image caption:

700 ਵਿਦਿਆਰਥੀਆਂ ’ਤੇ ਲਟਕ ਰਹੀ ਹੈ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੀ ਤਲਵਾਰ

 ਪੰਜਾਬੀਆਂ &rsquoਚ ਵਿਦੇਸ਼ ਜਾਣ ਦਾ ਰੁਝਾਨ ਮੁੱਢ-ਕਦੀਮਾਂ ਤੋਂ ਹੈ। ਉਹ ਹਰ ਹੀਲੇ ਵਿਦੇਸ਼ਾਂ &rsquoਚ ਵਸਣਾ ਚਾਹੁੰਦੇ ਹਨ ਭਾਵੇਂ ਉਨ੍ਹਾਂ ਨੂੰ ਕਿੰਨਾ ਵੀ ਜੋਖ਼ਮ ਕਿਉਂ ਨਾ ਉਠਾਉਣਾ ਪਵੇ। ਹੁਣ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਖ਼ਬਰ ਆਈ ਹੈ ਜੋ ਚਿੰਤਾਜਨਕ ਹੈ। ਵਤਨ ਵਾਪਸ ਭੇਜੇ ਜਾਣ ਵਾਲੇ ਵਿਦਿਆਰਥੀਆਂ &rsquoਚੋਂ ਵੀ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਜਿਹੜੇ ਮਾਪਿਆਂ ਨੇ 15 ਤੋਂ 20 ਲੱਖ ਰੁਪਏ ਲਾ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਸੱਤ ਸਮੁੰਦਰ ਪਾਰ ਭੇਜਿਆ ਹੋਵੇ, ਇਸ ਤਾਜ਼ਾ ਰਿਪੋਰਟ ਨਾਲ ਉਨ੍ਹਾਂ ਦੇ ਦਿਲਾਂ &rsquoਤੇ ਕੀ ਬੀਤੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਕੋਰੋਨਾ ਕਾਲ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਿਹੜੇ ਅੰਕੜੇ ਜਾਰੀ ਕੀਤੇ ਸਨ, ਉਸ ਮੁਤਾਬਕ ਸਾਲ 2019 ਦੌਰਾਨ 7 ਲੱਖ 70 ਹਜ਼ਾਰ ਭਾਰਤੀ ਵਿਦਿਆਰਥੀ ਦੁਨੀਆ ਦੇ 86 ਵੱਖੋ-ਵੱਖਰੇ ਦੇਸ਼ਾਂ &rsquoਚ ਪੜ੍ਹ ਰਹੇ ਸਨ। ਵਾਇਰਸ ਦੇ ਹੰਗਾਮੇ ਦੌਰਾਨ ਭਾਵੇਂ ਇੰਨੀਆਂ ਜ਼ਿਆਦਾ ਪਾਬੰਦੀਆਂ ਲੱਗੀਆਂ ਹੋਈਆਂ ਸਨ ਪਰ ਫਿਰ ਵੀ ਕਈ-ਕਈ ਗੁਣਾ ਮਹਿੰਗੀਆਂ ਹਵਾਈ ਟਿਕਟਾਂ ਖ਼ਰੀਦ ਕੇ ਵੀ ਉਹ ਉਚੇਰੀ ਸਿੱਖਿਆ ਹਾਸਲ ਕਰਨ ਲਈ ਆਪਣੇ ਪਸੰਦ ਦੇ ਦੇਸ਼ &rsquoਚ ਜਾਣ ਤੋਂ ਕਦੇ ਨਹੀਂ ਟਲ਼ੇ। ਦੇਸ਼ ਵਿਚ ਪੰਜ ਸਾਲ ਤੋਂ ਲੈ ਕੇ 24 ਸਾਲ ਤਕ ਦੀ ਉਮਰ ਦੇ ਨਾਗਰਿਕਾਂ ਦੀ ਗਿਣਤੀ 58 ਕਰੋੜ ਤੋਂ ਵੱਧ ਹੈ ਤੇ ਉਨ੍ਹਾਂ &rsquoਚੋਂ 10 ਕਰੋੜ ਦੇ ਕਰੀਬ ਯੋਗ ਉਮਰ ਦੇ ਨੌਜਵਾਨਾਂ &rsquoਚੋਂ ਤਾਂ ਬਹੁਤ ਸਾਰੇ ਵਿਦੇਸ਼ ਜਾਣ ਦੇ ਚਾਹਵਾਨ ਜ਼ਰੂਰ ਹੋਣਗੇ।

ਗ਼ੈਰ-ਸਰਕਾਰੀ ਅੰਕੜਿਆਂ ਮੁਤਾਬਕ ਸਾਲ 2021 ਦੌਰਾਨ 11 ਲੱਖ 33 ਹਜ਼ਾਰ ਤੋਂ ਵੱਧ ਬੱਚੇ ਹੋਰਨਾਂ ਦੇਸ਼ਾਂ &rsquoਚ ਪੜ੍ਹ ਰਹੇ ਸਨ ਅਤੇ ਮਾਹਿਰਾਂ ਮੁਤਾਬਕ ਅਗਲੇ ਕੁਝ ਸਾਲਾਂ ਦੌਰਾਨ ਇਹ ਗਿਣਤੀ 18 ਲੱਖ ਤਕ ਪੁੱਜ ਜਾਣ ਦਾ ਅਨੁਮਾਨ ਹੈ। ਠੱਗ ਕਿਸਮ ਦੇ ਏਜੰਟ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਆਪਣੇ ਨਿਸ਼ਾਨੇ &rsquoਤੇ ਲੈਣ ਲੱਗ ਪਏ ਹਨ। ਜੇ ਕਿਤੇ 700 ਵਿਦਿਆਰਥੀਆਂ ਨੇ ਜਲੰਧਰ ਦੇ ਜਾਅਲੀ ਏਜੰਟ ਦੀ ਥਾਂ ਆਪਣੇ ਪੱਧਰ &rsquoਤੇ ਕੈਨੇਡਾ ਦੇ ਹੰਬਰ ਕਾਲਜ &rsquoਚ ਦਾਖ਼ਲੇ ਲਈ ਅਪਲਾਈ ਕੀਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਨਾਲ ਅਜਿਹੀ ਧੋਖਾਧੜੀ ਨਾ ਹੁੰਦੀ। ਉਨ੍ਹਾਂ &rsquoਤੇ ਸਿਰਫ਼ ਦਾਖ਼ਲੇ ਦੇ ਜਾਅਲੀ ਆਫਰ ਲੈਟਰਾਂ ਕਾਰਨ ਕੈਨੇਡਾ ਤੋਂ ਡਿਪੋਰਟ ਹੋਣ ਦੀ ਤਲਵਾਰ ਨਾ ਲਟਕਦੀ।

ਜੁਲਾਈ 2021 ਦੇ ਗ਼ੈਰ-ਸਰਕਾਰੀ ਅੰਕੜਿਆਂ ਮੁਤਾਬਕ ਹੀ ਸਭ ਤੋਂ ਵੱਧ 2 ਲੱਖ 19 ਹਜ਼ਾਰ ਭਾਰਤੀ ਵਿਦਿਆਰਥੀ ਸੰਯੁਕਤ ਅਰਬ ਅਮੀਰਾਤ &rsquoਚ ਪੜ੍ਹਦੇ ਹਨ। ਸਾਡੇ ਬੱਚੇ ਕੈਨੇਡਾ ਨੂੰ ਦੂਜੇ ਨੰਬਰ &rsquoਤੇ (2.15 ਲੱਖ) ਅਤੇ ਅਮਰੀਕਾ (2.12 ਲੱਖ) ਨੂੰ ਤੀਜੇ ਨੰਬਰ &rsquoਤੇ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀ ਆਸਟ੍ਰੇਲੀਆ, ਸਾਊਦੀ ਅਰਬ, ਨਿਊਜ਼ੀਲੈਂਡ, ਇੰਗਲੈਂਡ, ਓਮਾਨ, ਚੀਨ, ਜਰਮਨੀ, ਯੂਕਰੇਨ, ਰੂਸ ਤੇ ਫਿਲੀਪੀਨ &rsquoਚ ਵੀ ਜਾ ਕੇ ਪੜ੍ਹਾਈ ਕਰਨਾ ਪਸੰਦ ਕਰਦੇ ਹਨ। ਸੱਤਰ ਫ਼ੀਸਦੀ ਵਿਦਿਆਰਥੀ ਖ਼ਾਸ ਕੋਰਸ ਕਰਨ ਲਈ, ਬਾਕੀ ਦੇ ਪੋਸਟ-ਗ੍ਰੈਜੂਏਟ ਤੇ ਹੋਰ ਆਮ ਕੋਰਸ ਕਰਨ ਲਈ ਵਿਦੇਸ਼ ਜਾਂਦੇ ਹਨ।

ਸਾਲ 2019 ਦੇ ਮੁਕਾਬਲੇ ਹੁਣ ਇੰਗਲੈਂਡ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ &rsquoਚ 600 ਫ਼ੀਸਦੀ ਦਾ ਵਾਧਾ ਹੋਇਆ ਹੈ। ਇਕ ਅਨੁਮਾਨ ਮੁਤਾਬਕ ਅਗਲੇ ਵਰ੍ਹੇ 2024 ਤਕ ਵਿਦਿਆਰਥੀਆਂ ਰਾਹੀਂ 80 ਅਰਬ ਡਾਲਰ ਭਾਰਤ ਤੋਂ ਹੋਰਨਾਂ ਦੇਸ਼ਾਂ ਨੂੰ ਜਾਇਆ ਕਰਨਗੇ। ਇਨ੍ਹਾਂ ਅੰਕੜਿਆਂ ਕਾਰਨ ਕੇਂਦਰ ਚਿੰਤਤ ਹੈ। ਇਸੇ ਲਈ ਬਹੁਤ ਸਾਰੀਆਂ ਵਿਦੇਸ਼ੀ &rsquoਵਰਸਿਟੀਆਂ ਨੂੰ ਹੁਣ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ &rsquoਚ ਕੈਂਪਸ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤਾਂ ਜੋ ਦੇਸ਼ ਦੇ ਵਿਦਿਆਰਥੀ ਆਪਣੇ ਘਰ &rsquoਚ ਰਹਿ ਕੇ ਹੀ ਵਿਦੇਸ਼ੀ ਡਿਗਰੀਆਂ ਹਾਸਲ ਕਰ ਸਕਣ।