾਬਕਾ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਅੱਜ (14 ਮਾਰਚ) ਕਿਸੇ ਵੀ ਸਮੇਂ ਪਹੁੰਚ ਸਕਦੀ ਹੈ।

ਇਸਲਾਮਾਬਾਦ ਦੀ ਇੱਕ ਸੈਸ਼ਨ ਅਦਾਲਤ ਦੀ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਅਦਾਲਤ ਨੇ ਇਮਰਾਨ ਖ਼ਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਜਿਸ ਕਾਰਨ ਖਾਨ ਨੂੰ ਅੱਜ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪਾਕਿਸਤਾਨ ਦੀ ਜੀਓ ਇੰਗਲਿਸ਼ ਨਿਊਜ਼ ਨੇ ਪਹਿਲਾਂ ਰਿਪੋਰਟ ਕੀਤੀ ਸੀ ਕਿ ਸੁਣਵਾਈ ਵਿੱਚ ਸ਼ਾਮਿਲ ਹੋਣ ਦੀ ਬਜਾਏ, ਪ੍ਰਧਾਨ ਮੰਤਰੀ ਨੇ ਜੱਜ ਅੱਗੇ ਛੋਟ ਲਈ ਪਟੀਸ਼ਨ ਦਾਇਰ ਕੀਤੀ ਅਤੇ ਵੀਡੀਓ ਲਿੰਕ ਰਾਹੀਂ ਅਦਾਲਤੀ ਕਾਰਵਾਈ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦੀ ਬੇਨਤੀ ਕੀਤੀ।

ਜਾਣਕਾਰੀ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਸ਼ਾਹਬਾਜ਼ ਗਿੱਲ ਨੂੰ ਪਿਛਲੇ ਸਾਲ ਦੇਸ਼ਧ੍ਰੋਹ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਸ਼ਾਹਬਾਜ਼ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਜੱਜ ਜੇਬਾ ਚੌਧਰੀ ਨੇ ਸਵੀਕਾਰ ਕਰ ਲਿਆ। ਜਿਸ ਬਾਰੇ ਇਮਰਾਨ ਖਾਨ ਨੇ ਇੱਕ ਰੈਲੀ 'ਚ ਗੁੱਸੇ 'ਚ ਆ ਕੇ ਕਿਹਾ ਕਿ ਜੇਬਾ ਨੂੰ ਪਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾ 'ਤੇ ਜੇਲ 'ਚ ਤਸ਼ੱਦਦ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਉਨ੍ਹਾਂ ਨੇ ਜ਼ਮਾਨਤ ਨਹੀਂ ਦਿੱਤੀ। ਇਸ ਤੋਂ ਬਾਅਦ ਇਮਰਾਨ ਨੇ ਜ਼ੇਬਾ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਜਿਸ ਕਾਰਨ ਇਮਰਾਨ ਖਿਲਾਫ ਅੱਤਵਾਦ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।