image caption: -ਰਜਿੰਦਰ ਸਿੰਘ ਪੁਰੇਵਾਲ

ਅਕਾਲ ਤਖਤ ਸਾਹਿਬ ਨੂੰ ਚੁਣੌਤੀ ਨਾ ਦੇਵੇ ਮੱੁਖ ਮੰਤਰੀ ਭਗਵੰਤ ਮਾਨ

ਬੀਤੇ ਦਿਨੀਂ ਸਿਖ ਨੌਜਵਾਨਾਂ ਦੀ ਰਿਹਾਈ ਤੇ ਐਨ ਐਸ ਏ ਖਤਮ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਥਕ ਮੀਟਿੰਗ ਦੌਰਾਨ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੱਖ ਵਿਦਵਾਨਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਦੀ ਹਾਜ਼ਰੀ ਦੌਰਾਨ ਨਸ਼ਿਆਂ ਅਤੇ ਪਤਿਤਪੁਣੇ ਖ਼ਿਲਾਫ ਅਤੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਨਾਮਵਰ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਨੂੰ ਨਾਲ ਲੈ ਕੇ ਖਾਲਸਾ ਵਹੀਰ ਆਰੰਭ ਕਰਨ ਦਾ ਐਲਾਨ ਕਰਦਿਆਂ ਸਰਕਾਰ ਨੂੰ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ 24 ਘੰਟੇ ਅੰਦਰ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਸੀ| ਉਨ੍ਹਾਂ ਕਿਹਾ ਸੀ ਕਿ ਸਾਰੇ ਨੌਜਵਾਨਾਂ ਉਪਰ ਲਾਏ ਗਏ ਕੌਮੀ ਸੁਰੱਖਿਆ ਐਕਟ ਨੂੰ ਤੁਰੰਤ ਹਟਾਇਆ ਜਾਵੇ|  ਪਰ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਰਦ ਕਰਕੇ ਰਾਜ ਮਦ ਅਧੀਨ ਜੋ ਚੁਣੌਤੀ ਦਿਤੀ ਹੈ, ਉਹ ਟਕਰਾਅ ਦੀ ਨੀਤੀ ਹੈ| ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ| ਉਨ੍ਹਾਂ  ਕਿਹਾ ਸੀ ਕਿ ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ ਹੈ ਤੇ ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗ਼ਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ, ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ|
ਮੁੱਖ ਮੰਤਰੀ ਮਾਨ ਦੇ ਟਵੀਟ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇੰਦਾ ਹਾਂ| ਉਨ੍ਹਾਂ  ਲਿਖਿਆ ਸੀ ਕਿ ਮੈਨੂੰ ਵੀ ਆਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫ਼ਰਜ਼ ਵੀ ਹੈ|ਤੁਸੀਂ ਠੀਕ ਕਿਹਾ ਕਿ ਅਕਸਰ ਹੀ ਭੋਲੇ-ਭਾਲੇ ਧਾਰਮਿਕ ਲੋਕਾਂ ਨੂੰ ਸਿਆਸੀ ਲੋਕ ਵਰਤ ਜਾਂਦੇ ਹਨ ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ| ਉਨ੍ਹਾਂ ਕਿਹਾ ਕਿ ਪਰ ਤੁਸੀਂ ਧਿਆਨ ਰੱਖੋ ਕਿ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਆਪ ਜੀ ਵਰਗੇ ਸਿਆਸੀ ਲੋਕਾਂ ਨੂੰ ਸਿਆਸੀ ਲੋਕ ਨਾ ਵਰਤ ਜਾਣ| ਸਿਆਸਤ ਲਈ ਸੰਵਾਦ ਬਾਅਦ ਵਿਚ ਕਰਾਂਗੇ| ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲ੍ਹੀਂ ਡੱਕੇ ਨਿਰਦੋਸ਼ ਪੁੱਤਾਂ ਨਾਲ ਮਿਲਾਈਏ ਤੇ ਅਸੀਸ ਲਈਏ| ਵਾਹਿਗੁਰੂ ਭਲੀ ਕਰੇ|
ਭਗਵੰਤ ਮਾਨ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਇਸ ਪੰਥ ਵਿਰੋਧੀ ਨੀਤੀ ਤਹਿਤ ਬੇਅੰਤ ਸਿੰਘ ਮੁਖ ਮੰਤਰੀ ਵੀ ਚਲਿਆ ਸੀ|ਉਸ ਕਾਰਣ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਸੀ| ਪੰਥਕ ਆਗੂਆਂ ਦਾ ਮੰਨਣਾ ਹੈ ਕਿ ਭਗਵੰਤ ਮਾਨ ਦਿੱਲੀ ਬੈਠੀ ਸਿੱਖ ਵਿਰੋਧੀ ਲਾਬੀ ਦੀ ਸ਼ਹਿ ਅਤੇ ਸਿਖ ਵਿਰੋਧੀਆਂ ਦੀ ਚੁੱਕ ਵਿਚ ਆ ਕੇ ਉਹ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਨਾਲ ਹੀ ਮੱਥਾ ਲਾਉਣ ਦੀ ਹਿਮਾਕਤ ਕਰ ਬੈਠਾ ਹੈ| ਇਤਿਹਾਸ ਗਵਾਹ ਹੈ  ਕਿ ਅਕਾਲ ਤਖਤ ਸਾਹਿਬ ਨਾਲ ਟਕਰ ਲੈਣ ਵਾਲਿਆਂ ਨੂੰ ਖਾਲਸਾ ਪੰਥ ਨੇ ਕਦੇ ਮੁਆਫ ਨਹੀਂ ਕੀਤਾ| ਇਥੋਂ ਤਕ ਮਹਾਰਾਜਾ ਰਣਜੀਤ ਸਿੰਘ, ਗਿਆਨੀ ਜੈਲ ਸਿੰਘ, ਬੂਟਾ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਨੂੰ ਆਪਣੀਆਂ ਗਲਤੀਆਂ ਕਰਕੇ ਅਕਾਲ ਤਖਤ ਸਾਹਿਬ ਉਪਰ ਆਪਣੀ ਭੁਲ ਬਖਸ਼ਾਉਣੀ ਪਈ ਸੀ| ਭਗਵੰਤ ਮਾਨ ਨੂੰ ਆਪਣੀ ਇਸ ਅਵੱਗਿਆ ਦੇ ਪਸ਼ਚਾਤਾਪ ਵਜੋਂ ਬਿਨਾਂ ਦੇਰੀ ਅਤੇ ਬਿਨਾਂ ਸ਼ਰਤ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ| ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਇੰਦਰਾ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ| ਪਰ ਇਹ ਸਭ ਇਤਿਹਾਸ ਦੀ ਧੂੜ ਵਿਚ ਰੁਲ ਗਏ| ਸਮੇਂ-ਸਮੇਂ &rsquoਤੇ ਜਦੋਂ ਪੰਥ ਉਪਰ ਸੰਕਟ ਪੈਂਦਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਜਾਰੀ ਕਰਦੇ ਸਨ ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ| ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਬਾਦਲ ਪਰਿਵਾਰ ਨੇ ਇਸ ਦਾ ਅਕਸ ਧੁੰਦਲਾ ਕੀਤਾ ਹੈ, ਨਹੀਂ ਤਾਂ ਭਗਵੰਤ ਮਾਨ ਵਰਗਿਆਂ ਨੂੰ ਜਥੇਦਾਰ ਅਕਾਲ ਤਖਤ ਨੂੰ ਚੈਲਿੰਜ ਕਰਨ ਦਾ ਮੌਕਾ ਨਹੀਂ ਮਿਲਣਾ ਸੀ|  ਅਕਾਲ ਤਖਤ ਸਾਹਿਬ ਦਾ ਖੁਦਮੁਖਤਿਆਰੀ ਸਰੂਪ ਉਭਰਨਾ ਚਾਹੀਦਾ ਹੈ| ਬਾਦਲ ਅਕਾਲੀ ਦਲ ਨੂੰ ਪੰਥਕ ਜਥੇਬੰਦੀਆਂ ਨਾਲ ਮਿਲਕੇ ਇਸ ਵਲ ਯਤਨ ਕਰਨੇ ਪੈਣਗੇ ਤਾਂ ਹੀ ਪੰਥ ਦਾ ਭਵਿੱਖ ਸੰਵਰ ਸਕੇਗਾ|
-ਰਜਿੰਦਰ ਸਿੰਘ ਪੁਰੇਵਾਲ