ਰਾਮ ਨੌਮੀ ਦੇ ਮੌਕੇ ਤੇ ਫਿਰਕੂ ਦੰਗੇ ਫੈਲਾਉਣ ਪਿੱਛੇ ਭਗਵੇਂ ਵਾਦੀਆਂ ਦੀ ਖਤਰਨਾਕ ਰਾਜਨੀਤੀ
ਪਿਛਲੇ ਦਿਨੀਂ ਰਾਮ ਨੌਮੀ ਦੇ ਮੌਕੇ &rsquoਤੇ ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ ਤੇ ਗੁਜਰਾਤ ਵਿਚ ਅਨੇਕਾਂ ਥਾਵਾਂ ਤੇ ਹੋਈ| ਫਿਰਕੂ ਭੀੜਾਂ ਨੇ ਇਕ-ਦੂਜੇ ਤੇ ਪਥਰਾਅ ਕੀਤੇ, ਦੁਕਾਨਾਂ ਦੀ ਭੰਨ-ਤੋੜ ਕੀਤੀ, ਪੈਟਰੋਲ ਬੰਬ ਸੁੱਟੇ ਤੇ ਵਾਹਨਾਂ ਨੂੰ ਅੱਗ ਲਗਾਈ ਤੇ ਪੁਲਿਸ ਕਰਮੀ ਤੇ ਲੋਕ ਵੀ ਜ਼ਖਮੀ ਹੋ ਗਏ| ਇਥੋਂ ਤਕ ਭਗਵਿਆਂ ਵਲੋਂ ਮਸਜਿਦਾਂ ਦੇ ਸਾਹਮਣੇ ਹਿੰਦੂ ਰਾਸ਼ਟਰਵਾਦ ਦੇ ਝੰਡੇ ਲਹਿਰਾਏ| ਅਜਿਹਾ ਵਰਤਾਰਾ ਅਨੇਕ ਥਾਵਾਂ &rsquoਤੇ ਵਾਪਰਿਆ| ਹਿੰਦੂ ਤੇ ਮੁਸਲਮਾਨਾਂ ਦਾ ਆਪਸ ਵਿਚ ਇਸ ਤਰ੍ਹਾਂ ਭਿੜ ਜਾਣਾ ਆਮ ਵਰਤਾਰਾ ਨਹੀਂ ਹੈ| ਇਸ ਪਿਛੇ ਭਗਵੀਆਂ ਰਾਜਨੀਤਕ ਚਾਲਾਂ ਹਨ ਜੋ ਚੋਣਾਂ ਤੇ ਸਤਾ ਲਈ ਇਹ ਧਰੁਵੀਕਰਨ ਦੀ ਸਿਆਸਤ ਖੇਡ ਰਹੀਆਂ ਹਨ| ਹੁਣ ਤੱਕ ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਗੁਜਰਾਤ ਵਿਚ 200 ਦੇ ਕਰੀਬ ਸ਼ਰਾਰਤੀ ਅਨਸਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਵਿਚੋਂ  105 ਪੱਛਮੀ ਬੰਗਾਲ, 61 ਮਹਾਰਾਸ਼ਟਰ ਤੇ 35 ਗੁਜਰਾਤ ਦੇ ਹਨ| ਇਸ ਉਪਰੰਤ ਇਹੋ ਅੱਗ ਝਾਰਖੰਡ ਵਿੱਚ ਪਹੁੰਚ ਗਈ| ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਵੀ ਰਾਮ ਨੌਮੀ ਜਲੂਸ ਦੌਰਾਨ ਮੁਸਲਮਾਨਾਂ ਵਿਰੁੱਧ ਭੜਕਾਊ ਨਾਅਰੇ ਲਾਏ ਗਏ ਤੇ ਮਸਜਿਦਾਂ ਸਾਹਮਣੇ ਗਾਣੇ ਵਜਾਏ ਗਏ| ਕਈ ਥਾਈਂ ਮਸਜਿਦਾਂ ਉੱਤੇ ਭਗਵਾ ਝੰਡੇ ਲਹਿਰਾ ਦਿੱਤੇ ਗਏ| ਪੱਥਰਬਾਜ਼ੀ ਕੀਤੀ ਗਈ ਤੇ ਘਰਾਂ, ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ|31 ਮਾਰਚ ਨੂੰ ਬਿਹਾਰ ਦੇ ਨਾਲੰਦਾ ਜਿਲ੍ਹੇ ਦੇ ਬਿਹਾਰ ਸ਼ਰੀਫ ਵਿੱਚ ਰਾਮਨੌਮੀ ਬਹਾਨੇ ਫਿਰਕੂ ਹਿੰਦੂਤਵੀ ਗੁੰਡਿਆਂ ਵੱਲੋਂ ਇਲਾਕੇ ਦੇ ਸਭ ਤੋਂ ਪੁਰਾਣੇ ਮਦਰੱਸੇ, ਮਦਰੱਸਾ ਅਜੀਜੀਆ, ਨੂੰ ਅੱਗ ਲਾ ਦਿੱਤੀ ਗਈ ਸੀ| 110 ਸਾਲ ਪੁਰਾਣੇ ਮਦਰੱਸੇ ਵਿੱਚ ਪਈਆਂ 4500 ਤੋਂ ਵੱਧ ਪੁਰਾਣੀਆਂ ਕਿਤਾਬਾਂ ਇਸ ਅੱਗ ਵਿੱਚ ਝੁਲਸ ਕੇ ਸਵਾਹ ਹੋ ਗਈਆਂ ਹਨ| ਮਸੀਤ ਦੇ ਇਮਾਮ ਦੇ ਦੱਸਣ ਮੁਤਾਬਕ ਮਸੀਤ ਦੀ ਇੱਕ ਮੀਨਾਰ ਨੂੰ ਵੀ ਭੰਨ ਦਿੱਤਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਹਿੰਦੂ ਸੰਗਠਨਾਂ ਨੇ ਇਹ ਜਲੂਸ ਕੱਢਿਆ ਸੀ, ਜਿਸ ਵਿਚ ਵੱਡੀ ਗਿਣਤੀ &rsquoਚ ਲੋਕਾਂ ਨੇ ਸ਼ਿਰਕਤ ਕੀਤੀ ਸੀ ਤੇ ਮੁਸਲਮਾਨਾਂ ਵਿਰੁੱਧ ਭੜਕਾਊ ਨਾਰੇ ਲਗਾਏ|
ਭਾਜਪਾ ਦਾ ਦਾਅਵਾ ਹੈ ਕਿ ਹਮਲੇ ਵਿੱਚ ਉਸ ਦੇ ਸਥਾਨਕ ਵਿਧਾਇਕ ਬਿਮਨ ਘੋਸ਼ ਸਮੇਤ 30 ਤੋਂ 40 ਵਰਕਰ ਜ਼ਖ਼ਮੀ ਹੋਏ ਹਨ| ਵਿਧਾਇਕ ਸਮੇਤ ਕਈ ਵਰਕਰ ਹਸਪਤਾਲ ਵਿਚ ਭਰਤੀ ਹਨ| ਪ੍ਰਦੇਸ਼ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਦਾਅਵਾ ਕੀਤਾ ਕਿ ਜਲੂਸ ਮਸਜਿਦ ਦੇ ਨੇੜੇ ਤੋਂ ਲੰਘ ਰਿਹਾ ਸੀ ਤਾਂ ਉਸ &rsquoਤੇ ਅਚਾਨਕ ਅੰਦਰੋਂ ਹਮਲਾ ਕੀਤਾ ਗਿਆ| ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸਦਿਆਂ ਉਨ੍ਹਾਂ ਨੇ ਹਿੰਸਾ ਲਈ ਮਮਤਾ ਸਰਕਾਰ ਅਤੇ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ|
ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਪਹਿਲਾਂ ਹੀ ਮੁਸਲਮਾਨ ਇਲਾਕਿਆਂ ਵਿਚ ਜਲੂਸ ਨਾ ਲਿਜਾਣ ਲਈ ਕਿਹਾ ਸੀ, ਪਰ ਭਾਜਪਾ ਵਾਲੇ ਦੰਗੇ ਕਰਵਾਉਣ ਲਈ ਜਾਣਬੁੱਝ ਕੇ ਇਨ੍ਹਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ| ਮਮਤਾ ਬੈਨਰਜੀ  ਕਿਹਾ ਕਿ ਦੰਗਾਈਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਿਸੇ ਨੂੰ ਵੀ ਕਾਨੂੰਨ ਹੱਥ &rsquoਚ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ| 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਗਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਮਹਾਗਠਬੰਧਨ ਨੂੰ ਸੱਤਾ ਤੋਂ ਲਾਂਭ ਕਰ ਦੇਵੇਗੀ| ਅਮਿਤ ਸ਼ਾਹ ਨੇ ਸੂਬੇ ਵਿਚ ਮੌਜੂਦਾ ਫਿਰਕੂ ਤਣਾਅ ਲਈ ਨਿਤਿਸ਼ ਕੁਮਾਰ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ  ਉਨ੍ਹਾਂ ਸੂਬਾ ਸਰਕਾਰ ਨੂੰ ਧਮਕਾਉਂਦਿਆਂ ਕਿਹਾ ਕਿ ਉਹ ਦੇਸ਼ ਦੇ ਗ੍ਰਹਿ ਮੰਤਰੀ ਹਨ, ਜੇਕਰ ਬਿਹਾਰ ਵਿਚ ਅਰਾਜਕਤਾ ਦਾ ਬੋਲਬਾਲਾ ਹੋਵੇਗਾ ਤਾਂ ਉਹ ਮੂਕ-ਦਰਸ਼ਕ ਬਣ ਕੇ ਨਹੀਂ ਬੈਠਣਗੇੇ|ਉਨ੍ਹਾਂ ਦਾਅਵਾ ਕੀਤਾ ਕਿ ਸੂਬੇ &rsquoਚ ਭਾਜਪਾ ਸਰਕਾਰ ਬਣਨ ਬਾਅਦ ਸਭ ਦੰਗਾਕਾਰੀਆਂ ਨੂੰ ਉਲਟਾ ਲਟਕਾਇਆ ਜਾਵੇਗਾ|
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਭਾਜਪਾ ਤੇ ਗੰਭੀਰ ਦੋਸ਼ ਦੋਸ਼ ਲਾਇਆ ਹੈ ਕਿ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਫਿਰਕੂ ਹਿੰਸਾ ਨੂੰ ਆਪਣਾ ਮੁੱਦਾ ਬਣਾ ਰਹੀ ਹੈ ਅਤੇ ਪੱਛਮੀ ਬੰਗਾਲ-ਗੁਜਰਾਤ ,ਬਿਹਾਰ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਇੱਕ ਟਰੇਲਰ ਹਨ|ਉਨ੍ਹਾਂ ਲਿਖਿਆ ਕਿ ਜਿਵੇਂ-ਜਿਵੇਂ 2024 ਨੇੜੇ ਆ ਰਿਹਾ ਹੈ, ਇਹ ਭਾਜਪਾ ਦੇ ਮੁੱਖ ਮੁੱਦੇ ਹੋਣਗੇ|
1- ਫਿਰਕੂ ਹਿੰਸਾ
2- ਅਸ਼ਲੀਲ ਭਾਸ਼ਾ
3- ਘੱਟ ਗਿਣਤੀਆਂ ਨੂੰ ਪ੍ਰੋਤਸਾਹਨ ਦੀ ਪੇਸ਼ਕਸ਼ ਕਰਨਾ
4- ਈਡੀ, ਸੀਬੀਆਈ, ਚੋਣ ਕਮਿਸ਼ਨ ਦੀ ਵਰਤੋਂ ਕਰਕੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣਾ
ਉਨ੍ਹਾਂ ਅੱਗੇ ਲਿਖਿਆ ਕਿ ਬੰਗਾਲ ਨੂੰ ਸਾੜਨਾ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਬਿਹਾਰ ਝਾਰਖੰਡ ਵਿੱਚ ਫਿਰਕੂ ਹਿੰਸਾ ਭੜਕਾਉਣਾ ਸਿਰਫ਼ ਇੱਕ ਟਰੇਲਰ ਹੈ|
ਇਸ ਤੋਂ ਸਪਸ਼ਟ ਹੈ ਕਿ ਰਾਮ ਨੌਮੀ ਦੇ ਮੌਕੇ ਉੱਤੇ ਦੇਸ਼ ਭਰ ਵਿੱਚ ਹਿੰਦੂਤਵੀਆਂ ਵੱਲੋਂ ਕੱਢੇ ਗਏ ਜਲੂਸਾਂ ਦੌਰਾਨ 2022 ਵਾਂਗ ਇਸ ਵਾਰ ਵੀ ਹਿੰਸਾ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ|ਰਾਮ ਨੌਮੀ ਦੇ ਭਾਰਤ ਭਰ ਵਿੱਚ ਕੱਢੇ ਗਏ ਜਲੂਸਾਂ ਵਿੱਚ ਇਹ ਗੱਲ ਇੱਕੋ ਜਿਹੀ ਸੀ ਕਿ ਹਰ ਜਲੂਸ ਵਿੱਚ ਭਗਵੇਂ ਲੋਕ ਲਾਠੀਆਂ, ਹਾਕੀਆਂ, ਤਲਵਾਰਾਂ ਤੇ ਬੰਦੂਕਾਂ ਲੈ ਕੇ ਸ਼ਾਮਲ ਹੋਏ| ਹਰ ਜਲੂਸ ਮੁਸਲਮਾਨਾਂ ਨੂੰ ਅਪਮਾਨਤ ਕਰਨ ਵਾਲੇ ਨਾਅਰੇ ਲਾਉਂਦਿਆਂ ਮੁਸਲਮਾਨ ਮੁਹੱਲਿਆਂ ਵਿਚ ਦੀ ਲੰਘਾਏ ਗਏ| ਸੱਚ ਇਹ ਹੈ ਕਿ ਆਰ ਐੱਸ ਐੱਸ ਆਪਣੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਰਗੇ ਸੰਗਠਨਾਂ ਰਾਹੀਂ ਰਾਮ ਨੌਮੀ ਦੇ ਮੌਕੇ ਦਾ ਆਪਣੇ ਹਿੰਦੂ ਰਾਜ ਦੇ ਵਿਚਾਰ ਨੂੰ ਸਿਰੇ ਚਾੜ੍ਹਨ ਲਈ ਬੜੀ ਹੀ ਚਤੁਰਾਈ ਨਾਲ ਇਸਤੇਮਾਲ ਕਰ ਰਿਹਾ ਹੈ| ਭਾਜਪਾ ਫਿਰਕੂ ਰਾਜਨੀਤੀ ਦੇ ਸਿਰ ਉਪਰ ਸਤਾ ਉਪਰ ਕਾਇਮ ਰਹਿਣਾ ਚਾਹੁੰਦੀ ਹੈ| ਅਜਿਹੇ ਫਿਰਕੂ ਦੰਗਿਆਂ ਨੂੰ ਰੋਕਣ ਲਈ ਜਿੱਥੇ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ, ਉਥੇ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ| ਜਦੋਂ ਪ੍ਰਸ਼ਾਸਨ ਨਾਕਾਮ ਹੋ ਜਾਂਦੇ ਹਨ ਤਾਂ ਹੀ ਅਜਿਹਾ ਕੁਝ ਘਿਨੌਣਾ ਵਾਪਰਦਾ ਹੈ| ਜਦੋਂ ਸਿਆਸਤਦਾਨ ਫਿਰਕੂ ਹਿੰਸਕ ਭੀੜਾਂ ਦੀ ਅਗਵਾਈ ਕਰ ਰਹੇ ਹਨ ਤਾਂ ਦੇਸ ਵਿਚ ਅਜਿਹੀ ਫਿਰਕੂ ਹਿੰਸਾ ਫੈਲਣੀ ਯਕੀਨੀ ਹੈ| ਅਜਿਹੇ ਹਾਲਾਤ ਵਿਚ ਜਮਹੂਰੀ ਤਾਕਤਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ| ਫ਼ਿਰਕਾਪ੍ਰਸਤੀ ਜਮਹੂਰੀ ਪ੍ਰਕਿਰਿਆ ਅਤੇ ਜਮਹੂਰੀ ਤਾਕਤਾਂ, ਦੋਹਾਂ ਨੂੰ ਠੇਸ ਪਹੁੰਚਾਉਂਦੀ ਹੈ|
-ਰਜਿੰਦਰ ਸਿੰਘ ਪੁਰੇਵਾਲ