image caption: -ਰਜਿੰਦਰ ਸਿੰਘ ਪੁਰੇਵਾਲ

ਪੰਜਾਬ ਵਿਚ ਕਾਲੇ ਕਨੂੰਨ ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਮਾਨ ਸਰਕਾਰ ਨੇ

1984 ਦੇ ਦਿਨਾਂ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ  ਪਿੰਡਾਂ ਵਿੱਚ ਫੌਜੀਆਂ ਵਰਗੀ ਬਾਹਰਲੀ ਪੁਲਿਸ ਦੇਖੀ ਜਾ ਰਹੀ ਹੈ| ਇਹ ਵਰਤਾਰਾ ਪੰਜਾਬੀਆਂ ਲਈ ਸਰਕਾਰੀ ਦਹਿਸ਼ਤ ਪੈਦਾ ਕਰ ਰਿਹਾ ਹੈ| ਜਦ ਕਿ ਪੰਜਾਬ ਵਿਚ ਕੋਈ ਹਥਿਆਰਬੰਦ ਯੁਧ ਨਹੀਂ ਚਲ ਰਿਹਾ| ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਸਹਿਜ ਢੰਗ ਨਾਲ ਉਸ ਦੇ ਘਰੋਂ ਵੀ ਗ੍ਰਿਫਤਾਰ ਕਰ ਸਕਦੀ ਸੀ ਪਰ ਸਰਕਾਰ ਨੇ ਉਹਨਾਂ ਨੂੰ ਰਸਤੇ ਵਿੱਚ ਘੇਰਿਆ, ਜੋ ਕਿ ਗ਼ਲਤ ਸੀ| ਪੰਜਾਬੀਆਂ ਨੇ ਭਗਵੰਤ ਮਾਨ ਨੂੰ 92 ਸੀਟਾਂ ਜਿਤਾ ਕੇ ਮੁੱਖ ਮੰਤਰੀ ਇਸ ਲਈ ਨਹੀਂ ਬਣਾਇਆ ਸੀ ਕਿ ਉਹ ਲੋਕਾਂ ਦਾ ਧਿਆਨ ਅਸਲ ਬੁਨਿਆਦੀ ਮੁੱਦਿਆਂ ਤੋਂ ਪਾਸੇ ਕਰਨ ਲਈ ਅਜਿਹੇ ਬੇਲੋੜੇ ਮਸਲੇ ਖੜ੍ਹੇ ਕਰੇ| ਬਾਦਲ ਅਕਾਲੀ ਦਲ ਦੇ ਆਗੂ ਪੁਛ ਰਹੇ ਹਨ ਇੱਕ ਵਿਅਕਤੀ ਨੂੰ ਫੜਨ ਲਈ ਐਡਾ ਅਡੰਬਰ ਕਿਉਂ ਰਚਕੇ ਪੰਜਾਬ ਵਿਚ ਸਟੇਟ ਦਹਿਸ਼ਤ ਦਾ ਮਾਹੌਲ ਕਿਉਂ ਸਿਰਜਿਆ ਜਾ ਰਿਹਾ? ਪੱਤਰਕਾਰਾਂ ਦੇ ਸ਼ੋਸ਼ਲ ਮੀਡੀਆ ਦੇ ਅਕਾਊਂਟ ਬੰਦ ਕੀਤੇ ਜਾ ਰਹੇ ਹਨ|ਪੰਜਾਬ ਨੂੰ ਕਸ਼ਮੀਰ ਬਣਾਇਆ ਜਾ ਰਿਹਾ ਹੈ|
ਬੀਤੇ ਦਿਨੀਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਹੋਰਾਂ ਨੇ ਪੰਜਾਬ ਵਿਚ ਨੌਜਵਾਨਾਂ ਦੀ ਹੋ ਰਹੀ ਗ੍ਰਿਫਤਾਰੀ ਦੇ ਮੱਦੇਨਜ਼ਰ ਕੀਤੇ ਜਾਣਯੋਗ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਾਨੂੰਨੀ ਤੌਰ ਉੱਤੇ ਕੀ ਕੀਤਾ ਜਾ ਸਕਦਾ ਹੈ| ਇਸ ਤੋਂ ਬਾਅਦ ਦਿੱਲੀ ਦਰਬਾਰ ਨੇ ਫੇਸਬੁੱਕ ਦੀ ਬਾਂਹ ਮਰੋੜ ਕੇ ਨਾ ਸਿਰਫ ਉਹ ਵੀਡੀਓ ਹਟਵਾਈ ਬਲਕਿ ਉਹਨਾ ਖਾਤਾ ਇੰਡੀਆ ਵਿਚ ਖੁੱਲ੍ਹਣੋਂ ਰੁਕਵਾ ਦਿੱਤਾ ਹੈ| ਭਾਈ ਮੰਝਪੁਰ  ਐੱਨ.ਆਈ.ਏ ਅਦਾਲਤ ਮੁਹਾਲੀ ਵਿਚ ਯੂਆਪਾ ਦੇ ਇਸ ਕੇਸ ਦੀ ਪੈਰਵੀ ਕਰ ਰਹੇ ਸਨ ਜਿਸ ਵਕਤ ਉਹਨਾਂ ਦਾ ਇੰਡੀਆ ਵਿਚ ਖਾਤਾ ਬੰਦ ਕਰ ਦਿੱਤਾ ਗਿਆ|
ਪੁਲਿਸ ਮੁਤਾਬਕ ਹਾਲੇ ਤੱਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਉਸ ਦੇ 200 ਦੇ ਕਰੀਬ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਸੂਤਰਾਂ ਅਨੁਸਾਰ ਪੁਲਸ ਨੇ ਅੰਮ੍ਰਿਤਪਾਲ ਦੀ ਪਤਨੀ ਅਤੇ ਯੂ.ਕੇ. ਦੀ ਐੱਨ. ਆਰ. ਆਈ. ਕੁੜੀ ਕਿਰਨਦੀਪ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ| ਪਤਾ ਲੱਗਾ ਹੈ ਕਿ ਪੁਲਸ ਅੰਮ੍ਰਿਤਪਾਲ ਸਿੰਘ ਅਤੇ ਕਿਰਨਦੀਪ ਕੌਰ ਦੇ  ਵਿਆਹ ਦੀ ਜਾਂਚ ਕਰ ਰਹੀ ਹੈ|ਦੱਸ ਦੇਈਏ ਕਿ ਅੰਮ੍ਰਿਤਪਾਲ ਦਾ ਵਿਆਹ 10 ਫਰਵਰੀ ਨੂੰ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਇੰਗਲੈਂਡ ਦੀ ਐੱਨ. ਆਰ. ਆਈ. ਕੁੜੀ ਕਿਰਨਦੀਪ ਕੌਰ ਨਾਲ ਹੋਇਆ ਸੀ| ਖ਼ਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਸ ਨੇ ਅਜਨਾਲਾ ਕਾਂਡ ਦੇ ਅਗਲੇ ਦਿਨ ਹੀ ਐੱਫ. ਆਈ. ਆਰ. ਦਰਜ ਕਰ ਦਿੱਤੀ ਸੀ ਪਰ ਪੰਜਾਬ ਪੁਲਸ ਨੇ ਇਕ ਤੈਅ ਯੋਜਨਾ ਤਹਿਤ ਇਹ ਗੱਲ ਗੁਪਤ ਰੱਖੀ ਸੀ| ਹਾਲਾਂਕਿ ਕੁਝ ਦਿਨਾਂ ਤਕ ਪੁਲਸ ਦੀ ਇਸ ਗੱਲ ਨੂੰ ਲੈ ਕੇ ਆਲੋਚਨਾ ਵੀ ਹੋਈ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦਰਜ ਨਹੀਂ ਕੀਤੀ ਪਰ ਪੁਲਸ ਅਧਿਕਾਰੀਆਂ ਨੇ ਪਹਿਲਾਂ ਹੀ ਉਸ ਦੇ ਖ਼ਿਲਾਫ਼ ਵੱਡਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਲਿਆ ਹੋਇਆ ਸੀ| ਹੁਣ ਹਰ ਪਾਸੇ ਪੈਰਾ ਮਿਲਟਰੀ ਫੋਰਸ ਹਥਿਆਰਬੰਦ ਹੋ ਕੇ ਘੁੰਮ ਰਹੀ ਹੈ, ਜਿਸ ਦਾ ਮਾੜਾ ਪ੍ਰਭਾਵ ਪੰਜਾਬ ਦੀ ਆਰਥਿਕਤਾ ਉਪਰ ਪੈ ਰਿਹਾ ਹੈ|
ਅੰਮ੍ਰਿਤਪਾਲ ਸਿੰਘ ਤੇ ਉਸਦੇ ਅੱਠ ਸਾਥੀਆਂ ਖ਼ਿਲਾਫ਼ ਵੀ ਐੱਨਐੱਸਏ ਲਗਾ ਦਿੱਤਾ ਗਿਆ ਹੈ ਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਾ ਚੁਕਾ ਹੈ| ਇਹ ਮਾਮਲਾ ਕੇਂਦਰੀ ਏਜੰਸੀਆਂ  ਦੇ ਹਵਾਲੇ ਕਰ ਦਿਤਾ ਹੈ|ਇਹ ਕਾਲਾ ਕਨੂੰਨ ਹੁਣ ਪੰਜਾਬ ਉਪਰ ਥੋਕ ਦੇ ਭਾਅ ਵਰਤਿਆ ਜਾ ਸਕਦਾ ਹੈ |ਫੜ੍ਹੇ ਗਏ ਸਿਖਾਂ ਨੂੰ ਆਸਾਮ ਭੇਜਣ ਪਿੱਛੇ ਇਹ ਕਾਰਨ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀਆਂ ਨੂੰ ਉਨ੍ਹਾਂ ਤੋਂ ਜਿੰਨਾ ਹੋ ਸਕੇ ਦੂਰ ਰੱਖਿਆ ਜਾਵੇ ਤੇ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਵੀ ਠੀਕ ਢੰਗ ਨਾਲ ਨਾ ਕੀਤੀ ਜਾ ਸਕੇ | ਪਰ ਰਾਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਫੜ੍ਹੇ ਗਏ ਵਿਅਕਤੀਆਂ ਨੂੰ ਪੰਜਾਬ ਤੋਂ ਦੂਰ ਰੱਖਣ ਲਈ ਭਾਜਪਾ ਸ਼ਾਸ਼ਿਤ ਪ੍ਰਦੇਸ਼ ਆਸਾਮ ਨੂੰ ਹੀ ਕਿਉਂ ਚੁਣਿਆ ਗਿਆ, ਇਹ ਇਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਆਪ ਸਰਕਾਰ ਨੂੰ ਹਰ ਹਾਲ &rsquoਵਿਚ ਦੇਣਾ ਪਵੇਗਾ |ਇਸ ਤੋਂ ਜਾਹਿਰ ਹੈ ਕਿ ਭਾਜਪਾ ਤੇ ਆਪ ਦਾ ਡੂੰਘਾ ਰਾਜਨੀਤਕ ਰਿਸ਼ਤਾ ਹੈ|
ਦੱਸ ਦਈਏ ਕਿ ਐਨਐਸਏ ਇਕ ਸਖਤ ਕਾਲਾ ਕਾਨੂੰਨ ਹੈ, ਜਿਸ ਤਹਿਤ ਗ੍ਰਿਫਤਾਰ ਮੁਲਜ਼ਮ ਨੂੰ ਪੁਲਿਸ ਕਿਸੇ ਵੀ ਸੂਬੇ ਦੀ ਜੇਲ੍ਹ ਵਿਚ ਰੱਖ ਸਕਦੀ ਹੈ| ਇਸ ਤਹਿਤ ਬਿਨਾ ਦੱਸਿਆਂ ਹਿਰਾਸਤ ਵਿਚ ਲਿਆ ਜਾ ਸਕਦਾ ਹੈ ਤੇ ਇਕ ਸਾਲ ਤੱਕ ਜੇਲ੍ਹ ਵਿਚ ਰੱਖਿਆ ਜਾ ਸਕਦਾ ਹੈ| ਕੋਈ ਕਾਨੂੰਨੀ ਮਦਦ ਨਹੀਂ ਮਿਲਦੀ| ਅਦਾਲਤ ਵਿਚ ਪੇਸ਼ ਕਰਨ ਦੀ ਜ਼ਰੂਰਤ ਵੀ ਨਹੀਂ ਹੁੰਦੀ ਹੈ| ਇਸ ਤਹਿਤ ਕਿਸੇ ਵੀ ਥਾਂ ਉਤੇ ਨਜ਼ਰਬੰਦੀ ਦੇ ਹੁਕਮ ਕੀਤੇ ਜਾ ਸਕਦੇ ਹਨ| ਇਹ ਕਾਨੂੰਨ ਕਈ ਮਹੀਨਿਆਂ ਤੱਕ ਮੁਲਜ਼ਮ ਨੂੰ ਨਿਗਰਾਨੀ ਅਧੀਨ ਹਿਰਾਸਤ ਵਿਚ ਰੱਖਣ ਦੀ ਆਗਿਆ ਦਿੰਦਾ ਹੈ| ਕੇਂਦਰ ਜਾਂ ਸੂਬਾ ਸਰਕਾਰ ਨੂੰ ਜੇਕਰ ਲੱਗੇ ਕਿ ਕੋਈ ਵਿਅਕਤੀ ਦੇਸ਼ ਦੇ ਦੂਸਰੇ ਦੇਸ਼ਾਂ ਨਾਲ ਸਬੰਧਾਂ ਲਈ ਖਤਰਾ ਹੈ ਤਾਂ ਇਸ ਕਾਨੂੰਨ ਦੀ ਵਰਤੋਂ ਹੋ ਸਕਦੀ ਹੈ| 
ਸਿਖ ਨੌਜਵਾਨਾਂ ਦੇ ਹੱਕ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਸੂਬੇ ਵਿਚ ਗ਼ੈਰ ਸੰਵਿਧਾਨਕ ਢੰਗ ਨਾਲ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ|
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਵਿੱਢੀ ਗਈ ਫੜੋ ਫੜੀ ਦੀ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ &rsquoਤੇ ਲਗਾਈ ਗਈ ਨੈਸ਼ਨਲ ਸਕਿਓਰਿਟੀ ਐਕਟ ਦੀ ਧਾਰਾ ਤੁਰੰਤ ਹਟਾਈ ਜਾਵੇ ਅਤੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ|ਉਹਨਾਂ ਕਿਹਾ ਕਿ ਜਿਹੜੇ ਵੀ ਅਜਨਾਲਾ ਪੁਲਿਸ ਥਾਣੇ &rsquoਤੇ ਹਮਲੇ ਦੇ ਦੋਸ਼ੀ ਹਨ, ਉਹਨਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਇਹ ਪੰਜਾਬ ਲਈ ਮੰਦਭਾਗੀ ਗੱਲ ਹੈ ਕਿ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਬਣੇ ਹੋਏ ਹਨ ਤੇ ਇਹਨਾਂ ਦੇ ਰਾਜ ਵਿਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ|
ਅੰਮ੍ਰਿਤਪਾਲ ਸਿੰਘ ਦੀ ਪਤਨੀ ਬਾਰੇ ਜਾਂਚ ਵਿੱਢਣ ਬਾਰੇ ਸਵਾਲ ਦੇ ਜਵਾਬ ਵਿਚ ਵਲਟੋਹਾ ਨੇ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨ, ਮੇਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਇਹ ਅਪੀਲ ਹੈ ਕਿ ਇਸ ਗੱਲ ਨੂੰ ਇਥੇ ਹੀ ਰਹਿਣ ਦਿਓ ਤੇ ਘਰ ਦੀਆਂ ਔਰਤਾਂ ਤੱਕ ਮਾਮਲਾ ਨਾ ਲਿਜਾਇਆ ਜਾਵੇ|
ਦੂਜੇ ਪਾਸੇ ਕਾਂਗਰਸ ਤੇ ਬੀਜੇਪੀ ਇਸ ਐਕਸ਼ਨ ਦਾ ਸਵਾਗਤ ਕਰ ਰਹੀਆਂ ਹਨ|
ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸੂਬਾ ਤੇ ਕੇਂਦਰ ਸਰਕਾਰਾਂ ਸਿੱਖਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਸਿਰਜਣ ਲਈ ਕੇਂਦਰੀ ਸੁਰੱਖਿਆ ਬਲਾਂ ਨੂੰ ਪੰਜਾਬ ਵਿੱਚ ਵਰਤ ਰਹੀਆਂ ਹਨ| ਸਾਨੂੰ ਆਜ਼ਾਦ ਭਾਰਤ ਵਿੱਚ ਗੁਲਾਮੀ ਵਾਲਾ ਅਹਿਸਾਸ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਲੋਕਤੰਤਰ ਲਈ ਠੀਕ ਨਹੀਂ ਹੈ|
ਵਾਰਿਸ ਪੰਜਾਬ ਦੇ&rsquo ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ &rsquoਤੇ ਕਾਂਗਰਸੀ ਲੀਡਰ ਪਰਗਟ ਸਿੰਘ ਨੇ  ਕਿਹਾ ਹੈ ਕਿ ਪੰਜਾਬ ਦੇ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ| ਪਰਗਟ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਭ ਕੁਝ ਹੋਇਆ ਹੈ, ਉਸ ਤੋਂ ਸਪਸ਼ਟ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਨੂੰ ਸਥਾਪਤ ਕੀਤਾ ਜਾ ਰਿਹਾ ਹੈ| ਪਰਗਟ ਸਿੰਘ ਨੇ ਸਵਾਲ ਉਠਾਇਆ ਕਿ ਇੰਨੀ ਵੱਡੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਭੱਜਣ ਵਿੱਚ ਕਿਵੇਂ ਕਾਮਯਾਬ ਹੋ ਗਿਆ| ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਅਜਿਹਾ ਬਿਰਤਾਂਤ ਰਚਿਆ ਜਾ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ|
ਭਗਵੰਤ ਮਾਨ ਸਰਕਾਰ ਪੰਜਾਬ ਨਾਲ ਕੀਤੇ ਵਾਅਦੇ ਨਿਭਾਉਣ ਵਿਚ ਅਸਮਰਥ ਸਿਧ ਹੋਈ ਹੈ ਜਿਸ ਕਰਕੇ ਸਰਕਾਰੀ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ| ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰ ਕੇ ਇਸ ਨੂੰ 92 ਵਿਧਾਇਕ ਜਿਤਾ ਕੇ ਬਹੁਤ ਵੱਡਾ ਫ਼ਤਵਾ ਦਿੱਤਾ ਸੀ ਅਤੇ ਉਨ੍ਹਾਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਰਗੀਆਂ ਪੁਰਾਣੀਆਂ ਅਤੇ ਸਥਾਪਿਤ ਪਾਰਟੀਆਂ ਨੂੰ ਹਰਾ ਕੇ ਇਕ ਬਹੁਤ ਵੱਡੀ ਸਿਆਸੀ ਤਬਦੀਲੀ ਦੀ ਬੁਨਿਆਦ ਰੱਖੀ ਸੀ|ਪਰ ਅੱਜ ਸਾਰੇ ਪੰਜਾਬੀ ਇਸ ਸਰਕਾਰ ਨੂੰ ਬਣਾਉਣ ਲਈ ਪਛਤਾ ਰਹੇ ਹਨ| ਪੰਜਾਬ, ਜਿਥੇ 40 ਲੱਖ ਤੋਂ ਵੱਧ ਨੌਜਵਾਨ ਬੇਰੁਜ਼ਗਾਰ ਹਨ ਅਤੇ ਨਵੀਂ ਪੀੜ੍ਹੀ ਨੂੰ ਜਿਥੇ ਅੱਜ ਵੀ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ, ਉਥੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਜਾਂ ਠੇਕੇ &rsquoਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਉਪਰੋਕਤ ਪ੍ਰਾਪਤੀਆਂ ਵੀ ਨਿਗੂਣੀਆਂ ਹੀ ਜਾਪਦੀਆਂ ਹਨ|ਜਿੰਨਾ ਚਿਰ ਨੌਜਵਾਨਾਂ ਨੂੰ ਆਪਣੇ ਭਵਿੱਖ ਸੰਬੰਧੀ ਇਥੇ ਵਿਸ਼ਵਾਸ ਨਹੀਂ ਹੁੰਦਾ ਤੇ ਉਨ੍ਹਾਂ ਲਈ ਸਿੱਖਿਆ ਦੇ ਬਿਹਤਰ ਪ੍ਰਬੰਧ ਨਹੀਂ ਹੁੰਦੇ, ਉਦੋਂ ਤੱਕ ਰਾਜ ਵਿਚ ਗੈਂਗਵਾਦ, ਨਸ਼ਾਖ਼ੋਰੀ ਅਤੇ ਵੱਖ-ਵੱਖ ਤਰ੍ਹਾਂ ਦੇ ਜੁਰਮਾਂ ਦਾ ਰੁਕਣਾ ਵੀ ਬੇਹੱਦ ਮੁਸ਼ਕਿਲ ਹੈ,  ਰਾਜ ਦੀ ਖੇਤੀ ਨੂੰ ਨਵਾਂ ਹੁੰਗਾਰਾ ਦੇਣ ਅਤੇ ਰਾਜ ਵਿਚ ਖੇਤੀ ਆਧਾਰਿਤ ਸਨਅਤਾਂ ਲਗਾ ਕੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਸਰਕਾਰ ਪਿਛਲੇ ਇਕ ਸਾਲ ਵਿਚ ਬਹੁਤਾ ਕੁਝ ਠੋਸ ਨਹੀਂ ਕਰ ਸਕੀ| ਚਿੰਤਾ ਵਾਲੀ ਗੱਲ ਇਹ ਹੈ ਕਿ ਨਾਜਾਇਜ਼ ਹਥਿਆਰ ਗੈਂਗਸਟਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਤੱਕ ਪਹੁੰਚ ਰਹੇ ਹਨ| 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾਈ ਪੰਜਾਬ ਹੋਰ ਵੀ ਗਹਿਰੇ ਕਰਜ਼ੇ ਵਿਚ ਡੁੱਬ ਰਿਹਾ ਹੈ| ਪਰ ਸਰਕਾਰ ਸਟੇਟ ਦੇ ਡੰਡੇ ਨਾਲ ਕਾਲੇ ਕਨੂੰਨਾਂ ਤਹਿਤ ਪੰਜਾਬੀਆਂ ਨੂੰ ਦਬਾਉਣ ਵਿਚ ਰੁਚੀ ਦਿਖਾ ਰਹੀ ਹੈ|
-ਰਜਿੰਦਰ ਸਿੰਘ ਪੁਰੇਵਾਲ