image caption: ਨਵਜੋਤ ਕੌਰ ਵਿਰਕ

ਨਵਜੋਤ ਕੌਰ ਵਿਰਕ ਨੇ ਰਚਿਆ ਇਤਿਹਾਸ

ਪਹਿਲੀ ਸਿੱਖ ਔਰਤ ਬਣੀ ਨੈਸ਼ਨਲ ਨਰਸਿੰਗ ਕੌਂਸਿਲ ਯੂ ਕੇ ਦੀ ਬੋਰਡ ਮੈਂਬਰ
ਇਹ ਖਬਰ ਸਿੱਖ ਬੁਧੀਜੀਵੀਆਂ ਅਤੇ ਵਿਦਿਅਕ ਅਦਾਰਿਆਂ ਵਿਚ ਬਣੇ ਮਾਣ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਡਰਬੀ ਯੂਨੀਵਰਸਿਟੀ ਦੀ ਨਰਸਿੰਗ ਅਤੇ ਮਿਡਵਿਫਰੀ ਦੀ ਹੈਡ ਨਵਜੋਤ ਕੌਰ ਵਿਰਕ ਨੇ ਨੈਸ਼ਨਲ ਕੌਂਸਲ ਆਫ ਨਰਸਿੰਗ ਦੇ ਬੋਰਡ ਦੀ ਮੈਂਬਰ ਬਣ ਕੇ ਪਹਿਲੀ ਸਿੱਖ ਨਰਸ-ਔਰਤ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਨੈਸ਼ਨਲ ਕੌਂਸਲ ਆਫ ਨਰਸਿੰਗ ਯੂ ਕੇ ਭਰ ਦੀ ਸੰਸਥਾ ਹੈ ਜਿਸ ਤੋਂ ਹਰ ਕੰਮ ਕਰਨ ਵਾਲੀ ਨਰਸ ਨੂੰ ਰਜਿਸਟਰ ਕਰਾ ਕੇ ਲਾਈਸੈਂਸ਼ ਲੈਣਾ ਜ਼ਰੂਰੀ ਹੈ। ਇਸ ਸੰਸਥਾ ਦੇ ਪੌਣੇ ਅੱਠ ਲੱਖ ਦੇ ਕਰੀਬ ਮੈਂਬਰ ਹਨ ਜਿਸ ਵਿਚ ਨਰਸਾਂ, ਮਿਡਵਾਈਫ ਅਤੇ ਐਸੋਸੀਏਟ ਹਨ। ਇਸ ਸੰਸਥਾ ਦਾ ਉਦੇਸ਼ ਹਰ ਇਨਸਾਨ ਲਈ ਦਇਆਵਾਨ ਅਤੇ ਕਾਬਲ ਨਰਸਾਂ ਤੇ ਮਿਡਵਾਈਫ ਮੁਹੱਈਆ ਕਰਾਉਣਾ ਅਤੇ ਉੱਚ ਮਿਆਰ ਨੂੰ ਕਾਇਮ ਰੱਖਣਾ ਹੈ।  
ਨਵਜੋਤ ਕੌਰ ਨੇ ਕਿਹਾ ਕਿ ਉਸ ਦੇ ਨਿਜੀ ਗੁਣ ਕੌਂਸਲ ਦੇ ਟੀਚਿਆਂ ਨਾਲ ਮੇਲ ਖਾਂਦੇ ਹਨ ਅਤੇ ਉਹ ਅਗਾਂਹ ਵਧੂ ਸੋਚ ਰਖਦੀ ਹੋਈ, ਇਨਸਾਫ ਦੇ ਤਰਾਜ਼ੂ ਨਾਲ, ਦਇਆ ਅਤੇ ਗੁਰੂਆਂ ਵਲੋਂ ਦਰਸਾਈ ਸਾਂਝੀਵਾਲਤਾ ਨਾਲ ਮਨੁਖਤਾ ਦੀ ਸੇਵਾ ਕਰੇਗੀ।  
ਨਵਜੋਤ ਕੌਰ ਦੀ ਚੋਣ ਪ੍ਰਕਿਰਿਆ ਸਖਤ ਅਤੇ ਲੰਬੀ ਸੀ। ਸਾਰੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ (ਇੰਗਲੈਂਡ,ਸਕਾਟਲੈਂਡ, ਵੇਲਜ਼, ਨਾਰਦਰਨ ਆਇਰਲੈਂਡ) ਵਿਚੋਂ ਨਾਮਜ਼ਦਗੀਆਂ ਨੂੰ ਪੰਜ ਸਟੇਜਾਂ ਦੀ ਚੋਣ ਪ੍ਰਕਿਰਿਆ ਵਿਚੋਂ ਲੰਘਣਾ ਪਿਆ ਜਿਸ ਵਿਚ ਉਹ ਅਵਲ ਰਹੀ। ਨਵਜੋਤ ਕੌਰ ਦੀ ਚੋਣ ਨਾਲ ਡਰਬੀ ਯੂਨੀਰਵਸਿਟੀ ਨੂੰ ਨੈਸ਼ਨਲ ਨਰਸਿੰਗ ਕੌਂਸਲ ਤੇ ਪਹਿਲੀ ਵਾਰ ਨੁਮਾਇੰਦਗੀ ਮਿਲੀ ਹੈ। ਡਰਬੀ ਯੂਨੀਵਰਸਿਟੀ ਦਾ ਪ੍ਰਬੰਧ ਇਸ ਕੌਮੀ ਪੱਧਰ ਤੇ ਮਿਲੇ ਨਾਮਣੇ ਤੇ ਮਾਣ ਮਹਿਸੂਸ ਕਰ ਰਿਹਾ ਹੈ।
ਨਵਜੋਤ ਕੌਰ ਨੇ 2000 ਤੋਂ ਐਨ ਐਚ ਐਸ ਵਿਚ ਸਥਾਨਕ ਅਤੇ ਕੌਮੀ ਪੱਧਰ ਤੇ ਸੇਵਾ ਕਰਦੀ ਰਹੀ ਹੈ। ਉਹ ਅੰਮ੍ਰਿਤਧਾਰੀ ਅਤੇ ਦੋ ਬਚਿਆਂ ਦੀ ਮਾਤਾ ਹੈ। ਉਹ ਸਿੰਘ ਸਭਾ ਗੁਰਦੁਆਰਾ ਦੇ ਪੰਜਾਬੀ ਸਕੂਲ਼ ਦੀ ਇੰਚਾਰਜ ਅਤੇ ਕਈ ਸਕੂਲ਼ਾਂ ਦੀ ਗਰਵਨਰ ਰਹੀ ਹੈ। ਉਸ ਨੇ ਅਕਾਲ ਪ੍ਰਾਇਮਰੀ ਸਕੂਲ਼ ਨੂੰ ਸ਼ੁਰੂ ਕਰਨ ਵਿਚ ਖਾਸ ਯੋਗਦਾਨ ਪਾਇਆ ਅਤੇ ਉਸਦੀ ਗਵਰਨਰ ਅਤੇ ਸੇਫ ਗਾਰਡਿੰਗ ਦੀ ਚੇਅਰ ਹੈ। ਉਹ ਪ੍ਰਾਇਮਰੀ ਅਤੇ ਸੈਂਕੰਡਰੀ ਸਕੂਲਾਂ ਦੀ ਮਨਜ਼ੂਰ-ਸ਼ੁਦਾ ਫੇਥ ਇੰਸਪੈਕਟਰ ਵੀ ਹੈ। ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਉਹ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ। ਸਿੰਘ ਸਭਾ ਗੁਰਦੁਆਰਾ ਦੇ ਪ੍ਰਧਾਨ ਸ:ਰਘਬੀਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਖ ਸਮਾਜ ਦੀ ਮਹਤਵ ਪੂਰਨ ਰੋਲ ਮਾਡਲ ਹੈ। ਗੁਰਦੁਆਰਾ ਸਾਹਿਬ ਦੇ ਜਨਰਲ ਸੈਕਟ੍ਰੀ ਰਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਨਵਜੋਤ ਕੌਰ ਨਵੀਂ ਪੀੜੀ੍ਹ ਲਈ ਚਾਨਣ ਮੁਨਾਰਾ ਹੈ ਜਿਸ ਤੇ ਅਸੀਂ ਜਿੰਨਾਂ ਮਾਣ ਕਰ ਲਈਏ ਥੋੜਾ ਹੈ। ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤਿ ਨਵਜੋਤ ਕੌਰ ਦੀ ਸਫਲਤਾ ਤੇ ਮਾਣ ਮਹਿਸੂਸ ਕਰਦੀ ਹੋਈ ਉਸ ਨੂੰ ਵਧਾਈ ਦੇਂਦੀ ਹੈ।