image caption:

ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ 'ਚ ਸਿੱਖ ਪੰਚਾਇਤ ਦੀ ਹੂੰਝਾਫੇਰ ਜਿੱਤ

 ਫਰੀਮਾਂਟ : ਅਮਰੀਕਾ ਦੀ ਸਿੱਖ ਸਿਆਸਤ ਦੇ ਸੈਂਟਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਕਮੇਟੀ ਦੀਆਂ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਦੁਨੀਆਂ ਦੇ ਸਾਰੇ ਸਿੱਖਾਂ ਦੀ ਨਜ਼ਰਾਂ ਇਸ ਚੋਣ ਉੱਪਰ ਹੁੰਦੀਆਂ ਹਨ। ਇਹ ਗੁਰਦੁਆਰਾ ਖਾਲਿਸਤਾਨ ਸੰਘਰਸ਼ ਦੇ ਸੈਂਟਰ ਵਜੋਂ ਵੀ ਜਾਣਿਆ ਜਾਂਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇੱਥੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਧਿਰਾਂ ਹੀ ਆਪਸ ਵਿੱਚ ਭਿੜਦੀਆਂ ਹਨ।

ਸਿੱਖ ਪੰਚਾਇਤ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਪਿਛਲੇ ਸਾਲ ਪਈਆਂ 55 ਪ੍ਰਤੀਸ਼ਤ ਵੋਟਾਂ ਨੂੰ ਵਧਾਉਂਦੇ ਹੋਏ 65% ਵੋਟਾਂ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਗਏ ਹਨ। ਉਨ੍ਹਾਂ ਦੀ ਵਿਰੋਧੀ ਧਿਰ ਸਿੱਖ ਸੰਗਤ ਬੇਏਰੀਆ ਜੋ ਵੱਖ-ਵੱਖ ਵਿਚਾਰਧਾਰਾਵਾਂ ਵਾਲਿਆਂ ਦਾ ਇਕੱਠ ਹੈ, ਨੂੰ ਫਰੀਮਾਂਟ ਦੀ ਸੰਗਤ ਨੇ ਨਾਕਾਰ ਦਿੱਤਾ ਹੈ। ਸਿੱਖ ਪੰਚਾਇਤ ਨੂੰ 2825 ਤੇ ਵਿਰੋਧੀ ਸਿੱਖ ਸੰਗਤ ਬੇਏਰੀਆ ਨੂੰ 1499 ਵੋਟਾਂ ਪਈਆਂ। ਜੇਤੂ ਉਮੀਦਵਾਰ ਰਜਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਅਟਵਾਲ, ਹਰਪ੍ਰੀਤ ਸਿੰਘ ਬੈਂਸ, ਬੀਬੀ ਸੁਰਿੰਦਰਜੀਤ ਕੌਰ ਤੇ ਜਸਵੰਤ ਸਿੰਘ ਹਨ।

ਸਿੱਖ ਪੰਚਾਇਤ ਜੋ 2011 ਵਿੱਚ ਸਾਰੇ ਵਿਰੋਧੀ ਧੜਿਆਂ ਦਾ ਇਕੱਠ ਕਰਕੇ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋਂ ਇਨ੍ਹਾਂ ਧੜਿਆਂ ਦਾ ਵਿਰੋਧ ਸਿਖਰ ਤੇ ਸੀ। ਸਿੱਖ ਪੰਚਾਇਤ ਦੀ ਹੋਂਦ ਦਾ ਸਿਹਰਾ ਨੀਤੀਘਾੜੇ ਵਜੋਂ ਜਾਣੇ ਜਾਂਦੇ ਜਸਜੀਤ ਸਿੰਘ ਸਿਰ ਜਾਂਦਾ ਹੈ ਪਰ 7 ਸਾਲ ਇਕੱਠੇ ਰਹਿ ਕੇ ਗੁਰਮੀਤ ਸਿੰਘ ਦਾ ਧੜਾ ਇਸ ਤੋਂ ਵੱਖ ਹੋ ਗਿਆ ਸੀ ਜਿਸ ਦੀ ਵਾਗਡੋਰ ਹੁਣ ਹਰਜੀਤ ਸਿੰਘ ਕੋਲ ਹੈ। ਇਸ ਧੜੇ ਨੇ ਖਾਲਿਸਤਾਨ ਵਿਰੋਧੀ ਗਰੇਵਾਲ਼ ਗਰੁੱਪ ਨਾਲ ਗੱਠਜੋੜ ਕਰਕੇ ਨਵਾਂ ਧੜਾ ਹੋਂਦ ਵਿੱਚ ਲਿਆਂਦਾ ਜੋ ਸਿੱਖ ਸੰਗਤ ਬੇਏਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ ਵੇਲੇ ਸਿੱਖ ਪੰਚਾਇਤ ਦਾ ਨੇੜ ਭਵਿੱਖ ਵਿੱਚ ਕੋਈ ਤੋੜ ਨਜ਼ਰ ਨਹੀਂ ਆਉਂਦਾ ਤੇ ਇਸ ਵਿੱਚ ਸਿਰਕੱਢ ਆਗੂ ਜਸਵਿੰਦਰ ਸਿੰਘ ਜੰਡੀ , ਕਸ਼ਮੀਰ ਸਿੰਘ, ਰਾਮ ਸਿੰਘ, ਜਸਜੀਤ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਬਲਜੀਤ ਸਿੰਘ ਅਤੇ ਐਚ ਪੀ ਸਿੰਘ ਹਨ ਜਿਹਨਾਂ ਦਾ ਬੇਏਰੀਆ ਵਿੱਚ ਬਹੁਤ ਵਕਾਰ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸਿੱਖ ਸੰਗਤ ਬੇਏਰੀਆ ਦੇ ਆਗੂ ਹਰਜੀਤ ਸਿੰਘ ਆਪਣੀਆਂ ਨੀਤੀਆਂ ਵਿੱਚ ਨਾਕਾਮਯਾਬ ਰਹੇ ਹਨ। ਉਹਨਾਂ ਵੱਲੋਂ ਪਿਛਲੀਆਂ ਚੋਣਾਂ ਵਿੱਚ ਹੋਈਆਂ ਧਾਂਦਲੀਆਂ ਨੂੰ ਲੈ ਕੇ ਕਚਿਹਰੀ ਵਿੱਚ ਕੇਸ ਕਰ ਦਿੱਤਾ ਸੀ ਜਿਸ ਵਿੱਚ ਉਹ ਹਾਰੇ ਸਨ।