image caption:

ਗੋਲ ਨਾ ਕਰ ਸਕਣ ਤੋਂ ਨਿਰਾਸ਼ ਕ੍ਰਿਸਟੀਆਨੋ ਰੋਨਾਲਡੋ ਨੇ ਮੈਚ ਰੈਫਰੀ ਨਾਲ ਕੀਤਾ ਝਗੜਾ

 ਫੁੱਟਬਾਲ ਦੇ ਜਾਦੂਗਰ ਕ੍ਰਿਸਟੀਆਨੋ ਰੋਨਾਲਡੋ ਕਿਸੇ ਮੈਚ 'ਚ ਗੋਲ ਨਾ ਕਰ ਸਕੇ, ਇਹ ਅਸੰਭਵ ਲੱਗਦਾ ਹੈ ਪਰ ਇਹ ਖਿਡਾਰੀ ਕਿੰਗਜ਼ ਕੱਪ ਆਫ ਚੈਂਪੀਅਨਜ਼ 'ਚ ਲਗਾਤਾਰ ਤੀਜੀ ਵਾਰ ਗੋਲ ਕਰਨ 'ਚ ਨਾਕਾਮ ਰਿਹਾ ਹੈ। ਇਸ ਨਾਲ ਹੀ ਇਸ ਟੂਰਨਾਮੈਂਟ ਵਿੱਚ ਅਲ-ਨਾਸਰ ਨੇ ਆਭਾ ਨੂੰ ਹਰਾ ਕੇ ਕਿੰਗ ਕੱਪ ਆਫ ਚੈਂਪੀਅਨਜ਼ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

ਅਲ ਨਾਸਰ ਨੇ ਆਭਾ ਨੂੰ 3-1 ਦੇ ਫਰਕ ਨਾਲ ਹਰਾਇਆ, ਤੇ ਇਹ ਮੇਜ਼ਬਾਨਾਂ ਲਈ ਇੱਕ ਹੱਕਦਾਰ ਜਿੱਤ ਸੀ, ਜੋ ਸ਼ੁਰੂ ਤੋਂ ਹੀ ਵਿਰੋਧੀ ਉੱਤੇ ਹਾਵੀ ਸੀ। ਅਲ-ਨਾਸਰ ਨੇ ਸਿਰਫ ਪਹਿਲੇ 10 ਸਕਿੰਟਾਂ 'ਚ ਪਹਿਲਾ ਗੋਲ ਕੀਤਾ ਅਤੇ ਫਿਰ 20ਵੇਂ ਮਿੰਟ 'ਚ ਦੋ ਹੋਰ ਗੋਲ ਕੀਤੇ ਪਰ ਉਨ੍ਹਾਂ ਦਾ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਗੋਲ ਨਹੀਂ ਕਰ ਸਕਿਆ ਤੇ ਇਸ ਕਾਰਨ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਮੈਚ ਰੈਫਰੀ ਨਾਲ ਝਗੜਾ ਵੀ ਕੀਤਾ। ਅਸਲ 'ਚ ਅਲ-ਨਾਸਰ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਨੇ ਕਦੇ ਵੀ ਇੰਨਾ ਨਿਰਾਸ਼ਾਜਨਕ ਪ੍ਰਦਰਸ਼ਨ ਨਹੀਂ ਕੀਤਾ ਅਤੇ ਇਸੇ ਕਾਰਨ ਉਹ ਮੈਦਾਨ 'ਤੇ ਕਾਫੀ ਪਰੇਸ਼ਾਨ ਨਜ਼ਰ ਆਏ। ਰੋਨਾਲਡੋ ਨੇ ਮੈਚ ਦੇ ਵਿਚਕਾਰ ਕਈ ਵਾਰ ਅਫਸੋਸ ਪ੍ਰਗਟ ਕੀਤਾ ਅਤੇ ਮੈਚ ਰੈਫਰੀ ਨਾਲ ਝਗੜਾ ਵੀ ਕੀਤਾ।

ਜਦੋਂ ਪਹਿਲੇ ਹਾਫ ਦੇ ਅੰਤ 'ਤੇ ਅਧਿਕਾਰਤ ਸੀਟੀ ਬਚੀ ਤਾਂ ਕ੍ਰਿਸਟੀਆਨੋ ਰੋਨਾਲਡੋ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਗੇਂਦ ਨੂੰ ਚੁੱਕਿਆ ਅਤੇ ਜ਼ੋਰ ਨਾਲ ਲੱਤ ਮਾਰ ਕੇ ਮੈਦਾਨ ਤੋਂ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਆਖਿਰਕਾਰ ਮੈਚ ਦੇ 87ਵੇਂ ਮਿੰਟ 'ਚ ਮੈਚ ਰੈਫਰੀ ਨੇ ਉਸ ਨੂੰ ਮੈਦਾਨ 'ਚੋਂ ਬਾਹਰ ਕੱਢ ਕੇ ਕਿਸੇ ਹੋਰ ਖਿਡਾਰੀ ਨੂੰ ਖੇਡਣ ਲਈ ਭੇਜ ਦਿੱਤਾ।

ਇਸ ਘਟਨਾ ਤੋਂ ਬਾਅਦ ਰੋਨਾਲਡੋ ਬਿਲਕੁਲ ਵੀ ਖੁਸ਼ ਨਹੀਂ ਸੀ। ਉਸ ਦੀ ਇਸ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਦੀ ਨਿਰਾਸ਼ਾ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਕੁਝ ਪ੍ਰਸ਼ੰਸਕ ਕਹਿ ਰਹੇ ਹਨ ਕਿ ਮਹਾਨ ਖਿਡਾਰੀਆਂ ਦਾ ਵੀ ਬੁਰਾ ਸਮਾਂ ਹੁੰਦਾ ਹੈ, ਜਦਕਿ ਕੁਝ ਲੋਕ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦੇ ਰਹੇ ਹਨ।