image caption:

ਦੋ ਸਮਲਿੰਗੀ ਵਿਅਕਤੀਆਂ ਦਾ ਵਿਆਹ ਕੁਦਰਤੀ ਨਿਯਮਾ ਦੇ ਵਿਰੁੱਧ : ਪ੍ਰੋ.ਬਡੂੰਗਰ

 ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮਾਜ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੇ ਸਮਲਿੰਗੀ ਵਿਆਹ &lsquoਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮਲਿੰਗੀ ਵਿਆਹ ਇਕ ਵਿਨਾਸ਼ਕਾਰੀ ਪ੍ਰਵਿਰਤੀ ਹੈ ਤੇ ਦੋ ਸਮਲਿੰਗੀ ਵਿਅਕਤੀਆਂ ਦੇ ਮੇਲ ਨੂੰ ਵਿਆਹ ਨਹੀਂ ਮੰਨਿਆ ਜਾ ਸਕਦਾ, ਜਿਸ ਤੋਂ ਸੰਤਾਨ ਉਤਪੰਨ ਨਾ ਹੋ ਸਕੇ ਤੇ ਇਹ ਧਾਰਨਾ ਜਿਥੇ ਵਿਆਹ ਦੇ ਸੰਸਕਾਰ ਦੀ ਉਲੰਘਣਾ ਤੇ ਅਪਮਾਨ ਹੈ, ਉੱਥੇ ਕੁਦਰਤੀ ਨਿਯਮਾ ਦੇ ਵੀ ਵਿਰੁੱਧ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਝੁਕਾਅ ਨੂੰ ਪ੍ਰਵਾਨਗੀ ਦੇਣ ਨਾਲ ਪਰਿਵਾਰ ਦੇ ਸੰਕਲਪ ਦੀ ਪਰਤਿਸ਼ਠਾ ਨਸ਼ਟ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਸਮਲਿੰਗੀ ਵਿਆਹ ਦੀ ਰਵਾਇਤ ਨੂੰ ਭਾਰਤੀ ਸੰਸਕ੍ਰਿਤੀ ਤੇ ਸਿਧਾ ਹਮਲਾ ਸਮਝਿਆ ਜਾ ਸਕਦਾ ਹੈ ਤੇ ਇਹ ਬੁਰਾਈ, ਨੰਗੇਜ਼, ਪਤਿਤਪੁਣਾ ਤੇ ਨਸ਼ਿਆਂ ਦੇ ਸੇਵਨ ਤੋਂ ਵੀ ਖਤਰਨਾਕ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਸਮਲਿੰਗੀ ਵਿਆਹਾਂ ਦੀ ਰਵਾਇਤ ਕਨੇਡਾ ਤੋਂ ਸ਼ੁਰੂ ਹੋਈ ਸੀ, ਇਸ ਨਾਮੁਰਾਦ ਬਿਮਾਰੀ ਦਾ ਬੀਜ ਕੈਨੇਡਾ ਵਿੱਚ ਚੁਣੇ ਗਏ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਨੇ ਭਾਰਤ ਵਿੱਚ ਬੀਜਿਆ ਅਤੇ ਹੋਲੀ-ਹੋਲੀ ਇਹ ਨਾਂ ਮੁਰਾਦ ਬਿਮਾਰੀ ਭਾਰਤੀ ਸਮਾਜ ਵਿੱਚ ਵੀ ਜੜਾਂ ਫੜਨ ਲੱਗ ਪਈ, ਜੋ ਕਿ ਹੈ ਗੈਰ ਕੁਦਰਤੀ, ਗ਼ੈਰ-ਮਨੁੱਖੀ ਅਤੇ ਅਸੱਭਿਅਕ ਵਰਤਾਰਾ ਸੰਸਾਰ ਦੇ ਵਿਕਾਸ ਵਿਚ ਵੱਡਾ ਰੋੜਾ ਅਤੇ ਵਿਨਾਸ਼ਕਾਰੀ ਹੈ।

ਉਹਨਾਂ ਕਿਹਾ ਕਿ ਵਿਦੇਸ਼ੀ ਮੂਲ ਦੇ ਜਿਹੜੇ ਲੋਕ ਸਮਲਿੰਗੀ ਸਬੰਧਾਂ ਦੀ ਵਕਾਲਤ ਕਰਦੇ ਹਨ ਉਨ੍ਹਾਂ ਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਉਹ ਦੇਸ਼ ਅਤੇ ਦੇਸ਼ ਦੀਆਂ ਪ੍ਰਾਚੀਨ ਅਨਮੋਲ ਰਵਾਇਤਾਂ, ਮਾਨਤਾਵਾਂ, ਪਰੰਪਰਾਵਾਂ, ਸਭਿਆਚਾਰਕ, ਸਦਾਚਾਰ ਅਤੇ ਸੰਸਕ੍ਰਿਤੀ ਨੂੰ ਤਬਾਹ ਕਰਨ ਲਈ ਤਤਪਰ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਉਹ ਦੇਸ਼ ਅਤੇ ਦੇਸ਼ ਦੀ ਅਨਮੋਲ ਸੰਸਕ੍ਰਿਤੀ ਅਤੇ ਸੱਭਿਆਚਾਰ ਤੋਂ ਉਪਰ ਨਹੀਂ ਹਨ।

ਉਨ੍ਹਾਂ ਕਿਹਾ ਕਿ ਹੈ ਭਾਰਤੀ ਸਮਾਜ ਅੰਦਰ ਸਮਲਿੰਗੀ ਦੀ ਪ੍ਰਵਿਰਤੀ ਨੂੰ ਰੋਕਣ ਲਈ ਲਾਰਡ ਮੈਕਾਲੇ ਨੇ 1860 ਵਿੱਚ ਇਸ ਸਬੰਧੀ ਕਾਨੂੰਨ ਕੌਂਸਲ ਵਿੱਚ ਬਿਲ ਪੇਸ਼ ਕੀਤਾ, ਜੋ ਪਾਸ ਹੋਣ ਉਪ੍ਰੰਤ ਕਾਨੂੰਨ ਬਣਿਆ ਅਤੇ ਭਾਰਤੀ ਦੰਡਾਵਲੀ ਦੀ ਧਾਰਾ 377 ਵਿੱਚ ਦਰਜ ਹੈ, ਜਿਸ ਅਨੁਸਾਰ ਸਮਲਿੰਗੀ ਸੰਬੰਧ ਇੱਕ ਸਜਾ ਯੋਗ ਜੁਰਮ ਹੈ।

ਪ੍ਰੋ. ਬਡੂੰਗਰ ਨੇ ਭਾਰਤ ਸਰਕਾਰ ਵੱਲੋਂ ਸਮਲਿੰਗੀ ਵਿਆਹ ਦੀ ਮਾਨਤਾ ਦਾ ਵਿਰੋਧ ਜ਼ਾਹਰ ਕਰਦਿਆਂ ਮਾਨਯੋਗ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਗਏ ਹਲਫਨਾਮੇ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਇਹ ਧਾਰਨਾ ਭਾਰਤੀ ਪਰੰਪਰਾ ਦੇ ਮੁਤਾਬਕ ਨਹੀਂ ਹੈ ਅਤੇ ਨਾ ਹੀ ਇਹ ਪਤੀ-ਪਤਨੀ ਅਤੇ ਉਨ੍ਹਾਂ ਤੋਂ ਪੈਦਾ ਹੋਏ ਬੱਚਿਆਂ ਦੀ ਧਾਰਨਾ ਨਾਲ ਮੇਲ ਖਾਂਦੀ ਹੈ ਤੇ ਸਮਾਨ ਲਿੰਗ ਵਾਲੇ ਲੋਕਾਂ ਦਾ ਵਿਆਹ ਮੌਜੂਦਾ ਕਾਨੂੰਨ ਦੀਆਂ ਸਥਾਪਿਤ ਧਾਰਾਵਾਂ ਦੀ ਵੀ ਉਲੰਘਣਾ ਹੈ।